ਕਿਤੇ ਹੜ੍ਹ ਤੇ ਸੋਕੇ – ਬਲਦੀਆਂ ਅੱਗਾਂ।

ਕੁਝ ਵਰ੍ਹੇ ਪਹਿਲਾਂ ਮੈਂ ਆਪਣੇ ਮਿੱਤਰਾਂ ਨਾਲ ਭਾਰਤ ਵਿੱਚ ਘੁੰਮ ਰਿਹਾ ਸੀ ਤਾਂ ਮੈਨੂੰ ਇਕ ਗੱਲ ਬੜੀ ਅਜੀਬ ਲੱਗੀ ਜਦੋਂ ਕਈ ਦਿਨਾਂ ਦੀ ਇਸ ਫੇਰੀ ਦੌਰਾਨ ਕਿਸੇ ਵੀ ਮਿੱਤਰ ਨੇ ਕਾਰ ਡਰਾਇਵਰ ਦੀ ਥਕਾਵਟ ਤੇ ਸੁੱਖ ਸਹੂਲਤ ਵੱਲ ਕੋਈ ਬਹੁਤਾ ਧਿਆਨ ਨਾ ਦਿੱਤਾ। ਅਸੀਂ ਸਭ ਸਮੇਂ ਸਮੇਂ ਤੇ ਸਫਰ ਦੌਰਾਨ ਆਪਣੀਆਂ ਸੀਟਾਂ ਤੇ ਬੈਠੇ ਅੱਖ ਲਾ ਲੈਂਦੇ ਤਾਂ ਡਰਾਇਵਰ ਕਈ ਕਈ ਘੰਟੇ ਚੁਸਤੀ ਨਾਲ ਕਾਰ ਚਲਾ ਰਿਹਾ ਹੁੰਦਾ। ਜਦੋਂ ਸ਼ਾਮ ਨੂੰ ਅਸੀਂ ਕਿਸੇ ਚਾਰ-ਪੰਜ ਤਾਰਾ ਹੋਟਲਾਂ ਵਿੱਚ ਜਾ ਠਹਿਰਦੇ ਤਾਂ ਡਰਾਇਵਰ ਹਨੇਰੇ ਵਿੱਚ ਕਿਤੇ ਗੁੰਮ ਹੋ ਜਾਂਦਾ, ਸ਼ਾਇਦ ਸੜਕ ਦੇ ਕਿਨਾਰੇ ਕਾਰ ਖੜੀ ਕਰ ਕੇ ਕਾਰ ਵਿੱਚ ਸੋਣ ਲਈ ਜਾਂ ਹੋਟਲਾਂ ਦੇ ਥੱਲੇ ਬਣੇ ਕਿਸੇ ਬੰਕਰ ਵਿੱਚ ਰਾਤ ਗੁਜ਼ਾਰਨ ਲਈ। ਮੈਂ ਸੋਚਦਾ ਰਿਹਾ ਕਿ ਅਸੀਂ ਚੰਗੀਆਂ ਤੇ ਮਜ਼ਬੂਤ ਕਾਰਾਂ ਖਰੀਦਣ ਲਈ ਕਿੱਥੋਂ ਤੱਕ ਜਾਂਦੇ ਹਾਂ ਤੇ ਜਦੋਂ ਗੱਲ ਚਾਲਕ ਦੀ ਆਉਂਦੀ ਹੈ ਸੋਸ਼ਲ ਸਟੇਟਸ ਅਤੇ ਪੈਸੇ ਬਚਾਉਣ ਮਾਰੇ ਆਪਣੀ ਜਾਨ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ। ਮੈਂ ਇੱਕ ਮਿੱਤਰ ਨਾਲ ਅਗਲੇ ਦਿਨ ਇਹ ਗੱਲ ਸਾਂਝੀ ਕੀਤੀ ਕਿ ਦਿਨੇ ਆਉਂਦਿਆਂ ਜਾਂਦਿਆਂ ਸਾਡੀ ਸਭ ਦੀ ਜ਼ਿੰਦਗੀ ਡਰਾਇਵਰ ਦੇ ਹੱਥ ਹੈ ਤੇ ਸਾਨੂੰ ਉਹਦੇ ਸੌਣ ਕਰਨ ਲਈ ਚੰਗਾ ਪ੍ਰਬੰਧ ਕਰਨਾ ਚਾਹੀਦਾ ਤਾਂ ਜੋ ਉਸਦੀ ਥਕਾਵਟ ਦੂਰ ਹੋ ਸਕੇ। ਅੱਗੋਂ ਮਿੱਤਰ ਬੋਲਿਆ “ਚੱਲ ਪਰਾਂ, ਮਾਰਦਾ ਗੱਲਾਂ। ਕੁਝ ਨਹੀਂ ਹੁੰਦਾ ਡਰਾਇਵਰ ਗਿੱਝੇ ਹੁੰਦੇ ਆ।”

ਸੋਚਿਆ ਜਾਵੇ ਤਾਂ ਇਹ ਕੋਈ ਓਪਰੀ ਗੱਲ ਨਹੀਂ ਸੀ ਕਿਉਂਕਿ ਇਹੋ ਜਿਹਾ ਵਿਹਾਰ ਸਾਡੇ ਆਚਾਰ ਦਾ ਹਿੱਸਾ ਬਣ ਚੁੱਕਿਆ। ਅਸੀਂ ਤਾਂ ਕਦੇ ਸਾਡੀ ਜ਼ਿੰਦਗੀ ਨੂੰ ਚਲਾਉਣ ਵਾਲੀ ਧਰਤੀ ਤੇ ਕੁਦਰਤ ਨੂੰ ਨਹੀਂ ਬਖ਼ਸ਼ਿਆ ਤੇ ਕਾਰ ਡਰਾਇਵਰ ਕਿਸ ਬਾਗ ਦੀ ਮੂਲੀ। ਬਹੁਤਿਆਂ ਕਦੇ ਇਹ ਨਹੀਂ ਸੋਚਿਆ ਜਾਂ ਵਿਚਾਰਿਆ ਕਿ ਧਰਤੀ ਸਾਡੇ ਦੁਆਰਾ ਪਾਏ ਬੋਝ ਨਾਲ ਥੱਕਦੀ ਜਾ ਰਹੀ ਹੈ ਤੇ ਕੁਦਰਤ ਸਾਡੇ ਕਾਰ ਵਿਹਾਰਾਂ ਤੋਂ ਅੱਕਦੀ ਜਾ ਰਹੀ ਹੈ। ਤਾਂ ਹੀ ਅਸੀ ਦਿਨੋ ਦਿਨ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੋ ਰਹੇ ਹਾਂ ਕਿਉਂਕਿ ਕੁਦਰਤ ਹਮੇਸ਼ਾ ਸੰਤੁਲਨ ਰੱਖਣ ਲਈ ਕੋਈ ਨਾ ਕੋਈ ਹੱਲ ਲੱਭ ਲੈਂਦੀ ਹੈ ਇਹ ਬਹੁਤਾ ਗਿੱਝਦੀ ਨਹੀਂ।

ਜੇ ਅਸੀਂ ਧਰਤੀ ਤੇ ਮਨੁੱਖਤਾ ਨੂੰ ਲੰਮੇ ਸਮੇ ਤੱਕ ਜਿਉਂਦੇ ਤੇ ਵਸਦੇ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਕਲਾਈਮੇਟ ਚੇਂਜ ਯਾਨੀ ਜਲਵਾਯੂ ਤਬਦੀਲੀ ਦੇ ਵਰਤਾਰੇ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਪਰਿਵਾਰਾਂ ਤੇ ਸਰਕਾਰਾਂ ਦੇ ਪੱਧਰ ਤੇ ਕੁਝ ਠੋਸ ਕਦਮ ਚੁੱਕਣੇ ਪੈਣਗੇ।

ਕਲਾਈਮੇਟ ਚੇਂਜ ਭਵਿੱਖ ਵਿੱਚ ਵਾਪਰਨ ਵਾਲੀ ਕੋਈ ਸ਼ੈਅ ਨਹੀਂ ਬਲਕਿ ਇਹ ਅੱਜ ਵਾਪਰ ਰਹੀ ਹੈ ਜਿਸ ਕਰਕੇ ਸਾਨੂੰ ਜੀਵਨ ਵਿੱਚ ਤਬਦੀਲੀਆਂ ਅੱਜ ਤੋਂ ਲਿਆਉਣੀਆਂ ਪੈਣੀਆਂ ਨਾ ਕਿ ਇਹ ਮੁੱਦਾ ਕੱਲ੍ਹ ਤੇ ਛੱਡ ਦਿੱਤਾ ਜਾਵੇ। ਜਿਉਂ ਜਿਉਂ ਧਰਤੀ ਦਾ ਤਾਪਮਾਨ ਵਧ ਰਿਹਾ ਕੁਦਰਤੀ ਮੁਸ਼ਕਲਾਂ ਵੀ ਵੱਧ ਜਾਣੀਆਂ।

ਹਰ ਸਾਲ ਦੁਨੀਆ ਭਰ ਵਿੱਚ ਹੋਣ ਵਾਲ਼ੀਆਂ ਕੁਲ ਮੌਤਾਂ ਵਿੱਚੋਂ 25 ਪ੍ਰਤੀਸ਼ਤ ਦੇ ਕਰੀਬ ਜ਼ਿਆਦਾ ਗਰਮੀ ਤੇ ਠੰਡ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਹੋ ਰਹੀਆਂ।

ਕਿਤੇ ਹੜ੍ਹ ਤੇ ਕਿਤੇ ਸੋਕੇ ਇੱਕੋ ਸਮੇ ਵਾਪਰ ਰਹੇ ਨੇ ਜਿਸ ਨੇ ਵਿਗਿਆਨੀਆਂ ਨੂੰ ਵੀ ਹੈਰਾਨ ਕੀਤਾ ਹੋਇਆ। ਵਿਗਿਆਨੀ ਕੁਝ ਮੌਸਮੀ ਵਰਤਾਰਿਆਂ ਦਾ 2050 ਤੋਂ ਬਾਅਦ ਵਾਪਰਨ ਦਾ ਅਨੁਮਾਨ ਲਗਾ ਰਹੇ ਸਨ ਪਰ ਇਹ ਸਭ ਹੁਣ ਸਮੇਂ ਤੋਂ ਪਹਿਲਾਂ ਵਾਪਰ ਰਿਹਾ। ਇਹ ਸਭ ਦੱਸਦਾ ਹੈ ਕਿ ਸਮਾਂ ਵੇਖਣ ਦਾ ਨਹੀ ਰਿਹਾ ਸਗੋਂ ਕੁਝ ਕਰਨ ਦਾ।

ਕਲਾਈਮੇਟ ਚੇਂਜ ਯਾਨੀ ਜਲਵਾਯੂ ਤਬਦੀਲੀ ਹੁਣ ਪੂਰਬ ਤੇ ਪੱਛਮ ਦੀ ਰਾਜਨੀਤੀ ਵਿੱਚਲੀ ਵੰਡ ਵੀ ਨਹੀਂ। ਪਿਛਲੇ ਕੁਝ ਕੁ ਦਿਨਾਂ ਵਿੱਚ ਉੱਤਰੀ ਅਮਰੀਕਾ ਵਿੱਚ ਕਹਿਰ ਦੀ ਗਰਮੀ ਕਾਰਨ ਯੂ ਐਸ ਏ ਦੇ ਬਹੁਤੇ ਪੱਛਮੀ ਪ੍ਰਾਂਤ ਸੱਤਰ ਤੋਂ ਵੱਧ ਵੱਖੋ ਵੱਖਰੀਆਂ ਜੰਗਲੀ ਅੱਗਾਂ ਦੀ ਲਪੇਟ ਵਿੱਚ ਆਏ ਹੋਏ ਸਨ। ਇੱਕਲੀ ਓਰੇਗਨ ਸਟੇਟ ਦੇ ਵਿੱਚ ਲੱਗੀ ਅੱਗ ਨੇ 365 ਹਜ਼ਾਰ ਏਕੜ ਦੇ ਕਰੀਬ ਖੇਤਰ ਤਬਾਹ ਕਰ ਸੁੱਟਿਆ। ਇੰਗਲੈਂਡ ਵਿੱਚ ਮੋਸਮ ਵਿਭਾਗ ਨੇ ਪਹਿਲੀ ਵਾਰੀ ਸਖ਼ਤ ਗਰਮੀ ਦੇ ਸੰਬੰਧ ਵਿੱਚ ਸੰਤਰੀ ਅਲਰਟ ਜਾਰੀ ਕੀਤਾ, ਜਦੋਂ ਕਿ ਯੂਰਪ ਦੇ ਬੈਲਜੀਅਮ ਤੇ ਜਰਮਨੀ ਦੋਵੇਂ ਹੜ੍ਹ ਦੀ ਲਪੇਟ ਵਿੱਚ ਰੁੜ ਰਹੇ ਸਨ। ਚੀਨ ਦੇ ਇੱਕ ਸ਼ਹਿਰ ਤੇ 24 ਘੰਟੇ ਇੰਨੀ ਵਰਖਾ ਹੋਈ ਜੋ ਮੋਸਮ ਵਿਗਿਆਨੀ ਮੰਨ ਰਹੇ ਨੇ ਕਿ ਇੰਨੀ ਵਰਖਾ ਸ਼ਾਇਦ ਹੀ ਕਦੇ ਪਿਛਲੇ ਇੱਕ ਹਜ਼ਾਰ ਸਾਲ ਵਿੱਚ ਹੋਈ ਹੋਵੇ। ਚੀਨ ਦੀਆਂ ਅੰਡਰ-ਗ੍ਰਾਊਂਡ ਟ੍ਰੇਨਾਂ ਦੇ ਵਰਖਾ ਦੇ ਪਾਣੀ ਨਾਲ ਭਰੇ ਜਾਣ ਤੇ ਉਹਨਾਂ ਵਿੱਚ ਡੁੱਬ ਰਹੇ ਲੋਕਾਂ ਦੀਆਂ ਸੋਸ਼ਲ ਮੀਡੀਏ ਤੇ ਵਾਇਰਲ ਹੋ ਰਹੀਆਂ ਫੋਟੋਆਂ ਸ਼ਾਇਦ ਆਖਰੀ ਨਾ ਹੋਣ। ਜੇ ਅਸੀਂ ਸਮੂਹਿਕ ਤੋਰ ਤੇ ਧਰਤੀ ਨੂੰ ਗਰਮ ਹੋਣ ਤੋਂ ਨਾ ਬਚਾਇਆ ਤਾਂ ਸ਼ਾਇਦ ਇਹੋ ਜਿਹੀਆਂ ਤਸਵੀਰਾਂ ਦੁਨੀਆ ਭਰ ਵਿੱਚ ਦੇਖਣ ਨੂੰ ਮਿਲਣਗੀਆਂ।

ਆਖਰ ਨੂੰ ਧਰਤੀ ਦਾ ਸਾਡੇ ਬੋਝ ਥੱਲੇ ਸਾਹ ਘੁੱਟਦਾ ਜਾ ਰਿਹਾ ਤੇ ਸਾਡਾ ਫਰਜ ਬਣਦਾ ਇਸ ਨੂੰ ਸੰਭਾਲ਼ਣਾ ਤਾਂ ਜੋ ਅਸੀਂ ਜਿਉਂਦੇ ਰਹਿ ਸਕੀਏ। ਕਰੋਨਾ ਵਾਇਰਸ ਨਾਲ ਜਦੋਂ ਸਭ ਦੁਨੀਆ ਭਰ ਦੇ ਲੋਕ ਪਿਛਲੇ ਸਾਲ ਘਰੋਂ ਘਰੀਂ ਕੈਦ ਹੋਏ ਤਾਂ ਹਵਾ ਪ੍ਰਦੂਸ਼ਨ ਇੱਕ ਦਮ ਘੱਟ ਗਿਆ। ਚੀਨ ਵਿੱਚ ਹਵਾ ਵਿਚਲੀਆਂ ਜ਼ਹਿਰੀਲੀਆਂ ਗੈਸਾਂ ਚਾਲੀ ਫੀਸਦੀ ਘੱਟ ਗਈਆਂ। ਕੁਦਰਤ ਨੇ ਖੁਸ਼ ਹੋ ਜਲੰਧਰ ਤੋਂ ਹਿਮਾਲਿਆ ਪਰਬਤਾਂ ਨੂੰ ਦਿਖਾ ਕੇ ਸਾਡਾ ਧੰਨਵਾਦ ਕੀਤਾ।

ਕਲਾਈਮੇਟ ਚੇਂਜ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਸਾਨੂੰ ਮੰਨਣਾ ਪੈਣਾ ਕਿ ਇਹ ਸਮੱਸਿਆ ਬਹੁਤ ਵੱਡੀ ਤੇ ਅਹਿਮ ਹੈ ਤਾਂ ਹੀ ਧਰਤੀ ਨੂੰ ਬਚਾਉਣ ਲਈ ਕੋਈ ਵਿਧੀਵਤ ਕਦਮ ਚੁੱਕੇ ਜਾ ਸਕਦੇ ਹਨ। ਹੁਣ ਤੱਕ ਦੇ ਦੁਨੀਆ ਦੇ ਰਿਕਾਰਡ ਮੁਤਾਬਕ ਸਭ ਤੋਂ ਗਰਮ ਸੱਤ ਵਰ੍ਹੇ ਸਾਲ 2014 ਤੋਂ ਬਾਅਦ ਰਿਕਾਰਡ ਕੀਤੇ ਗਏ ਹਨ ਤੇ ਜੇ ਅਸੀਂ ਅਜੇ ਵੀ ਨੀਂਦ ਵਿੱਚੋਂ ਨਾ ਉੱਠੇ ਤਾਂ ਸ਼ਾਇਦ ਬਹੁਤ ਦੇਰ ਹੋ ਚੁੱਕੀ ਹੋਵੇਗੀ।

– ਕੰਵਰ

Leave a comment