ਜਦ ਜੀਵਨ ਵਿੱਚ ਸਭ ਕੁਝ ਚੰਗਾ ਚੱਲਦਾ ਹੈ ਤਾਂ ਅਸੀਂ ਸਾਨੂੰ ਖ਼ੁਦ ਨੂੰ ਜਿਉਂਦਿਆਂ ਰੱਖਣ ਵਾਲ਼ੀਆਂ ਬੁਨਿਆਦੀ ਚੀਜ਼ਾਂ ਵੱਲ ਵੀ ਧਿਆਨ ਨਹੀ ਰਹਿੰਦਾ, ਏਥੋਂ ਤੱਕ ਕੇ ਸ਼ਾਇਦ ਇਹਨਾਂ ਅਦਭੁਤ ਨਿਆਮਤਾਂ ਬਾਰੇ ਅਸੀਂ ਸੋਚਦੇ ਵੀ ਨਹੀਂ।
ਚੰਗੇ ਵੇਲੇ ਮਨੁੱਖ ਆਪਣੇ ਸਰੀਰ ਦੀ ਮੂਲ ਬਣਤਰ ਬਾਰੇ ਵੀ ਸੁਚੇਤ ਨਹੀਂ ਰਹਿੰਦਾ, ਉਦਾਹਰਨ ਦੇ ਤੌਰ ਤੇ ਸਾਡੇ ਸਭ ਦੇ ਸਰੀਰ ਉਤੇ ਸਿਰ ਲੱਗਿਆ ਹੁੰਦਾ ਤੇ ਸ਼ਾਇਦ ਇਸਦਾ ਅਹਿਸਾਸ ਸਾਨੂੰ ਉਸ ਵੇਲੇ ਜ਼ਿਆਦਾ ਹੁੰਦਾ ਜਦੋਂ ਸਿਰ ਦਰਦ ਹੋਵੇ।
ਜਿਉਣ ਲਈ ਮੂਲ ਲੋੜ ਸਾਹ ਲੈਣ ਦੀ ਹੁੰਦੀ ਹੈ ਤੇ ਸਾਹ ਲਈ ਆਕਸੀਜਨ। ਅਸੀਂ ਦਿਨ ਵਿੱਚ ਕਰੀਬ 25000 ਵਾਰੀ ਸਾਹ ਲੈਂਦੇ ਹਾਂ ਤੇ ਸ਼ਾਇਦ ਹੀ ਕਦੇ ਸੋਚਦੇ ਹੋਈਏ ਜਾਂ ਕੁਦਰਤ ਦਾ ਸ਼ੁਕਰਾਨਾ ਕਰਦੇ ਹੋਈਏ ਕਿ ਸਾਹ ਸੌਖਾ ਚੱਲਦਾ। ਸਵਾਦਿਸ਼ਟ ਖਾਣਾ ਖਾ ਕਿ ਬਹੁਤੀ ਵਾਰ ਅਸੀਂ ਡਕਾਰ ਮਾਰਦੇ ਸਿਫ਼ਤਾਂ ਕਰਦੇ ਨਹੀਂ ਥੱਕਦੇ। ਤੇ ਕਿੰਨੇ ਕੁ ਵਾਰੀ ਅਸੀਂ ਸਾਫ ਸੁਆਦਲੀ ਹਵਾ ਤੇ ਆਕਸੀਜਨ ਦੀ ਸਿਫ਼ਤ ਕਰਦੇ ਹਾਂ? ਸ਼ਾਇਦ ਉਦੋਂ ਤੱਕ ਨਹੀਂ ਜਦੋਂ ਤੱਕ ਸਾਡਾ ਸਾਹ ਨਾ ਬੰਦ ਹੁੰਦਾ ਹੋਵੇ।
ਕੋਵਿਡ-19 ਦੀ ਮਹਾਮਾਰੀ ਨੇ ਸਾਨੂੰ ਸਭ ਨੂੰ ਸਾਹ ਲੈਣ ਲਈ ਵਰਤੀ ਜਾਂਦੀ ਆਕਸੀਜਨ ਦੀ ਮਹੱਤਤਾ ਬਾਰੇ ਯਕਦਮ ਜਾਗ੍ਰਿਤ ਕਰਵਾਇਆ। ਚਾਹੇ ਦਿੱਲੀ ਦੀਆ ਸੜਕਾਂ ਤੇ ਸਰੀਰਾਂ ਦੇ ਰੁਕਦੇ ਸਾਹਾਂ ਦਾ ਕਾਰਨ ਫੇਫੜਿਆਂ ਦਾ ਜਵਾਬ ਦੇ ਜਾਣਾ ਹੋਵੇ ਪਰ ਆਕਸੀਜਨ ਸ਼ਬਦ ਅੱਜ ਹਰ ਇੱਕ ਅਹਿਮ ਹੋ ਗਿਆ ਜਿਸ ਬਾਰੇ ਅਸੀਂ ਕਦੇ ਰੋਜ਼ਾਨਾ ਜੀਵਨ ਵਿੱਚ ਗੱਲ ਨਹੀਂ ਕਰਦੇ । ਤੇ ਇਹ ਵੇਲਾ ਹੈ ਜਦੋਂ ਅਸੀਂ ਇਸ ਆਕਸੀਜਨ ਦੇ ਅਮੁੱਲ ਤੇ ਮੁਫ਼ਤ ਵਰਦਾਨ ਬਾਰੇ ਹੋਰ ਵੀ ਸੁਚੇਤ ਹੋਈਏ ਤੇ ਇਸ ਨੂੰ ਆਉਣ ਵਾਲ਼ੀਆਂ ਪੀੜ੍ਹੀਆਂ ਦੇ ਸਾਹ ਲੈਣ ਲਈ ਬਚਾਉਣ ਦੇ ਯਤਨ ਕਰ ਸਕੀਏ।
ਸਾਡੇ ਰੋਜ਼ਾਨਾ ਸਾਹ ਲੈਣ ਲਈ ਵਰਤੀ ਜਾਂਦੀ ਆਕਸੀਜਨ ਆਖਰ ਆਉਂਦੀ ਕਿੱਥੋਂ ਹੈ?
ਮੋਟੇ ਜਿਹੇ ਤੌਰ ਤੇ ਦੇਖੀਏ ਤਾਂ ਜਦੋਂ ਦਰਖ਼ਤ ਜਿਉਂਦੇ ਰਹਿਣ ਲਈ ਧੁੱਪ ਵਿੱਚ ਕਾਰਬਨ ਡਾਈਕਸਾਈਡ ਤੇ ਪਾਣੀ ਦੇ ਉਪਯੋਗ ਕਰਕੇ ਗਲੂਕੋਜ ਬਣਾਉਂਦੇ ਹਨ ਤਾਂ ਵਾਤਾਵਰਨ ਵਿੱਚ ਆਕਸੀਜਨ ਛੱਡਦੇ ਹਨ। ਹੋਰ ਪੌਦਿਆਂ ਦੀ ਤਰ੍ਹਾਂ ਜਦੋਂ ਦਰਖ਼ਤ ਗਲੂਕੋਜ ਨੂੰ ਦੁਬਾਰਾ ਤੋੜ ਕੇ ਆਪਣੀ ਪਾਚਣ ਪ੍ਰਕਿਰਿਆ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ ਤਾਂ ਆਕਸੀਜਨ ਦੀ ਖ਼ੁਦ ਵਰਤੋਂ ਵੀ ਕਰਦੇ ਹਨ ਪਰ ਕੁੱਲ ਮਿਲਾ ਕੇ ਦਰਖ਼ਤ ਆਪਣੇ ਵਰਤਨ ਨਾਲ਼ੋਂ ਵੱਧ ਆਕਸੀਜਨ ਵਾਤਾਵਰਨ ਵਿੱਚ ਛੱਡਦੇ ਹਨ।
ਇਸੇ ਕਰਕੇ ਦਰਖ਼ਤਾਂ ਨੂੰ ਧਰਤੀ ਦੇ ਫੇਫੜੇ ਵੀ ਕਿਹਾ ਜਾਂਦਾ।
ਕਹਿੰਦੇ ਨੇ ਕੇ ਇੱਕ ਮਨੁੱਖ ਇੱਕ ਸਾਲ ਵਿੱਚ 9.5 ਟਨ ਦੇ ਕਰੀਬ ਹਵਾ ਸਾਹ ਲਈ ਵਰਤਦਾ ਤੇ ਇਸ ਸਾਹ ਲਈ ਵਰਤੀ ਜਾਂਦੀ ਹਵਾ ਵਿੱਚੋਂ 23 ਪ੍ਰਤੀਸ਼ਤ ਦੇ ਕਰੀਬ ਹਵਾ ਦਾ ਹਿੱਸਾ ਪੁੰਜ ਮੁਤਾਬਕ ਆਕਸੀਜਨ ਹੁੰਦਾ ਹੈ। ਜੋ ਕਿ ਤਕਰੀਬਨ ਸਾਲ ਭਰ ਵਿੱਚ 740 ਕੁ ਕਿੱਲੋ ਦੇ ਬਰਾਬਰ ਆਕਸੀਜਨ ਬਣਦੀ ਹੈ। ਤੇ ਇੱਕ ਦਰਖ਼ਤ ਸਾਲ ਵਿੱਚ 100 ਕੁ ਕਿੱਲੋ ਦੇ ਕਰੀਬ ਆਕਸੀਜਨ ਪੈਦਾ ਕਰਦਾ। ਤੁਸੀਂ ਆਪ ਹਿਸਾਬ ਲਾ ਸਕਦੇ ਹੋਂ ਕਿ ਹਰ ਇਨਸਾਨ ਦੇ ਜਿਉਣ ਲਈ ਘੱਟੋ ਘੱਟ ਸੱਤ ਅੱਠ ਦਰਖ਼ਤਾਂ ਦੀ ਲੋੜ ਪਵੇਗੀ ਤੇ ਧਰਤੀ ਤੇ ਤਾਂ ਜੀਵਨ ਹੋਰ ਵੀ ਬਥੇਰਾ।
ਪਰ ਕੀ ਸਾਡੀ ਸਾਰੀ ਆਕਸੀਜਨ ਸਿਰਫ ਸਾਡੇ ਆਲੇ ਦੁਆਲੇ ਦੇ ਦਰਖ਼ਤਾਂ ਤੋਂ ਆਉਂਦੀ ਹੈ?
ਦਿਲਚਸਪ ਗੱਲ੍ਹ ਇਹ ਹੈ ਕਿ ਧਰਤੀ ਦੀ ਕੁੱਲ ਆਕਸੀਜਨ ਵਿੱਚੋਂ 70 ਪ੍ਰਤੀਸ਼ਤ ਦੇ ਕਰੀਬ ਆਕਸੀਜਨ ਸਮੁੰਦਰੀ ਐਲਗੀ ਤੇ ਪੌਦਿਆਂ ਦੁਆਰਾ ਪੈਦਾ ਕੀਤੀ ਜਾਂਦੀ ਹੈ। ਪਰ ਦਰਖ਼ਤਾਂ ਤੋਂ ਬਿਨਾਂ ਸਾਡੀ ਆਲੇ ਦੁਆਲੇ ਦੀ ਹਵਾ ਬਹੁਤ ਨਿਕਾਰਾ ਹੋ ਜਾਂਦੀ ਹੈ ਤਾਂ ਹੀ ਕਈ ਵਾਰੀ ਘੱਟ ਦਰਖ਼ਤਾਂ ਵਾਲੀ ਥਾਂ ਸਾਹ ਲੈਣਾ ਔਖਾ ਹੋ ਜਾਂਦਾ ਕਿਉਂਕਿ ਦਰਖ਼ਤ ਆਕਸੀਜਨ ਛੱਡਣ ਦੇ ਨਾਲ ਨਾਲ ਆਪਣੇ ਪੱਤਿਆਂ ਰਾਹੀਂ ਮਨੁੱਖਾਂ ਦੁਆਰਾ ਪੈਦਾ ਹੁੰਦੀ ਕਾਰਬਨ ਡਾਈਕਸਾਈਡ ਆਪਣੇ ਵਿੱਚ ਸਮਾ ਲੈਂਦੇ ਹਨ।
ਦੁਨੀਆ ਭਰ ਦੇ ਸਭ ਪੌਦੇ ਤੇ ਦਰਖ਼ਤ ਸਾਡੇ ਵਾਯੂ-ਮੰਡਲ ਦੇ ਪੰਜਵੇਂ ਹਿੱਸੇ ਨੂੰ ਆਕਸੀਜਨ ਨਾਲ ਭਰਨ ਦੇ ਕਾਬਲ ਹਨ ਤਾਂ ਹੀ ਧਰਤੀ ਉਤੇ ਜੀਵਨ ਹੈ ਜੋ ਕਿ ਕਿਸੇ ਹੋਰ ਗ੍ਰਹਿ ਤੇ ਨਹੀਂ।
ਸਾਇੰਸਦਾਨ ਅੱਜ-ਕੱਲ੍ਹ ਇਹ ਖੋਜ ਕਰ ਰਹੇ ਨੇ ਕੇ ਕੀ ਹੋਵੇਗਾ ਜਦੋਂ ਗਲੋਬਲ ਵਾਰਮਿੰਗ ਕਰਕੇ ਤਪਦੇ ਸਮੁੰਦਰ ਫਾਈਟੋਪਲਾਕਟਨ ਨੂੰ ਖਤਮ ਕਰ ਦੇਣਗੇ ਕਿੱਥੋਂ ਲਿਆਵਾਂਗੇ ਅਸੀਂ ਧਰਤੀ ਉਤਲੀ ਅੱਧਿਓ ਵੱਧ ਆਕਸੀਜਨ? ਕਈ ਬਣੇਗਾ ਸਮੁੰਦਰੀ ਪਰਿਆਵਰਨ ਮੰਡਲ ਦਾ ਜੇ ਸਮੁੰਦਰ ਵਿੱਚੋਂ ਬਨਸਪਤੀ ਖਤਮ ਹੋ ਗਈ ਤਾਂ?
ਆਖਰ ਨੂੰ ਗੱਲ ਦਰਖ਼ਤਾਂ ਤੇ ਆ ਕੇ ਹੀ ਮੁੱਕਦੀ ਹੈ।
ਨਵੇਂ ਦਰਖ਼ਤ ਲਗਾਉਣ ਨਾਲ ਤੇ ਜੰਗਲ਼ਾਂ ਦੀ ਕਟਾਈ ਘਟਾਉਣ ਨਾਲ ਗਰੀਨਹਾਉਸ ਗੈਸਾਂ ਦਾ ਨਿਕਾਸ ਰੋਕ ਕੇ ਸਮੁੰਦਰਾਂ ਨੂੰ ਗਰਮ ਹੋਣ ਤੋਂ ਤੇ ਸਮੁੰਦਰਾਂ ਵਿੱਚ ਜਿਉਂਦੀ ਬਨਸਪਤੀ ਨੂੰ ਮਰਨ ਤੋਂ ਬਚਾਇਆ ਜਾ ਸਕਦਾ।
ਧਰਤੀ ਤੇ ਆਕਸੀਜਨ ਦੇ ਅਥਾਹ ਭੰਡਾਰ ਨਹੀਂ ਹਨ ਤੇ ਸਮਾਂ ਦਰ ਸਮਾਂ ਇਹ ਘੱਟ ਰਹੀ ਹੈ ਪਿਛਲੇ 300 ਮਿਲੀਅਨ ਸਾਲਾਂ ਵਿੱਚ 12 ਪ੍ਰਤੀਸ਼ਤ ਦੇ ਕਰੀਬ ਘਟ ਚੁੱਕੀ ਹੈ। ਜੋ ਚਾਹੇ ਦੇਖਣ ਨੂੰ ਲੰਮਾ ਸਮਾਂ ਲੱਗਦਾ ਹੋਵੇ ਪਰ ਧਰਤੀ ਤੇ ਜੀਵਨ ਦੀ ਸਮਾਪਤੀ ਦੀ ਦਿਸ਼ਾ ਨਿਰਧਾਰਿਤ ਕਰਦਾ।
ਆਓ ਸਾਰੇ ਰਲ ਕੋਸ਼ਿਸ਼ ਕਰੀਏ ਕਿ ਜਿੰਨਾ ਹੋ ਸਕੇ ਨਵੇਂ ਦਰਖ਼ਤ ਲਾਈਏ। ਹਰ ਸਾਲ ਜੇ ਧਰਤੀ ਤੇ ਵਸਦੇ ਚੱਲਦੇ ਫਿਰਦੇ ਤੇ ਤੰਦਰੁਸਤ ਮਨੁੱਖ ਇਕੱਲੇ ਵੀ ਜੇ ਪੰਜ ਸੱਤ ਦਰਖ਼ਤ ਲਾਉਣ ਤੇ ਸਾਂਭਣ ਤਾਂ ਵੀ ਅਸੀਂ ਧਰਤੀ ਤੇ ਪਵਣ ਦਾ ਕੁਝ ਹੱਦ ਤੱਕ ਕਰਜ਼ ਚੁੱਕਾ ਸਕਦੇ ਹਾਂ। ਬਥੇਰੀਆਂ ਸਾਂਝੀਆਂ ਥਾਂਵਾਂ ਨੇ ਸਾਡੇ ਪਿੰਡਾਂ ਦੇ ਆਲੇ ਦੁਆਲੇ ਜਿੱਥੇ ਇਸ ਮਹਾਨ ਕੰਮ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ।
ਜਿਵੇਂ ਜ਼ਿੰਦਗੀ ਦੀਆ ਹੋਰ ਮੁਸ਼ਕਲਾਂ ਵਿੱਸਰਦੀਆਂ ਨੇ ਕਰੋਨਾ ਵੀ ਇੱਕ ਦਿਨ ਕੰਟਰੋਲ ਵਿੱਚ ਆ ਜਾਵੇਗਾ ਪਰ ਇਹ ਔਖ ਦੀ ਘੜੀ ਗੁਜ਼ਰਨ ਤੋਂ ਬਾਅਦ ਅਸੀਂ ਆਕਸੀਜਨ ਦੇ ਬਹੁਮੁੱਲੇ ਵਰਦਾਨ ਨੂੰ ਨਾ ਭੁੱਲੀਏ ਤੇ ਹਵਾ ਨੂੰ ਸਵੱਛ ਰੱਖਣ ਵਿੱਚ ਹਰ ਬਣਦਾ ਹਿੱਸਾ ਪਾਈਏ।
– ਕੰਵਰ