ਪੰਜਾਬੀ ਕਿਤਾਬਾਂ ਪੜ੍ਹਨ ਦੇ ਰੋਂਅ ਵਿੱਚ, ਕਿਤਾਬਾਂ ਦੇ ਦਸਤੇ ਵਿੱਚੋਂ ਅਗਲੀ ਕਿਤਾਬ “ਭੁੱਲਦੇ ਨਹੀਂ ਭੁਲਾਏ” ਨਜ਼ਰ ਪਈ। ਸ਼ਾਇਦ ਇਸਦਾ ਪਹਿਲਾ ਕਾਰਨ ਸੀ, ਕਿਤਾਬ ਦਾ ਅਕਾਰ, ਅਜੇ ਸਮੇਂ ਦੇ ਘੇਰ ਵਿੱਚ ਘਿਰਿਆ ਵੱਡੀਆਂ ਤੇ ਮੋਟੀਆਂ ਕਿਤਾਬਾਂ ਨਾਲ ਪੇਚਾ ਪਾਉਣ ਦਾ ਮਨ ਨਹੀਂ ਬਣਿਆ।
ਜਦੋਂ ਅਸੀਂ ਕਾਲਜ ਪੜ੍ਹਦੇ ਸੀ ਤਾਂ Ninder Ghugianvi ਦਾ ਨਾਂ ਨਵਾਂ ਨਵਾਂ ਸੁਣਿਆ ਸੀ। ਉਸਦੇ ਅਖ਼ਬਾਰਾਂ ਵਿੱਚ ਛੱਪਦੇ ਲੇਖ ਪੜਕੇ ਮੈਂ ਸੋਚਦਾ ਸੀ ਕਿ ਇਹ ਕੋਈ ਵੱਡੀ ਉਮਰ ਦਾ ਬੰਦਾ ਹੋਣਾ, ਇਹ ਅਖ਼ਬਾਰਾਂ ਵਾਲੇ ਤਾਂ ਇਕੋ ਫੋਟੋ ਵੀਹ ਵੀਹ ਸਾਲ ਛਾਪੀ ਜਾਂਦੇ ਨੇ ਜਿਵੇਂ ਕਿ ਲੇਖਕ ਤੇ ਵੈਦ ਕਦੇ ਬੁੱਢੇ ਹੀ ਨਹੀਂ ਹੰਦੇ। ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਨੌਜਵਾਨ ਉਮਰ ਵਿੱਚ ਸਾਡੇ ਤੋਂ ਕੁਝ ਕੁ ਸਾਲ ਹੀ ਵੱਡਾ ਸੀ, ਪਰ ਸਾਹਿਤਕ ਸਫ਼ਰ ਵਿੱਚ ਮੀਲਾਂ ਅੱਗੇ। ਇੱਕੋ ਜਿਹੇ ਸ਼ਹਿਰਾਂ ਪਿੰਡਾਂ ਵਿੱਚ ਰਹਿੰਦੇ ਕਰਦੇ ਕਦੇ ਵੀ ਮੁਲਾਕਾਤ ਨਹੀਂ ਹੋਈ ਪਰ ਕੁਝ ਦੇਰ ਪਹਿਲਾਂ ਫੇਸਬੁਕ ਤੇ ਜੁੜਨ ਦਾ ਮੋਕਾ ਬਣਿਆ।
ਜਦ ਇਹ “ਭੁੱਲਦੇ ਨਹੀਂ ਭੁਲਾਏ” ਕਿਤਾਬ ਪੜ੍ਹਨੀ ਸ਼ੁਰੂ ਕੀਤੀ ਤਾਂ ਕੁਝ ਅਜੀਬ ਜਿਹੀ ਲੱਗੀ, ਪਰ ਜਿਵੇਂ ਜਿਵੇਂ ਅੱਗੇ ਵਧਿਆ ਤਾਂ ਸਮਝ ਆਈ ਕਿ ਨਿੰਦਰ ਘੁਗਿਆਣਵੀ ਨੇ ਆਪਣੀ ਲੇਖਣੀ ਦੀ ਪਰਪੱਕਤਾ ਨੂੰ ਵਰਤ ਕੇ ਵਾਰਤਕ ਵਿੱਚ ਕਹਾਣੀ, ਨਾਟਕ, ਕਾਵਿ, ਨਾਵਲ ਤੇ ਸਵੈਜਵੀਨੀ ਦੇ ਅੰਸ਼ ਪਰੋ ਛੱਡੇ ਹਨ।
ਸਾਡੇ ਪਿੰਡਾਂ ਅੱਲ ਦੀ ਬੋਲੀ ਨੇ, ਬਿਆਨ ਕੀਤੀ ਜੀਵਨ ਜਾਂਚ ਤੇ ਪਿੰਡਾਂ ਥਾਂਵਾਂ ਦੇ ਵੇਰਵਿਆਂ ਨੇ ਮੈਨੂੰ ਕਿਤਾਬ ਨਾਲ ਜੋੜੀ ਰੱਖਿਆ। ਕਈ ਵਾਰ ਕਿਤਾਬ ਥੱਲੇ ਰੱਖ ਮੈਂ ਵੇਖੋ ਵੱਖਰੇ ਸ਼ਬਦ ਚਿੱਤਰਾਂ ਬਾਰੇ ਚਿੱਤਵਦਾ ਰਿਹਾ।
ਇਸ ਕਿਤਾਬ ਦੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਨੇ ਮੇਰੀ ਜ਼ਿੰਦਗੀ ਦੀਆਂ ਕਈ ਵੱਡੀਆਂ ਪਰ ਭੁੱਲ ਭੁਲਾ ਚੁਕੀਆਂ ਯਾਦਾਂ ਤਾਜਾ ਕਰਵਾ ਦਿੱਤੀਆਂ। ਖਾਸ ਤੋਰ ਤੇ ਮੇਰੀ ਜਿੰਦਗੀ ਵਿੱਚ ਕਿਸੇ ਵਕਤ ਕੁਝ ਵੱਡੇ ਮਿਹਣੇ ਰੱਖਣ ਵਾਲੇ ਸ਼ਬਦਾਂ ਨੇ ਮੁੜ ਆ ਦਸਤਕ ਦਿੱਤੀ ਜੋ ਸ਼ਬਦ ਚੇਤੇ ਵਿੱਚੋਂ ਅਲੋਪ ਹੋ ਚੱਕੇ ਸਨ। ਇਸ ਸਭ ਕੁਝ ਦਾ ਜਿਕਰ ਕਦੇ ਫੇਰ ਕਰਾਂਗੇ।
ਇਹ ਕਿਤਾਬ ਪਿੰਡ-ਸ਼ਹਿਰ ਦੇ ਜੀਵਨ , ਕਿਸਾਨ-ਮੁਲਾਜ਼ਮ – ਦੁਕਾਨਦਾਰ ਦੇ ਸੁੱਖ ਦੁੱਖ, ਦੇਸ਼-ਵਿਦੇਸ਼ ਦੇ ਸਫਰ ਨੂੰ ਇੱਕ ਅਣਤੁੱਟ ਧਾਗੇ ਵਿੱਚ ਪਰੋਂਦੀ ਹੈ ਜਿਸ ਧਾਗੇ ਦੇ ਦੋਵੇਂ ਸਿਰੇ ਇੱਕ ਦੂਜੇ ਸੰਗ ਘੁੱਟ ਕੇ ਬੰਨੇ ਹੋਏ ਨੇ।
ਗੱਲਾਂ ਵਿੱਚੋਂ ਗੱਲਾਂ ਕੱਢਕੇ ਲਿਖਣ ਦਾ ਅੰਦਾਜ਼ ਕੋਈ ਨਿੰਦਰ ਘੁਗਿਆਣਵੀ ਤੋਂ ਸਿੱਖੇ, ਦਾਦੀ ਦੀ ਗੱਲ ਕਰਦਾ ਕਰਦਾ ਦੇਸੀ ਦਾਲ ਬਣਾਉਣ ਦਾ ਵਿਅੰਜਨ ਦੱਸ ਜਾਂਦਾ ਤੇ ਛੋਟੇ ਜਿਹੇ ਸਕੂਟਰ ਤੇ ਕੀਤੇ ਸਫਰ ਦੋਰਾਨ ਪਿੰਡਾਂ ਦੀ ਨੁਹਾਰ ਦਰਸਾ ਜਾਂਦਾ।
ਪੁਸਤਕ ਦੇ ਪਾਤਰ ਪੰਜਾਬ ਵਿੱਚ ਬੀਤੇ ਦੀ ਜ਼ਿੰਦਗੀ ਨੂੰ ਹੂਬਹੂ ਬਿਆਨ ਕਰਦੇ ਨੇ:
- ਉਹ ਚਾਹੇ ਦਾਦੇ ਦੀ ਗੱਡੇ ਤੇ ਦਵਾਈ ਲੈਣ ਜਾਣ ਦੀ ਗੱਲ ਹੋਵੇ, ਸ਼ਾਹਾਂ ਦੀ ਪਿੰਡ ਵਿੱਚ ਕੀਤੀ ਖੇਤੀ ਤੇ ਹੱਟੀ
- ਦਾਦੀ ਦੇ ਪਾਲੇ ਵਹਿਮ ਭਰਮ ( ਮੈਂ ਕੁਝ ਭੁੱਲ ਭੁਲਾ ਗਿਆ ਸੀ ਕਿ ਛੋਟੇ ਹੁੰਦਿਆਂ ਪਿੱਛੋਂ ਵੱਜੀ ਵਾਜ ਮਾੜੀ ਹੁੰਦੀ ਸੀ)
- ਤਾਏ ਦਾ ਪਿੰਡੋਂ ਸ਼ਹਿਰ ਦਾ ਸਫਰ ਤੇ ਸਾਇਕਲ ਦਾ ਪਿੰਡ ਅਤੇ ਸ਼ਹਿਰ ਵਿੱਚ ਵਸਦੀਆਂ ਰੂਹਾਂ ਨੂੰ ਜੋੜ ਦਾ ਨਾਤਾ, ਪੁੱਤ ਦਾ ਮਾਂ ਨਾਲ ਕੀਤਾ ਵਾਅਦਾ
- ਇੱਕ ਬਾਪ ਦੇ ਆਪਣੇ ਪੁੱਤ ਨੂੰ ਆਖਰੀ ਦਮ ਤੱਕ ਟੀ ਵੀ ਤੇ ਬੋਲਦੇ ਦੇਖਦੇ ਰਹਿਣ ਦੀ ਤੇ ਤਰੱਕੀਆਂ ਕਰਨ ਦੀ ਤਮੰਨਾ ਤੇ ਪੁੱਤ ਦਾ ਬਾਪ ਦੇ ਤੁਰ ਜਾਣ ਪ੍ਰਤੀ ਧੁੱਖਦਾ ਦਰਦ
- ਵਿਰਸਾ ਸਿੰਘ ਵਰਗਾ ਪਾਤਰ ਜੋ ਕਦੇ ਸਾਹਿਤਕਾਰ ਲੱਗਦਾ, ਕਦੇ ਪੈਸੇ ਦਾ ਪਿਓ ਆਮ ਕਲਰਕ, ਕਦੇ ਪਿੰਡ ਤੋਂ ਸ਼ਹਿਰ ਤੇ ਸ਼ਹਿਰੋਂ ਚੰਡੀਗੜ੍ਹ ਦਾ ਸਫਰ ਕਰਨ ਵਾਲਾ ਅਗਾਂਹ ਵਧੂ ਇਨਸਾਨ
- ਮਹੰਤ ਜੀ, ਪਿੰਡ ਦੀ ਭੂਆ ਤੇ ਇੰਗਲੈਂਡ ਵਸਦੇ ਸਾਹਿਤ ਨੂੰ ਪਿਆਰ ਕਰਨ ਵਾਲੇ ਕਿਰਦਾਰਾਂ ਨੇ ਕਿਤਾਬ ਨੂੰ ਹੋਰ ਵੀ ਦਿਲਚਸਪ ਕਰ ਦਿੱਤਾ।
ਘੁਗਿਆਣਵੀ ਨੇ ਕਿਤਾਬ ਵਿੱਚ ਜੱਜ ਜੱਜਣੀਆਂ ਦੇ ਰੁੱਖੇ ਵਰਤੀਏ ਤੇ ਤਾਣ ਕਸਣ ਦਾ ਮੋਕਾ ਨਹੀਂ ਗੁਇਆ ਤੇ ਦਫ਼ਤਰਾਂ ਵਿੱਚ ਚੱਲਦੇ ਹਲਕੇ ਫੁਲਕੇ ਹਾਸੇ ਠੱਠੇ ਨੂੰ ਵੀ ਰਚਨਾਤਮਿਕ ਰੂਪ ਵਿੱਚ ਪੇਸ਼ ਕੀਤਾ।
ਕੁਲ ਮਿੱਲਾਂ ਕੇ ਇਹ ਕਿਤਾਬ ਨਿੰਦਰ ਘੁਗਿਆਨਵੀ ਦੇ ਜ਼ਿੰਦਗੀ ਤੇ ਖੱਟੇ ਮਿੱਠੇ ਤਜਰਬਿਆਂ, ਰਾਬਤਿਆਂ ਤੇ ਰਿਸ਼ਤਿਆਂ ਦੀ ਗਵਾਹ ਹੈ, ਜਿਸਨੂੰ ਉਸ ਨੇ ਪਾਠਕਾਂ ਦੀ ਅਦਾਲਤ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਉਹ ਆਪਣੀ ਕਹਾਣੀ ਦੱਸਦਾ ਦੱਸਦਾ ਪਾਠਕਾਂ ਨੂੰ ਕਿਸੇ ਫੈਂਸਲੇ ਤੇ ਪਹੁੰਚਣ ਤੋਂ ਪਹਿਲ਼ਾਂ ਆਪਣੇ ਜੀਵਨ ਤੇ ਪੰਛੀ ਝਾਤ ਮਾਰਨ ਲਈ ਉਤਸ਼ਾਹਿਤ ਕਰਦਾ ਹੈ।
Khushwant Bargari ਤੇ ਪੀਪਲਜ ਫ਼ੋਰਮ ਬਰਗਾੜੀ ਦਾ ਇਹੋ ਜਿਹੀਆਂ ਕਿਤਾਬਾਂ ਪਰਕਾਸ਼ਤ ਕਰਨਾ ਇੱਕ ਚੰਗਾ ਉਪਰਾਲਾ ਹੈ।
– ਕੰਵਰ