ਕਲਾਈਮੇਟ ਚੇਂਜ – ਮਨੁੱਖੀ ਅੰਤ ਦਾ ਅਰੰਭ?

ਅੱਜ ਦੁਨੀਆ ਭਰ ਦੇ ਅੰਗਰੇਜ਼ੀ ਬੋਲਦੇ ਜਾਂ ਸਮਝਦੇ ਮੁਲਕਾਂ ਦੇ ਕਿਸੇ ਸਕੂਲੀ ਉਮਰ ਦੇ ਬੱਚੇ ਤੋਂ ਲੈਕੇ, ਲਗਭਗ ਆਪਣੀ ਉਮਰ ਲੰਘਾਂ ਚੁੱਕੇ ਬਸ਼ਿੰਦੇ ਕੋਲ ਜੇ ਕਲਾਈਮੇਟ ਚੇਂਜ (ਜਲਵਾਯੂ ਤਬਦੀਲੀ) ਬਾਰੇ ਜ਼ਿਕਰ ਕਰੋ ਤਾਂ ਬਹੁਤਾਤ ਵਿੱਚ ਲੋਕ ਇਸ ਵਰਤਾਰੇ ਬਾਰੇ ਨਾ ਸਿਰਫ ਆਪਣੀ ਫਿਕਰਮੰਦੀ ਜ਼ਾਹਰ ਕਰਨਗੇ ਸਗੋਂ ਤੁਹਾਨੂੰ ਦੱਸ ਸਕਣਗੇ ਕਿ ਉਹ ਇਸ ਤਬਦੀਲੀ ਨੂੰ ਹੌਲੀ ਕਰਨ ਵਿੱਚ ਆਪਣਾ ਹਿੱਸਾ ਕਿਵੇਂ ਪਾ ਰਹੇ ਹਨ। ਕਲਾਈਮੇਟ ਚੇਂਜ ਭਵਿੱਖ ਵਿੱਚ ਵਾਪਰਨ ਵਾਲਾ ਕੋਈ ਸੰਕਟ ਨਹੀਂ ਸਗੋਂ ਅੱਜ ਵਾਪਰ ਰਿਹਾ।

ਕਰੋਨਾ ਦੀ ਮਹਾਂਮਾਰੀ ਨੇ ਸਾਰੀ ਦੁਨੀਆ ਨੂੰ ਇਕਦਮ ਆਪਣੀ ਮੁੱਠੀ ਵਿੱਚ ਜਕੜ ਲਿਆ, ਨਾ ਸਿਰਫ ਹੁਣ ਤੱਕ ਦੁਨੀਆ ਭਰ ਵਿੱਚ 50 ਲੱਖ ਤੋਂ ਵੱਧ ਲੋਕ ਕਰੋਨਾ ਕਰਕੇ ਆਪਣੀ ਜਾਨ ਗੁਆ ਚੁੱਕੇ ਹਨ ਸਗੋਂ ਇਸਦੇ ਆਰਥਿਕ, ਮਾਨਸਿਕ ਤੇ ਸਮਾਜਿਕ ਪ੍ਰਭਾਵ ਸਾਡੀਆਂ ਸਭ ਦੀਆਂ ਜ਼ਿੰਦਗੀਆਂ ਵਿੱਚ ਸਾਫ ਨਜ਼ਰ ਆ ਰਹੇ ਹਨ।

ਕਲਾਈਮੇਟ ਚੇਂਜ ਦੇ ਪ੍ਰਭਾਵ ਮਨੁੱਖੀ ਜ਼ਿੰਦਗੀ ਤੇ ਕਰੋਨਾ ਦੀ ਮਹਾਂਮਾਰੀ ਤੋਂ ਕਿਤੇ ਵੱਧ ਪ੍ਰਤੱਖ ਹੋਣਗੇ ਤੇ ਸ਼ਾਇਦ ਇਹ ਮਨੁੱਖੀ ਜੀਵਨ ਨੂੰ ਇਸ ਦੇ ਅੰਤਲੇ ਪੜਾਅ ਵੱਲ ਵੀ ਧੱਕ ਦੇਣ, ਸੋ ਹੁਣ ਦਾ ਸਮਾਂ ਗਵਾਉਣ ਦਾ ਨਹੀਂ ਸਗੋਂ ਹਰ ਪੱਧਰ ਤੇ ਕਲਾਈਮੇਟ ਚੇਂਜ ਵਿੱਚ ਖੜੋਤ ਲਿਆਉਣ ਲਈ ਕੁਝ ਕਰਨ ਦਾ ਹੈ … ਇਸ ਤੋਂ ਪਹਿਲਾਂ ਕੇ ਬਹੁਤ ਦੇਰ ਹੋ ਜਾਵੇ।

ਪੰਜਾਬੀ ਅਨੁਵਾਦ ਦੇ ਚੱਕਰ ਵਿੱਚ ਉਲਝੀ ਕਲਾਈਮੇਟ ਚੇਂਜ

ਜਿਵੇਂ ਸਿਹਤਮੰਦ ਤਨ ਵਿੱਚ ਹੀ ਸਿਹਤਮੰਦ ਮਨ ਦਾ ਵਾਸ ਹੁੰਦਾ ਹੈ, ਉਸ ਤਰ੍ਹਾਂ ਸਿਹਤਮੰਦ ਧਰਤੀ ਤੇ ਹੀ ਨਰੋਏ ਮਨੁੱਖੀ ਜੀਵਨ ਦਾ ਵਾਸ ਹੋ ਸਕਦਾ। ਧਰਤੀ ਦੀ ਆਉਂਦੇ ਪੰਜਾਹ ਸਾਲ ਦੀ ਸਿਹਤ ਤੇ ਆਉਣ ਵਾਲੀਆਂ ਨਸਲਾਂ ਦੀ ਸਿਹਤ ਨਿਰਭਰ ਕਰੇਗੀ, ਅਸੀਂ ਪੰਜਾਬੀ ਐਨੇ ਲਾਪ੍ਰਵਾਹ ਨਹੀਂ ਹੋ ਸਕਦੇ ਕੇ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਕੋਈ ਪੀੜ ਹੀ ਨਾ ਹੋਵੇ। ਇੰਜ ਲੱਗਦਾ ਜਿਵੇਂ ਕਿ ਪੰਜਾਬੀਆਂ ਵਾਸਤੇ ਦੁਨੀਆ ਭਰ ਦੇ ਵਿਗਿਆਨੀਆਂ ਦੀਆਂ ਕਲਾਈਮੇਟ ਚੇਂਜ ਪ੍ਰਤੀ ਪਾਈਆਂ ਦੁਹਾਈਆਂ ਦੀ ਚੀਕ ਅਨੁਵਾਦ ਵਿੱਚ ਗੁਆਚ ਕੇ ਰਹਿ ਗਈ ਤੇ ਅਸੀ ਅਜੇ ਤੱਕ ਇਸ ਮੁੱਦੇ ਤੇ ਕੰਮ ਕਰਨ ਲਈ ਇੱਕ ਮੰਚ ਤੇ ਕਿਸੇ ਵੀ ਪੱਧਰ ਤੇ ਹੰਗਾਮੀ ਹਾਲਾਤ ਨਹੀਂ ਪੈਦਾ ਕਰ ਸਕੇ। ਇਸ ਦਾ ਮੁੱਖ ਕਾਰਨ ਸ਼ਾਇਦ ਪੰਜਾਬੀ ਵਿੱਚ ਕਲਾਈਮੇਟ ਚੇਂਜ ਦੇ ਵੱਖੋ ਵੱਖਰੇ ਅਨੁਵਾਦ ਹਨ ਤੇ ਮੀਡੀਏ ਦੁਆਰਾ ਵੱਖੋ ਵੱਖਰੇ ਅਨੁਵਾਦ ਦਾ ਸੰਚਾਰ ਹੋਣ ਨਾਲ ਇਸ ਅਹਿਮ ਸੰਕਟ ਬਾਰੇ ਪੰਜਾਬੀਆਂ ਵਿੱਚ ਬਹੁਤੀ ਜਾਗਰੂਕਤਾ ਪੈਦਾ ਨਹੀਂ ਹੋ ਸਕੀ- ਜਿਵੇਂ ਜਲਵਾਯੂ ਤਬਦੀਲੀ, ਜਲਵਾਯੂ ਪਰਿਵਰਤਨ, ਵਾਤਾਵਰਨ ਦੀ ਤਬਦੀਲੀ, ਵਾਤਾਵਰਨ ਦਾ ਬਦਲਾਓ, ਵਾਯੂ-ਮੰਡਲ ਸੰਕਟ ਆਦਿ। ਕਿਓਂ ਨਾ ਕਲਾਈਮੇਟ ਚੇਂਜ ਨੂੰ “ਕਲਾਈਮੇਟ ਚੇਂਜ” ਹੀ ਰਹਿਣ ਦਿੱਤਾ ਜਾਵੇ? ਤਾਂ ਸਾਰੀ ਦੁਨੀਆ ਦੇ ਸਾਂਝੇ ਸੰਕਟ ਨੂੰ ਇੱਕੋ ਨਾਓਂ ਦੇ ਕੇ ਸਾਂਝੇ ਹੱਲ ਕੱਢੇ ਜਾ ਸਕਣ?

ਸੌਖੇ ਸ਼ਬਦਾਂ ਵਿੱਚ ਕਲਾਈਮੇਟ ਚੇਂਜ ਹੈ ਕੀ ਸ਼ੈਅ?

ਸਾਡੀ ਜੀਵਨ ਦਾਤੀ ਧਰਤੀ ਦਿਨੋ ਦਿਨ ਮਨੁੱਖੀ ਕਿਰਿਆਵਾਂ ਰਾਹੀਂ ( ਖ਼ਾਸ ਤੌਰ ਤੇ ਕੋਲੇ, ਤੇਲ ਤੇ ਗੈਸ ਦੇ ਬਲਣ ਨਾਲ) ਵਾਯੂ-ਮੰਡਲ ਵਿੱਚ ਛੱਡੀਆਂ ਜਾ ਰਹੀਆਂ ਗਰੀਨਹਾਊਸ ਗੈਸਾਂ ਦੀ ਵਜ੍ਹਾ ਕਰਕੇ ਗਰਮ ਹੋ ਰਹੀ ਹੈ। ਸੌਖੇ ਜਿਹੇ ਤਰੀਕੇ ਨਾਲ ਸਮਝਣਾ ਹੋਵੇ ਤਾਂ ਧਰਤੀ ਤੱਕ ਪਹੁੰਚਦੀ ਸੂਰਜ ਦੀ ਤਪਸ਼ ਦਾ 90% ਹਿੱਸਾ ਸਮੁੰਦਰਾਂ ਵਿੱਚ ਸਮਾ ਜਾਂਦਾ ਹੈ ਤੇ ਬਾਕੀ ਬਚਿਆ 10% ਧਰਤੀ ਦੀ ਤਹਿ ਤੋਂ ਟਕਰਾ ਕੇ ਜਦੋਂ ਵਾਯੂ-ਮੰਡਲ ਵਿੱਚ ਮੁੜ ਪਰਤਨ ਦੀ ਕੋਸ਼ਿਸ਼ ਕਰਦਾ ਹੈ ਤਾਂ ਵਾਤਾਵਰਣ ਵਿੱਚ ਗਰੀਨਹਾਊਸ ਗੈਸਾਂ ਦੀ ਬਹੁਤਾਤ ਹੋਣ ਕਾਰਨ ਤਪਸ਼ (ਊਰਜਾ) ਧਰਤੀ ਦੁਆਲੇ ਬਣੇ ਗੈਸਾਂ ਦੇ ਗੁਬਾਰੇ ਵਿੱਚ ਇੱਕ ਤਰ੍ਹਾਂ ਕੈਦ ਹੋਣ ਕਰਕੇ ਬਾਹਰ ਨਹੀ ਨਿਕਲ ਪਾਉਂਦੀ ਤੇ ਧਰਤੀ ਦਾ ਤਾਪਮਾਨ ਵਧਣ ਲੱਗਦਾ ਹੈ।

ਮਨੁੱਖ ਅੱਜ ਸਾਲਾਨਾ 50 ਬਿਲੀਅਨ ਟਨ ਤੋਂ ਵੱਧ ਮਾੜੀਆਂ ਗੈਸਾਂ (CO2 eq) ਵਾਯੂ-ਮੰਡਲ ਵਿੱਚ ਛੱਡ ਰਿਹਾ, ਜੇ ਸਾਰੀ ਦੁਨੀਆ ਦੇ ਲੋਕਾਂ ਨੂੰ ਇੱਕ ਥਾਂ ਇਕੱਠਾ ਕਰਕੇ ਤੋਲਿਆ ਜਾਵੇ ਤਾਂ ਇਹਨਾਂ ਨਿਕਾਸੀ ਗੈਸਾਂ ਦਾ ਭਾਰ ਕੁੱਲ ਮਨੁੱਖੀ ਆਬਾਦੀ ਦੇ ਭਾਰ ਤੋਂ ਦੁੱਗਣਾ ਹੋਵੇਗਾ। ਤਾਪਮਾਨ ਦੇ ਵਾਧੇ ਨੂੰ ਇੱਕੋ ਤਰੀਕੇ ਨਾਲ ਰੋਕਿਆ ਜਾ ਸਕਦਾ, ਉਹ ਇੰਜ ਕੇ ਹਵਾ ਵਿੱਚ ਜਿੰਨੀਆਂ ਮਾੜੀਆਂ ਗੈਸਾਂ ਛੱਡੀਆਂ ਜਾਂਦੀਆਂ ਉੱਨੀਆਂ ਹੀ ਕੱਢੀਆਂ ਜਾਣ – ਜਿਵੇਂ ਦਰਖ਼ਤ ਲਗਾ ਕੇ, ਜੋ ਮਾੜੀ ਗੈਸ ਨੂੰ ਆਕਸੀਜਨ ਵਿੱਚ ਬਦਲਣ ਦੀ ਸਮਰੱਥਾ ਰੱਖਦੇ ਹਨ ਤੇ ਜਿਸ ਉੱਤੇ ਸਾਡੀ ਜ਼ਿੰਦਗੀ ਨਿਰਭਰ ਹੈ। ਜੇ ਕਲਾਮੀਮੇਟ ਚੇਂਜ ਨੂੰ ਠੱਲ੍ਹ ਪਾਉਣੀ ਹੈ ਤਾਂ ਸਾਨੂੰ ਇਹਨਾਂ ਮਾੜੀਆਂ ਗੈਸਾਂ ਦੀ ਨਿਕਾਸੀ ਨੂੰ ਇਸ ਦਹਾਕੇ (2030 ਤੱਕ) ਵਿੱਚ ਅੱਧਾ ਕਰਨਾ ਪੈਣਾ ਤੇ ਇਹ ਕੋਈ ਸੌਖਾ ਕੰਮ ਨਹੀਂ, ਚਾਹੇ ਤਕਨਾਲੋਜੀ ਨੇ ਕਿੰਨੀ ਤਰੱਕੀ ਕਰ ਲਈ ਪਰ ਨੌਂ ਸਾਲਾਂ ਵਿੱਚ ਇਸ ਮੀਲ-ਪੱਥਰ ਨੂੰ ਪ੍ਰਾਪਤ ਕਰਨ ਲਈ ਸਾਨੂੰ ਵਿਅਕਤੀਗਤ, ਪਰਵਾਰਕ ਤੇ ਸਰਕਾਰੀ ਤੌਰ ਤੇ ਵੱਡੇ ਹੰਭਲੇ ਮਾਰਨੇ ਪੈਣਗੇ।

ਤੇਜ਼ੀ ਨਾਲ ਵਧਦਾ ਧਰਤੀ ਦਾ ਤਾਪਮਾਨ ਵੱਡੀ ਚਿੰਤਾ ਦਾ ਵਿਸ਼ਾ

ਪਿਛਲੀ ਸਦੀ ਦੌਰਾਨ ਧਰਤੀ ਦਾ ਤਾਪਮਾਨ ਔਸਤਨ 1 ਡਿਗਰੀ ਸੈਂਟੀਗ੍ਰੇਡ ਵਧਿਆ ਜਿਸ ਵਿੱਚੋਂ 0.75 ਡਿਗਰੀ ਪਿਛਲੇ ਪੰਜਾਹ ਤਸਲਾ ਦੀ ਦੇਣ ਹੈ। ਧਰਤੀ ਦਾ ਤਾਪਮਾਨ ਵਧਣ ਕਾਰਨ ਅਸੀਂ ਧਰਤੀ ਦੇ ਚਾਰੇ ਪਾਸੇ ਕੁਦਰਤੀ ਆਫ਼ਤਾਂ ਦਾ ਅਣ ਕੁਦਰਤੀ ਕਹਿਰ ਵਾਪਰਦਾ ਦੇਖਦੇ ਹਾਂ – ਇਸੇ ਸਾਲ ਅਸੀਂ ਧਰਤੀ ਦੇ ਵੱਖ ਵੱਖ ਕੋਨਿਆਂ ਵਿੱਚ ਕਿਤੇ ਜੰਗਲੀ ਅੱਗਾਂ, ਸੌਕੇ, ਹੜ੍ਹ, ਝੱਖੜ, ਤੇ ਤੂਫ਼ਾਨਾਂ ਨੂੰ ਹੰਢਾਇਆ।

ਦੁਨੀਆ ਭਰ ਵਿੱਚ ਕਲਾਈਮੇਟ ਚੇਂਜ ਨੂੰ ਠੱਲਣ ਲਈ ਹੋ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਧਰਤੀ ਦਾ ਤਾਪਮਾਨ ਸਾਲ 2100 ਤੱਕ 3 ਡਿਗਰੀ ਸੈਂਟੀਗ੍ਰੇਡ ਤੋਂ ਵੱਧ ਤੱਕ ਵਧਣ ਦੇ ਆਸਾਰ ਹਨ ਜਦੋਂ ਕਿ 2015 ਦੀ ਪੈਰਿਸ ਕਲਾਈਮੇਟ ਸੰਧੀ ਕੋਪ-21 ਵਿੱਚ 190 ਦੇਸ਼ਾਂ ਨੇ ਤਾਪਮਾਨ ਦੇ ਸਦੀ ਦੇ ਅੰਤ ਤੱਕ 2 ਡਿਗਰੀ ਤੋਂ ਜ਼ਿਆਦਾ ਨਾ ਵਧਣ ਲਈ ਸਮਝੌਤੇ ਕੀਤੇ ਤੇ ਇਸ ਸਾਲ 2021 ਵਿੱਚ ਗਲਾਸਗੋ ਵਿੱਚ ਕੋਪ-26 ਤੇ ਇਸ ਵਾਧੇ ਨੂੰ 1.5 ਡਿਗਰੀ ਤੱਕ ਮੋੜਨ ਦੀਆਂ ਤਕਰੀਰਾਂ ਕੀਤੀਆਂ। ਜੇ ਤਾਪਮਾਨ 2 ਡਿਗਰੀ ਤੋਂ ਜ਼ਿਆਦਾ ਵਧਦਾ ਹੈ ਤਾਂ ਸਮੁੰਦਰੀ ਤੱਟਾਂ ਤੇ ਵਸਦੇ ਕਰੋੜਾਂ ਲੋਕ ਘਰੋਂ ਬੇਘਰ ਹੋ ਜਾਣਗੇ ਤੇ ਕਈ ਟਾਪੂਆਂ ਦੇ ਵਸਦੇ ਮੁਲਕ ਪਾਣੀ ਹੇਠ ਡੁੱਬ ਕੇ ਰਹਿ ਜਾਣਗੇ। ਮੁੱਕਦੀ ਗੱਲ ਕੇ ਹੋਰ ਤੇ ਵੱਡੀਆਂ ਕੋਸ਼ਿਸ਼ਾਂ ਕਰਨ ਦੀ ਲੋੜ ਹੈ ਨਹੀਂ ਤਾਂ ਮਨੁੱਖਤਾ ਦੇ ਅੰਤ ਦੀ ਸ਼ੁਰੂਆਤ ਦੂਰ ਨਹੀਂ।

ਕਲਾਈਮੇਟ ਚੇਂਜ ਪੱਖੋਂ ਭਾਰਤ ਦੀ ਸਥਿਤੀ

ਵਿਸ਼ਵ ਮੌਸਮ ਵਿਗਿਆਨ ਸੰਸਥਾ ਅਨੁਸਾਰ ਇੱਕਲੇ ਭਾਰਤ ਵਿੱਚ ਪਿਛਲੇ ਇੱਕ ਸਾਲ ਵਿੱਚ ਕੁਦਰਤੀ ਆਫ਼ਤਾਂ ਨਾਲ 87 ਅਰਬ ਡਾਲਰ ਦਾ ਨੁਕਸਾਨ ਹੋਇਆ। ਸੋਚ ਕੇ ਦੇਖਿਓ ਕੇ ਇੰਨੇ ਪੈਸੇ ਨਾਲ ਕਿੰਨੇ ਸਕੂਲ ਤੇ ਹਸਪਤਾਲ ਚੱਲ ਸਕਦੇ ਨੇ? ਕਿੰਨੀਆਂ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾ ਸਕਦੀਆਂ।

ਭਾਰਤ ਕਾਫ਼ੀ ਸਮੇਂ ਤੋਂ ਵਿਕਸਤ ਦੇਸ਼ਾਂ ਉੱਤੇ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਮੱਦਦ ਦੇਣ ਲਈ ਦਬਾਓ ਪਾ ਰਿਹਾ ਤਾਂ ਜੋ ਵਿਕਾਸਸ਼ੀਲ ਦੇਸ਼ ਕੋਲੇ ਤੇ ਤੇਲ ਤੋਂ ਛੁਟਕਾਰਾ ਪਾ ਲੈਣ। ਇਹ ਬਿੱਲਕੁਲ ਜਾਇਜ਼ ਹੈ ਕਿਉਂਕਿ ਵਿਕਸਤ ਦੇਸ਼ਾਂ ਨੇ ਉਦਯੋਗਿਕ ਇਨਕਲਾਬ ਦੇ ਬੈਨਰ ਹੇਠ ਦਹਾਕਿਆਂ ਤੱਕ ਧਰਤੀ ਨੂੰ ਬਹੁਤ ਪ੍ਰਦੂਸ਼ਿਤ ਕੀਤਾ ਤੇ ਜਦੋਂ ਹੁਣ ਭਾਰਤ ਦੀ ਵਾਰੀ ਆਈ ਤਾਂ ਸਭ ਰੌਲਾ ਪਾਉਂਦੇ ਨੇ। 2015 ਵਿੱਚ ਵਿਕਾਸਸ਼ੀਲ ਮੁਲਕਾਂ ਦੀ ਸਹਾਇਤਾ ਲਈ 100 ਬਿਲੀਅਨ ਡਾਲਰ ਦਾ ਫੰਡ ਤਿਆਰ ਕੀਤਾ ਸੀ ਜਿਸ ਤੋਂ ਕਰੋਨਾ ਕਾਲ ਦੌਰਾਨ ਸਭ ਵੱਡੇ ਮੁਲਕਾਂ ਨੇ ਕੰਨੀ ਕਤਰਾਉਣੀ ਸ਼ੁਰੂ ਕੀਤੀ ਹੈ।

ਕਲਾਈਮੇਟ ਚੇਂਜ ਕਾਰਨ ਭਾਰਤ ਦੁਆਲੇ ਤਪਦੇ ਸਮੁੰਦਰ (Image by PODAAC/NASA)

ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ COP-26 ਤੇ ਕਲਾਈਮੇਟ ਚੇਂਜ ਬਾਰੇ 5 ਵਾਅਦੇ ਕੀਤੇ ਗਏ ਜਿੰਨਾ ਵਿੱਚੋਂ ਅਹਿਮ ਹੈ – 2030 ਤੱਕ ਆਪਣੀ 50 ਫੀਸਦ ਊਰਜਾ ਸਬੰਧੀ ਜ਼ਰੂਰਤਾਂ ਨੂੰ ਨਵਿਆਉਣਯੋਗ ਸਰੋਤਾਂ ਨਾਲ ਪੂਰਾ ਕਰਨਾ ਤੇ 2070 ਤੱਕ ਭਾਰਤ ਦਾ ਕਾਰਬਨ ਨਿਊਟਰਲ ਦਾ ਟੀਚਾ ਹਾਸਿਲ ਕਰਨਾ।

ਸਾਰੇ ਭਾਰਤੀਆਂ ਤੇ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੋ ਸਕਦਾ। ਪਰ ਸੱਜਾ ਹੱਥ ਖੱਬੇ ਦੀ ਗੱਲ ਸੁਣਦਾ ਨਜ਼ਰ ਨਹੀਂ ਆਉਂਦਾ। ਮੋਦੀ ਗਲਾਸਗੋ ਵਿੱਚ ਜਦੋਂ ਕੋਲੇ ਦੀ ਖਪਤ ਘੱਟ ਕਰਨ ਦਾ ਭਾਸ਼ਣ ਦੇ ਰਿਹਾ ਸੀ ਤਾਂ ਉਸੇ ਦਿਨ ਪੰਜਾਬ ਸਰਕਾਰ ਬਿਨ੍ਹਾਂ ਸ਼ਰਤ ਬਿਜਲੀ ਦੀਆਂ ਦਰਾਂ ਘਟਾਉਣ ਦਾ ਐਲਾਨ ਕਰ ਰਹੀ ਸੀ। ਜੇ ਅਸੀਂ ਵਾਕਿਆ ਹੀ ਨਵਿਉਣਯੋਗ ਸਰੋਤਾਂ ਰਾਹੀਂ ਬਿਜਲੀ ਪੈਦਾ ਕਰਨੀ ਹੈ ਤਾਂ ਥੋੜੇ ਸਮੇਂ ਲਈ ਇਹ ਸਸਤੀ ਹੋਣ ਦੀ ਬਜਾਏ ਮਹਿੰਗੀ ਹੋਵੇਗੀ। ਕੀ ਭਾਰਤ ਤੇ ਭਾਰਤੀ ਵਾਕਿਆ ਹੀ ਅਜਿਹੀ ਤਬਦੀਲੀ ਲਈ ਤਿਆਰ ਨੇ? ਨਹੀਂ ਤਾਂ ਬੱਸ ਗੱਲ੍ਹਾਂ।

ਵਾਤਾਵਰਨ ਪੱਖੋਂ ਪੰਜਾਬ ਦੇ ਤਰਸਯੋਗ ਹਾਲਾਤ

ਭਾਰਤ ਅੱਜ ਵੀ ਪਿੰਡਾਂ ਵਿੱਚ ਵਸਦਾ ਤੇ ਜਦੋਂ ਪਿੰਡਾਂ ਦੀ ਗੱਲ੍ਹ ਆਉਂਦੀ ਹੈ ਤਾਂ ਪੰਜਾਬ ਦੇ ਪਿੰਡਾਂ ਦਾ ਜ਼ਿਕਰ ਸਭ ਤੋਂ ਪਹਿਲਾਂ ਹੁੰਦਾ। ਪੰਜਾਬ ਦੇ ਪਿੰਡਾਂ ਦੀ ਆਬੋ ਹਵਾ ਏਨੀ ਸਾਫ ਤੇ ਸ਼ੁੱਧ ਹੁੰਦੀ ਸੀ ਕਿ ਲੋਕ ਕਹਿੰਦੇ ਸੀ ਕਿ ਪੰਜਾਬ ਦੇ ਪਿੰਡਾਂ ਵਿੱਚ ਰੱਬ ਵੱਸਦਾ।

ਕੁਝ ਮਹੀਨੇ ਪਹਿਲਾਂ ਪੋਪ ਫ਼ਰਾਂਸਿਸ ਵੱਲੋਂ ਵੈਟੀਕਨ ਸਿਟੀ ਵਿੱਚ ਜਲਵਾਯੂ ਸੰਕਟ ਸੰਬੰਧੀ ਕਰਵਾਈ ਗਈ ਇਕੱਤਰਤਾ ਵਿੱਚ ਈਕੋਸਿਖ ਵਾਲੇ ਡਾ ਰਾਜਵੰਤ ਸਿੰਘ ਨੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਸਾਰੀ ਲੋਕਾਈ ਨੂੰ ਦਿਲ ਟੁੰਬਣ ਵਾਲਾ ਦਿੱਤੇ ਸੁਨੇਹੇ ਦਾ ਇਸ ਦੁਨੀਆ ਦੇ ਖ਼ਾਸ ਮੰਚ ਤੋਂ ਜ਼ਿਕਰ ਕੀਤਾ।

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

ਜੇ ਅਸੀਂ ਵਾਕਿਆ ਹੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਵਿਸ਼ਵਾਸ ਰੱਖਦੇ ਹਾਂ ਤਾਂ ਸਾਨੂੰ ਵਾਤਾਵਰਣ ਦਾ ਨਿਰਾਦਰ ਕਰਨਾ ਛੱਡਣਾ ਪੈਣਾ ਜਿਵੇਂ ਅਸੀਂ ਗੁਰੂ ਤੇ ਪਿਤਾ ਮਾਤਾ ਦਾ ਨਿਰਾਦਰ ਨਹੀਂ ਕਰਦੇ। ਕੋਈ ਇਕੱਲਾ ਬੰਦਾ, ਸੰਸਥਾ, ਕੌਮ ਜਾਂ ਸਰਕਾਰ ਜਲਵਾਯੂ ਤਬਦੀਲੀ ਨੂੰ ਨਹੀਂ ਥੰਮ ਸਕਦੀ, ਸਾਨੂੰ ਸਭ ਨੂੰ ਮਿਲਕੇ ਇੱਕ ਹੋ ਕੇ ਕੰਮ ਕਰਨਾ ਪੈਣਾ ਤੇ ਇਸ ਵਿੱਚ ਸਿੱਖ ਭਾਈਚਾਰਾ ਗੁਰੂ ਨਾਨਕ ਦੇ ਸੱਚੇ ਸਿੱਖ ਹੋਣ ਨਾਤੇ ਵੱਧ ਚੜ੍ਹ ਕੇ ਹਿੱਸਾ ਪਾ ਸਕਦਾ।

ਪਰ ਅਸਲੀਅਤ ਇਹ ਹੈ ਕਿ ਗੁਰੂ ਦੇ ਸੁਨੇਹੇ ਤੋਂ ਭਟਕੇ ਅਸੀਂ ਮਿੱਟੀ, ਪਾਣੀ ਤੇ ਹਵਾ ਨੂੰ ਗੰਧਲਾ ਕਰਨ ਦੀ ਪਿਛਲੇ ਚਾਲੀ ਸਾਲਾਂ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਨਤੀਜੇ ਵਜੋਂ ਸਾਰਾ ਪੰਜਾਬ ਅੱਜ ਕੈਂਸਰ ਦਾ ਹਸਪਤਾਲ ਬਣਿਆ ਪਿਆ। ਹਰ ਤੀਜੇ ਘਰ ਕੋਈ ਲਾ ਇਲਾਜ ਬਿਮਾਰੀਆਂ ਦਾ ਪੀੜਤ ਤੇ ਸਾਲ ਦੇ ਇੱਕ ਦੋ ਮਹੀਨਿਆਂ ਨੂੰ ਛੱਡ ਕੇ ਤਕਰੀਬਨ ਆਮ ਹਵਾ ਵਿੱਚ ਸਾਹ ਘੁੱਟਦਾ।

ਸਰੋਤ: ਸੈਂਟਰਲ ਗਰਾਉਂਡ ਵਾਟਰ ਬੋਰਡ

ਅਸੀਂ ਪੰਜਾਬੀ ਆਰਥਿਕ, ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ਬਾਰੇ ਸੁਚੇਤ ਹੋ ਰਹੇ ਹਾਂ ਪਰ ਹੁਣ ਸਮਾਂ ਹੈ ਕਿ ਅਸੀਂ ਵਾਤਾਵਰਨ ਦੀ ਸਾਂਭ ਸੰਭਾਲ਼ ਸੰਬੰਧੀ ਸੁਚੇਤ ਹੋਈਏ। ਕਿਸਾਨੀ ਅੰਦੋਲਨ ਵਾਂਗ ਹੀ ਵਾਤਾਵਰਨ ਸੰਬੰਧੀ ਹੰਭਲਾ ਮਾਰਨ ਦੀ ਲੋੜ ਹੈ। ਤੁਸੀਂ ਵੱਡੇ ਛੋਟੇ ਘਰ ਵਿੱਚ ਤਾਂ ਰਹਿ ਸਕਦੇ ਹੋ ਪਰ ਸਾਹ ਤਾਂ ਅਸੀਂ ਇੱਕੋ ਹਵਾ ਵਿੱਚ ਲੈਣਾ। ਇਸ ਤੋਂ ਵੱਡਾ ਤੇ ਸਾਂਝਾ ਕਾਰਜ ਕੋਈ ਹੋਰ ਨਹੀਂ ਹੋ ਸਕਦਾ।

ਵੇਲੇ ਦਾ ਰਾਗ ਤੇ ਕੁਵੇਲੇ ਦੀਆਂ ਟੱਕਰਾਂ

ਕਲਾਈਮੇਟ ਚੇਂਜ ਨੂੰ ਹਰ ਪੱਧਰ ਤੇ ਠੱਲਣ ਦੀ ਕੋਸ਼ਿਸ਼ ਕਰਨੀ ਪੈਣੀ ਹੈ – ਹਰ ਇੱਕ ਨੂੰ ਆਪਣੇ ਰਹਿਣ ਸਹਿਣ ਦੇ ਤੌਰ ਤਰੀਕੇ ਬਦਲਣੇ ਪੈਣਗੇ, ਪਰਿਵਾਰਾਂ ਨੂੰ ਸਮਾਜਿਕ ਲਹਿਰਾਂ ਪੈਦਾ ਕਰਕੇ ਸਰਕਾਰਾਂ ਤੇ ਕਲਾਈਮੇਟ ਚੇਂਜ ਨੂੰ ਠੱਲਣ ਲਈ ਠੋਸ ਨੀਤੀਆਂ ਬਣਾਉਣ ਤੇ ਇਸ ਪਾਸੇ ਪੈਸਾ ਲਾਉਣ ਲਈ ਦਬਾਓ ਪਾਉਣਾ ਪਵੇਗਾ। ਜੇ ਸਰਕਾਰਾਂ ਇਸ ਕੰਮ ਲਈ ਬਜਟ ਵਿੱਚ ਸਹੀ ਪ੍ਰਬੰਧ ਨਹੀਂ ਕਰਦੀਆਂ ਤਾਂ ਵਾਤਾਵਰਨ ਦੀ ਸਾਂਭ ਸੰਭਾਲ਼ ਸੰਬੰਧੀ ਕੋਈ ਵੱਡਾ ਫਰਕ ਪੈਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ।

ਪੰਜਾਬ ਵਾਤਾਵਰਨ ਚੇਤਨਾ ਲਹਿਰ ਦੇ ਅਧੀਨ ਨਰੋਆ ਪੰਜਾਬ ਮੰਚ ਦੇ ਕਨਵੀਨਰ ਗੁਰਪ੍ਰੀਤ ਚੰਦਬਾਜਾ ਤੇ ਹੋਰਾਂ ਵੱਲੋਂ ਇੱਕ ਅਹਿਮ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਜਿਸ ਅਧੀਨ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵਾਤਾਵਰਨ ਨੂੰ ਆਪਣੇ ਚੋਣ ਮਨੋਰਥ ਪੱਤਰ ਦਾ ਮੁੱਖ ਹਿੱਸਾ ਬਣਾਉਣ ਦੇ ਲਈ ਦਬਾਓ ਪਾਇਆ ਜਾਵੇਗਾ, ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਤੋਂ ਵਧੀਆ ਸਮਾਂ ਕੋਈ ਹੋਰ ਨਹੀਂ ਹੋ ਸਕਦਾ। ਸਰਕਾਰ ਜਿਸਦੀ ਵੀ ਬਣੇ, ਜੇ ਹਰ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਤਾਵਰਨ ਦੀ ਸਾਂਭ ਸੰਭਾਲ਼ ਸੰਬੰਧੀ ਵਾਅਦੇ ਕਰਦੀ ਹੈ ਤਾਂ ਕੱਲ੍ਹ ਨੂੰ ਉਨ੍ਹਾਂ ਸਰਕਾਰਾਂ ਨੂੰ ਇਹਨਾਂ ਵਾਅਦਿਆਂ ਨੂੰ ਪੂਰਿਆਂ ਕਰਨ ਲਈ ਲੋਕਾਂ ਦੀ ਅਦਾਲਤ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਸਕਦਾ ਹੈ।

ਗੁਰਪ੍ਰੀਤ ਸਿੰਘ ਚੰਦਬਾਜਾ

ਇਸ ਵਾਰੀ ਪੰਜਾਬ ਦੇ ਵੋਟਰਾਂ ਨੂੰ ਐਮ ਐਲ ਏ ਬਣਨ ਦੇ ਚਾਹਵਾਨਾਂ ਤੋਂ ਨੌਕਰੀਆਂ ਦੇ ਨਾਲ ਨਾਲ ਵਾਤਾਵਰਨ ਸੰਬੰਧੀ ਸਵਾਲ ਪੁੱਛਣ ਦੀ ਵੀ ਲੋੜ ਹੈ-

  • ਪੰਜਾਬ ਦੇ ਦਰਿਆਵਾਂ ਵਿੱਚ ਦਿਨੋ ਦਿਨ ਗੰਧਲੇ ਤੇ ਜ਼ਹਿਰੀਲੇ ਹੋ ਰਹੇ ਪਾਣੀਆਂ ਦਾ ਕੀ ਹੱਲ ਹੈ?
  • ਫ਼ੈਕਟਰੀਆਂ ਦੀ ਰਹਿੰਦ ਖਹੂੰਦ ਨਾਲ ਫੈਲ ਰਹੀ ਗੰਦਗੀ ਦਾ ਕੀ ਹੱਲ?
  • ਝੋਨੇ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ? ਜਿਸ ਨੇ ਪੰਜਾਬ ਦੇ ਵਾਤਾਵਰਨ ਦੇ ਸੰਤੁਲਨ ਨੂੰ ਵਿਗਾੜ ਦਿੱਤਾ – ਪਾਣੀ ਡੂੰਘੇ ਹੀ ਨਹੀਂ ਖਤਮ ਹੋ ਰਹੇ ਹਨ। ਖੇਤਾਂ ਵਿੱਚੋਂ ਝੋਨੇ ਵਰਗੀ ਫਸਲ ਨੇ ਪੰਜਾਬ ਦੇ ਰਵਾਇਤੀ ਜੀਵਾਂ ਤੇ ਪੌਦਿਆਂ ਦਾ ਖ਼ਾਤਮਾ ਕਰ ਦਿੱਤਾ।
  • ਗੱਡੀਆਂ ਦੀ ਪਾਂ ਪਾਂ ਤੇ ਨਿਕਲਦੇ ਕਾਲੇ ਧੂੰਏਂ ਦੀ ਸਮੋਗ ਵਿੱਚ ਮਰਦੇ ਲੋਕਾਂ ਲਈ ਕੌਣ ਜ਼ਿੰਮੇਵਾਰ?
  • ਖੇਤੀ ਵਿੱਚ ਰੇਆਂ ਸਪਰੇਆਂ ਦੀ ਵਰਤੋਂ ਨੂੰ ਕਿਵੇਂ ਘਟਾਇਆ ਜਾਵੇ ਤੇ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਕਿਵੇਂ ਤੋਰਿਆ ਜਾਵੇ?
  • ਥਾਂ ਥਾਂ ਖਿਲਰੇ ਪਰੇ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਕੀ ਹੱਲ?
  • ਪੰਜਾਬ ਨੂੰ ਫਿਰ ਤੋਂ ਦਰਖ਼ਤਾਂ ਨਾਲ ਹਰਿਆ-ਭਰਿਆ ਕਿਵੇਂ ਕੀਤਾ ਜਾਵੇ?
  • ਤੇ ਵਾਤਾਵਰਨ ਸੰਬੰਧੀ ਹੋਰ ਕਈ ਸਵਾਲ …

ਪੰਜਾਬੀਓ ਜੇ ਅਸੀਂ ਪੰਜਾਬ ਦੇ ਵਾਤਾਵਰਨ ਦੀ ਸਾਂਭ ਸੰਭਾਲ ਸੰਬੰਧੀ ਹੁਣ ਧਿਆਨ ਨਾ ਕੀਤਾ ਤਾਂ ਸਾਡੀ ਆਰਥਿਕ ਤੇ ਸਮਾਜਿਕ ਤਰੱਕੀ ਦੀ ਕੋਈ ਵਿਸ਼ੇਸ਼ਤਾ ਨਹੀਂ ਰਹਿ ਜਾਂਦੀ ਕਿਉਂਕਿ ਅਸੀਂ ਆਪਣੀ ਆਉਣ ਵਾਲੀਆਂ ਨਸਲਾਂ ਦੇ ਪੈਰਾਂ ਤੇ ਕੁਹਾੜੀ ਮਾਰ ਰਹੇ ਹਾਂ ਜੋ ਸਾਨੂੰ ਕਦੇ ਮੁਆਫ਼ ਨਹੀਂ ਕਰਨਗੇ। ਸੋਚਿਓ ਪਾਣੀ ਤੇ ਹਵਾ ਮੁੱਲ ਲੈ ਕੇ ਕਿੰਨਾ ਕੁ ਚਿਰ ਜਿਊਆਂ ਜਾ ਸਕਦਾ।

ਕੁਦਰਤ ਬਹੁਤ ਬੇਅੰਤ ਹੈ, ਕੁਦਰਤ ਦੇ ਨਿਯਮ ਵਾਤਾਵਰਨ ਵਿੱਚ ਸੰਤੁਲਨ ਬਣਾਈ ਰੱਖਦੇ ਹਨ ਯਾਦ ਰੱਖਿਓ ਜੇ ਅਸੀਂ ਨਾ ਬਦਲੇ ਤਾਂ ਕੁਦਰਤ ਕੋਲ ਸਾਨੂੰ ਬਦਲਣ ਦੀ ਸ਼ਕਤੀ ਹੈ।

-ਕੰਵਰ ਬਰਾੜ

Leave a comment