ਅਸੀਂ ਮੌਤ ਬਾਰੇ ਗੱਲ ਕਰਨ ਤੋਂ ਕਿਓਂ ਝਿਜਕਦੇ ਹਾਂ?

ਹਰ ਜਿਉਂਦੇ, ਸਾਹ ਲੈਂਦੇ ਸਰੀਰ ਦਾ ਇੱਕੋ ਅੰਤ ਹੈ – ਉਹ ਹੈ ਮੌਤ। ਮੌਤ ਹੀ ਅਟੱਲ ਸੱਚ ਹੈ। ਮਨੁੱਖ ਚਾਹੇ ਕਿੰਨੀ ਵੀ ਵਿਗਿਆਨਿਕ ਤਰੱਕੀ ਕਰ ਲਵੇ, ਪਰ ਮੌਤ ਨੂੰ ਸਦੀਵੀ ਚਕਮਾ ਦੇਣਾ ਸਿਰਫ ਮੁਸ਼ਕਲ ਹੀ ਨਹੀਂ, ਸਗੋਂ ਅਸੰਭਵ ਹੈ।

ਅਸੀਂ ਸੋਚਦੇ ਮਨੁੱਖ, ਸਾਰਾ ਦਿਨ ਤੇ ਕਈ ਵਾਰ ਸਾਰੀ ਉਮਰ, ਇਹਨਾਂ ਗੱਲਾਂ ਨੂੰ ਸੋਚਣ ਤੇ ਕਿਆਸਰਾਈਆਂ ਲਗਾਉਣ ਵਿੱਚ ਲੰਘਾ ਦਿੰਦੇ ਹਾਂ ਕਿ ਜਿਉਂਦੇ ਜੀਅ ਆਉਣ ਵਾਲੇ ਸਮੇਂ ਵਿੱਚ ਸਾਡੀ ਵਿਅਕਤੀਗਤ ਤੇ ਪਰਿਵਾਰਕ ਜਿੰਦਗੀ ਵਿੱਚ ਕੀ ਹੋਣਾ ਜਾਂ ਨਾ ਹੋਣ ਦੀ ਸੰਭਾਵਨਾ ਹੈ – ਪਰ ਮੌਤ, ਜੋ ਯਕੀਨਨ ਸਾਡੀ ਸਭ ਦੀ ਜ਼ਿੰਦਗੀ ਦਾ ਅੰਤਲਾ ਮੀਲ-ਪੱਥਰ ਹੋਵੇਗਾ ਬਾਰੇ ਗੱਲ ਕਰਨ ਤੋਂ ਅਸੀਂ ਅਕਸਰ ਕੰਨੀ ਕਤਰਾਉਂਦੇ ਹਾਂ ਜਾਂ ਚਾਹੁੰਦੇ ਹੋਏ ਵੀ ਗੱਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਾਂ।
ਦੁਨੀਆ ਦੇ ਕਿਸੇ ਵੀ ਘਰ ਤੇ ਸਮਾਜ ਵਿੱਚ ਵਸਦੇ ਲੋਕਾਂ ਵੱਲ ਝਾਤ ਮਾਰੋ ਤਾਂ ਲੱਖਾਂ ਧਾਰਮਿਕ ਤੇ ਸੱਭਿਆਚਾਰਿਕ ਵਖਰੇਵੇਂ ਹੋਣ ਦੇ ਬਾਵਜੂਦ ਵੀ ਬਹੁਤਾਤ ਵਿੱਚ ਲੋਕ ਮੌਤ ਵਾਲੇ ਦਿਨ ਤੋਂ ਏਧਰਲੇ ਸਮੇਂ ਦੀ ਜ਼ਿੰਦਗੀ ਦੀਆਂ ਗਤੀਵਿਧੀਆਂ ਜਾਂ ਮੌਤ ਤੋਂ ਓਧਰ ਦੇ ਸਵਰਗ ਨਰਕ ਦੀਆਂ ਬਾਤਾਂ ਕਰਾਮਾਤਾਂ ਵਿੱਚ ਫਸ ਕੇ ਰਹਿ ਗਏ ਹਨ।