ਤਨ ਮੇਰੇ ਤੋਂ ਵਣ ਨੂੰ ਵੱਢ ਕੇ
ਪਿੰਜਰ ਮੇਰੇ ਚੋਂ ਭਸਮ ਨੂੰ ਕੱਢ ਕੇ
ਹਰ ਜ਼ਖ਼ਮ ਮੇਰੇ ਤੇ ਪੱਥਰ ਗੱਡ ਕੇ
ਹੁਣ ਜਿਓਂ ਜੀ ਕਰਦਾ
ਮਹਿਲ ਉਸਾਰੀ ਜਾਨਾ ਤੂੰ।
ਸੁਣ ਅਕਲਮੰਦ ਇਆਣਾ
ਕਾਹਤੋਂ ਆਪਣੀ ਜੀਵਨ-ਦਾਤੀ
ਧਰਤੀ ਮਾਂ ਨੂੰ ਮਾਰੀ ਜਾਨਾ ਤੂੰ ।
ਸਰਹੱਦਾਂ ਉਤੇ ਤਾਰਾਂ ਲਾ ਕੇ
ਅਵਾਸਾਂ ਦਾ ਤਾਪ ਵਧਾ ਕੇ
ਦਰਿਆਵਾਂ ਰਾਹੇ ਬੰਨ੍ਹ ਬਣਾ ਕੇ
ਹੁਣ ਜਿੰਨਾ ਜੀ ਕਰਦਾ
ਪਾਣੀ ਬਿਜਲੀ ਵਿੱਚ ਤਾਰੀ ਜਾਨਾ ਤੂੰ।
ਨਾ, ਨਾ ਬਣ ਇੰਨਾਂ ਨਿਆਣਾ
ਕਾਹਤੋਂ ਆਪਣੀ ਜੀਵਨ-ਦਾਤੀ
ਧਰਤੀ ਮਾਂ ਨੂੰ ਮਾਰੀ ਜਾਨਾ ਤੂੰ ।
ਕਹੇਂ ਰੋਟੀ ਦੇ ਸਭ ਰੋਣੇ ਧੋਣੇ
ਨੋਟਾਂ ਵਾਲੇ ਕਦੇ ਧਨਾਢ ਨਹੀਂ ਹੋਣੇ
ਇੱਕ ਦਿਨ ਪੈ ਜਾਣੇ ਸਭ ਬੌਣੇ
ਹੁਣ ਜਿੱਥੇ ਜੀ ਕਰਦਾ
ਉੱਚੇ ਉੱਚੇ ਸ਼ਹਿਰ ਉਸਾਰੀ ਜਾਨਾ ਤੂੰ।
ਇਹ ਬਾਸ ਨੇ ਤੇਰੀ ਨਾਸ ਨੂੰ ਜਾਣਾ
ਕਾਹਤੋਂ ਆਪਣੀ ਜੀਵਨ-ਦਾਤੀ
ਧਰਤੀ ਮਾਂ ਨੂੰ ਮਾਰੀ ਜਾਨਾ ਤੂੰ ।
ਤਪ ਗਏ ਸਮੁੰਦਰ
ਸਰਦ ਹੈ ਧਰਤੀ
ਨਾਲ ਮਸ਼ੀਨੀ ਧੂੰਏਂ
ਆਸਮਾਨ ਦੇ ਸੀਨੇ ਉਤੇ
ਹਰ ਸੂ ਕਾਲਖ ਮਲਤੀ
ਇੱਕ ਦਿਨ ਤੇਰਾ
ਸਾਹ ਘੁੱਟ ਜਾਣਾ
ਸੰਗ ਤੇਰੇ ਤੇਰਾ
ਰੱਬ ਰੁੱਸ ਜਾਣਾ
ਫਿਰ ਸਮਝ ਆਓੂ
ਤੈਨੂੰ ਤੇਰੀ ਗਲਤੀ
ਹਾੜ ਦੇ ਗੜਿਆਂ
ਪੋਹ ਦੀ ਲੋਅ ਨੇ
ਤੇਰੇ ਨਾਸ਼ ਹੋਣ ਦੀ
ਹਾਮੀ ਭਰਤੀ
ਮਾਫ਼ ਕਰੀਂ
ਸੋਚਦਿਆਂ
ਲੋਚਦਿਆਂ
ਤੈਂ ਬੜੀ ਦੇਰ ਹੈ ਕਰਤੀ।
-ਕੰਵਰ