ਇੱਕ ਅਨੁਮਾਨ ਮੁਤਾਬਕ ਲੰਡਨ ਵਿੱਚ ਰਹਿਣ ਵਾਲ਼ਿਆਂ ਵਿੱਚੋਂ ਘੱਟੋ ਘੱਟ ਤੀਜਾ ਹਿੱਸਾ ਲੋਕ ਦੇਸ਼ ਤੋਂ ਬਾਹਰ ਦੇ ਜੰਮੇ ਹਨ। ਇਹੀ ਤੱਥ ਸ਼ਾਇਦ ਬਹੁ-ਸੱਭਿਆਚਾਰਕ ਲੰਡਨ ਦੇ ਜੀਵਨ ਨੂੰ ਬਹੁਰੰਗੀ ਬਣਾਉਂਦਾ ਹੈ ਜਿਸ ਵਿੱਚ ਅੱਜ ਮੁੱਖ ਤੋਰ ਤੇ ਹਰ ਤਰ੍ਹਾਂ ਦੀ ਵਿਭਿੰਨਤਾ ਲਈ ਥਾਂ ਹੈ ਤੇ ਲੋਕ ਦੋ ਸੌ ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਜਿੰਨਾ ਵਿੱਚ ਪੰਜਾਬੀ ਦੂਜੇ ਤੀਜੇ ਨੰਬਰ ਤੇ ਆਉਂਦੀ ਹੈ।
ਚਾਹੇ ਅਮਰੀਕਾ ਵਿੱਚ ਪੁਲਿਸ ਮੁਲਾਜ਼ਮ ਵੱਲੋਂ ਜੋਰਜ ਫਲੋਇਡ ਦੇ ਕਤਲ ਤੋਂ ਬਾਅਦ ਦੁਨੀਆ ਭਰ ਵਿੱਚ ਚੱਲੀ ਨਸਲਵਾਦ ਵਿਰੋਧੀ ਮੁਹਿੰਮ ਨੇ ਦਰਸਾਇਆ ਕੇ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਅਜੇ ਵੀ ਨਸਲਵਾਦ ਦੇ ਮੁੱਦੇ ਤੇ ਬਹੁਤ ਕੰਮ ਹੋਣ ਦੀ ਲੋੜ ਹੈ ਤਾਂ ਜੋ ਸਾਰੇ ਭਾਈਚਾਰੇ ਬਿਨਾ ਕਿਸੇ ਭੇਦ-ਭਾਵ ਦੇ ਇਕੱਠੇ ਰਹਿ ਵਧ ਫੁਲ ਸਕਣ। ਅੱਜ ਦੇ ਸਮੇਂ ਲੰਡਨ ਵਿੱਚ ਰਹਿੰਦਿਆਂ ਤੇ ਕੰਮ ਕਾਰ ਕਰਦਿਆਂ ਕਦੇ ਛੇਤੀ ਨਾਲ ਇਹ ਮਹਿਸੂਸ ਨਹੀਂ ਹੁੰਦਾ ਕਿ ਇਥੇ ਕਿਸੇ ਨੂੰ ਕਿਸੇ ਵੀ ਧਰਮ ਨੂੰ ਅਪਣਾਉਣ ਜਾਂ ਆਪਣੇ ਸੱਭਿਆਚਾਰਿਕ ਤੋਰ ਤਰੀਕਿਆਂ ਨਾਲ ਰਹਿਣ ਸਹਿਣ ਦੀ ਅਜ਼ਾਦੀ ਨਹੀਂ – ਪਰ ਸਮਾਂ ਤੇ ਇਹ ਅਜ਼ਾਦੀ ਹਮੇਸ਼ਾ ਇਸ ਤਰ੍ਹਾਂ ਬਰਕਰਾਰ ਨਹੀਂ ਸੀ। 1960ਵਿਆਂ ਤੇ 70ਵਿਆਂ ਵਿੱਚ ਇੰਗਲੈਂਡ ਆ ਵਸੇ ਪੰਜਾਬੀਆਂ ਨੂੰ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਵਿੱਚੋਂ ਇੱਕ ਮਿਸ਼ਨ ਸੀ ਸੁਸਾਇਟੀ ਵਿੱਚ ਸਿਰ ਤੇ ਬੰਨ੍ਹੀ ਪੱਗ ਨੂੰ ਬਣਦੀ ਮਾਨਤਾ ਦਿਵਾਉਣੀ।
ਸੰਨ 1964 ਵਿੱਚ ਲੰਡਨ ਟਰਾਂਸਪੋਰਟ ਲਈ ਅੰਡਰਗਰਾਊਂਡ ਦੇ ਐਕਟਨ ਡਿਪੂ ਤੋਂ ਕੰਮ ਕਰਦੇ ਅਮਰ ਸਿੰਘ ਨੇ ਸਿਰ ਦੇ ਵਾਲ ਤੇ ਦਾੜ੍ਹੀ ਵਧਾ ਕੰਮ ਉਤੇ ਇੱਕ ਦਿਨ ਕਾਲੀ ਪੱਗ ਬੰਨ੍ਹ ਕੇ ਆਉਣ ਦਾ ਫੈਸਲਾ ਕੀਤਾ। ਅਮਰ ਸਿੰਘ ਦੀ ਪੱਗ ਦੇਖ ਕੇ ਲੰਡਨ ਟਰਾਂਸਪੋਰਟ ਦੇ ਮੈਨੇਜਰਾਂ ਨੇ ਉਸ ਨੂੰ ਕੰਮ ਤੋਂ ਗ਼ੈਰਹਾਜ਼ਰ ਕਰਾਰ ਕਰ ਘਰ ਭੇਜ ਦਿੱਤਾ। ਪਰ ਅਮਰ ਸਿੰਘ ਨੇ ਦਿਲ ਨਾ ਛੱਡਿਆ ਤੇ ਉਹ ਅਗਲੇ ਤਿੰਨ ਹਫ਼ਤੇ ਹਰ ਰੋਜ਼ ਪੱਗ ਬੰਨ ਕੰਮ ਉਤੇ ਆਉਂਦਾ ਰਿਹਾ ਤੇ ਹਰ ਵਾਰ ਦੀ ਤਰਾਂ ਘਰ ਭੇਜ ਦਿੱਤਾ ਜਾਂਦਾ ਰਿਹਾ। ਕਹਿੰਦੇ ਇਹਨਾਂ ਤਿੰਨ ਹਫ਼ਤਿਆਂ ਵਿੱਚ ਦੇਸ਼ ਭਰ ਵਿੱਚ ਅਮਰ ਸਿੰਘ ਦੇ ਕੇਸ ਸੰਬੰਧੀ ਵੱਡੇ ਛੋਟੇ ਅਖ਼ਬਾਰਾਂ ਵਿੱਚ ਖ਼ਾਸ ਚਰਚਾ ਹੋਈ ਤੇ ਆਮ ਲੋਕਾਂ ਦੀ ਪੱਗ ਸੰਬੰਧੀ ਜਾਣਕਾਰੀ ਵਧੀ। ਇਸ ਤੋਂ ਪਹਿਲਾਂ ਅਮਰ ਨੇ ਦੋ ਸਾਲ ਤੱਕ ਕਲੀਨਸ਼ੇਵਨ ਇੱਕ ਟੋਪੀ ਪਾ ਕੇ ਨੌਕਰੀ ਕੀਤੀ ਜਿਸਨੇ ਉਸਦੇ ਅੰਦਰ ਨੂੰ ਝੰਜੋੜ ਦਿੱਤਾ। ਲੰਡਨ ਟਰਾਂਸਪੋਰਟ ਨੇ ਇਸ ਸਭ ਦੇ ਚੱਲਦਿਆਂ ਅਮਰ ਨੂੰ ਬਿਨਾ ਤਨਖ਼ਾਹ ਦੇ ਸਸਪੈਂਡ ਕਰ ਦਿੱਤਾ ਪਰ ਨੋਕਰੀਓਂ ਨਾ ਲਾਹਿਆ ਸ਼ਾਇਦ ਇਹ ਸੋਚਦੇ ਹੋਣ ਕੇ ਆਪਣਾ ਮਨ ਬਦਲ ਲਵੇਗਾ।

ਆਖਰ ਨੂੰ ਅਮਰ ਸਿੰਘ ਦੀ ਜਿੱਤ ਹੋਈ ਤੇ ਲੰਡਨ ਟਰਾਂਸਪੋਰਟ ਨੇ ਉਸਨੂੰ ਕਾਲੀ ਪੱਗ ਬੰਨ੍ਹ ਕੇ ਨੌਕਰੀ ਕਰਨ ਦੀ ਇਜਾਜ਼ਤ ਦੇ ਦਿੱਤੀ, ਇੱਕ ਸ਼ਰਤ ਰੱਖੀ ਗਈ ਕੇ ਉਹ ਪੱਗ ਦੀ ਸਿਰੇ ਤੇ ਲੰਡਨ ਟਰਾਂਸਪੋਰਟ ਦਾ ਬੈਜ ਪਹਿਨੇਗਾ। ਅਮਰ ਸਿੰਘ ਨੂੰ ਉਹਨਾਂ ਤਿੰਨ ਹਫ਼ਤਿਆਂ ਵਿੱਚ ਪਏ ਤੀਹ ਪੌਂਡ ਦੇ ਘਾਟੇ ਨਾਲ ਅੱਜ ਦੇ ਲੰਡਨ ਵਿੱਚ ਟਰਾਂਸਪੋਰਟ ਵਿੱਚ ਕੰਮ ਕਰਦੇ , ਚਾਹੇ ਉਹ ਬੱਸਾਂ ਹੋਣ ਜਾਂ ਟ੍ਰੇਨਾਂ, ਬਹੁਤ ਸਾਰੇ ਲੋਕ ਪੱਗ ਬੰਨ੍ਹ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਜਿਸਦਾ ਸਿਹਰਾ ਅਮਰ ਸਿੰਘ ਨੂੰ ਜਾਂਦਾ। ਮੈਂ ਖ਼ੁਦ ਮਾਣ ਨਾਲ ਕੜਾ ਪਾ ਕੇ ਆਪਣੀ ਨੌਕਰੀ ਕਰਦਾ ਹਾਂ ਤੇ ਸ਼ਾਇਦ ਅਮਰ ਸਿੰਘ ਦੇ ਹੌਸਲੇ ਤੋਂ ਬਿਨਾ ਅੱਜ ਇਹ ਸੰਭਵ ਨਾ ਹੁੰਦਾ।
ਆਓ ਔਖਿਆਂ ਵੇਲਿਆਂ ਵਿੱਚੋਂ ਲੰਘ ਕੇ ਨਵੇਂ ਪਰਵਾਸੀਆਂ ਲਈ ਨਵੇਂ ਰਸਤੇ ਬਣਾਉਣ ਵਾਲੇ ਅਮਰ ਸਿੰਘ ਜਿਹੇ ਸਿਰੜੀ ਪੰਜਾਬੀਆਂ ਨੂੰ ਪ੍ਰਨਾਮ ਕਰੀਏ।
ਟਰਾਂਸਪੋਰਟ ਫਾਰ ਲੰਡਨ ਵੱਲੋਂ ਵੱਖੋ ਵੱਖ ਸਟੇਸ਼ਨਾਂ ਤੇ portrait exhibition ਲਾ ਕੇ South Asian Heritage Month ਮਨਾਇਆ ਜਾ ਰਿਹਾ ਤਾਂ ਜੋ ਅਮਰ ਸਿੰਘ ਵਰਗੇ ਹਿੰਮਤੀਆਂ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ ਜਾ ਸਕੇ।
-ਕੰਵਰ

