ਧਰਤੀ ਦਾ ਦਿਨ

ਅਤਿ ਨਫ਼ੀਸ ਕਾਰਜ ਹੈ ਕਿ ਪਿਛਲੀ ਅੱਧ ਕੁ ਸਦੀ ਤੋਂ ਦੁਨੀਆ ਦੇ ਵੱਖੋ ਵੱਖ ਖ਼ਿੱਤਿਆਂ ਵਿੱਚ ਵਸਦੇ ਬਾਸ਼ਿੰਦੇ ਕਿਸੇ ਨਾ ਕਿਸੇ ਰੂਪ ਵਿੱਚ ਹਰ ਵਰ੍ਹੇ 22 ਅਪ੍ਰੈਲ ਨੂੰ Earth Day ਵਜੋਂ ਮਨਾਉਂਦੇ ਆ ਰਹੇ ਹਨ।

ਕਿੰਨਾ ਉੱਤਮ ਹੋਵੇ ਜੇ ਹਰ ਚੜ੍ਹਦੀ ਸਵੇਰ ਧਰਤੀ ਨੂੰ ਸਮਰਪਿਤ ਹੋਵੇ ਅਤੇ ਹਰ ਕਰਮ ਕਰਦਿਆਂ ਅਸੀਂ ਧਰਤੀ ਤੇ ਵਾਤਾਵਰਨ ਦੀ ਖ਼ੁਸ਼ਹਾਲੀ ਲਈ ਸੁਚੇਤ ਰਹੀਏ ਤਾਂ ਜੋ ਸਾਡੀਆਂ ਆਉਣ ਵਾਲ਼ੀਆਂ ਨਸਲਾਂ ਲਮੇਰੇ ਸਮੇਂ ਤੱਕ ਇਸ ਮਨਮੋਹਕ ਗ੍ਰਹਿ ਤੇ ਜਿਉਂਦੀਆਂ ਰਹਿ ਸਕਣ।

ਸੋਚਿਆ ਜਾਵੇ ਤਾਂ ਧਰਤੀ ਦੀ ਉਤਪਤੀ ਵੀ ਆਪਣੇ ਆਪ ਵਿੱਚ ਇਕ ਵਰਦਾਨ ਹੈ, ਕਿਸ ਤਰਾਂ ਇਕ ਸੈਕੰਡ ਵਿੱਚ ਸਹੀ ਤਰਾਂ ਦੀਆ ਪ੍ਰਸਥਿਤੀਆਂ ਦਾ ਸੁਮੇਲ ਹੋਇਆ ਕਿ ਬ੍ਰਹਿਮੰਡ ਸਿਰਜਿਆ ਗਿਆ।

ਕੁਦਰਤ ਨੇ ਸਾਨੂੰ ਅਸੀਂ ਬਣਾਇਆ, ਤੇ ਅਸੀਂ ਤੋਂ ਮੈਂ ਤੇ ਤੂੰ ਵਿੱਚ ਵੰਡੇ ਗਏ। ਪਰ ਕਿਓਂ ? ਜੇ ਧਰਤੀ ਨਾ ਰਹੀ ਤਾਂ ਨਾ ਮੈਂ ਰਹਿਣਾ ਤੇ ਨਾ ਤੂੰ ਰਹਿਣਾ। ਵਕਤ ਅੱਜ ਫਿਰ ਤੋਂ ਅਸੀਂ ਹੋ ਕੇ ਧਰਤੀ ਨੂੰ ਬਚਾਉਣ ਹਵਾ, ਪਾਣੀ ਤੇ ਮਿੱਟੀ ਨੂੰ ਸਵੱਛ ਰੱਖਣ ਲਈ ਹੰਭਲਾ ਮਾਰਨ ਦਾ।

ਇਸ ਆਮ ਜਿਹੇ ਅਹਿਮ ਦਿਨ ਤੇ ਮੈਂ ਆਪਣੇ ਆਸਤਿਕ ਮਨ ਦੀ ਨਾਸਤਿਕ ਮਨ ਨਾਲ ਵਾਰਤਾਲਾਪ, ਤੇ ਮੇਰੇ ਤਸ਼ਖ਼ੀਸ ਵਿਚਾਰਾਂ ਨੂੰ ਸੰਵੇਦਨਸ਼ੀਲ ਖਿਆਲਾਂ ਨਾਲ ਸੁਮੇਲਦੀ ਕਵਿਤਾ ਸਾਂਝੀ ਕਰ ਰਿਹਾ ਹਾਂ।

——————-

ਖਲਾ ਤੇ ਅੰਧਕਾਰ
ਨਾ ਸਮਾਂ, ਨਾ ਦਿਸ਼ਾ, ਨਾ ਵਿਸਥਾਰ
ਬਸ ਅਡੋਲ, ਅਜੀਵ ਤੇ ਅਦਿੱਖ ਅਣੂ
ਅਚਨਚੇਤ ਖਿੰਡਦਾ ਤੇ ਜੁੜਦਾ
ਤੁਰਦਾ ਫਿਰ ਐਟਮ ਦਾ ਸਫਰ
ਹੁੰਦਾ ਬ੍ਰਹਿਮੰਡ ਦਾ ਆਗਾਜ।

ਗ਼ੁਬਾਰ ਚੋਂ ਗੂੰਜੀ ਸ਼ਕਤੀ
ਪੁੰਗਰੀ ਅਕਾਸ਼-ਗੰਗਾ
ਉਭਰੇ ਗ੍ਰਹਿ ਤੇ ਉਪਗ੍ਰਹਿ
ਭੂ ਘੁੰਮੀ ਰਵੀ ਉਦਾਲੇ
ਅਦਿੱਖ ਚੋਂ ਹੋਇਆ ਦਿੱਖ ਦਾ ਪ੍ਰਕਾਸ਼
ਹਯਾਤੀ ਕਿਓਂ ਤੇ ਕਿਨ ਬਣਾਈ
ਕੁਦਰਤ ਬੈਠੀ ਗੁੱਝੇ ਭੇਦ ਛੁਪਾਈ
ਸਾਇੰਸੀ ਸੂਝ ਵੀ ਖੋਕ ਨਾ ਪਾਈ।

ਦਿਨ ਚੜ੍ਹਦੇ ਸੂਰਜ ਧਰਤੀ ਵੱਲ ਤੱਕਿਆ
ਫਿਰ ਨਿਗਾਹ ਨੂੰ ਠੱਲ੍ਹ ਨਾ ਸਕਿਆ।
ਭੋਂ ਸਾਗਰ ਮੇਲਦੇ ਰੰਗ ਨਿਆਰੇ
ਚੁਫੇਰੇ ਇਹਦੇ ਚਿੱਟੇ ਬੱਦਲ਼ ਪਿਆਰੇ।
ਸਮੁੰਦਰ, ਪਰਬਤ ਤੇ ਚਸ਼ਮਾ ਵਹਿੰਦਾ
ਮਿੱਟੀ, ਪੌਣ-ਪਾਣੀ ਸਭ ਤੱਕਦਾ ਰਹਿੰਦਾ।
ਵਸਦੀ ਰਹਿ, ਧਰਤ ਧਿਆਣੀ ਨੂੰ ਕਹਿੰਦਾ
ਤਾਹੀਓਂ ਸੂਰਜ ਕਦੇ ਨਾ ਡੁੱਬਦਾ
ਬੱਸ ਚੜ੍ਹਦਾ ਤੇ ਲਹਿੰਦਾ।

ਭੂ ਸਾਂਭਣ ਲਈ ਕੁੱਖ ਬਣਾਈ
ਖਿੱਚ ਤੇ ਧੱਕ ਦੀ ਸ਼ਕਤੀ, ਧੜਕਣ ਧੜਕਾਈ।
ਡਇਨਾਸੋਰ ਆ ਧਾਕ ਜਮਾਈ
ਗੱਲ੍ਹ ਕੀ ਅੰਡਜ ਡਾਹਢੀ ਉਥਲ ਮਚਾਈ।
ਹਿਮਯੁਗ ਫਿਰ ਫੱਟੀ ਪੋਚੀ
ਇਨਸਾਨ ਜੰਮਣ ਦੀ ਸ੍ਰਿਸ਼ਟੀ ਸੋਚੀ।
ਪਵਨ, ਪਾਣੀ ਨੂੰ ਸਵੱਛ ਏ ਰੱਖਣਾ
ਬੰਦਿਆ ਸੋਝੀ ਨਾਲ ਤੂੰ ਰੇਤਾ ਢੱਕਣਾ।

ਫਸਲ ਉਗਾਉਣ ਦੀ ਅਕਲ ਸਿਖਾਈ
ਪਰ ਜੇਰਜ ਉਦਰ ਦੀ ਕਦਰ ਨਾ ਪਾਈ।
ਜਦ ਦੇ ਖੋਜੇ ਅੱਗ ਤੇ ਪਹੀਆ
ਮਾਨਵ ਕੀਤੀ ਕੋਈ ਗੱਲ੍ਹ ਨਾ ਸਹੀ ਆ।
ਹਰ ਸੂ ਤੜਥੱਲ ਮਚਾਈ
ਵਿਕਸਿਤ ਹੋਣ ਦੀ ਰਟ ਲਗਾਈ।
ਵਾਹੀ ਲਈ ਬਣ ਕੀਤੇ ਖਾਲ਼ੀ
ਪੋਣ ਪਾਣੀ ਦਾ ਨਾ ਕੋਈ ਵਾਲੀ।
ਬਾਕੀ ਥਾਂ ਪਿੰਡਾਂ ਸ਼ਹਿਰਾਂ ਨੇ ਭਰਤੇ
ਚਿੱਟੇ ਬੱਦਲ਼ ਕਾਲੇ ਕਰਤੇ।

ਦਰਿਆਵਾਂ ਨੂੰ ਬੰਨ੍ਹ ਲਗਾ ਲਏ
ਗੰਦਲੇ ਧੋਣ ਵੀ ਵਿੱਚ ਮਲਾ ਲਏ
ਆਉਂਦੀਆਂ ਨਸਲਾਂ ਦੇ ਭਾਗ ਕਿਓਂ ਖਾ ਲਏ।
ਧਰਤੀ ਹੇਠਲਾ ਆਬ ਜੋ ਕੱਢਿਆ
ਖ਼ੁਦ ਪੈਰਾਂ ਨੂੰ ਨਾਲ ਕੁਹਾੜੇ ਵੱਢਿਆ।
ਪੀਣ ਲਈ ਨਾ ਪਾਣੀ ਮਿਲਣਾ
ਰਹਿ ਜਾਣੇ ਏ ਮੂੰਹ ਨੇ ਟੱਡਿਆ।

ਜਣਨੀ ਦੇ ਪਿੰਡੇ ਨੂੰ ਲਾਉਂਦੇ ਅੱਗਾਂ
ਥਾਂ ਥਾਂ ਲੂੰਬੀਆਂ ਲਾਈਆਂ ਠੱਗਾਂ।
ਪਤਾ ਨਹੀਂ ਹੁਣ ਕੀ ਪਿਆ ਕਰਦਾ
ਆਸਮਾਨ ਚੋਂ ਤੇਜ਼ਾਬ ਪਿਆ ਵਰਦਾ
ਧਰਤੀ ਦਾ ਰਾਖਾ ਖ਼ੁਦ ਜਾਵੇ ਮਰਦਾ।

ਧਰਤੁ
ਜੰਨਤ ਜਿਹੀ ਸੀ
ਨਰਕ ਬਣਾਤੀ
ਮਿੱਟੀ ਵਿਹੁਲੀ
ਪਵਣ ਪਲੀਤ
ਪਾਣੀ ਮਲੀਨ
ਮਨੁੱਖ ਅਸਵਸਥ
ਤਾਹੀਓਂ
ਸੂਰਜ ਵੀ ਹੁਣ
ਸ਼ਰਮਸਾਰ ਬੜਾ ਏ
ਸਮੋਗ ਪਿਛਾੜੀ
ਲੁੱਕ ਖੜ੍ਹਾ ਏ।
ਕੁਦਰਤ ਕੋਲ
ਸਬਰ ਹੈ ਚੋਖਾ
ਇਉਂ ਨਾ ਪਰਖੋ
ਆਖਰ ਕੁਦਰਤ ਦੇ ਵੀ
ਨਿਯਮ ਹੁੰਦੇ ਨੇ।

-ਕੰਵਰ

Leave a comment