ਤੜਕਸਾਰ
ਪਹੁ-ਫੁਟਾਲ਼ੇ
ਵਾਕਿਆ ਹੀ ਅੱਜ
ਜਾਗ ਪਏ ਨੇ
ਮੇਰੇ ਪਿੰਡ ਦੇ ਲੋਕ।
ਕੋਈ ਬਾਬਾ
ਕੋਈ ਬਾਈ
ਕੋਈ ਚਾਚਾ ਤਾਇਆ
ਇੱਕੋ ਖਾਲ ਵਗਣਗੇ
ਵਾਂਗ ਦਰਿਆਵਾਂ
ਹੋਣੇ ਨਹੀਂ ਹੁਣ ਰੋਕ
ਉੱਠ ਖੜ੍ਹੇ ਨੇ
ਮੇਰੇ ਪਿੰਡ ਦੇ ਲੋਕ।
ਇੱਕੋ ਝੰਡਾ
ਇੱਕੋ ਨਾਅਰਾ
ਵੱਖ ਹੋਣਾ ਨਹੀਂ ਦੁਬਾਰਾ
ਹੱਕ ਲਈ ਖੜਣਗੇ
ਜ਼ਾਬਤੇ ਚ ਲੜ੍ਹਨਗੇ
ਹਾਉਮੈ ਨੂੰ ਭੱਠੀ ਝੋਕ
ਉੱਠ ਖੜ੍ਹੇ ਨੇ
ਮੇਰੇ ਪਿੰਡ ਦੇ ਲੋਕ।
ਸਾਨੂੰ ਵੰਡਣਾ
ਹਾਕਮ ਦੀ ਕੋਝੀ ਹਰਕਤ
ਪਰ ਏਕੇ ਵਿੱਚ ਬਰਕਤ
ਕਿਸਾਨ ਲੱਕੜਦਾਦੇ ਦੇ ਵਾਰਸ
ਹੁਣ ਕਰਣਗੇ ਪਾਰ ਉਤਾਰਾ
ਟਿੱਕਰੀ ਵੱਲ ਵਧਦੀ ਟਰਾਲੀ
ਕਹਿੰਦੀ ਹੁਣ ਨਾ ਟੋਕ
ਉੱਠ ਖੜ੍ਹੇ ਨੇ
ਮੇਰੇ ਪਿੰਡ ਦੇ ਲੋਕ।
ਪਿੰਡ ਟਹਿਣੇ
ਤੇਰੇ ਕੀ ਕਹਿਣੇ
ਇਤਿਹਾਸ ਵੀ ਲਿਖੇਗਾ
ਤੇ ਸਾਡੇ ਪੁੱਤ ਪੋਤਰੇ
ਆਖਣ ਗੇ ਹਿੱਕ ਠੋਕ
ਉੱਠ ਖੜ੍ਹੇ ਨੇ
ਮੇਰੇ ਪਿੰਡ ਦੇ ਲੋਕ।