ਕਾਫ਼ੀ ਦੇਰ ਤੋਂ ਪੰਜਾਬੀ ਕਿਤਾਬਾਂ ਨਾਲ਼ੋਂ ਵਾਹ ਵਾਸਤਾ ਟੁੱਟ ਗਿਆ ਸੀ। ਇਸਦਾ ਇੱਕ ਮੁੱਖ ਕਾਰਨ ਰਿਹਾ ਦਿਮਾਗ ਵਿੱਚ ਘੁੰਮਦਾ ਉਹ ਪ੍ਰਸ਼ਨ ਜੋ ਹੋਰ ਪਰਵਾਸੀਆਂ ਦੇ ਮਨਾਂ ਵਿੱਚ ਵੀ ਹੋਵੇਗਾ “ਕਿੱਥੋਂ … ਕਿਵੇਂ … ਐਵੇਂ ਖੱਜਲ ਖੁਆਰ ਹੁੰਦੇ ਪੰਜਾਬੀ ਦੀਆਂ ਕਿਤਾਬਾਂ ਮੰਗਵਾਉਂਦੇ ਫਿਰਾਂਗੇ..? ਇੰਗਲੈਂਡ ਦੀ ਜ਼ਿੰਦਗੀ ਦੀਆਂ ਹੋਰ ਸੁੱਖ ਸਹੂਲਤਾਂ ਦੇ ਨਾਲ Amazon ਨੇ Kindle ਤੇ “On Click Buy” ਨਾਲ ਕਿਤਾਬਾਂ ਖਰੀਦਣੀਆਂ ਬਹੁਤ ਅਸਾਨ ਕਰ ਦਿੱਤੀਆਂ ਪਰ Kindle ਉਪਰ ਪੰਜਾਬੀ ਕਿਤਾਬਾਂ ਦੀ ਅੱਜ ਵੀ ਬਹੁਤ ਕਮੀ ਹੈ।
ਕੁਝ ਚਿਰ ਪਹਿਲਾਂ ਰਾਣਾ ਰਣਬੀਰ ਜੀ ਨੇ ਆਪਣੀ ਫੇਸਬੁਕ ਕੰਧ ਤੇ ਨਵੇਂ ਪਾਠਕਾਂ ਲਈ ਕਿਤਾਬਾਂ ਦੀ ਲਿਸਟ ਸਾਂਝੀ ਕੀਤੀ ਤੇ ਮੈਂ ਸੋਚਿਆ “ਲੈ ਬਈ…ਹੁਣ ਹੰਭਲਾ ਮਾਰ ਕਿ ਥੋੜ੍ਹੀਆਂ ਜਿਹੀਆਂ ਪੰਜਾਬੀ ਦੀਆਂ ਕਿਤਾਬਾਂ ਖਰੀਦੀਏ।” ਮੈਂ ਚੇਤਨਾ ਪ੍ਰਕਾਸ਼ਨ ਤੇ Sumit Gulati ਜੀ ਨਾਲ ਰਾਫਤਾ ਕੀਤਾ, ਉਹਨਾ ਮੈਨੂੰ ਬੜੇ ਸਹਿਜ ਨਾਲ ਕਿਤਾਬਾਂ ਬਾਰੇ, ਕੀਮਤ ਬਾਰੇ ਤੇ ਡਾਕ ਦੀਆਂ ਪ੍ਰਸਥਿਤੀਆਂ ਬਾਰੇ ਬਹੁਤ ਵੇਰਵੇ ਸਹਿਤ ਜਾਣੂ ਕਰਵਾਇਆ।
ਗੁਲਾਟੀ ਸਾਹਿਬ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਠੀਕ ਦੋ ਹਫ਼ਤਿਆਂ ਵਿੱਚ ਕਿਤਾਬਾਂ ਨੇ ਬਿਨ੍ਹਾ ਕਿਸੇ ਖੱਜਲ ਖੁਆਰੀ ਸਾਡੇ ਬੂਹੇ ਆ ਦਸਤਕ ਦਿੱਤੀ।
ਕੁਲ ਮਿਲਾ ਕੇ Chetna Parkashan (ਚੇਤਨਾ ਪ੍ਰਕਾਸ਼ਨ) ਦੀ ਸਰਵਿਸ ਤੋਂ ਮੈਂ ਬਹੁਤ ਹੀ ਸੰਤੁਸ਼ਟ ਹਾਂ, ਉਹਨਾਂ ਦਾ ਕਿਤਾਬਾਂ ਪ੍ਰਤੀ ਪਿਆਰ ਉਹਨਾ ਦੇ ਕੰਮ-ਕਾਰ ਵਿੱਚੋਂ ਡੁੱਲ ਡੁੱਲ ਪੈਂਦਾ। ਕਿਤਾਬਾਂ ਬਹੁਤ ਹੀ ਧਿਆਨ ਨਾਲ ਪੈਕ ਕੀਤੀਆਂ ਗਈਆਂ ਸਨ ਕਿ ਉਹਨਾਂ ਦੇ ਸਫ਼ੇ ਨਾ ਮੁੜ ਜਾਣ ( ਕਿਤਾਬਾਂ ਪੈਕ ਕਰਨਾ ਵੀ ਇੱਕ ਕਲ੍ਹਾ ਹੈ!)। ਮੇਰੇ ਬਿਨ੍ਹਾ ਕਹੇ ਕੁਹਾਏ ਬਣਦਾ discount ਅਪਲਾਈ ਕੀਤਾ ਗਿਆ। ਇਥੋਂ ਤੱਕ ਕਿ ਪਾਰਸਲ ਦੇ ਵਿੱਚ ਪੂਰੀ ਤਰਤੀਬ ਨਾਲ ਸਭ ਕਿਤਾਬਾਂ ਦਾ itemised bill ਵੀ ਮਿਲਿਆ ਜੋ ਅਵਾਜ਼ਾਂ ਮਾਰ ਮਾਰ ਗੁਣਵੰਤਾ ਦਾ ਭਰੋਸਾ ਦਿਵਾਉਂਦਾ ਸੀ। ਸੁਮਿਤ ਜੀ ਨੇ ਮੈਨੂੰ ਕਿਤਾਬਾਂ ਦੀ ਪੈਕਿੰਗ ਤੋਂ ਲੈਕੇ ਡਿਲਵਰੀ ਤੱਕ ਹਰ ਬਦਲਦੀ ਸਥਿਤੀ ਬਾਰੇ ਜਾਣੂ ਕਰਵਾਇਆ।
ਚੇਤਨਾ ਪ੍ਰਕਾਸ਼ਨ ਤੋਂ ਕਿਤਾਬਾਂ ਖਰੀਦਣ ਦਾ ਇਹ ਤਜਰਬਾ ਤਨਾਅ ਮੁਕਤ ਤੇ ਸਹਿਜਮਈ ਰਿਹਾ। ਪੰਜਾਬੀ ਕਿਤਾਬਾਂ ਦਾ ਪਾਰਸਲ ਖੋਲ੍ਹਣ ਦਾ ਵੀ ਵੱਖਰਾ ਹੀ ਆਨੰਦ ਸੀ ਕਿਓਂ ਕਿ ਇਹਨਾਂ ਅੱਸੀ ਕੁ ਕਿਤਾਬਾਂ ਦੇ ਸ਼ਬਦਾਂ, ਵਾਕਾਂ, ਕਹਾਣੀਆਂ ਤੇ ਕਵਿਤਾਵਾਂ ਵਿੱਚ ਸਾਡੇ ਬਚਪਨ ਦੀ ਮਹਿਕ ਤੇ ਚਹਿਕ ਹੈ ਜੋ ਮੇਰੀ Kindle ਵਿੱਚਲੀਆਂ ਕਿਤਾਬਾਂ ਵਿੱਚੋਂ ਨਹੀਂ ਉਪਜਦੀ।
ਜੇ ਕਿਸੇ ਨੇ ਦੇਸ਼ ਵਿਦੇਸ਼ ਬੈਠਿਆਂ ਪੰਜਾਬੀ ਕਿਤਾਬਾਂ ਮੰਗਵਾਉਣੀਆਂ ਹੋਣ ਤਾਂ ਮੈਂ ਬੇਝਿਜਕ ਤੁਹਾਨੂੰ ਚੇਤਨਾ ਪ੍ਰਕਾਸ਼ਨ ਨਾਲ ਰਾਬਤਾ ਕਰਨ ਦੀ ਸਿਫ਼ਾਰਸ਼ ਕਰਾਂਗਾ।
ਕੰਵਰ ਬਰਾੜ