ਲਿਖਾਰੀ ਦੀ ਰੂਹ- ਡਾ. ਗੁਰਦਿਆਲ ਸਿੰਘ ਰਾਏ

ਪਿਛਲੇ ਸੱਤਰ ਕੁ ਸਾਲਾਂ ਵਿੱਚ ਜਿਉਂ-ਜਿਉਂ, ਵੱਡੇ ਪੱਧਰ ਤੇ ਪੰਜਾਬ ਦੀ ਧਰਤ ਦੇ ਜਾਏ ਆਪਣਾ ਦੇਸ਼ ਛੱਡ ਦੁਨੀਆ ਦੇ ਵੱਖ ਵੱਖ ਧਰਾਤਲਾਂ ਤੇ ਖਿੰਡਦੇ ਗਏ ਤਾਂ ਪੰਜਾਬੀ ਬੋਲੀ, ਸਾਹਿਤ ਤੇ ਸਭਿਆਚਾਰ ਨੇ ਵੀ ਇਹਨਾਂ ਪਰਦੇਸੀ ਹੋ ਰਹੇ ਬਾਸ਼ਿੰਦਿਆਂ ਦੀਆਂ ਗਠੜੀਆਂ ਦੇ ਨਾਲ ਨਾਲ ਸਮੁੰਦਰਾਂ ਤੋਂ ਪਾਰ ਦਾ ਸਫਰ ਤੈਅ ਕਰਨਾ ਸ਼ੁਰੂ ਕੀਤਾ।

ਜੇ ਸੋਚੀਏ ਤਾਂ ਪਿਛਲੇ ਪੰਜਾਹ ਸਾਲ ਪੰਜਾਬੀ ਭਾਸ਼ਾ ਲਈ ਕੁਝ ਵੱਖਰੇ ਤੇ ਖ਼ਾਸ ਰਹੇ ਹਨ। ਇਸ ਸਮੇਂ ਦਰਮਿਆਨ ਪੰਜਾਬੀ ਬੋਲੀ ਇੱਕ ਖਿੱਤੇ ਦੀਆਂ ਹੱਦਾਂ ਤੱਕ ਸੀਮਤ ਨਾ ਰਹਿ, ਦੁਨੀਆ ਭਰ ਵਿੱਚ ਫੈਲ ਗਈ। ਪੰਜਾਬੀ ਭਾਸ਼ਾ ਦੀ ਉਤਪਤੀ ਤੋਂ ਲੈਕੇ ਹੁਣ ਤੱਕ ਇਹ ਪਹਿਲੀ ਵਾਰ ਹੈ ਕਿ ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਮੁਲਕ ਹੋਵੇ ਜਿੱਥੇ ਪੰਜਾਬੀ ਬੋਲਦਾ ਕੋਈ ਘਰ ਜਾਂ ਬੰਦਾ ਨਾ ਵਸਦਾ ਹੋਵੇ।

ਸਮੁੰਦਰਾਂ ਤੋਂ ਪਾਰ ਪਰਵਾਸੀ ਹੋਈ ਪੰਜਾਬੀ ਭਾਸ਼ਾ ਨੂੰ ਵੀ ਇਸ ਦੇ ਬੋਲਣ, ਪੜ੍ਹਨ ਤੇ ਲਿਖਣ ਵਾਲਿਆਂ ਵਾਂਗੂੰ ਓਪਰੇ ਦੇਸ਼ਾਂ ਵਿੱਚ ਬਥੇਰੇ ਕਸ਼ਟ ਝੱਲਣੇ ਪਏ। ਆਪਣੇ ਦੇਸ਼ ਦੀ ਰਾਣੀ ਪੰਜਾਬੀ ਬੋਲੀ ਬਾਹਰਲੇ ਮੁਲਕਾਂ ਵਿੱਚ ਜਾ ਬਹੁਗਿਣਤੀ ਤੋਂ ਦਿਨੋ ਦਿਨ ਘੱਟ-ਗਿਣਤੀ ਲੋਕਾਂ ਦੀ ਬੋਲੀ ਜੋ ਬਣ ਗਈ। ਪਰ ਆਪਣੀ ਬੋਲੀ ਨੂੰ ਮਾਂ ਵਾਂਗ ਪਿਆਰ ਕਰਨ ਵਾਲੇ ਕਈ ਦ੍ਰਿੜ੍ਹ ਪੰਜਾਬੀਆਂ ਨੇ ਨਿਮਾਣੀ ਪੰਜਾਬੀ ਭਾਸ਼ਾ ਨੂੰ ਔਖੇ ਸਮਿਆਂ ਵਿੱਚ ਸਿਰਫ ਜਿਉਂਦੇ ਹੀ ਨਹੀਂ ਰੱਖਿਆ ਸਗੋਂ ਇਸ ਨੂੰ ਹੋਰ ਸ਼ਿੰਗਾਰਿਆ ਵੀ। ਪੰਜਾਬੀ ਨੂੰ ਵਿਦੇਸ਼ਾਂ ਵਿੱਚ ਸ਼ਿੰਗਾਰਨ ਦਾ ਬਹੁਤਾ ਕੰਮ ਸਮੂਹਿਕ ਨਾਲ਼ੋਂ ਵਿਅਕਤੀਗਤ ਪੱਧਰ ਤੇ ਹੋਇਆ। ਜੇ ਖ਼ਾਸ ਤੌਰ ਤੇ ਇੰਗਲੈਂਡ ਦੀ ਗੱਲ੍ਹ ਕਰੀਏ ਤਾਂ ਇੱਥੇ 1970 ਵਿਆਂ ਤੋਂ ਹੁਣ ਤੱਕ ਦਾ ਸਮਾਂ ਪੰਜਾਬੀ ਭਾਸ਼ਾ ਲਈ ਸੁਨਹਿਰੀ ਕਾਲ ਕਿਹਾ ਜਾ ਸਕਦਾ, ਜਿਸ ਦਾ ਮੁੱਖ ਕਾਰਨ ਕਈ ਪੰਜਾਬੀਆਂ ਦੀ ਵਰ੍ਹਿਆ ਬੱਧੀ ਚੋਖੀ ਮਿਹਨਤ ਹੈ। ਉਂਜ ਇਹ ਸੁਨਹਿਰੀ ਕਾਲ ਦਿਨੋ ਦਿਨ ਢਲਦਾ ਜਾਪਦਾ, ਜਿਸਦੇ ਬਹੁਤ ਸਾਰੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਕਾਰਨ ਹਨ। ਇੰਗਲੈਂਡ (ਜਾਂ ਵਿਦੇਸ਼ਾਂ ਵਿੱਚ) ਪੰਜਾਬੀ ਭਾਸ਼ਾ ਦੀ ਦਸ਼ਾ ਤੇ ਦਿਸ਼ਾ ਦੀ ਫੇਰ ਕਿਸੇ ਦਿਨ ਖੁੱਲ ਕੇ ਗੱਲ੍ਹ ਕਰਾਂਗੇ।

ਅੱਜ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਇਕ ਅਜਿਹੀ ਸ਼ਖ਼ਸੀਅਤ ਵੱਲ, ਜਿਸ ਨੇ ਪੰਜਾਬੀ ਭਾਸ਼ਾ ਨੂੰ ਵਿਅਕਤੀਗਤ ਤੋਰ ਤੇ ਇੰਗਲੈਂਡ ਵਿੱਚ ਆਪਣੀ ਮਿਹਨਤ, ਲਗਨ ਤੇ ਸੂਝ ਨਾਲ ਸਮੇਂ ਦੀ ਹਾਣ ਦਾ ਬਣਾਉਣ ਲਈ ਬੜੇ ਸਿਰੜ ਤੇ ਹਲੀਮੀ ਨਾਲ ਕਾਰਜ ਕੀਤੇ। ਇਹ ਇਨਸਾਨ ਹਨ, ਬਹੁਤ ਹੀ ਸੁਲਝੇ ਮਨੁੱਖ ਗੁਰਦਿਆਲ ਸਿੰਘ ਰਾਏ ਜੀ ਜੋ ਇਕੱਲੇ ਧੜ੍ਹ ਪੂਰੇ ਦੋ ਦਹਾਕਿਆਂ ਤੋਂ ਲਿਖਾਰੀ ਦੇ ਸਿਰਲੇਖ ਅਧੀਨ ਪੰਜਾਬੀ ਸਾਹਿਤ ਦੀ ਇੱਕ ਮਿਆਰੀ ਤੇ ਗੈਰ ਵਪਾਰਕ ਵੈਬਸਾਈਟ ਚਲਾ ਰਹੇ ਹਨ। ਅੱਜ-ਕੱਲ੍ਹ ਇਸ ਵੈਬਸਾਈਟ ਦਾ ਪ੍ਰਕਾਸ਼ਨ ਹੇਠਲੇ ਲਿੰਕ ਤੇ ਹੋ ਰਿਹਾ ਹੈ (https://likhari.net)। ਅਚੰਭੇ ਵਾਲੀ ਗੱਲ੍ਹ ਤਾਂ ਇਹ ਹੈ ਕਿ ਰਾਏ ਜੀ ਨੇ ਇਹ ਕੰਮ ਉਦੋਂ ਸ਼ੁਰੂ ਕੀਤਾ ਜਦੋਂ ਇੰਟਰਨੈਟ ਉਤੇ ਪੰਜਾਬੀ ਭਾਸ਼ਾ ਦਾ ਡਿਜ਼ੀਟਲ ਵਿਕਾਸ ਸਾਡੇ ਬਹੁਤਿਆਂ ਦੇ ਚਿੱਤ ਚੇਤਿਆਂ ਵਿੱਚ ਵੀ ਨਹੀਂ ਸੀ। ਖ਼ੁਦ ਤਕਨਾਲੋਜੀ ਬਾਰੇ ਸਿੱਖ ਕੇ ਉਸਨੂੰ ਆਪਣੀ ਭਾਸ਼ਾ ਦੀ ਪਰਫੁਲਤਾ ਦੇ ਲਈ ਵਰਤਨਾ ਇੱਕ ਉੱਦਮ ਵਾਲਾ ਸਲਾਹੁਣਯੋਗ ਕੰਮ ਹੈ।

ਅਜ਼ਾਦੀ ਤੋਂ ਪਹਿਲਾਂ 1937 ਵਿੱਚ ਆਸਾਮ ਦੇ ਜਨਮੇ ਰਾਏ ਜੀ ਜਦੋਂ ਪੰਜਾਬ ਪਰਤੇ ਤਾਂ ਪੰਜਾਬੀ ਵਿੱਚ ਗਿਆਨੀ ਤੇ ਐਮ ਏ ਪੰਜਾਬੀ ਕਰਨ ਦੇ ਨਾਲ ਨਾਲ ਉੱਥੇ ਅਕਾਲੀ ਪਤ੍ਰਿਕਾ ਵਿੱਚ ਵੀ ਕੰਮ ਕੀਤਾ। ਜਦੋਂ 1963 ਵਿੱਚ ਇੰਗਲੈਂਡ ਪਰਦੇਸੀ ਬਣ ਆਏ ਤਾਂ ਕੁਝ ਸਾਲਾਂ ਬਾਅਦ UCL ਤੋਂ ਅਧਿਆਪਨ ਦੀ ਵਿੱਦਿਆ ਹਾਸਲ ਕਰ ਇਸ ਨੂੰ ਮੁੱਖ ਕਿੱਤੇ ਵਜੋਂ ਅਪਣਾ ਲਿਆ। ਹੁਣ ਸਿੱਖਿਆ ਦੇ ਖੇਤਰ ਵਿੱਚੋਂ ਸੇਵਾ ਮੁਕਤ 85 ਵਰ੍ਹਿਆਂ ਦੇ ਨੌਜਵਾਨ ਰਾਏ ਜੀ ਬੜੀ ਮਿਹਨਤ ਤੇ ਲਗਨ ਨਾਲ ਅੱਜ ਵੀ ਲਿਖਾਰੀ ਦੀ ਵੈਬਸਾਈਟ ਦਾ ਪ੍ਰਬੰਧ ਖ਼ੁਦ ਕਰ ਰਹੇ ਹਨ।

ਬਰਮਿੰਘਮ ਦੀ ਆਰਟ ਗੈਲਰੀ ਦੀ ਫੇਰੀ ਸਮੇਂ: ਰਾਮ ਸਰੂਪ ਅਣਖੀ ਤੇ ਗੁਰਦਿਆਲ ਸਿੰਘ ਰਾਏ
ਡਾ. ਗੁਰਦਿਆਲ ਸਿੰਘ ਰਾਏ ਦੀਆਂ ਪੁਸਤਕਾਂ

ਰਾਏ ਜੀ ਖ਼ੁਦ ਪੰਜਾਬੀ ਦੇ ਉੱਘੇ ਚਿੰਤਕ ਤੇ ਸਾਹਿਤਕਾਰ ਹਨ। ਡਾ. ਗੁਰਦਿਆਲ ਸਿੰਘ ਰਾਏ ਦੀਆਂ ਹੁਣ ਤਕ ਆਈਆਂ ਪੁਸਤਕਾਂ ਵਿਚ ‘ਅੱਗ’ (ਕਵਿਤਾਵਾਂ), ‘ਮੋਏ ਪੱਤਰ’ ਤੇ ‘ਗੋਰਾ ਰੰਗ ਕਾਲੀ ਸੋਚ’ (ਕਹਾਣੀਆਂ), ‘ਲੇਖਕ ਦਾ ਚਿੰਤਨ’ (ਆਲੋਚਨਾ), ‘ਗੁਆਚੇ ਪਲਾਂ ਦੀ ਤਲਾਸ਼’ (ਨਿਬੰਧ), ‘ਬਰਤਾਨਵੀ ਪੰਜਾਬੀ ਕਲਮਾ (ਨਿਬੰਧ/ਆਲੋਚਨਾ), ‘ਅੱਖੀਆਂ ਕੂੜ ਮਾਰਦੀਆਂ’ (ਉਰਦੂ ਕਹਾਣੀਆਂ ਦਾ ਪੰਜਾਬੀ ਅਨੁਵਾਦ) ਤੇ ਬਰਤਾਨਵੀ ਇਸਤਰੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (ਅਨੁਵਾਦ/ਸੰਪਾਦਨ) ਸ਼ਾਮਲ ਹਨ। ਗੱਲ੍ਹ ਕੀ ਇੱਕ ਸੰਪੂਰਨ ਪੰਜਾਬੀ ਸਾਹਿਤਕਾਰ ਤੇ ਐਡੀਟਰ।

ਲਿਖਾਰੀ ਇਕ ਨਿਰਪੱਖ ਮੰਚ ਹੈ, ਜਿਸਨੇ ਹਰ ਧਾਰਾ ਦੇ ਲਿਖਾਰੀਆਂ ਨੂੰ ਪਾਠਕਾਂ ਤੱਕ ਪੁੱਜਣ ਲਈ ਥਾਂ ਦਿੱਤੀ ਤੇ ਨਾਲ ਨਾਲ ਨਵੇਂ ਲਿਖਾਰੀ ਪੈਦਾ ਕਰਨ ਦਾ ਹੀਲਾ ਕੀਤਾ। ਮੈਨੂੰ ਲੱਗਦਾ ਇਸ ਲਿਖਾਰੀ ਵੈਬਸਾਈਟ ਦੀ ਸਫਲਤਾ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਰਾਏ ਜੀ ਦਾ ਖ਼ੁਦ ਸੁਹਿਰਦ ਲੇਖਕ ਤੇ ਪਾਠਕ ਹੋਣਾ ਅਤੇ ਉਹਨਾਂ ਦਾ ਪੰਜਾਬੀ ਦੇ ਉੱਘੇ ਲੇਖਕਾਂ ਨਾਲ ਸਨੇਹ। ਲਿਖਾਰੀ ਉਤੇ ਪਿਛਲੇ ਦੋ ਦਹਾਕਿਆਂ ਵਿੱਚ ਅਜਿਹੀਆਂ ਵਿਲੱਖਣ ਤੇ ਕਦੀਮ ਲਿਖਤਾਂ ਛਪਦੀਆਂ ਆ ਰਹੀਆਂ ਹਨ ਜਿੰਨਾ ਨੂੰ ਕਿਤੇ ਹੋਰ ਲੱਭਣਾ ਲੱਗਭਗ ਅਸੰਭਵ ਹੈ। ਜੇ ਕਿਸੇ ਨੇ ਆਉਣ ਵਾਲੇ ਸਮੇਂ ਵਿੱਚ ਖ਼ਾਸ ਤੋਰ ਤੇ ਬਰਤਾਨਵੀ ਪੰਜਾਬੀ ਸਾਹਿਤ ਬਾਰੇ ਕੋਈ ਖੋਜ ਕਰਨੀ ਹੋਵੇ ਤਾਂ ਲਿਖਾਰੀ ਦੀ ਵੈਬਸਾਈਟ ਇੱਕ ਵੱਡਮੁੱਲਾ ਸਰੋਤ ਬਣ ਸਕਦੀ ਹੈ। ਪਿਛਲੇ ਸਾਲ ਕਿਸੇ ਕਾਰਨ ਵੈਬਸਾਈਟ ਦੀ ਤਕਨੀਕੀ ਸੈੱਟਅੱਪ ਬਦਲਣੀ ਪਈ ਤਾਂ ਪੁਰਾਣੀਆ ਰਚਨਾਵਾਂ ਨੂੰ ਸੁਕੰਚਿਤ ਕਰਨਾ ਪਿਆ ਸੀ, ਪਰ ਹੁਣ ਉਹਨਾਂ ਲਿਖਤਾਂ ਨੂੰ ਮੁੜ ਤੋਂ ਪ੍ਰਕਾਸ਼ਤ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਜੋ ਕੇ ਹਜ਼ਾਰਾਂ ਲਿਖਤਾਂ ਦਾ ਇੱਕ ਖ਼ਜ਼ਾਨਾ ਹੈ।

ਦੋਸਤੋ ਜੇ ਤੁਸੀਂ ਚੰਗਾ ਪੰਜਾਬੀ ਸਾਹਿਤ ਪੜ੍ਹਨ ਤੇ ਸਮਝਣ ਦੇ ਸ਼ੋਕੀਨ ਹੋ ਤਾਂ ਕੁਝ ਸਮਾਂ ਕੱਢ ਕੇ ਹਰ ਹਫ਼ਤੇ ਲਿਖਾਰੀ ਦੀ ਇਸ ਵੈਬਸਾਈਟ ਤੇ ਜ਼ਰੂਰ ਗੇੜਾ ਮਾਰਿਆ ਕਰੋ। ਕਿਰਪਾ ਕਰਕੇ ਆਪਣੇ ਸਨੇਹੀਆਂ ਨਾਲ ਵੀ ਇਸ ਲਿੰਕ ਨੂੰ ਸ਼ੇਅਰ ਕਰੋ ਤਾਂ ਜੋ ਚੰਗਾ ਪੰਜਾਬੀ ਸਾਹਿਤ ਹੋਰਾਂ ਤੱਕ ਵੀ ਪਹੁੰਚ ਸਕੇ।

ਰਾਏ ਜੀ ਦੀ ਮਿਹਨਤ ਨੂੰ ਸਲਾਮ ਹੈ। ਉਹਨਾਂ ਵਾਕਿਆ ਹੀ ਚੜ੍ਹਦੀ ਕਲਾ ਪਰ ਹਲੀਮੀ ਨਾਲ ਲਿਖਾਰੀ ਨੂੰ ਪਾਠਕਾਂ ਤੱਕ ਪਹੁੰਚਾ ਕੇ ਪੰਜਾਬੀਅਤ ਦੀਆਂ ਅਸਲੀ ਕਦਰਾਂ-ਕੀਮਤਾਂ ਤੇ ਪਹਿਰਾ ਦਿੱਤਾ ਹੈ।

– ਕੰਵਰ

Leave a comment