ਮੈਂ ਤੁਹਾਡੇ ਨਾਲ ਸੰਤੋਖ ਤੇ ਸਬਰ ਬਾਰੇ ਇਕ ਗੱਲ ਸਾਂਝੀ ਕਰਨ ਲੱਗਾਂ।
ਇੱਕ ਬਹੁਤ ਹੀ ਵੱਡੀ ਕੰਪਨੀ ਦਾ ਡਾਇਰੈਕਟਰ, ਆਪਣੀ ਕੰਮਕਾਰ ਦੀ ਜ਼ਿੰਦਗੀ ਵਿਚ ਏਨਾ ਰੁਝ ਜਾਂਦਾ ਕੇ ਨਾ ਕੋਈ ਛੁੱਟੀ, ਨਾ ਕੋਈ ਪਰਿਵਾਰ ਦੇ ਲਈ ਸਮਾਂ। ਪੰਦਰਾਂ ਸਾਲਾਂ ਬਾਅਦ ਉਹ ਆਪਣੇ ਪਿੰਡ,ਜਿਥੇ ਉਹ ਜੰਮਿਆ ਪਲਿਆ ਸੀ, ਦੋ ਕੁ ਹਫਤੇ ਕੱਟਣ ਜਾਂਦਾ। ਇਕ ਦਿਨ ਉਹ ਫਿਰਨੀ ਤੇ ਸੈਰ ਕਰਨ ਜਾਂਦਾ ਤਾਂ ਅੱਗੋਂ ਇਕ ਨੌਜਵਾਨ ਸਾਈਕਲ ਤੇ ਤਾਜ਼ੀ ਸਬਜ਼ੀ ਦੀ ਥੈਲੀ ਲਈ ਆਉਂਦਾ ਮਿਲਦਾ। ਦੋਵੇਂ ਇਕ ਦੂਜੇ ਨੂੰ ਸੁਲਾ ਸਲਾਮ ਕਰਕੇ ਗਲੀਂ ਪੈ ਗਏ।
ਡਾਇਰੈਕਟਰ ” ਬਈ, ਏਨੀ ਵਧੀਆ ਸਬਜ਼ੀ ਉਗਾਉਣ ਲਈ ਤਾਂ ਬਹੁਤ ਮੇਹਨਤ ਕਰਨੀ ਪੈਂਦੀ ਹੋਣੀ ਐ?”
ਨੌਜਵਾਨ ” ਨਹੀਂ ਜੀ, ਬੱਸ ਇੱਕ ਅੱਧਾ ਘੰਟਾ ਹਰ ਰੋਜ਼੍ਹ।”
ਡਾਇਰੈਕਟਰ ” ਤੂੰ, ਜਿਆਦਾ ਸਮਾਂ ਕੰਮ ਕਰਕੇ ਹੋਰ ਜਿਆਦਾ ਸਬਜ਼ੀ ਕਿਓਂ ਨਹੀਂ ਉਗਾਉਂਦਾ?”
ਨੌਜਵਾਨ ” ਬਸ ਜੀ, ਏਨੇ ਨਾਲ ਹੀ ਪਰਿਵਾਰ ਦਾ ਚੰਗਾ ਗੁਜਾਰਾ ਚੰਗਾ ਚਲੀ ਜਾਂਦਾ, ਕੁਝ ਪਿੰਡ ਦੀ ਹੱਟੀ ਵਾਲੇ ਨੂੰ ਵੇਚ ਦੇਈ ਦੀ ਆ ਤੇ ਕੁਝ ਘਰੇ ਖਾਣ ਦੇ ਕੰਮ ਆ ਜਾਂਦੀ ਹੈ।”
ਡਾਇਰੈਕਟਰ ” ਤੂੰ ਸਾਰਾ ਦਿਨ ਕੀ ਕਰਦਾਂ ?”
ਨੌਜਵਾਨ ” ਕਰਨਾ ਕੀ ਆ ਜੀ, ਲੇਟ ਸੁਤੇ ਪਏ ਉਠੀਦਾ, ਇਕ ਅੱਧਾ ਘੰਟਾ ਸਬਜ਼ੀ ਦੀ ਦੇਖਭਾਲ ਕਰੀਦੀ ਹੈ, ਫੇਰ ਜੁਆਕਾਂ ਤੇ ਪਤਨੀ ਨਾਲ ਦੁਪਹਿਰ ਗੁਜਾਰੀਦੀ ਹੈ, ਸ਼ਾਮ ਵੇਲੇ ਪਿੰਡ ਦੀ ਸੱਥ ਵੱਲ ਗੇੜਾ ਮਾਰ ਲਈਦਾ , ਜੇ ਕੋਈ ਯਾਰ ਬੇਲੀ ਮਿਲ ਜਾਵੇ ਤਾਂ ਘੁੱਟ ਘੁੱਟ ਵਿਸਕੀ ਤੇ ਸੰਗੀਤ ਦਾ ਅਨੰਦ ਮਾਣੀਦਾ, ਬਹੁਤ ਆਨੰਦਮਈ ਜਿੰਦਗੀ ਹੈ ਜੀ।”
ਡਾਇਰੈਕਟਰ ” ਦੇਖ ਮੈਨੂੰ ਬਜਿਨੈੱਸ ਦੀ ਬਹੁਤ ਜਿਆਦਾ ਜਾਣਕਾਰੀ ਹੈ ਤੇ ਮੈਂ ਤੇਰੀ ਮੱਦਦ ਕਰ ਸਕਦਾਂ। ਤੂੰ ਸਾਰਾ ਦਿਨ ਖੇਤ ਕੰਮ ਕਰਿਆ ਕਰ, ਜਿਆਦਾ ਸਬਜ਼ੀ ਉਗਾਉਣ ਨਾਲ ਜਿਆਦਾ ਪੈਸੇ ਆਉਣਗੇ ਤੇ ਫੇਰ ਤੂੰ ਹੋਰ ਸਬਜ਼ੀ ਉਗਾਉਣ ਲਈ ਹੋਰ ਵੀ ਜਿਆਦਾ ਜ਼ਮੀਨ ਖ਼ਰੀਦ ਲਵੀਂ। ਫੇਰ ਸਬਜ਼ੀ ਹੱਟੀਆਂ ਵਾਲਿਆਂ ਨੂੰ ਵੇਚਣ ਦੀ ਬਜਾਏ ਆਪਣੀ ਦੁਕਾਨ ਖੋਲ ਲਵੀਂ। ਜਦੋਂ ਕੰਮ ਹੋਰ ਵੱਧ ਗਿਆ ਤਾਂ ਸ਼ਹਿਰ ਸ਼ਿਫਟ ਹੋ ਜਾਵੀਂ ਤਾਂ ਜੋ ਤੂੰ ਦੂਜੇ ਸ਼ਹਿਰਾਂ ਨੂੰ ਸਬਜ਼ੀ ਭੇਜਣ ਲਈ ਵੱਡੀ ਫੈਕਟਰੀ ਲਾ ਸਕੇਂ।
ਨੌਜਵਾਨ ਕੁਝ ਦੇਰ ਚੁੱਪ ਰਿਹਾ ਤੇ ਫੇਰ ਬੋਲਿਆ ” ਇਹ ਸਭ ਕਰਨ ਨੂੰ ਕਿੰਨਾ ਚਿਰ ਲੱਗੂ?”
ਡਾਇਰੈਕਟਰ ” ਕੋਈ ਦਸ ਤੋਂ ਪੰਦਰਾਂ ਸਾਲ!”
ਨੌਜਵਾਨ “ਫੇਰ ਕੀ ?”
ਡਾਇਰੈਕਟਰ ” ਫੇਰ ਹੀ ਤਾਂ ਨਾਜਾਰਾ ਆਉਣਾ, ਜਦੋਂ ਸਮਾਂ ਸਹੀ ਹੋਇਆ ਤੇ ਬਿਜਨੈੱਸ ਪੂਰਾ ਚਲ ਪਿਆ ਤਾਂ ਸਭ ਕੁਝ ਕਰੋੜਾਂ ਰੁਪਈਆਂ ਵਿੱਚ ਵੇਚ ਦੇਵੀਂ।”
ਨੌਜਵਾਨ “ਫੇਰ ਮੈਂ ਕਰੋੜਾਂ ਰੁਪਈਆਂ ਦਾ ਕੀ ਕਰੂੰ ਜੀ ?”
ਥੋੜੀ ਚੁੱਪ ਤੋਂ ਬਾਅਦ ਡਾਇਰੈਕਟਰ ਬੋਲਿਆ ” ਤੂੰ ਰਿਟਾਇਰ ਹੋ ਕੇ ਪਿੰਡ ਵਾਪਸ ਆ ਜਾਵੀਂ, ਫੇਰ ਤੂੰ ਲੇਟ ਸੁਤਾ ਪਿਆ ਉਠੀਂ, ਇਕ ਅੱਧਾ ਘੰਟਾ ਬਾਗ਼ ਬਗ਼ੀਚੀ ਵਿਚ ਕੰਮ ਕਰ ਲਿਆ ਕਰੀਂ, ਫੇਰ ਜੁਆਕਾਂ ਤੇ ਪਤਨੀ ਨਾਲ ਦੁਪਹਿਰ ਗੁਜ਼ਾਰੀਂ , ਸ਼ਾਮ ਵੇਲੇ ਪਿੰਡ ਦੀ ਸੱਥ ਵੱਲ ਗੇੜਾ ਮਾਰ ਲਿਆ ਕਰੀਂ , ਜੇ ਕੋਈ ਯਾਰ ਬੇਲੀ ਮਿਲ ਜਾਵੇ ਤਾਂ ਘੁੱਟ ਘੁੱਟ ਵਿਸਕੀ ਤੇ ਸੰਗੀਤ ਦਾ ਅਨੰਦ ਮਾਣੀ।”
ਡਾਇਰੈਕਟਰ ਨੂੰ ਅਪਣੀ ਗੱਲ ਦਾ ਅਹਿਸਾਸ ਹੋਇਆ ਤਾਂ ਮੱਥੇ ਤੇ ਹੱਥ ਮਾਰ ਅਗਾਂਹ ਤੁਰ ਪਿਆ।”
ਪਿੰਡੋ ਵਾਪਸ ਆਕੇ ਉਸਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿਤਾ।
-ਕੰਵਰ
ਇਹ ਵਾਰਤਾਲਾਪ ਕਾਫੀ ਲੰਮੇ ਸਮੇ ਤੂੰ ਪੜ੍ਹੀਆਂ ਤੇ ਸੁਣੀਆਂ ਗੱਲਾਂ ਦਾ ਸੁਮੇਲ ਹੈ। ਜੇ ਚੰਗੀ ਲਗੇ ਤਾਂ ਸ਼ੇਅਰ ਕਰ ਦੇਣਾ। ਪੈਸਾ ਕਮਾਉਣਾ ਜਿੰਦਗੀ ਵਿਚ ਬਹੁਤ ਜ਼ਰੂਰੀ ਹੈ ਪਰ ਪੈਸੇ ਕਮਾਉਣ ਦੀ ਦੌੜ ਵਿੱਚ ਜਿੰਦਗੀ ਦਾ ਆਨੰਦ ਮਾਨਣਾ ਨਾ ਭੁੱਲਿਓ। ਲੋੜ ਤੋਂ ਵੱਧ ਕਮਾਏ ਧੰਨ ਜਾਂ ਹੋਰ ਵਸਤੂਆਂ ਦੀ ਕੋਈ ਵੁਕਤ ਨਹੀਂ ਰਹਿੰਦੀ।