ਕੱਲ੍ਹ ਦਾ ਦਿਨ ਚੰਗਾ ਚੜੇਗਾ।

ਜਦੋਂ ਜਦੋਂ ਵੀ ਦੁਨੀਆ ਵਿੱਚ ਵਸਦੀ ਮਨੁੱਖਤਾ ਕਿਸੇ ਦੁਸ਼ਵਾਰੀ ਜਾਂ ਦੁਖਾਂਤ ਦੀ ਝਪੇਟ ਵਿੱਚ ਆਉਂਦੀ ਹੈ ਤਾਂ ਕੁਝ ਆਸ਼ਾਵਾਦੀ ਰੂਹਾਂ ਵਾਲੇ ਲੋਕ ਅਜਿਹੀ ਕਾਲੀ ਬੋਲੀ ਹਨੇਰੀ ਵਿੱਚ ਆਸ ਦਾ ਦੀਵਾ ਬਾਲ ਦੂਜਿਆਂ ਨੂੰ ਰਾਹ ਹੀ ਨਹੀਂ ਦਿਖਾਉਂਦੇ ਸਗੋਂ ਮਾਰਗ ਦਰਸ਼ਕ ਵੀ ਬਣਦੇ ਨੇ।

ਅਜਿਹਾ ਹੀ ਕੁਝ ਯੂ ਕੇ ਵਿੱਚ ਵਾਪਰਿਆ ਜਿੱਥੇ ਕੁਝ ਸਧਾਰਨ ਜਿਹੀ ਦਿੱਖ ਵਾਲੇ ਦਿਲੋਂ ਜਵਾਨ ਬਜ਼ੁਰਗਾਂ ਨੇ ਕੋਵਿਡ-19 ਦੀ ਮਹਾਮਾਰੀ ਦੇ ਚੱਲਦਿਆਂ ਕੁਝ ਅਜਿਹਾ ਅਸਧਾਰਨ ਕਰ ਦਿਖਾਇਆ ਜੋ ਸਾਨੂੰ ਵਰਿਆਂ ਤਾਈਂ ਸੇਧ ਦਿੰਦਾ ਰਹੇਗਾ । ਇਹਨਾਂ ਬੇਮਿਸਾਲ ਕਿਰਦਾਰਾਂ ਵਿੱਚੋਂ ਕਤਾਰ ਦਾ ਮੋਹਰੀ ਕੈਪਟਨ ਸਰ ਟੋਮ ਮੋਰ ਸੀ, ਜੋ ਆਪਣੀ ਸੋ ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਇਸ ਹਫ਼ਤੇ ਅਲਵਿਦਾ ਕਹਿ ਗਿਆ ਪਰ ਉਸਨੂੰ ਆਉਂਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ।

ਕੈਪਟਨ ਟੋਮ ਪਿਛਲੇ ਦੋ ਕੁ ਸਾਲਾਂ ਤੋਂ ਆਪਣੇ ਸਿਰ ਦੀ ਕੈਂਸਰ ਤੇ ਟੁੱਟੇ ਚੂਕਣੇ ਦਾ ਇਲਾਜ ਕਰਵਾਉਣ ਲਈ ਹਸਪਤਾਲਾਂ ਵਿੱਚ ਆਉਂਦਾ ਜਾਂਦਾ ਰਿਹਾ ਤੇ ਉੱਥੇ ਮਿਹਨਤ ਨਾਲ ਕੰਮ ਕਰਦੇ ਸਿਹਤ ਕਰਮੀਆਂ ਦੇ ਕੰਮ ਕਾਰ ਤੋਂ ਬਹੁਤ ਖੁਸ਼ ਸੀ। ਪਿਛਲੇ ਸਾਲ ਮਹਾਮਾਰੀ ਦੇ ਲਾਕਡਾਊਨ ਦੇ ਸ਼ੁਰੂ ਵਿੱਚ ਵਾਕਰ ਦੇ ਸਹਾਰੇ ਚੱਲਦੇ ਕੈਪਟਨ ਟੌਮ ਨੂੰ ਉਹਦੇ ਜਵਾਈ ਨੇ ਹਾਸੇ ਵਿੱਚ ਕਿਹਾ ਕਿ “ਜੇ ਤੂੰ ਵਿਹੜੇ ਦੇ ਦੱਸ ਚੱਕਰ ਲਾਵੇਂ ਤਾਂ ਮੈਂ ਤੈਨੂੰ ਸੌ ਪੋਂਡ ਦੇਵਾਂਗਾ”। ਇੱਥੋਂ ਹੀ ਉਸਨੂੰ ਵਿਚਾਰ ਆਇਆ ਕੇ ਕਿਓਂ ਨਾ ਕੌਮੀ ਸਿਹਤ ਸਰਵਿਸ ਵਾਸਤੇ 1000 ਪੋਂਡ ਦਾ ਦਾਨ ਇੱਕਠਾ ਕੀਤਾ ਜਾਵੇ। ਫੇਰ ਕੀ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਲੋਕਾਂ ਵੱਲੋਂ ਕੈਪਟਨ ਟੌਮ ਦੇ ਜਜ਼ਬੇ ਨੂੰ ਦਿਖਾਏ ਲੋਕਾਂ ਦੇ ਪਿਆਰ ਸਦਕਾ ਦਾਨ 30 ਮਿਲੀਅਨ ਪੋਂਡਾਂ ਤੋਂ ਉਤੇ ਤੱਕ ਪੁੱਜ ਗਿਆ ਤੇ ਜ਼ਿੰਦਗੀ ਦੇ ਅਗਲੇ ਅੱਠ ਮਹੀਨੇ ਸਰ ਟੋਮ ਸਭ ਦੇ ਦਿਲਾਂ ਤੇ ਛਾਇਆ ਰਿਹਾ ਤੇ ਇੱਥੋਂ ਤੱਕ ਕੇ ਉਸਦਾ ਚੈਰਟੀ ਲਈ ਗਾਇਆ ਗਾਣਾ ਵੀ ਯੂ ਕੇ ਦੇ ਚਾਰਟ ਵਿੱਚ ਇੱਕ ਨੰਬਰ ਤੇ ਪਹੁੰਚਿਆ। ਕੈਪਟਨ ਸਰ ਟੋਮ ਮੋਰ ਜ਼ਿੰਦਗੀ ਦੇ ਆਖਰੀ ਵਰ੍ਹੇ ਜੋ ਕਰ ਗਿਆ ਇੱਕ ਵਿਲੱਖਣ ਕਾਰਨਾਮਾ ਸੀ ਪਰ ਨਾਲ ਹੀ ਦੁਨੀਆ ਦੇ ਹਰ ਜਿਉਂਦੇ ਜਾਗਦੇ ਬਸ਼ਿੰਦੇ ਲਈ ਇੱਕ ਸਬਕ ਕੇ ਜ਼ਿੰਦਗੀ ਵਿੱਚ ਚੰਗਾ ਕਰਨਾ ਕਿਸੇ ਵੀ ਉਮਰ ਵਿੱਚ ਸੰਭਵ ਹੈ।

ਸਰ ਟੋਮ ਵਾਂਗ ਸਾਡੇ ਆਪਣੇ ਇੱਕ ਹਿੰਮਤੀ ਬਾਬੇ ਸਰਦਾਰ ਰਾਜਿੰਦਰ ਸਿੰਘ ਨੇ ਵੀ ਕੁਝ ਵੱਖਰਾ ਕਮਾਲ ਕਰ ਦਿਖਾਇਆ । Skipping Sikh ਦੇ ਨਾਂ ਨਾਲ ਮਸ਼ਹੂਰ ਹੋਏ 74 ਸਾਲਾ ਨੋਜਵਾਨ ਬਾਬੇ ਨੇ ਰੱਸੀ ਟੱਪਣ ਦੀ ਕਲਾ ਨਾਲ ਹਜ਼ਾਰਾਂ ਪੋਂਡ ਚੈਰਟੀ ਲਈ ਇੱਕਠੇ ਕਰਦਿਆਂ ਸਰੀਰਕ ਤੇ ਮਾਨਸਿਕ ਤੰਦਰੁਸਤੀ ਦਾ ਹੋਕਾ ਦਿੱਤਾ। ਸਰ ਟੋਮ ਨਾਲ podcast ਬਣਾਉਂਦਿਆਂ ਸ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਦੇ ਜੰਮਪਲ ਨੇ ਤੇ ਛੋਟੇ ਹੁੰਦਿਆਂ ਕਿਸਾਨ ਬਾਪ ਦੀ ਭਰਾ ਬਣ ਕਿਸਾਨੀ ਵਿੱਚ ਮੱਦਦ ਕਰਨ ਲਈ ਆਪਣਾ ਫ਼ੌਜੀ ਬਣਨ ਦਾ ਸੁਪਨਾ ਤਿਆਗ ਦਿੱਤਾ। ਸ ਰਾਜਿੰਦਰ ਸਿੰਘ ਨੇ ਸਭ ਨੂੰ ਇਮਾਨਦਾਰੀ ਨਾਲ ਕੰਮ ਕਰਨ ਕੁਦਰਤ ਤੇ ਰੱਬ ਨਾਲ ਜੁੜਨ ਦਾ ਸੁਨੇਹਾ ਦਿੱਤਾ।

Skipping Sikh MBE ਦੇ ਨਾਂ ਨਾਲ ਜਾਣੇ ਜਾਂਦੇ ਸ ਰਾਜਿੰਦਰ ਸਿੰਘ ਅੱਜ ਆਪਣੇ ਇਲਾਕੇ ਵਿੱਚ ਛੋਟਿਆਂ ਵੱਡਿਆਂ ਲਈ ਇੱਕ ਰੋਲ ਮਾਡਲ ਤੇ ਖਿੱਚ ਦਾ ਕੇਂਦਰ ਬਣੇ ਹੋਏ ਨੇ। ਇੰਗਲੈਂਡ ਦੀ ਰਾਣੀ ਨੇ ਉਹਨਾਂ ਦੀ ਕੋਵਿਡ-19 ਦੌਰਾਨ ਕੀਤੀ ਸੇਵਾ ਨੂੰ ਦੇਖਦਿਆਂ MBE ਦਾ ਖਿਤਾਬ ਦਿੱਤਾ। ਕਿਸਾਨੀ ਤੇ ਕੁਦਰਤ ਨਾਲ ਜੁੜੇ ਬਾਬਾ ਜੀ ਅੱਜ-ਕੱਲ੍ਹ ਆਪਣੀ ਸਬਜ਼ੀ ਆਪ ਉਗਾਉਂਦੇ ਹਨ ਤੇ ਮਿੱਟੀ ਨਾਲ ਜੁੜੇ ਇਨਸਾਨ ਨੇ। ਕੁਦਰਤ ਸ ਰਾਜਿੰਦਰ ਸਿੰਘ MBE ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਤਾਂ ਜੋ ਇਸੇ ਤਰਾਂ ਦੂਜਿਆਂ ਦਾ ਮਾਰਗ ਦਰਸ਼ਨ ਕਰਦੇ ਰਹਿਣ। ਲਾਕਡਾਊਨ ਤੋਂ ਬਾਅਦ ਉਹਨਾਂ ਨੂੰ ਮਿਲ ਕੇ allotment ਦੇ ਤਜਰਬਿਆਂ ਨੂੰ ਸਾਂਝੇ ਕਰਨ ਦੀ ਉਮੀਦ ਰਹੇਗੀ।

Leave a comment