ਅੰਗਰੇਜ਼ੀ ਦੇ ਮੰਨੇ ਪ੍ਰਮੰਨੇ ਕਵੀ Simon Armitage ( Poet Laureate ) ਵਲੋਂ ਯੂਕਰੇਨ ਦੇ ਹਮਲੇ ਤੇ ਉਜਾੜੇ ਦੇ ਦਰਦ ਨੂੰ ਬਿਆਨ ਕਰਦੀ ਕਵਿਤਾ ‘Resistance’, ਜੋ ਵਰਦੀ ਅੱਗ ਵਿਚ ਆਪਣੇ ਘਰ, ਪਰਿਵਾਰ ਤੇ ਦੇਸ਼ ਲਈ ਜੱਦੋ ਜਹਿਦ ਕਰ ਰਹੇ ਲੋਕਾਂ ਨੂੰ ਸਮਰਪਿਤ ਹੈ, ਮੈਂ ਇਸ ਕਵਿਤਾ ਦਾ ਅਨੁਵਾਦ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।
ਕਵਿਤਾ ਦਾ ਸਫਿਆਂ ਤੋਂ ਮਨ ਰਾਹੀਂ ਦੂਜੀ ਭਾਸ਼ਾ ਵਿੱਚ ਅਨੁਵਾਦ ਸਿਰਫ ਸ਼ਬਦਾਂ ਦੀ ਨਹੀਂ ਸਗੋਂ ਭਾਵਾਂ ਦੀ ਤਰਜਮਾਨੀ ਕਰਦਾ।
ਵਿਰੋਧ ‘Resistance’
——————
ਫੇਰ ਜੰਗ: ਪਰਿਵਾਰ ਇਕ
ਉੱਜੜਦੇ ਘਰੋਂ ਘੜੀਸਦਾ ਟੱਬਰ
ਬਲ਼ ਰਹੀ ਛੱਤ ਹੇਠੋਂ।
ਚਪੇੜ ਜਿਓਂ ਡਾਢੀ ਅਗਾਮੀ ਦ੍ਰਿਸ਼
‘ਹੁਣ’ ਦਾ ਦਸਤਾਵੇਜ਼ੀ ਇਤਿਹਾਸ : ਥੜ੍ਹੇ ਤੇ ਰੇਲ ਗੱਡੀ
(ਹਰਗਿਜ਼ ਨਹੀਂ ਦੁਬਾਰਾ, ਹਰਗਿਜ਼ ਨਹੀਂ ਦੁਬਾਰਾ)
ਲੰਘੇ ਬਾਲ ਬੱਚੇ ਤਦੋਂ
ਸਿਰ ਤੇ ਮੋਢਿਆਂ ਉੱਪਰ, ਉਮਰਾਂ ਦਾ ਭਾਰ ਲੱਦੀ
ਵਿੱਚ ਅਸਬਾਬ ਵਾਲੇ ਰਖ਼ਣਿਆਂ ।
ਫੇਰ ਜੰਗ: ਧੂੰਆਂ ਗੂੜਾ
ਦਿਸਦੇ ਦਿਸਹੱਦਿਆਂ ਵਿੱਚ ਘੁੱਥਾ
ਸੰਘਣੀ ਧੁੰਦ ਲਈ ਦੁਆ। ਰੱਬ ਭਲੀ ਕਰੇ।
ਪੁਰਾਣਾ ਸਲੇਟੀ ਇਕ ਟਰੈਕਟਰ
ਖਿੱਚਦਾ ਬਕਤਰਬੰਦ ਇਕ ਟੈਂਕ ਨੂੰ
ਲਾਵਾਰਸ ਕਿਸੇ ਜ਼ਮੀਨ ਵਿੱਚ।
ਵੇਲਾ ਜੰਗਬੰਦੀ ਦਾ: ਸਫਲ ਹੋਵੇ ਯਾਤਰਾ ਪੰਗਤ ਦੀ
ਬੁਰ ਲੱਦੇ ਸਰਦ ਕੋਟਾਂ ਵਾਲੇ ਘੁੰਡ,
ਹਵਾ ਵਿਚ ਤਾਰ ਤੇ ਚੱਲਦੀ ਕਤਾਰ
ਹੱਦੋਂ ਕਮਜ਼ੋਰ ਪੁੱਲ
ਕਰਦੇ ਇੰਤਜ਼ਾਮ ਜਿਉਂਦੇ ਤੇ ਮਰਿਆਂ ਦਾ,
ਤੋਲਦੇ ਪੱਛਮ ਤੇ ਪੂਰਬ – ਰੱਬ ਭਲੀ ਕਰੇ।
ਫੇਰ ਜੰਗ: ਕਾਲੇ ਕੱਪੜਿਆਂ ਵਾਲੀ ਨਾਰ
ਫ਼ੌਜੀ ਨੂੰ ਸੂਰਜਮੁਖੀ ਦਾ ਬੀ ਅਰਪਣ ਕਰਦੀ, ਚਿੰਬੜੀ
ਤੇਰਾ ਗੋਭ ਵਧੇ ਫੁਲੇਗਾ
ਗੁਲ ਕੌਮੀ: ਸੁਪਨਿਆਂ ਵਿੱਚ
ਗੋਲੀ ਬੰਦੂਕ ਦੀ ਕੂੰਜ ਬਣਾਈਏ: ਤੇ ਗੁੱਛਾ ਬੰਬ
ਬਣ ਜਾਵੇ ਡਾਰਾਂ।
ਖਬਰ ਝੂਠੀ ਵੀ ਤਾਂ ਖਬਰ ਹੀ ਹੈ
ਤਰਸ ਭਰੀ
ਕੱਟ- ਵੱਢ ਕੇ ਬਣਾਈ। ਫੇਰ ਜੰਗ:
ਜਹਾਜ਼ਾਂ ਦੇ ਹਮਲੇ ਦਾ ਘੁੱਗੂ ਚੁੱਪ ਨਹੀਂ ਕਰਵਾ ਸਕਦਾ
ਗਿਰਜਿਆਂ ਦੇ ਘੜਿਆਲਾਂ ਨੂੰ –
ਆਓ ਉਸੇ ਨੂੰ ਉਮੀਦ ਕਹੀਏ।
Poet: Simon Armitage
ਅਨੁਵਾਦ: ਕੰਵਰ ਬਰਾੜ