ਪ੍ਰੋਫੈਸਰ ਕੈਦੀ – ਪੁਸਤਕ ਸੀਮੀਖਿਆ

ਪੰਜਾਬੀ ਕਿਤਾਬਾਂ ਨਾਲ਼ੋਂ ਰਿਸ਼ਤਾ ਟੁੱਟਿਆਂ ਕਈ ਵਰ੍ਹੇ ਬੀਤ ਗਏ ਨੇ। ਮੈਨੂੰ ਯਾਦ ਆ ਕਿ ਕਿਸੇ ਵਕਤ ਮੇਰੇ ਤੇ Avtar Tehna ਦੇ ਲਾਇਬ੍ਰੇਰੀ ਵਾਲੇ ਕਾਰਡ ਫੁਲ ਰਹਿੰਦੇ ਸੀ।

ਪਿਛਲੇ ਸਾਲ ਆਕਲੈਂਡ ਪੰਜਾਬ ਵਿਰਾਸਤ ਭਵਨ ਵਿੱਚ ਰੱਖੀਆਂ ਕਿਤਾਬਾਂ ਦੇਖ ਕੇ ਮੈਂ Tarandeep Bilaspur ਤੋਂ ਪੁੱਛਿਆ ਕਿ ਕਿੰਨੇ ਕੁ ਲੋਕ ਅੱਜ-ਕੱਲ੍ਹ ਪੰਜਾਬੀ ਕਿਤਾਬਾਂ ਪੜ੍ਹਦੇ ਨੇ? ਸ਼ਾਇਦ ਅੰਦਰੋਂ ਅੰਦਰੀ ਮੈਂ ਆਪਣੀ ਪੰਜਾਬੀ ਕਿਤਾਬਾਂ ਨਾਲ਼ੋਂ ਟੁੱਟੀ ਸਕੀਰੀ ਤੇ ਮੋਹਰ ਲਵਾਉਣਾ ਚਾਹੁੰਦਾ ਸੀ। ਪਰ ਅੱਗੋਂ ਮਿਲੇ ਜਵਾਬ ਨੇ ਮੈਨੂੰ ਕੁਝ ਸਵੈ ਵਿਸ਼ਲੇਸ਼ਣ ਲਈ ਮਜਬੂਰ ਕਰ ਦਿੱਤਾ ਤੇ ਪੰਜਾਬੀ ਕਿਤਾਬਾਂ ਨਾਲ ਮੁੜ ਜੁੜਨ ਦੀ ਹਾਕ ਮਾਰੀ।

ਕੁਝ ਦਿਨ ਪਹਿਲਾਂ ਬਾਈ Khushwant Bargari ਨੇ ਕੁਝ ਕਿਤਾਬਾਂ ਭੇਜੀਆਂ। ਆਮ ਵਾਂਗ ਬਿੱਜੀ ਡਾਇਰੀ ਹੋਣ ਕਾਰਨ ਕਿਤਾਬਾਂ ਦਾ ਬੰਡਲ ਖਿੜਕੀ ਦੀ ਸਰਦਲ ਤੇ ਟਿਕਿਆ ਰਹਿ ਗਿਆ। ਪਿਛਲੇ ਹਫ਼ਤੇ ਕਰੋਨਾਵਾਇਰਸ ਦੀ ਮਹਾਂਮਾਰੀ ਨੇ ਕੰਮ-ਕਾਰ ਹੋਰ ਵੀ ਵਿਅਸਤ ਕਰ ਦਿੱਤੇ ਤੇ ਸਾਰੇ ਹਫ਼ਤੇ ਦੀ ਭੱਜ-ਨੱਠ ਤੋਂ ਬਾਅਦ ਜਦ ਕੱਲ੍ਹ ਮੈਂ ਸੋਫ਼ੇ ਤੇ ਆ ਡਿੱਗਿਆ ਤਾਂ ਪਤਾ ਨਹੀਂ ਕਿੱਥੋਂ ਮੇਰੇ ਵਿੱਚ ਪੰਜਾਬੀ ਕਿਤਾਬਾਂ ਦੇ ਦਸਤੇ ਨੂੰ ਖੋਲ੍ਹਣ ਦੀ ਹਿੰਮਤ ਆਈ।

ਇਹਨਾਂ ਕਿਤਾਬਾਂ ਵਿੱਚੋਂ ਇੱਕ ਕਿਤਾਬ “ਪ੍ਰੋਫੈਸਰ ਕੈਦੀ (ਪਟਿਆਲਾ ਜੇਲ੍ਹ ਵਿੱਚ ਅੱਠ ਵਰ੍ਹੇ)” ਨੇ ਮੇਰੀ ਨਿਗਾਹ ਖਿੱਚੀ, ਜਦੋਂ ਕਿਤਾਬ ਪੜਨੀ ਸ਼ੁਰੂ ਕੀਤੀ ਤਾਂ ਦਸ ਕੁ ਵਰਕਿਆਂ ਤੋਂ ਬਾਅਦ ਹੀ ਮਨ ਬਣ ਗਿਆ ਕਿ ਕਿਤਾਬ ਤਾਂ ਇੱਕੋ ਬੈਠਕ ਵਿੱਚ ਪੜ੍ਹਨ ਵਾਲੀ ਹੈ। ਦੋ ਕੱਪ ਚਾਹ ਤੇ ਦੋ ਕੁ ਘੰਟਿਆਂ ਵਿੱਚ ਕਿਤਾਬ ਮੁੱਕ ਗਈ।

ਸਾਰੀ ਕਿਤਾਬ ਪੜ੍ਹਦਿਆਂ ਅੰਗਰੇਜ਼ੀ ਦੀ ਇੱਕੋ ਕਹਾਵਤ ਮੇਰੀ ਸੋਚ ਵਿੱਚ ਘੁੰਮਦੀ ਰਹੀ “When life gives you lemons, make lemonade”.

ਮਨਦੀਪ ਗੋੜ ਦੀ ਇਹ ਸਵੈ-ਜੀਵਨੀ ਜਿੱਥੇ ਭਾਰਤੀ ਸਿਸਟਮ ਦੇ ਸ਼ਿਕਾਰ ਹੋਇਆਂ ਲਈ ਇੱਕ ਸਚਾਰੂ ਸੇਧ ਹੈ ਉਥੇ ਹੀ ਇੱਕ ਵੱਖਰੇ ਢੰਗ ਨਾਲ ਭਾਰਤੀ ਜੇਲ੍ਹਾਂ ਅੰਦਰ ਵਿਚਰਦੇ ਸਮਾਜ ਤੇ ਜ਼ਿੰਦਗੀ ਨੂੰ ਦਰਸਾਉਂਦੀ ਹੈ ਜੋ ਜ਼ਿੰਦਗੀ ਕਿਤਾਬ ਪੜ੍ਹਦਿਆਂ ਕਿਤੇ ਕਿਤੇ ਜੇਲ੍ਹ ਦੀਆਂ ਕੰਧਾਂ ਤੋਂ ਬਾਹਰ ਵਸਦੇ ਲੋਕਾਂ ਦੇ ਜੀਵਨ ਤੋਂ ਬਿਹਤਰ ਜਾਪਦੀ ਹੈ। ਸੋਚਦਾ ਰਿਹਾ ਕਿ ਕਾਸ਼ ਜੇ ਸਭ ਬੰਦੀ ਜੇਲ੍ਹ ਤੋਂ ਮੁੜਦੇ ਵਕਤ ਲੇਖਕ ਵਰਗੇ ਹੋ ਨਿਕਲਦੇ ਤਾਂ ਜੇਲ੍ਹਾਂ ਵਾਕਿਆ ਹੀ ‘ਸੁਧਾਰ ਕੇਂਦਰਾਂ’ ਦੇ ਰੂਪ ਵਿੱਚ ਜਾਣੀਆਂ ਜਾਂਦੀਆਂ ਤੇ ਵਿਲਕਦੇ ਮਾਪਿਆਂ ਨੂੰ ਆਪਣੇ ਭੁੱਲੇ ਭਟਕੇ ਨੌਜਵਾਨ ਬੱਚਿਆਂ ਦੇ ਜੇਲ੍ਹਾਂ ਵਿੱਚ ਜਾਣ ਦੀ ਇੰਨੀ ਨਿਰਾਸ਼ਾ ਨਾ ਹੁੰਦੀ।

ਕਿਤਾਬ ਕੁਲ ਮਿਲਾ ਕਿ ਤੱਥਾਂ ਤੇ ਕਲਪਣਾ ਦਾ ਚੰਗਾ ਸੁਮੇਲ ਹੈ।

ਲੇਖਕ ਨੇ ਚੰਗੇ ਤਰੀਕੇ ਨਾਲ ਬੰਦੀਆਂ ਦੀ ਆਮ ਜਿਹੀ ਜ਼ਿੰਦਗੀ ਨੂੰ ਹਲੀਮੀ ਭਰੇ ਰੰਗਾਂ ਦੇ ਸਿਰਜਨਾਤਮਕ ਸੁਮੇਲ ਵਿੱਚ ਰੰਗਿਆ, ਨਾ ਕਿ ਗੁੰਡਿਆਂ ਦੇ ਰੂਪ ਵਿੱਚ ਗੂੜ੍ਹੇ ਰੰਗ ਵਰਤ ਕੇ।

ਇਹ ਸਵੈ-ਜੀਵਨੀ ਸਾਡੇ ਸਮਾਜ ਦੀ ਇੱਕ ਹੋਰ ਤ੍ਰਾਸਦੀ ਬਿਆਨ ਕਰਦੀ ਹੈ ਜਿੱਥੇ “ਲਾਡੀ ਭਾਜੀ” ਵਰਗੇ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਵਾਲੇ ਚਰਿੱਤਰ ਜੇਲ੍ਹਾਂ ਦੀਆਂ ਕੰਧਾਂ ਦੇ ਗਲਤ ਪਾਸੇ ਜ਼ਿੰਦਗੀ ਬਤੀਤ ਕਰ ਰਹੇ ਹਨ। ਕਿਤਾਬ ਵਿੱਚ ਮੈਨੂੰ ਸਭ ਤੋਂ ਵੱਧ ਸੋਚਣ ਤੇ ਮਜਬੂਰ ਕਰਨ ਵਾਲਾ ਪੱਖ ਸੀ, ਰਵੀ ਸਿੱਧੂ ਦਾ ਚਰਿੱਤਰ, ਜੋ ਜੇਲ੍ਹ ਦੀ ਕੰਧ ਤੋਂ ਬਾਹਰ ਪੈਸੇ ਦੀ ਭੁੱਖ ਵਿੱਚ ਨੋਜਵਾਨਾਂ ਦੀ ਜ਼ਿੰਦਗੀ ਰੋਲਣ ਦਾ ਗੁਨਾਹਦਾਰ ਤੇ ਕੰਧ ਦੇ ਦੂਜੇ ਪਾਸੇ ਇੱਕ ਨੌਜਵਾਨ ਨੂੰ ਚੰਗੀ ਸੇਧ ਦੇਣ ਵਾਲਾ ਸੁਹਿਰਦ ਇਨਸਾਨ।

ਮਨਦੀਪ ਗੋੜ ਨੂੰ ਚਾਹੇ ਆਪ ਨਿਆਂ ਨਾ ਮਿਲਿਆ ਪਰ ਉਸ ਨੇ ਇਸ ਕਿਤਾਬ ਨੂੰ ਸੰਖੇਪ ਤੇ ਢੁਕਵਾਂ ਰੱਖ ਕਿ ਪਾਠਕਾਂ ਨਾਲ ਚੰਗਾ ਨਿਆਂ ਕੀਤਾ ਹੈ ( no pun intended), ਮੈਨੂੰ ਕੋਈ ਸ਼ੱਕ ਨਹੀਂ ਕਿ ਕਿਤਾਬ ਵਿੱਚ ਵਿਚਲੀਆਂ ਛੋਟੀਆਂ ਛੋਟੀਆਂ ਘਟਨਾਵਾਂ ਤੋਂ ਲੇਖਕ ਕਦੇ ਕਾਫ਼ੀ ਕਹਾਣੀਆਂ ਤੇ ਨਾਵਲ ਸਿਰਜੇਗਾ।

ਇਸ ਕਿਤਾਬ ਰਾਹੀਂ ਮਨਦੀਪ ਗੋੜ ਨੇ ਸੱਚਮੁੱਚ ਪਾਠਕਾਂ ਨੂੰ ਆਪਣੀ ਸੋਚ ਦੇ ਕਲਾਵੇ ਵਿੱਚ ਸਮੇਟ ਲਿਆ।

-ਕੰਵਰ

Leave a comment