ਲੇਖਕ

ਜੀਅ ਕਰਦੈ ਲੇਖਕ ਬਣ ਜਾਵਾਂ
ਹੱਥੋ ਹੱਥੀ ਕੋਈ ਕਿਤਾਬ ਛਪਾਵਾਂ
ਵਿੱਚ ਕੁਝ ਹੋਵੇ ਜਾਂ ਨਾ ਹੋਵੇ
ਜਿਲਦ ਦੇ ਉਤੇ ਘੁੰਗਰੂ ਲਾਵਾਂ।

ਫਿਰ ਥਾਂ ਥਾਂ ਲੋਕ ਅਰਪਣ ਕਰਵਾ ਕੇ
ਵਿੱਚ ਅਖਬਾਰ ਦੇ ਵੱਡੀ ਖ਼ਬਰ ਕਢਾ ਕੇ
ਬਣ ਜਾਂ ਅੰਨਿਆ ਵਿੱਚ ਕਾਣਾ ਰਾਜਾ
ਟੀ ਵੀ ਤੇ ਮੁਲਾਕਾਤ ਕਰਾ ਕੇ।

ਉਂਝ ਦਿਲ ਤਾਂ ਕਰਦੈ
ਨਾਨਕ ਵਾਂਗੂੰ ਲਿਖਦਿਆਂ ਨਾਵਲ
ਲਿਖਾਂ ਅਣਖੀ ਵਾਂਗ ਕਹਾਣੀ
ਪਾਤਰ ਵਰਗੀ ਸਿਰਜਾਂ ਕਵਿਤਾ
ਸੁਣਵਾਂ ਵਾਰਿਸ ਵਾਂਗੂ ਹੀਰ ਜ਼ਬਾਨੀ

ਫਿਰ ਗਾਰਗੀ ਵਰਗੇ ਖੇਡਾਂ ਨਾਟਕ
ਲਿਖ ਦਿਆਂ ਪੂਰਨ ਵਰਗੇ ਲੇਖ ਰਵਾਨੀ
ਉਕਰਾਂ ਬਾਬੂ ਰਜਬ ਜੇਹੇ ਛੰਦ ਪੁਰਾਣੇ
ਜਾਂ ਫਿਰ ਸਿਵ ਦੀ ਲੂਣਾ ਮਰ ਜਾਣੀ।

ਪੰਜ ਸੱਤ ਕੱਠੇ ਕਰਕੇ ਬੇਲੀ
ਪ੍ਰੀਤਲੜੀ ਜਿਹਾ ਪਰਚਾ ਕੱਢ ਦਿਆਂ
ਪੂਰਨਮਾਸ਼ੀ ਫਿਰ ਤੋਂ ਲਿਖ ਕੇ
ਜਸਵੰਤ ਕੰਵਲ ਨੂੰ ਪਿੱਛੇ ਛੱਡ ਦਿਆ

ਜਿਸ ਨੂੰ ਸੁਣ ਕੇ ਤੁਸੀਂ ਪਏ ਹੱਸਦੇ
ਜਿਸ ਨੂੰ ਖੁਲੀ ਕਵਿਤਾ ਦੱਸਦੇ
ਐਧਰ ਆਉਂਦਿਆਂ ਆਉਂਦਿਆਂ ਘੜਤੀ
ਸਿੱਧੀ ਫੇਸਬੁੱਕ ਤੇ ਜੜਤੀ
ਮਿੱਤਰਾ ਨੇ ਵਾਹ ਵਾਹ ਵਾਹ ਕਰਤੀ
ਬੱਸ ਐਵੇਂ ਫੋਕੀ ਫੂਕ ਜਹੀ ਭਰਤੀ
ਉਹਨਾਂ ਵੱਡੇ ਕਵੀ ਦੀ ਫ਼ੀਤੀ ਲਾਤੀ
ਤਾਂ ਹੀ ਮੈਂ ਐਥੇ ਧੱਕੇ ਨਾਲ ਸੁਣਾ ਤੀ।

ਰਾਤੀਂ ਸੁਫਨੇ ਵਿੱਚ ਵੀਰ ਸਿਓਂ ਆਇਆ
ਉਹਨੇ ਬੈਠ ਬੜ੍ਹਾ ਸਮਝਾਇਆ
ਲਿਖਣ ਤੋਂ ਪਹਿਲਾਂ ਪੜਨ੍ਹਾ ਸਿੱਖ ਲੈ
ਆਪਣੀ ਹਊਮੈ ਨਾਲ ਲੜ੍ਹਨਾ ਸਿੱਖ ਲੈ
ਲਿਖਣ ਦੇ ਡੇਰੇ ਦੂਰ ਨੇ ਮਿੱਤਰਾ
ਪਹਿਲਾਂ ਪਾਠਕ ਬਣਨਾ ਸਿੱਖ ਲੈ।

Leave a comment