ਅਬਦੁੱਲਰਾਜ਼ਾਕ ਗੁਰਨਾਹ : ਪਰਵਾਸ ਦਾ ਵਲੂੰਧਰਿਆ ਲੇਖਕ – ਸਾਹਿਤ ਲਈ ਨੋਬਲ ਪੁਰਸਕਾਰ ਜੇਤੂ

ਜੇ ਸਾਹਿਤ ਦੀ ਦੁਨੀਆ ਵਿੱਚ ਉਡਾਰੀ ਮਾਰ, ਚਾਰੇ ਪਾਸੇ ਤੱਕੋ ਤਾਂ ਬਹੁਤਾਤ ਵਿੱਚ ਹੰਢੇ ਵਰਤੇ ਲੇਖਕ ਇਕੋ ਹੀ ਦਾਇਰੇ ਵਿੱਚ ਰਹਿ ਕੇ ਲਿਖਤਾਂ ਸਿਰਜਦੇ ਹਨ ਤਾਂ ਜੋ ਮੁੱਖਧਾਰਾ ਦੇ ਵਹਿਣ ਵਿੱਚ ਵਹਿ ਕੇ ਉਹ ਆਪਣੇ ਬਹੁ ਸੰਖਿਅਕ ਪਾਠਕਾਂ ਨਾਲ ਜੁੜੇ ਰਹਿ ਸਕਣ। ਪਰ ਕਦੇ ਕਦੇ ਕੁਝ ਅਜਿਹਾ ਵਾਪਰਦਾ, ਜਦੋਂ ਕੋਈ ਛੁਪਿਆ ਹੋਇਆ ਲੇਖਕ ਅੱਖ ਝਪਕਦੇ ਸਟੇਜ ਤੇ ਆ ਚੜ੍ਹਦਾ, ਜਿਸ ਨੇ ਚਿਰ ਤੋਂ ਲਗਨ ਨਾਲ ਚੁੱਪ-ਚੁਪੀਤੇ ਆਪਣੇ ਹਿਰਦੇ ਵਿੱਚ ਵਿਸ਼ਵਾਸ ਲੈ ਜ਼ਿੰਦਗੀ ਦੇ ਦਾਇਰੇ ਦੀਆਂ ਲਾਲ ਰੇਖਾਵਾਂ ਟੱਪ ਇਤਿਹਾਸ ਦੇ ਭੁੱਲ ਭਲਾ ਚੱਕੇ ਖੂੰਜੇ ਖੰਡਰਾਂ ਵਿੱਚੋਂ ਕਹਾਣੀਆਂ ਲੱਭ ਪਾਠਕਾਂ ਨੂੰ ਕੁਝ ਵੱਖਰਾ ਤੇ ਸੋਚਣ ਲਈ ਮਜਬੂਰ ਕਰ ਦੇਣ ਲਈ ਪ੍ਰੋਸਣ ਦਾ ਸਾਹਸ ਕੀਤਾ ਹੋਵੇ। ਅਜਿਹੇ ਹੀ ਟਾਵੇਂ ਟਾਵੇਂ ਲੇਖਕਾਂ ਵਿੱਚੋਂ ਇਕ ਹੈ ਅਬਦੁੱਲਰਾਜ਼ਾਕ ਗੁਰਨਾਹ ਜਿਸਨੂੰ ਇਸ ਹਫ਼ਤੇ ਸਾਹਿਤ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਮਿਲਣ ਦਾ ਐਲਾਨ ਹੋਇਆ।

ਅਬਦੁੱਲਰਾਜ਼ਾਕ ਨੇ ਦਹਾਕਿਆਂ ਬੱਧੀ ਆਪਣੀ ਚੇਤਨਾ ਨਾਲ ਬਿਨਾ ਕਿਸੇ ਸਮਝੌਤੇ ਤੋਂ ਬਸਤੀਵਾਦ ਦੇ ਡੂੰਘੇ ਪ੍ਰਭਾਵਾਂ ਤੇ ਉਜਾੜੇ ਦੇ ਸ਼ਰਨਾਰਥੀਆਂ ਦੇ ਆਪਣੇ ਮਹਾਂਦੀਪਾਂ ਤੋਂ ਦੂਜੇ ਮਹਾਂਦੀਪਾਂ ਦੇ ਸਭਿਆਚਾਰਾਂ ਨਾਲ਼ੋਂ ਟੁੱਟਣ-ਜੁੜਨ ਦੇ ਸਫਰ ਨੂੰ ਦਿਲ ਦੇ ਦਰਦ ਰਾਹੀਂ ਕਲਮ ਤੇ ਲਿਆਉਂਦਿਆਂ ਆਪਣੀਆਂ ਲਿਖਤਾਂ ਵਿੱਚ ਪਰੋਇਆ। ਨੋਬਲ ਪੁਰਸਕਾਰ ਉਸਦੀ ਇਸ ਅਹਿਮ ਤੇ ਅਦੁੱਤੀ ਪ੍ਰਾਪਤੀ ਤੇ ਮੋਹਰ ਲਾਉਂਦਾ।

ਅਬਦੁੱਲਰਾਜ਼ਾਕ ਗੁਰਨਾਹ

ਜਾਂਜੀਬਾਰ ਵਿੱਚ 1948 ਵਿੱਚ ਜੰਮਿਆ ਅਬਦੁੱਲਰਾਜ਼ਾਕ ਆਪਣੇ ਵਤਨ ਤੋਂ ਰਾਜਨੀਤਕ ਤੇ ਸਮਾਜਿਕ ਉਥਲ-ਪੁਥਲ ਦਾ ਸਤਾਇਆ 18 ਸਾਲ ਦੀ ਉਮਰ ਵਿੱਚ ਇੰਗਲੈਂਡ ਇੱਕ ਰਫ਼ਿਊਜੀ ਦੇ ਤੌਰ ਤੇ ਆ ਵੱਸਿਆ। ਬਾਅਦ ਵਿੱਚ ਇੰਗਲੈਂਡ ਤੋਂ ਅੰਗਰੇਜ਼ੀ ਸਾਹਿਤ ਦੀ ਉੱਚ ਵਿੱਦਿਆ ਹਾਸਲ ਕਰ ਇੱਥੇ ਹੀ ਕੈਂਟ ਯੂਨੀਵਰਸਿਟੀ ਵਿੱਚੋਂ ਪੂਰਵ ਬਸਤੀਵਾਦੀ ਤੇ ਅੰਗਰੇਜ਼ੀ ਸਾਹਿਤ ਦਾ ਪ੍ਰੋਫੈਸਰ ਰਿਟਾਇਰ ਹੋ ਕੇ ਅੱਜ ਕੱਲ ਦੱਖਣੀ ਤੱਟ ਦੇ ਖ਼ੂਬਸੂਰਤ ਇਲਾਕੇ ਬ੍ਰਾਈਟਨ ਦਾ ਵਸਨੀਕ ਹੈ।

ਉਜਾੜੇ ਦੇ ਲੋਕਾਂ ਦਾ ਲੇਖਕ ਬਹੁਤ ਸਾਰੀਆਂ ਮਿੰਨੀ ਕਹਾਣੀਆਂ ਤੇ ਲੇਖਾਂ ਦੇ ਨਾਲ ਨਾਲ ਦਸ ਨਾਵਲ ਵੀ ਲਿਖ ਚੁੱਕਿਆ। ਅਬਦੁੱਲਰਾਜ਼ਾਕ ਨੇ ਹੁਣ ਤੱਕ ਦਾ ਆਪਣਾ ਸਭ ਤੋਂ ਪ੍ਰਸਿੱਧ ਨਾਵਲ Paradise ਸੰਨ 1994 ਵਿੱਚ ਲਿਖਿਆ ਤੇ ਉਸਦਾ ਨਵੀਨਤਮ ਨਾਵਲ Afterlives 2020 ਵਿੱਚ ਛਪਿਆ। ਅਬਦੁੱਲਰਾਜ਼ਾਕ ਪਹਿਲਾ ਕਾਲਾ ਲੇਖਕ ਹੈ ਜਿਸਨੇ 1993 ਵਿੱਚ ਟੋਨੀ ਮੋਰੀਸਨ ਦੀ ਜਿੱਤ ਤੋਂ ਬਾਅਦ ਨੋਬਲ ਪੁਰਸਕਾਰ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ।

ਅਬਦੁੱਲਰਾਜ਼ਾਕ ਗੁਰਨਾਹ ਦੀਆਂ ਕਿਤਾਬਾਂ

ਚੰਗੇ ਲੇਖਕ ਆਪਣੀ ਕਲਪਨਾ ਸ਼ਕਤੀ ਰਾਹੀਂ ਲਿਖਤਾਂ ਵਿੱਚ ਜਾਨ ਪਾ ਦਿੰਦੇ ਹਨ ਪਰ ਜਦੋਂ ਕਿਸੇ ਲੇਖਕ ਨੇ ਲਿਖਤ ਵਿੱਚ ਦਰਸਾਈ ਜ਼ਿੰਦਗੀ ਖ਼ੁਦ ਜੀਵੀ ਹੋਵੇ ਤਾਂ ਸੋਨਾ ਤੇ ਸੁਹਾਗਾ ਹੋ ਜਾਂਦਾ। ਸ਼ਾਇਦ ਅਬਦੁੱਲਰਾਜ਼ਾਕ ਦਾ ਖ਼ੁਦ ਸ਼ਰਨਾਰਥੀ ਹੋਣਾ ਉਸਦੀਆਂ ਲਿਖਤਾਂ ਲਈ ਸਭ ਤੋਂ ਤਾਕਤਵਰ ਪ੍ਰੇਰਨਾ ਬਣਿਆ। ਤਾਂ ਹੀ ਉਹ ਇੰਨੇ ਵਿਲੱਖਣ ਤਰੀਕੇ ਨਾਲ ਪੂਰਬੀ ਅਫ਼ਰੀਕਾ ਦੇ ਦੇਸ਼ਾਂ ਵਿੱਚੋਂ ਬਸਤੀਵਾਦ ਦੇ ਨਤੀਜੇ ਵਜੋਂ ਆਪਣੇ ਘਰਾਂ, ਪਿੰਡਾਂ ਤੇ ਇਲਾਕਿਆਂ ਵਿੱਚੋਂ ਦੂਜੇ ਮਹਾਂਦੀਪਾਂ ਨੂੰ ਪ੍ਰਵਾਸ ਕਰਦੇ ਸਾਹ ਲੈਂਦੇ ਮਨੁੱਖਾਂ ਦੀ ਫਿਰ ਤੋਂ ਲੱਗਦੀ ਜੜ੍ਹ ਨੂੰ ਆਪਣੀਆਂ ਲਿਖਤਾਂ ਵਿੱਚ ਇੰਨੀ ਹਮਦਰਦੀ ਨਾਲ ਦਰਸਾਇਆ।

ਜਦੋਂ ਗੁਰਨਾਹ ਨੂੰ ਦੱਸਿਆ ਗਿਆ ਕਿ ਉਸਨੂੰ ਨੋਬਲ ਪੁਰਸਕਾਰ ਮਿਲ ਰਿਹਾ ਉਸ ਸਮੇਂ ਉਹ ਆਪਣੀ ਰਸੋਈ ਵਿੱਚ ਚਾਹ ਬਣਾ ਰਿਹਾ ਸੀ ਤੇ ਉਸਨੇ ਸੋਚਿਆ ਕਿ ਕੋਈ ਮਸ਼ਕਰੀ ਕਰ ਰਿਹਾ।

“ਮੈਂ ਸੋਚਿਆ ਇਹ ਕੋਈ ਮਖੌਲ ਕਰ ਰਿਹਾ”, ਗੁਰਨਾਹ ਕਹਿੰਦਾ। “ ਇਸ ਤਰ੍ਹਾਂ ਦੀਆ ਗੱਲਾਂ ਕਈ ਹਫ਼ਤੇ ਤੇ ਮਹੀਨੇ ਪਹਿਲਾਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਕੌਣ ਕੌਣ ਪੁਰਸਕਾਰ ਦੀ ਦੋੜ ਵਿੱਚ ਸ਼ਾਮਿਲ ਹੈ ਤੇ ਮੇਰੇ ਤਾਂ ਇਹ ਖਿਆਲ ਮਨ ਵਿੱਚ ਵੀ ਨਹੀਂ ਸੀ ਕਿ ਮੈਨੂੰ ਵੀ ਇਹ ਨੋਬਲ ਪੁਰਸਕਾਰ ਮਿਲ ਸਕਦਾ। ਮੈਂ ਤਾ ਸੋਚ ਰਿਹਾ ਸੀ ਖਵਰੇ ਇਸ ਵਾਰ ਕੋਣ ਪੁਰਸਕਾਰ ਪ੍ਰਾਪਤ ਕਰੇਗਾ?”

“ਮੈਂ ਇਹ ਪੁਰਸਕਾਰ ਲੈਂਦਿਆਂ ਅਤੇ ਆਪਣਾ ਨਾਂ ਮੇਰੇ ਤੋਂ ਪਹਿਲਾਂ ਵਾਲੇ ਨੋਬਲ ਪੁਰਸਕਾਰ ਹਾਸਲ ਕਰਨ ਵਾਲੇ ਲੇਖਕਾਂ ਦੀ ਲਿਸਟ ਵਿੱਚ ਸ਼ਾਮਿਲ ਹੋਣ ਤੇ ਮਾਣ ਮਹਿਸੂਸ ਕਰ ਰਿਹਾ ਹਾਂ।”

ਅਬਦੁੱਲਰਾਜ਼ਾਕ ਗੁਰਨਾਹ

ਗੁਰਨਾਹ ਦੀ ਮਾਂ ਬੋਲੀ ਚਾਹੇ ਸੁਹੀਲੀ ਹੈ ਪਰ ਉਸਨੇ ਸਿਰਫ ਅੰਗਰੇਜ਼ੀ ਵਿੱਚ ਲਿਖਿਆ। ਅੰਗਰੇਜ਼ੀ ਸਾਹਿਤ ਦੁਨੀਆ ਵਿੱਚ ਅੱਜ ਸਰਬ-ਸੰਮਤੀ ਨਾਲ ਹਰ ਇੱਕ ਦਾ ਇਹੋ ਵਿਚਾਰ ਹੈ ਕਿ ਗੁਰਨਾਹ ਸਾਹਿਤ ਦੁਨੀਆ ਦੇ ਇਸ ਸਭ ਤੋਂ ਵੱਡੇ ਪੁਰਸਕਾਰ ਦਾ ਅਸਲੀ ਹੱਕਦਾਰ ਹੈ। ਜੋ ਕਿ ਆਪਣੇ ਆਪ ਵਿੱਚ ਇਕ ਪ੍ਰਾਪਤੀ ਹੈ।

£840 ਹਜ਼ਾਰ ਦਾ ਸਾਹਿਤ ਦੇ ਖੇਤਰ ਦਾ ਨੋਬਲ ਪੁਰਸਕਾਰ ਐਲਫਰਡ ਨੋਬਲ ਦੀ ਵਸੀਅਤ ਅਨੁਸਾਰ ਉਸਨੂੰ ਦਿੱਤਾ ਜਾਂਦਾ ਜਿਸ ਨੇ ਸਾਹਿਤ ਦੇ ਖੇਤਰ ਵਿੱਚ ਕਿਸੇ ਆਦਰਸ਼ ਨੂੰ ਸਾਧਦਿਆਂ ਕੋਈ ਵਿਸ਼ੇਸ਼ ਤੇ ਮਿਸਾਲਯੋਗ ਕੰਮ ਕੀਤਾ ਹੋਵੇ। ਇਹ ਸਾਹਿਤਕ ਕਾਬਲੀਅਤ ਦਾ ਅਸਲ ਮੁੱਲ ਹੈ।

ਅਸੀਂ ਸਭ ਨੇ ਇਸ ਵਰ੍ਹੇ ਦੁਨੀਆਂ ਭਰ ਵਿਚ ਤੇ ਖਾਸ ਤੌਰ ਤੇ ਅਫਗਾਨਿਸਤਾਨ ਵਿਚ ਆਪਣੀ ਮਿੱਟੀ ਅਤੇ ਆਪਣੇ ਦੇਸ਼ ਦੀਆਂ ਹੱਦਾਂ ਤੋਂ ਪਾਰ ਖਿੰਡਰਦੇ ਸ਼ਰਨਾਰਥੀਆਂ ਦੀ ਮੁਸੀਬਤਾਂ ਭਰੀ ਜਿੰਦਗੀ ਤੇ ਮੌਤ ਵਿਚਲੀ ਲੜਾਈ ਨੂੰ ਨੇੜਿਓਂ ਤੱਕਿਆ ਤੇ ਮੈਨੂੰ ਇੰਝ ਲੱਗਦਾ ਕੇ ਨੋਬਲ ਕਮੇਟੀ ਨੇ ਅਬਦੁੱਲਰਾਜ਼ਾਕ ਦੇ ਨਾਂ ਤੇ ਸਾਹਿਤ ਦੇ ਪੁਰਸਕਾਰ ਲਈ ਮੋਹਰ ਲਾ ਕੇ ਜਿਵੇਂ ਰਫਿਊਜੀਆਂ ਦੇ ਰਿਸਦੇ ਜਖਮਾਂ ਤੇ ਮਲ੍ਹਮ ਪੱਟੀ ਕਰ ਦਿੱਤੀ ਹੋਵੇ, ਜੋ ਕੇ ਸਮੇਂ ਦੀ ਅਹਿਮ ਲੋੜ ਸੀ

ਯਾਦ ਰਹੇ ਕਿ ਅਬਦੁੱਲਰਾਜ਼ਾਕ ਨੇ ਭਾਰਤੀ-ਬ੍ਰਿਟਿਸ਼ ਲੇਖਕ ਸਲਮਾਨ ਰਸ਼ਦੀ ਉਪਰ ਵੀ ਕਾਫ਼ੀ ਲਿਖਿਆ ਤੇ ਵਿਚਾਰਿਆ।

ਅਬਦੁੱਲਰਾਜ਼ਾਕ ਨੇ ਇਹ ਵੱਡਾ ਪੁਰਸਕਾਰ ਪ੍ਰਾਪਤ ਕਰਕੇ ਦੁਨੀਆ ਦੇ ਵੱਖੋ ਵੱਖਰੇ ਸਭਿਆਚਾਰਾਂ ਨਾਲ ਜੁੜੇ ਪ੍ਰਵਾਸੀ ਲੇਖਕਾਂ ਲਈ ਇੱਕ ਨਵੀਂ ਖਿੜਕੀ ਖੋਲੀ ਹੈ ਤੇ ਕੀ ਪਤਾ ਕਿ ਆਉਣ ਵਾਲੇ ਵਰ੍ਹਿਆ ਵਿੱਚ ਕੋਈ ਭਾਰਤੀ ਜਾਂ ਪੰਜਾਬੀ ਲੇਖਕ ਟੈਗੋਰ ਵਾਂਗ ਇਸ ਪੁਰਸਕਾਰ ਲਈ ਸਾਹਿਤਕ ਮਾਪ-ਦੰਡ ਤੇ ਖਰਾ ਉਤਰ ਜਾਵੇ।

ਇਸੇ ਉਮੀਦ ਵਿਚ – ਕੰਵਰ

ਤੁਸੀਂ ਇਸ ਲਿਖਤ ਬਾਰੇ ਆਪਣੇ ਵਿਚਾਰ ਦੇਣੇ ਹੋਣ ਜਾਂ ਕੋਈ ਗੱਲਬਾਤ ਕਰਨੀ ਹੋਵੇ ਤਾਂ WhatsApp ਰਾਹੀਂ ਵੀ ਸੰਪਰਕ ਕਰ ਸਕਦੇ ਹੋ।

WhatsApp : +447930886448

Leave a comment