ਕਿਹੜਾ ਪੰਜਾਬ – ਪੁਸਤਕ ਸੀਮੀਖਿਆ

ਤੁਰਦੀ ਫਿਰਦੀ ਯਾਦਵਿੰਦਰ ਕਰਫਿਊ ਦੀ ਪਲੇਠੀ ਕਿਤਾਬ “ਕਿਹੜਾ ਪੰਜਾਬ” ਪੜ੍ਹਨ ਨੂੰ ਮਿਲੀ।

ਬੜੀ ਹੀ ਵਿਲੱਖਣ ਲੇਖਣੀ ਹੈ।

ਛੋਟੇ ਛੋਟੇ ਸਿੱਧੇ ਵਾਕਾਂ ਵਿੱਚ ਵੱਡੇ ਤੇ ਟੇਡੇ ਮੇਡੇ ਵਾਕਿਆਂ ਦਾ ਵਰਣਨ।
ਜਿਵੇਂ ਕਿ ਕਿਤਾਬ ਦਾ ਪਹਿਲਾ ਤੇ ਨਿੱਕਾ ਜਿਹਾ ਵਾਕ “ਪੰਜਾਬ ਬਿਮਾਰ ਹੈ।”, ਪਾਠਕਾਂ ਨੂੰ ਸੋਚ ਦੇ ਲੰਮੇ ਸਫਰ ਤੇ ਲੈ ਜਾਂਦਾ।

ਇੱਕ ਸਫ਼ੇ ਤੋਂ ਦੂਜੇ ਸਫ਼ੇ ਤੱਕ ਜਾਂਦਿਆਂ ਜਾਂਦਿਆਂ ਲੇਖਕ ਪਿਛੋਕੜ, ਵਰਤਮਾਨ ਤੇ ਭਵਿੱਖ ਦੀਆਂ ਉਲਝਣਾ ਤੇ ਸੰਭਾਵਨਾਵਾਂ ਦੇ ਹੱਲ ਨੂੰ ਹੀਲਿਆਂ ਦੀ ਪੋਟਲੀ ਬੰਨ੍ਹ ਭਾਰ ਕੁਝ ਹੋਰ ਭਾਰਾ ਕਰ ਦਿੰਦਾ – ਫਿਕਰਾਂ ਦਾ।

ਲੇਖਕ ਜਿੱਥੇ ਕਿਤਾਬ ਰਾਹੀਂ ਆਪਣੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਦਾ, ਉਥੇ ਹਰ ਦੂਜੇ ਤੀਜੇ ਸਫ਼ੇ ਤੇ ਸਵਾਲਾਂ ਦੀ ਝੜੀ ਗੜਿਆਂ ਵਾਂਗ ਵਰਾਉਂਦਾ ਜਿਵੇਂ ਆਪਣੇ ਮੁੱਖ ਕਿੱਤੇ ਵਾਂਗ ਪਾਠਕਾਂ ਦੀ ਸਿੱਧੀ ਇੰਟਰਵਿਊ ਕਰ ਰਿਹਾ ਹੋਵੇ।

ਇਹਨਾਂ ਵਿੱਚੋ ਕੁਝ ਸਵਾਲ ਬਹੁਤਿਆਂ ਦੀ ਜ਼ਮੀਰ ਨੂੰ ਝੰਜੋੜ ਦੇਣਗੇ ਤੇ ਕਈ ਸਵਾਲ ਪੰਜਾਬੀਆਂ ਨੂੰ ਘੱਟੋ ਘੱਟ ਆਪਣੇ ਪਿਛੋਕੜ ਵੱਲ ਇੱਕ ਵਾਰ ਧੌਣ ਘੁੰਮਾਂ ਕੇ ਮੁੜ ਵੇਖਣ ਲਈ ਜ਼ਰੂਰ ਉਤੇਜਿਤ ਕਰਨਗੇ।

ਪੰਜਾਬੀ ਬਿਮਾਰ ਪੰਜਾਬ ਬਾਪ ਦੀ ਬਾਂਹ ਫੱੜਦੇ ਹਨ ਜਾਂ ਨਹੀਂ, ਉਹ ਵੱਖਰੀ ਗੱਲ ਹੈ।

ਕਹਿੰਦੇ ਬੰਦਾ ਆਪਣੀ ਮਿਆਦ ਮੁੱਕਣ ਤੋਂ ਪਹਿਲਾਂ ਆਪਣੀ ਬੁਨਿਆਦ ਵੱਲ ਜ਼ਰੂਰ ਮੁੜਦਾ, ਪਰ ਧੱੜੋ-ਧੱੜ ਹੋ ਰਹੇ ਪ੍ਰਵਾਸ ਨੇ ਸ਼ਾਇਦ ਯਾਦਵਿੰਦਰ ਦੀ ਪੰਜਾਬੀਆਂ ਤੋਂ ਅੰਦਰੋਂ ਅੰਦਰੀ ਕੀਤੀ ਇਸ ਆਸ ਨੂੰ ਤੋੜ ਦਿੱਤਾ।

ਲੇਖਕ ਨੇ ਬੜੀ ਸੁਹਿਰਦਤਾ ਨਾਲ ਪੰਜਾਬ ਤੇ ਪੰਜਾਬੀਆਂ ਦੇ ਕੁਦਰਤ ਨਾਲ਼ੋਂ ਟੁੱਟੇ ਪਿਆਰ, ਵੱਡੀਆਂ ਮੁਸੀਬਤਾਂ ਝੱਲਣ ਵਾਲੇ ਤੇ ਕਿਸੇ ਵੱਕਤ ਬਹਾਦਰ ਜਾਣੇ ਜਾਂਦੇ ਸੂਬੇ ਦੀ ਭੱਟਕਣਾ ਵਿੱਚ ਭੱਟਕਦੀ ਜਵਾਨੀ, ਆਪਣਿਆਂ ਦਾ ਆਪਣਿਆਂ ਤੋਂ ਪਿਆ ਵਿਛੋੜਾ ਤੇ ਭਰੀ ਭਰਾਈ ਦੁਨੀਆ ਵਿੱਚ ਇਕੱਲਤਾ ਦਾ ਅਗਾਸ, ਕੁਦਰਤੀ ਸੋਮਿਆਂ ਤੋਂ ਵੀ ਕਿਤੇ ਵੱਧ ਗੰਦਲੀ ਹੋਈ ਪੰਜਾਬ ਦੀ ਸਿਆਸਤ ਉੱਤੇ ਕਰਾਰੀ ਚੋਟ ਮਾਰੀ ਹੈ।

ਕਿਤਾਬ ਦਾ ਆਖਰੀ ਭਾਗ ‘ਕਲ੍ਹਾ’ ਕਿਤਾਬ ਦਾ ਇੱਕ ਰੋਚਿਕ ਹਿੱਸਾ, ਪਰ ਮੈਂ ਪੜ੍ਹਨ ਸਮੇਂ ਇਸ ਨੂੰ ਬਾਕੀ ਦੀ ਕਿਤਾਬ ਨਾਲ ਜੋੜਨ ਦੇ ਅਸਮੱਰਥ ਰਿਹਾ।

ਚੁਰਾਸੀ ਦੀ ਗਰਮੀ ਵਿੱਚ ਲੱਗੇ ਕਰਫਿਊ ਵਾਲੇ ਦਿਨ ਜੰਮੇ ਯਾਦਵਿੰਦਰ ਵਾਂਗ ਮੈਂ ਉਹਨਾ ਦਿਨਾਂ ਵਿੱਚ ਸੁਰਤ ਸੰਭਾਲ਼ਣੀ ਸੁਰੂ ਕੀਤੀ ਤੇ ਮੇਰੀਆਂ ਯਾਦਾਸ਼ਤ ਦੀਆਂ ਕਾਰਬਨ ਕਾਪੀਆਂ ਵਿੱਚੋਂ ਇਕ ਸੀ ਚੋਰਾਸੀ ਦੌਰਾਨ ਘਟੀਆਂ ਘਟਨਾਵਾਂ ਦੀਆਂ ਅਖ਼ਬਾਰਾਂ ਤੇ ਛਪੀਆਂ ਬੇਜ਼ੁਬਾਨ ਤਸਵੀਰਾਂ ਵਿੱਚੋਂ ਨਿਕਲਦੀਆਂ ਚੀਕਾਂ।

ਹੁਣ ਇਹ ਕਿਤਾਬ ਪੜ੍ਹ ਕੇ ਇੰਝ ਲੱਗਦਾ ਕਿ ਪੰਜਾਬ ਦੀ ਇਹ ਖਤਮ ਹੋ ਰਹੀ ਹੋਂਦ ਦੀ ਪਿਓਂਦ ‘ਅੱਸੀ ਤੇ ਨੱਬੇਵਿਆਂ ਦੇ ਦਹਾਕਿਆਂ’ ਵਿੱਚ ਪਈ, ਜਿਸ ਨੂੰ ਸਾਡੇ ਵਿੱਚੋਂ ਬਹੁਤਿਆਂ ਨੇ ਡਾਹਡਾ ਨੇੜਿਓਂ ਦੇਖਿਆ।

ਜਦੋਂ ਅਸੀਂ ਸਕੂਲ ਪੜ੍ਹਨ ਲੱਗੇ ਤਾਂ ਪਹਿਲੀਆਂ ਵਿੱਚ ਧਨੀ ਰਾਮ ਚਾਤ੍ਰਿਕ ਦੀ ਕਵਿਤਾ “ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ” ਪੜ੍ਹੀ, ਬੜੀ ਚੰਗੀ ਲੱਗੀ। ਅਗਲੇ ਦਸ ਵਰ੍ਹੇ ਜੱਦ ਵੀ ਅਸੀਂ ਟਹਿਣੇ ਤੋਂ ਪੱਕੇ ਵਾਲਾ ਵਿਸਾਖੀ ਦਾ ਮੇਲਾ ਦੇਖਣ ਜਾਣਾ ਤਾਂ ਮੈਨੂੰ ਲੱਗਣਾ ਕਿ ਧਨੀ ਰਾਮ ਇੱਕਾ ਵੱਡਾ ਝੂਠ ਮਾਰ ਗਿਆ। ਪਰ ਮੈਨੂੰ ਇਹ ਗਿਆਨ ਨਹੀਂ ਸੀ ਕਿ ਧਨੀ ਰਾਮ ਦੀ ਕਵਿਤਾ ਵਿੱਚ ਚਿਤਰੇ ਇਸ ਜੱਟ ਨੂੰ ਹਰੀ ਕ੍ਰਾਂਤੀ ਨੇ ਆਲਸੀ ਬਣਾ ਦਿੱਤਾ ਸੀ। ਉਹਨਾ ਨੂੰ ਪਿਓ ਦਾਦਿਆਂ ਵਾਂਗ ਖੇਤਾਂ ਵਿੱਚ ਮੁੜਕੋ ਮੁੜਕੀ ਨਹੀਂ ਸੀ ਹੋਣਾ ਪੈ ਰਿਹਾ। ਪੈਸਾ ਕਮਾਉਣਾ ਤੇ ਲਾਉਣਾ ਸੋਖਾ ਹੋ ਗਿਆ ਸੀ। ਪੰਜਾਬ ਵਿੱਚ ਪਸਰ ਰਹੇ ਠੇਕੇ ਤੇ ਮੈਰਿਜ ਪੈਲਿਸ ਇਸ ਦੀ ਦੁਹਾਈ ਪਾ ਰਹੇ ਸਨ। ਸੋ ਜੱਟਾਂ ਦੀਆਂ ਅੱਜ ਵਿੱਕਦੀਆਂ ਜ਼ਮੀਨਾਂ ਤੇ ਖੁਦਕੁਸੀਆਂ ਦਾ ਮੁੱਢ ਓਦੋਂ ਹੀ ਬੰਨਿਆਂ ਜਾ ਰਿਹਾ ਸੀ।

ਛੋਟੇ ਹੁੰਦਿਆਂ ਘਰਾਂ ਦੇ ਹੇਠਲੇ ਪਾਣੀ ਖਾਰੇ ਹੁੰਦੇ ਗਏ, ਸਾਡੀਆਂ ਮਾਂਵਾਂ ਚਾਚੀਆਂ ਤਾਈਆਂ ਨੇ ਬਹੁਤ ਵਰ੍ਹੇ ਸਿਰਾਂ ਤੇ ਤੋੜਿਆਂ (ਘੜਿਆਂ) ਵਿੱਚ ਸੜਕੋਂ ਪਾਰ ਤੋਂ ਬਾਬੇ ਚਾਨਣ ਗਿੱਲ ਦੇ ਘਰਾਂ ਕੋਲ ਲੱਗੇ ਨਲਕਿਆਂ ਤੋਂ ਪੀਣ ਵਾਲਾ ਪਾਣੀ ਢੋਇਆ, ਹੁਣ ਘੜੇ ਚਿੱਟੀਆਂ ਪਲਾਸਟਿਕ ਦੀਆਂ ਕੈਨੀਆਂ ਤੇ ਨਲਕੇ ਆਰ ਓ ਵਿੱਚ ਬਦਲ ਗਏ।


ਜ਼ਿੰਦਗੀ ਦੇ ਮੁਢਲੇ ਦਿਨਾਂ ਵਿੱਚ ਅਸੀਂ ਖਾਲ਼ਿਆ ਵਿੱਚ ਜਾ ਕੇ ਐਤਵਾਰ ਵਾਲੇ ਦਿੱਨ ਟਪੂਸੀਆਂ ਮਾਰਨੀਆਂ, ਬੇਬੇ ਹੋਰਾਂ ਖ਼ਾਲੇ ਤੇ ਕੱਪੜੇ ਧੋਣੇ ਤੇ ਅਸੀਂ ਕੱਪੜੇ ਧੋਣ ਵਾਲੀ ਖ਼ਾਕੀ ਜਿਹੀ ਸਾਬਣ ਨਾਲ ਕੇਸ ਧੋਣੇ। ਜਿਓਂ ਜਿਓਂ ਵੱਡੇ ਹੋਏ ਇਹ ਸੀਨ ਪਿੰਡਾਂ ਦੀ ਜ਼ਿੰਦਗੀ ਵਿੱਚੋਂ ਅਲੋਪ ਹੋਏ ਅਸੀਂ ਇਹ ਸੋਚਦੇ ਰਹਿ ਗਏ ਕਿ ਤਰੱਕੀ ਹੋ ਗਈ, ਘਰਾਂ ਵਿੱਚ ਗ਼ੁਸਲਖ਼ਾਨੇ ਬਣ ਗਏ ਪਰ ਅਸਲ ਵਿੱਚ ਕੱਸੀਆਂ ਤੇ ਖਾਲਿਆਂ ਦੇ ਪਾਣੀ ਦਿਨੋ ਦਿਨ ਸਿਆਸਤਦਾਨਾਂ ਦੇ ਮਨਾਂ ਵਾਂਗ ਗੰਧਲ ਰਹੇ ਸਨ।
ਨੱਬਿਵੇਆਂ ਦੇ ਅੰਤ ਤੱਕ ਪੰਜਾਬੀ ਮਾਣ ਨਾਲ ਬੂਰੀਆਂ ਦਾ ਦੁੱਧ ਪੀਂਦੇ ਸਨ ਪਰ ਕਿਸੇ ਇਹ ਨਹੀਂ ਸੋਚਿਆ ਕਿ ਮੱਝਾਂ ਟੀਕਿਆਂ ਤੇ ਗਿੱਝ ਗਈਆਂ ਸਨ ਤੇ ਦੁੱਧ ਪੀਣ ਵਾਲ਼ਿਆਂ ਦੀ ਵਾਰੀ ਵੀ ਕਦੇ ਆਉਣੀ ਹੀ ਸੀ।

ਸਾਂਝੀਆਂ ਵੱਟਾਂ ਤੋਂ ਦਰਖ਼ਤ ਖਤਮ ਹੋਣ ਲੱਗ ਗਏ ਸਨ ਕਿੳਕੇ ਇਹ ਦੋਵੇਂ ਪਾਸੇ ਫਸਲ ਮਾਰਦੇ ਸਨ, ਫਸਲਾਂ ਬਚਾਉਦੇ ਬਚਾੳਦੇ ਅਸੀਂ ਆਪਣੀਆਂ ਨਸਲਾਂ ਮਾਰਨ ਦੀ ਤਿਆਰੀ ਖਿੱਚ ਰਹੇ ਸਾਂ। ਜਦੋਂ ਖੇਤ ਸਪਰੇਅ ਕਰਨੀ ਤਾਂ ਡਰੰਮੀ ਵਿੱਚ ਇੱਕ ਵਾਧੂ ਡਾਟ ਸਪਰੇਅ ਦਾ ਪਾਉਣਾ ਆਮ ਗੱਲ ਸੀ ਤੇ ਸਾਡੀ ਇਹ ਛੋਟੀ ਜਿਹੀ ਆਦਤ ਅੱਜ ਚਲਦੀ ਕੈਂਸਰ ਟ੍ਰੇਨ ਦੀਆ ਲੀਹਾਂ ਬੰਨ੍ਹ ਰਹੀ ਸੀ।

ਇਹ ਕਿਤਾਬ ਕਦੇ ਕਦੇ ਮੈਨੂੰ ਕੋਈ ਰੋਚਿਕ ਅਰਥ ਸ਼ਾਸਤਰ ਦੀ ਕਿਤਾਬ ਲੱਗਦੀ ਹੈ ਜਿਸਦੇ ਵਿੱਚ ਛਪੇ ਅੰਕੜੇ ਸਾਡੇ ਸਿੱਖਿਆ ਦੇ ਡਿੱਗ ਰਹੇ ਮਿਆਰ ਦੀ ਕਥਾ ਬਿਆਨ ਕਰਦੇ ਨੇ। ਮੈਂ ਇਹ ਗੱਲ ਪ੍ਰਰਪੱਤਾ ਨਾਲ ਕਹਿ ਸਕਦਾਂ ਹਾਂ ਕਿ ਬਹੁਤੇ ਪੰਜਾਬੀ ਦੇ ਪਾਠਕ ਇਹਨਾਂ ਨੰਬਰਾਂ ਵਾਲੇ ਪੇਜਾਂ ਨੂੰ ਨਜ਼ਰ ਅੰਦਾਜ ਕਰਦੇ ਅੱਗੇ ਲ਼ੰਘ ਜਾਣਗੇ ਕਿਉਂਕਿ ਸਾਨੂੰ ਅੰਕੜੇ ਪੜ੍ਹਨ ਤੇ ਸੁਣਨ ਦੀ ਆਦਤ ਨਹੀਂ। ਅਜ਼ਾਦੀ ਤੋਂ ਬਾਅਦ ਦੂਜੀ ਪੀੜ੍ਹੀ ਵਿੱਚੋਂ ਬਣੇ ਅਧਿਆਪਕਾਂ ਨੇ ਜੇ ਦੂਜਿਆਂ ਦੇ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਦ੍ਰਿੜਤਾ ਨਾਲ ਪੜਾਇਆ ਹੁੰਦਾ ਤਾਂ ਸਾਇਦ ਇਹ ਦਿਨ ਨਾਂ ਦੇਖਣੇ ਪੈਂਦੇ। ਪਿੰਡਾਂ ਦੇ ਪੜ੍ਹਿਆ ਲਿਖਿਆਂ ਨੇ ਲੋੜੀਂਦਾ ਸੰਵਾਦ ਨਹੀਂ ਰਚਾਇਆ ਤੇ ਤਰਕ ਲੋਕਾਂ ਦੀ ਆਮ ਜ਼ਿੰਦਗੀ ਵਿੱਚੋਂ ਦਿਨੋ ਦਿਨ ਖਤਮ ਹੁੰਦਾ ਗਿਆ।

ਜੱਟਵਾਦ ਤੇ ਗੁਰਦੁਆਰਿਆਂ ਉਤੇ ਸਿਰਫ ਕਹਿਣਯੋਗ ਉੱਚਜਾਤੀ ਲੋਕਾਂ ਦੇ ਕਬਜ਼ਿਆਂ ਨੇ ਸਮਾਜ ਦੇ ਇੱਕ ਵੱਡੇ ਫ਼ਿਰਕੇ ਨੂੰ ਸਮਾਜਿਕ ਤੇ ਧਾਰਮਿਕ ਤੋਰ ਤੇ ਵੱਖ ਕਰ ਛੱਡਿਆ। ਛੋਟੇ ਹੁੰਦਿਆਂ ਮੇਰੇ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਮੈਂ ਹਰ ਵੱਡੇ ਸਮਾਗਮ ਤੋਂ ਬਾਅਦ ਲੰਗਰ ਦੀ ਇੱਕ ਲਾਇਨ ਗੁਰਦੁਆਰੇ ਅੰਦਰ ਤੇ ਦੂਜੀ ਲਾਇਨ ਗੁਰਦੁਆਰੇ ਬਾਹਰ ਜਾਤ-ਪਾਤ ਦੇ ਅਧਾਰ ਤੇ ਲੱਗਦੀ ਦੇਖੀ ਪਰ ਕੋਈ ਬੋਲਣ ਵਾਲਾ ਨਹੀਂ ਬੋਲਿਆ।

ਲੱਗਦਾ ਲੇਖਕ ਅੱਸੀ ਨੱਬੇ ਵਿੱਚ ਵਿੱਚਰੇ ਸਿਆਸੀ ਵਰਤਾਰੇ ਬਾਰੇ ਹੋਰ ਕੁਝ ਕਹਿਣਾ ਚਾਹੁੰਦਾ ਸੀ ਪਰ ਨਹੀਂ ਕਿਹਾ। ਸਾਇਦ ਇਸ ਨੂੰ ਕਿਤਾਬ ਦੇ ਦੂਜੇ ਭਾਗ ਲਈ ਸਾਂਭ ਰੱਖਿਆ ਹੋਵੇ। ਸਿਆਸਤ ਦਾ ਅੱਜ ਦਿੱਖ ਰਿਹਾ ਸੱਜੀਕਰਣ ਤੇ ਖੱਬੀਕਰਣ ਰਾਤੋ ਰਾਤ ਨਹੀਂ ਉਭਰਿਆ। ਛੋਟੇ ਹੰਦਿਆਂ ਅਸੀਂ ਵੱਡੀਆਂ ਸਿਆਸੀ ਪਾਰਟੀਆਂ ਦੀ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਵਿੱਚ ਦਖਲਅੰਦਾਜੀ ਦੇਖਣੀ ਸੁਰੂ ਕਰ ਦਿੱਤੀ ਸੀ ਪਰ ਸਵਾਲ ਪੁੱਛਣ ਵਾਲਿਆਂ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ।

ਯਾਦਵਿੰਦਰ ਦਾ ਇਸ ਕਿਤਾਬ ਵਿੱਚ ਪੰਜਾਬ ਦੀ ਕਹਾਣੀ ਨੂੰ ਇੱਕ ਲੇਖ ਬਣਾ ਕੇ ਪੇਸ਼ ਕਰਨ ਦਾ ਢੰਗ ਬੜਾ ਨਿਰਾਲਾ ਹੈ ਇਹ ਲਿਖਤ ਬਾਬੇ ਨਾਨਕ ਵੇਲੇ ਦੇ ਆਰਜੀ ਪ੍ਰਵਾਸ ਤੋਂ ਸੁਰੂ ਹੋ ਅੱਜ ਦੇ ਪੰਜਾਬੀਆਂ ਦੇ ਪੱਕੇ ਪ੍ਰਵਾਸ ਤੇ ਆ ਖਤਮ ਹੁੰਦੀ ਹੈ ਤੇ ਫਰਕ ਏਨਾ ਕਿ ਉਦਾਸੀਆਂ ਤੇ ਗਏ ਹੁਣ ਵਾਲੇ ਉਦਾਸ ਪੰਜਾਬੀ ਸਾਇਦ ਵਾਪਸ ਨਾ ਪਰਤਣ, ਜੇ ਅਸੀਂ ਅਉਣ ਆਉਣ ਵਾਲੇ ਕੁਝ ਵਰਿਆਂ ਵਿੱਚ ਬਿਮਾਰ ਪੰਜਾਬ ਦੀ ਦਵਾ ਦਾਰੂ ਦਾ ਕੋਈ ਹੱਲ ਨਾ ਕੀਤਾ।

ਕਿਤੇ ਇਹ ਨਾ ਹੋਵੇ ਕਿ “ਕਿਹੜਾ ਪੰਜਾਬ” ਦੇ ਟਾਇਟਲ ਵਾਂਗ ਅਸੀਂ ਆਪਣਾ ਸਰੀਰ (ਪੰਜਾਬ ਦੀਆਂ ਹੱਦਾਂ) ਛੱਡ ਰੂਹ ( ਲੋਕ ਤੇ ਸਭਿਆਚਾਰ) ਕਿਤੇ ਹੋਰ ਜਾ ਵਸਾਈਏ ਤੇ ਸਾਡਾ ਪੰਜਾਬ ਇਕ “ਵਰਚੁਅਲ ਪੰਜਾਬ” ਬਣ ਕੇ ਹੀ ਰਹਿ ਜਾਵੇ। ਕੁਝ ਹੱਦ ਤੱਕ ਰੱਸੀ ਅਜੇ ਵੀ ਸਾਡੇ ਸਭ ਦੇ ਹੱਥ ਵਿੱਚ ਹੈ ….

ਯਾਦਵਿੰਦਰ ਦੀ ਇਹ ਪਹਿਲੀ ਕਿਤਾਬ ਮੇਰੇ ਵਰਗੇ ਪਾਠਕਾਂ ਲਈ ਪੰਜਾਬ ਪ੍ਰਤੀ ਸੋਚ ਵਿਚਾਰ ਨੂੰ ਉਜਾਗਰ ਕਰਨ ਦਾ ਇੱਕ ਚੰਗਾ ਜ਼ਰੀਆ ਹੈ ਤੇ ਇਸਦੀ ਅਗਲੀ ਕਿਸ਼ਤ ਦੀ ਉਡੀਕ ਰਹੇਗੀ।

– ਕੰਵਰ

Leave a comment