ਜਦੋਂ ਦਾ ਮਨੁੱਖ ਸੱਭਿਅਤਾ ਦੀ ਪੌੜੀ ਚੜ੍ਹਿਆ, ਓਦੋਂ ਤੋਂ ਹੀ ਅਮੀਰ ਗਰੀਬ ਹੋਣਾ ਚੱਲਦਾ ਆ ਰਿਹਾ। ਪਰ ਪਿਛਲੀ ਸਦੀ ਵਿੱਚ ਅਮੀਰਾਂ ਦੇ ਤੇਜ਼ੀ ਨਾਲ ਹੋਰ ਅਮੀਰ ਤੇ ਗਰੀਬਾਂ ਦੇ ਹੋਰ ਗਰੀਬ ਹੋਣ ਨੇ ਇਕ ਸਮਾਜਿਕ ਭਟਕਣ ਪੈਦਾ ਕਰ ਦਿੱਤੀ ਹੈ।
ਆਮ ਧਾਰਣਾ ਇਹ ਹੈ ਕਿ ਬਹੁਤੇ ਅਮੀਰ ਧੋਖਾਧੜੀ ਨਾਲ ਮਾਇਆ ਇਕੱਠੀ ਕਰ ਲੈਂਦੇ ਹਨ ਪਰ ਹੁੰਦਾ ਸ਼ਾਇਦ ਹੁੰਦਾ ਇਸਦੇ ਉਲਟ ਹੈ। ਬਹੁਗਿਣਤੀ ਵਿੱਚ ਅੱਜ ਦੇ ਅਮੀਰ ਮੱਧਵਰਗੀ ਪਰਿਵਾਰਾਂ ਵਿੱਚੋਂ ਉੱਠੇ ਉਹ ਲੋਕ ਹਨ ਜੋ ਆਪਣੇ ਰਹਿਣ ਸਹਿਣ ਦੇ ਢੰਗ ਨਾਲ ਅਮੀਰ ਬਣੇ ਹਨ ਜਾਂ ਜੀਵਨ ਵਿੱਚ ਚੁੱਕੇ ਜੋਖਮ ਕਰਕੇ ਚੰਗਾ ਸ਼ਰਮਾਇਆ ਇਕੱਠਾ ਕਰਨ ਵਿੱਚ ਕਾਮਯਾਬ ਹੋਏ ਨੇ। ਪਰ ਜਦੋਂ ਕੋਈ ਇਕ ਵਾਰੀ ਗਰੀਬੀ ਦੀ ਰੇਖਾ ਪਾਰ ਕਰ ਅਮੀਰੀ ਦੇ ਧਰਾਤਲ ਤੇ ਪੈਰ ਰੱਖ ਲੈਂਦਾ ਉਦੋਂ ਅਮੀਰ ਰਹਿਣਾ ਤੇ ਹੋਰ ਅਮੀਰ ਬਣਨਾ ਸੌਖਾ ਹੋ ਜਾਂਦਾ।
ਅਮੀਰ ਗਰੀਬ ਹੋਣ ਦੇ ਅਨੇਕਾਂ ਕਾਰਨ ਹਨ ਪਰ ਇਹਨਾਂ ਵਿੱਚੋਂ ਇਕ ਖ਼ਾਸ ਕਾਰਨ ਹੈ ਅਮੀਰਾਂ ਦੇ ਘਟਦੇ ਤੇ ਗਰੀਬਾਂ ਦੇ ਦਿਨੋ ਦਿਨ ਵਧਦੇ ਖ਼ਰਚੇ। ਕਦੇ ਇਸ ਬਾਰੇ ਧਿਆਨ ਨਾਲ ਸੋਚਿਆ?