ਪਿਛਲੇ ਸਾਲ ਜਦ ਬਾਈ ਖੁਸ਼ਹਾਲ ਲਾਲੀ ਨਾਲ ਮੁਲਾਕਾਤ ਹੋਈ ਤਾਂ ਉਸਨੇ ਵਾਇਆ ਪੰਜਾਬੀ ਯੂਨੀਵਰਸਿਟੀ ਸ਼ਮੀਲ ਜਸਵੀਰ ਦਾ ਜ਼ਿਕਰ ਕੀਤਾ, ਨਾਮ ਜਾਣਿਆ ਪਹਿਚਾਣਿਆ ਲੱਗਾ ਪਰ ਢਾਈ ਦਹਾਕਿਆਂ ਦੀ ਧੂੜ ਨੇ ਚਿਹਰਾ ਧੁੰਦਲਾ ਪਾ ਦਿੱਤਾ ਸੀ।
ਲਾਲੀ ਨੇ ਸ਼ਮੀਲ ਦੀ ਇਕ ਕਵਿਤਾ ਸੁਣਾਈ “ਔਰਗੇਨਿਕ ਬੰਦੇ”, ਜਿਸਦੀ ਵਿਲੱਖਣਤਾ ਤੇ ਪ੍ਰਮਾਣਿਕਤਾ ਨੇ ਦਿਲ ਨੂੰ ਛੂਹ ਲਿਆ, ਉਦੋਂ ਤੋਂ ਹੀ ਮੈਂ ਸ਼ਮੀਲ ਦੀ ਵੈਬਸਾਈਟ ਦਾ bookmark ਫੋਨ ਦੇ browser ਤੇ ਲਾਈ ਬੈਠਾ ਸੀ ਪਰ ਰੋਜ਼ਾਨਾ ਦੀ ਵਿਅਸਤ ਜਿੰਦਗੀ ਕਾਰਨ ਕਦੇ ਕੁਝ ਪੜ੍ਹ ਨਹੀਂ ਹੋਇਆ।
ਇਸ ਵਕਤ ਗਰਮੀ ਦੀਆਂ ਛੁੱਟੀਆਂ ਹੋਣ ਕਰਕੇ ਪਿਛਲੇ ਕੁਝ ਕੁ ਦਿਨਾਂ ਤੋਂ ਸ਼ਮੀਲ ਦੀ ਕਵਿਤਾਵਾਂ ਦੀ ਕਿਤਾਬ “ਧੂਫ” ਨੂੰ ਪੜ੍ਹਨਾ ਸ਼ੁਰੂ ਕੀਤਾ, ਤੇ ਸੱਚਮੁੱਚ ਇੰਝ ਲੱਗਦਾ ਜਿਵੇਂ ਵੰਨ ਸੁਵੰਨੀਆਂ ਮਹਿਕਾਂ ਪਖੇਰਦੀ ਧੂਫ ਮਘਿਆ ਲਈ ਹੋਵੇ।
ਕਿਤਾਬ ਦੇ ਤਿੰਨ ਹਿੱਸੇ ਨੇ ਤੇ ਮੈਂ ਅਜੇ ਪਹਿਲਾ ਹਿੱਸਾ “ਟਰੇਨ ਕਵਿਤਾ” ਹੀ ਪੂਰਾ ਕੀਤਾ ਤੇ ਇਸ ਬਾਰੇ ਕੁਝ ਲਿਖਣ ਨੂੰ ਦਿਲ ਕੀਤਾ।
ਮੈਂ ਕਦੇ ਕਾਵਿ ਸੰਗ੍ਰਹਿਆਂ ਦਾ ਰਿਵਿਊ ਨਹੀਂ ਕੀਤਾ
ਸੋ ਮੈਨੂੰ ਨਹੀਂ ਪਤਾ ਕੇ ਕਿਥੋਂ ਤੇ ਕਿਵੇਂ ਸ਼ੁਰੂ ਕਰਾਂ, ਇੰਝ ਮਹਿਸੂਸ ਜਰੂਰ ਹੁੰਦਾ ਕੇ ਕਵਿਤਾਵਾਂ ਵਾਲੀ ਕਿਤਾਬ ਦੇ ਰੀਵਿਊ ਵਿੱਚ ਵੀ ਕਵਿਤਾ ਵਾਲੀ ਤਾਲ ਤੇ ਚਾਲ ਹੋਣੀ ਚਾਹੀਦੀ ਹੈ, ਕਿਤਾਬ ਪੜ੍ਹਦਿਆਂ ਮਨ ਵਿੱਚੋ ਵਿਚਰੇ ਵਲਵਲਿਆਂ ਦਾ ਮਿਲਗੋਬਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।
ਸ਼ਮੀਲ ਖੁਦ੍ ਲਿਖਦਾ ਕੇ “ਮਨ ਦੀ ਸੜਕ ਤੇ ਜਾਂਦਿਆਂ ਤੁਸੀਂ ਲੇਨਾ ਵਿਚ ਨਹੀਂ ਤੁਰਦੇ” ਸੋ ਵਿਚਾਰਾਂ ਦੇ roller coaster ਦੇ ਸਫਰ ਲਈ ਤਿਆਰ ਹੋਜੋ।
ਸ਼ਮੀਲ ਦੀ “ਟਰੇਨ ਕਵਿਤਾ”,
ਕਰਨੈਲ ਸਿੰਘ ਪਾਰਸ ਦੀ ਵਰ੍ਹਿਆਂ ਪਹਿਲਾਂ ਲਿੱਖੀ ਕਵੀਸ਼ਰੀ “ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ, ਇੱਕ ਜਾਵੇ” ਵਰਗੀ ਲੱਗਦੀ ਹੈ, ਜਿਸਦਾ ਸਾਇੰਸ ਦੀ ਤਰੱਕੀ ਦੇ ਨਾਲ ਸ਼ਮੀਲ ਨੇ ਨਵੇਂ ਫਾਰਮੂਲਿਆਂ ਦਾ ਪ੍ਰਯੋਗ ਕਰ version-2 ਤਿਆਰ ਕਰ ਲਿਆ ਹੋਵੇ ਜੋ ਹੁਣ ਆਪਣੇ ਆਪ ਵਿੱਚ ਹੀ ਸਮੁੱਚਤਾ ਜਾਪਦੀ ਹੈ।
ਬਾਬੇ ਪਾਰਸ ਦੀ ਕਲਪਨਾਂ ਨੇ ਕੋਲੇ ਵਾਲੀ ਗੱਡੀ ਨੂੰ ਜ਼ਿੰਦਗੀ ਦੇ ਵੱਖ ਵੱਖ ਪੜਾਵਾਂ (ਸਟੇਸ਼ਨਾਂ) ਨਾਲ ਜੋੜਿਆ ਸੀ,
ਸਮਾਂ ਬਦਲਿਆ,
ਕੋਲੇ ਤੋਂ ਡੀਜ਼ਲ ਤੇ ਡੀਜ਼ਲ ਤੋਂ ਬਿਜਲੀ ਤੇ ਹੋਈ ਟਰੇਨ ਦੇ ਜਮਾਨੇ ਵਿਚ ਰਹਿੰਦੇ ਸ਼ਮੀਲ ਨੇ
ਬੇਅੰਤ ਸੰਭਾਵਨਾਵਾਂ ਦੀ ਕਲਪਨਾ ਕਰਦਿਆਂ ਟਰੇਨ ਨੂੰ ਮਨੁੱਖੀ ਜੀਵਨ ਦੀਆਂ ਕੜੀਆਂ ਨਾਲ ਜੋੜ
ਆਪਣੇ ਪਾਠਕਾਂ ਨੂੰ ਉਹਨਾਂ ਦੀ ਸੋਚ ਅੰਦਰ ਵਹਿੰਦੇ ਇਕ ਅਣਜਾਣ ਸੰਸਾਰਿਕ ਵਹਾਅ ਬਾਰੇ ਚੇਤਨ ਕੀਤਾ।
ਉਹ ਵਹਾਅ ਜੋ ਤੇਜ਼ ਗਤੀ ਚਲਦਾ ਰਹਿੰਦਾ, ਸੁਤਿਆਂ ਤੇ ਜਾਗਦਿਆਂ।
ਇਸ ਕਿਤਾਬ ਵਿਚਲੀ “ਟਰੇਨ ਕਵਿਤਾ” ਮੇਲਦੀ ਹੈ
ਭਵਿੱਖ ਨੂੰ ਅਤੀਤ ਨਾਲ
ਸ਼ੋਰ ਨੂੰ ਚੁੱਪ ਨਾਲ
ਗਤੀ ਨੂੰ ਖੜੋਤ ਨਾਲ
ਨਾਪਸੰਦ ਨੂੰ ਪਸੰਦ ਨਾਲ
ਸ਼ਹਿਰ ਨੂੰ ਪਿੰਡ ਨਾਲ
ਆਧੁਨਿਕਤਾ ਨੂੰ ਪੁਰਾਤਨਤਾ ਨਾਲ
ਆਸਤਿਕਤਾ ਨੂੰ ਨਾਸਤਿਕਤਾ ਨਾਲ
ਪੀੜ ਨੂੰ ਸਕੂਨ ਨਾਲ
ਹਾਰ ਨੂੰ ਜਿੱਤ ਨਾਲ
ਈਰਖ਼ਾ ਨੂੰ ਪਿਆਰ ਨਾਲ
ਤੇ ਸੁਮੇਲਦੀ ਹੈ ਜਨਮ ਨੂੰ ਮੌਤ ਨਾਲ।
ਸ਼ਮੀਲ ਬੜੇ ਸੁਚੱਜੇ ਢੰਗ ਨਾਲ incremental change ਦੀ ਗੱਲ ਕਰਦਾ
“ਡੱਬਾ ਦਰ ਡੱਬਾ” ਟਰੇਨ ਬਣਦੀ ਜਾਂਦੀ ਹੈ।
ਪਰ ਸਾਡੇ ਜੀਵਨ ਵਿਚ ਪਿਛਲੇ ਤਿੰਨ ਦਹਾਕਿਆਂ ਵਿਚ ਆਏ
ਤੇਜ਼ ਬਦਲਾਵ ਨੇ
ਸਾਨੂੰ ਸੋਚਣ ਦਾ ਮੌਕਾ ਤੱਕ ਨਹੀਂ ਦਿੱਤਾ
ਅਸੀਂ ਸਮੇਂ ਤੋਂ ਪਹਿਲਾਂ ਹੀ ਬਿਓਨਿਕ ਮਨੁੱਖ ਬਣ ਗਏ ਹਾਂ
ਹਾਂ ਕੰਪਿਊਟਰ, ਦਿਲ ਤੋਂ ਬਿਨਾ
ਜਦੋਂ ਦੀਆਂ ਐਨਕਾਂ ਈਜਾਦ ਹੋਈਆਂ
ਅਸੀਂ ਆਪਣੇ ਸੁਆਰਥਾਂ ਲਈ
ਚੰਗਾ ਤੇ ਮਾੜਾ ਦੇਖਣ ਲਈ
ਆਪਣੇ ਆਪ ਨੂੰ ਜੱਚਦੇ
ਲੈਂਜ ਲਾਉਣੇ ਸ਼ੁਰੂ ਕਰ ਦਿਤੇ ਨੇ
ਇਹ ਭੁੱਲ ਗਏ ਹਾਂ ਕਿ ਇਸ ਤੇਜ ਰਫਤਾਰ ਜ਼ਿੰਦਗੀ ਵਿਚ ਖੜੋਤ ਹੈ
ਅਸੀਂ ਕਿੰਨਾ ਵੀ ਤੇਜ਼ ਭੱਜ ਲਈਏ
ਰੇਲ ਲਾਈਨ ਕਿਤੇ ਨਾ ਕਿਤੇ ਜਾਕੇ ਮੁਕ ਜਾਵੇਗੀ।
ਅੱਧੋ ਵਾਹੇ ਕਵੀ ਮੈਨੂੰ ਨਾਸਤਿਕ ਘੱਟ ਤੇ ਆਸਤਿਕ ਜਿਆਦਾ ਲੱਗਦਾ
ਜੋ ਸਮੇਂ ਨਾਲ ਬਦਲੇ ਧਰਮ ਦੇ ਪੁਜਾਰੀਆਂ ਵਾਂਗ
ਪਹਾੜਾਂ ਵਿਚਲੇ ਝਰਨਿਆਂ ਦੇ ਠੰਡੇ ਪਾਣੀ ਨੂੰ ਤਿਆਗ
ਕਨੇਡੇ ਵਾਲੇ ਘਰ ਵਿਚ ਚਲਦੇ ਹੌਟ ਵਾਟਰ ਸ਼ਾਵਰ ਨਾਲ
ਪਾਪਾਂ ਨੂੰ ਧੋ ਕੇ ਸੁਰਗ ਦੀ ਸਿੱਧੀ ਵੀ ਆਈ ਪੀ ਟਿਕਟ ਲੈਣ ਦਾ ਇੱਛਕ ਹੋਵੇ।
ਫੇਰ ਲੱਗਿਆ ਸ਼ਾਇਦ ਕਵੀ ਵਪਾਰਕਤਾ ਵਿਚ ਫਸੀ ਰੂਹਾਨੀਅਤ ਤੇ ਵਿਅੰਗ ਕਸਦਾ ਹੋਵੇ।
ਸ਼ਮੀਲ ਨੇ ਆਪਣੀ ਕਵਿਤਾ ਵਿਚ ਜਿੰਦਗੀ ਦੇ ਰਿਸ਼ਤਿਆਂ ਨੂੰ ਬੜੀ ਗੂੜਤਾ ਨਾਲ ਪ੍ਰਗਟਾਇਆ
ਸਾਡੀ ਜ਼ਿੰਦਗੀ ਦੇ ਡੱਬੇ ਵਿਚ ਅਸੀਂ ਕਿਸ ਨੂੰ ਸਫਰ ਕਰਵਾਉਣਾ ਇਹ ਕੁਝ ਹੱਦ ਤੱਕ ਸਾਡੇ ਤੇ ਨਿਰਭਰ ਕਰਦਾ
ਤੇ ਕੁਝ ਗੱਡੀ ਦੇ ਚਾਲਕਾਂ ਦੀਆਂ ਪੱਕੀਆਂ ਸਾਡੇ ਨਾਲ ਸਫਰ ਕਰਨ ਦੀਆਂ ਟਿਕਟਾਂ ਕੱਟੀਆਂ ਜੋ ਸਾਡੀ ਜ਼ਿੰਦਗੀ ਦੀ ਗੱਡੀ ਜਿੱਧਰ ਮਰਜ਼ੀ ਮੋੜ ਲੈਣ।
ਸ਼ਮੀਲ ਦੀ ਕਵਿਤਾ ਗੁਜ਼ਾਰਿਸ਼ ਕਰਦੀ ਹੈ ਸਾਨੂੰ
ਕੁਝ ਠਰੱਮੇ ਨਾਲ ਜਿਉਣ ਦੀ
ਪੰਜਾਬੀਆਂ ਦੀ ਜ਼ਿੰਦਗੀ
ਕਿੰਨੇ ਥੋੜੇ ਸਮੇਂ ਵਿਚ ਕਿੰਨੀ ਜ਼ਿਆਦਾ
ਬਦਲ ਗਈ
ਇਸਦਾ ਸ਼ਾਇਦ ਸਾਨੂੰ ਵੀ ਅਹਿਸਾਸ ਨਹੀਂ ਹੋਇਆ
ਪਿੰਡਾਂ ਦੀਆਂ ਸੱਥਾਂ
ਤਖ਼ਤ ਪੋਸ਼ਾਂ ਤੋਂ ਉੱਠ
ਕਨੇਡਾ ਦੇ ਟਿੱਮ ਹੌਰਟਣਾ
ਤੇ ਇੰਗਲੈਂਡ ਦੇ ਸਟਾਰ ਬਕਸਾਂ ਵਿਚ
ਕਦ ਚਲੀਆਂ ਗਈਆਂ
ਤੂਤਾਂ ਦੀ ਛਾਵੇਂ ਪਰੌਂਠੇ ਖਾਂਦੇ
ਕਦ ਡ੍ਰਾਈਵ ਥਰੂ ਤੇ ਹੋਮ ਡਿਲਿਵਰੀ ਤੇ ਪਹੁੰਚ ਗਏ
ਇਹ ਸਭ ਸੁਫਨੇ ਵਾਂਗ ਲੱਗਦਾ।
ਜੀਵਨ ਦੀ ਘੁੰਮਣਘੇਰੀ ਵਿਚ ਘੁੰਮਦੇ
ਸ਼ਾਇਦ ਅਸੀਂ ਗੁੰਮ ਗਏ ਹਾਂ ਜਾਂ ਫੇਰ ਭੱਟਕ ਗਏ ਹਾਂ
ਪਤਾ ਨਹੀਂ ਲੱਗਦਾ ਕਿਸ ਸਟੇਸ਼ਨ ਤੇ ਉਤਰਨਾਂ
ਕਈ ਕਾਹਲੇ ਚਲਦੀ ਗੱਡੀ ਚੋਂ ਛਾਲਾਂ ਮਾਰਨ ਨੂੰ ਫਿਰਦੇ ਨੇ
ਕਈ ਕਾਹਲ਼ੀ ਵਿਚ ਉਤਰਦੇ ਬਹੁਤ ਕੁਝ ਕੂੜਾ ਕਰਕਟ ਪਿੱਛੇ ਸੀਟ ਤੇ ਹੀ ਛੱਡ ਜਾਂਦੇ ਨੇ
ਕਈ ਬਿਨਾਂ ਟਿਕਟ ਵਾਲਿਆਂ ਨੂੰ ਟੀ ਟੀ ਸੀਟੀ ਮਾਰ ਲਾਹ ਦਿੰਦਾ
ਤੇ ਕਈ ਆਪਣਾ ਸਟੇਸ਼ਨ ਲੰਘ ਕੇ ਵੀ ਨਹੀਂ ਉਤਰਨਾ ਚਾਹੁੰਦੇ
ਸ਼ਾਇਦ ਅਸੀਂ ਦਿਮਾਗ਼ ਤੋਂ ਦਿਸ਼ਾਵਾਂ ਪੁੱਛਣਾ ਬੰਦ ਕਰ ਦਿੱਤਾ
ਕਿਓੰਕੇ ਗੂਗਲ਼ ਤਾਇਆ ਹੁਣ ਸਭ ਕੁੱਝ ਦੱਸਦਾ।
ਜਿੰਦਗੀ autopilot ਤੇ ਲੱਗ ਗਈ ਹੈ।
ਕਵੀ ਨੇ ਆਪਣੀ ਕਵਿਤਾ ਰਾਹੀਂ ਆਧੁਨਿਕਤਾ ਦੇ ਨਾਂ ਤੇ
ਸਵੈ ਤਬਾਹੀ ਵੱਲ ਨੂੰ ਪੈਰ ਪੁੱਟਦੀ ਸਾਡੀ ਸੈਲਫੀ ਵਾਦੀ
ਜੀਵਨ ਜਾਂਚ ਤੇ ਵਿਅੰਗਾਤਮਕ ਤੇ ਕਰਾਰੀ ਚੋਟ ਮਾਰੀ ਹੈ।
ਕੁੱਲ ਮਿਲਾ ਕੇ ਸ਼ਮੀਲ ਨੇ ਆਪਣੇ ਸਰੋਤਿਆਂ ਦੇ ਸਨਮੁੱਖ
ਪ੍ਰਗਤੀਸ਼ੀਲ ਕਵਿਤਾ ਨੂੰ ਰੂਹਾਨੀਅਤ ਦਾ ਰੰਗ ਦੇ ਕੇ
ਇਓ ਪੇਸ਼ ਕੀਤਾ ਜਿਵੇਂ ਕੋਈ
ਰੋਲੇ ਰੱਪੇ ਵਾਲੀ ਟਰੇਨ ਵਿਚ ਬੈਠਾ ਕੋਈ ਯੋਗੀ ਹੈਡਫੋਨ ਲਾ
ਏ ਸੀ ਦੀ ਠੰਡਕ ਦਾ ਸੁਆਦ ਮਾਣਦਾ
ਸਮਾਧੀ ਵਿਚ ਲੀਨ
ਚੁਰਾਸੀ ਜੂਨਾਂ ਦਾ ਝੰਜਟ ਕੱਟ
ਫਿਰ ਤੋਂ ਬੰਦੇ ਦੀ ਜੂਨ ਜੰਮਣ ਲਈ ਤਿਆਰ ਹੋਵੇ
ਕਿਉਕਿ ਸਭ ਕੁਝ ਬੱਸ ਇੱਕ ਘੁੰਮਣ-ਘੇਰੀ ਹੈ
ਟ੍ਰੇਨ ਧਰਤੀ ਦੁਆਲੇ
ਧਰਤੀ ਸੂਰਜ ਦੁਆਲੇ
ਤੇ ਸੂਰਜ ਗਲੈਕਸੀ ਦੇ ਕੇਂਦਰ ਦੁਆਰੇ ਘੁੰਮਦਾ।
ਟਰੇਨ ਕਵਿਤਾ ਪੜ੍ਹ ਕੇ ਬਹੁਤ ਆਨੰਦ ਆਇਆ ਤੇ ਕਿਤਾਬ ਦੇ ਅਗਲੇ ਦੋ ਹਿਸੇ ਪੜ੍ਹਨ ਲਈ ਮਨ ਉਤਾਵਲਾ।
————————————
ਇੰਝ ਲੱਗਦਾ ਜਿਵੇਂ ਸ਼ਮੀਲ ਨੂੰ ਆਪਣੀ ਪੱਤਰਕਾਰਤਾ ਵਾਲੀ ਨਬਜ਼ ਨਾਲ COVID-19 ਬਾਰੇ ਪਹਿਲਾਂ ਹੀ ਪਤਾ ਸੀ ਤਾਂ ਹੀ ਉਹ ਲਿਖਦਾ:
ਬੈਕਟੀਰੀਆ ਬੰਦੂਕਾਂ ਨਾਲ ਨਹੀਂ ਮਰਦਾ।
ਤੇ ਫੇਰ ਲਿਖਦਾ
ਬਾਰਡਰ ਵੀ ਥੱਕ ਜਾਣਗੇ
ਟਰੇਨਾ ਵੀ
ਜਹਾਜ਼ ਵੀ
ਸ਼ਮੀਲ ਦੀ ਕਲਪਨਾ ਸੱਚ ਹੋ ਰਹੀ ਹੈ ਵਾਕਿਆ ਹੀ ਕਰੋਨਾ ਨੇ ਸਭ ਕੁਝ ਥੱਕਾ ਦਿੱਤਾ। ਇਨਸਾਨ ਵੀ ਤੇ…….
——————————————-