ਡਾਕਖ਼ਾਨਾ ਖ਼ਾਸ – ਪੁਸਤਕ ਸੀਮੀਖਿਆ

ਪਹਿਲੀ ਵਾਰੀਂ ਦੋ ਦਹਾਕੇ ਪਹਿਲਾਂ ਮੈਂ Baljinder Nasrali ਦਾ ਨਾਮ ਸਾਡੇ ਵੱਡੇ ਵੀਰ Kulvir Gojra ਤੋਂ ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਵਿੱਚ ਇੱਕ ਦਿਨ ਖਾਣਾ ਖਾਂਦਿਆਂ ਸੁਣਿਆ ਸੀ। ਉਸ ਤੋਂ ਬਾਅਦ ਨਾ ਕਦੇ ਬਲਜਿੰਦਰ ਨਸਰਾਲੀ ਨਾਲ ਮਿਲਣ ਜਾਂ ਗੱਲ-ਬਾਤ ਕਰਨ ਦਾ ਮੋਕਾ ਮਿਲਿਆ।

ਇੱਕ ਵੱਖਰਾ ਜਿਹਾ ਉਪਨਾਮ ਹੋਣ ਕਾਰਨ ਇਹ ਨਾਂ ਚੇਤੇ ਵਿੱਚ ਰਿਹਾ ਤੇ ਕੁਝ ਚਿਰ ਪਹਿਲਾਂ ਇਹ ਨਾਂ Facebook ਤੇ ਦੇਖਿਆ ਤਾਂ ਆਪਣੇ ਖਾਤੇ add ਕਰ ਦਿੱਤਾ।

ਇਸ ਹਫ਼ਤੇ ਬਲਜਿੰਦਰ ਨਸਰਾਲੀ ਦੀਆਂ ਦੌ ਲਿਖਤਾਂ ਪੜ੍ਹਨ ਦਾ ਮੌਕਾ ਮਿਲਿਆ ਤੇ ਦੋਵੇਂ ਹੀ ਕਮਾਲ ਦੀਆਂ ਲੇਖਣੀਆਂ ਹਨ। ਇੱਕ ਕਹਾਣੀ ਸੰਗ੍ਰਹਿ ਤੇ ਦੂਜਾ ਸਫ਼ਰਨਾਮਾ।

ਡਾਕਖ਼ਾਨਾ ਖ਼ਾਸ
—————
ਪਿਛਲੇ ਵਰ੍ਹੇ ਛਪੀ ਇਹ ਕਿਤਾਬ ਬਲਜਿੰਦਰ ਨਸਰਾਲੀ ਦੀਆਂ ਨੱਬੇਵਿਆਂ ਵਿੱਚ ਲ਼ਿਖੀਆਂ ਪੰਜ ਕਹਾਣੀਆਂ ਦਾ ਸੰਗ੍ਰਹਿ ਹੈ।

ਕਿਤਾਬ ਦੀ ਹਰ ਕਹਾਣੀ ਵੀਹਵੀਂ ਸਦੀ ਦੇ ਪਿਛਲੇ ਦੌ ਦਹਾਕਿਆਂ ਵਿੱਚ ਆਪਣਾ ਸਵਰੂਪ ਬਦਲਦੇ ਤੇ ਨਵੀਂ ਪਛਾਣ ਲੱਭਦੇ ਪੰਜਾਬ ਦੀ ਤੇ ਪੰਜਾਬ ਦੇ ਲੋਕਾਂ ਦੇ ਜੀਵਨ ਦਾ ਬਿਰਤਾਂਤ ਹੈ। ਅਸੀਂ ਜਿਹੜੇ ਪਾਠਕ ਉਹਨਾਂ ਸਮਿਆਂ ਵਿੱਚ ਜੰਮੇ-ਪਲੇ ਸ਼ਾਇਦ ਇਸ ਬਿਰਤਾਂਤ ਨੂੰ ਆਪਣੀ ਜ਼ਿੰਦਗੀ ਨਾਲ ਮੇਲ ਸਕਦੇ ਹਾਂ।

ਕਿਤਾਬ ਦੀਆਂ ਕਹਾਣੀਆਂ ਦੇ ਸਭ ਪਾਤਰ ਆਪਣੇ ਆਪ ਵਿੱਚ ਸਮੁੱਚਤਾ ਹਨ ਚਾਹੇ ਉਹ:

ਡਾਕਖ਼ਾਨਾ ਖ਼ਾਸ ਕਹਾਣੀ ਵਿੱਚ ਸਮੇਂ ਦੀਆਂ ਪ੍ਰਸਥਿਤੀਆਂ ਦਾ ਭਟਕਾਇਆ ‘ਜੱਸੀ’ ਜੋ ਜਿੰਦਗੀ ਦੇ ਓਸ ਚੁਰਾਹੇ ਜਾ ਪਹੁੰਚਦਾ ਜਿਥੇ ਹਰ ਪਾਸੇ ਮੌਤ ਹੀ ਮੰਜਿਲ ਹੈ (ਜਿਓਂਦਿਆਂ ਵੀ ਤੇ ਮਰਿਆ ਵੀ), ਦੂਜਾ ਪਾਤਰ ਪਰਿਵਾਰ ਦੀਆਂ ਤੰਦਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦਾ ਤੇ ਦਿਨ-ਦਿਨ ਹਾਰਦਾ ਉਸਦਾ ਬਾਪ ‘ਮਲਕੀਤ ਸਿੰਘ’।

ਕਹਾਣੀ ਸੂਰਜਵੰਸ਼ੀ ਦਾ ਮੁੱਖ ਪਾਤਰ ‘ਜੋਰਾ’ ਜੋ ਆਪਣੀ ਪ੍ਰਬਲ ਸੋਚ ਦੇ ਅਧਾਰ ਤੇ ਸਮਾਜ ਵਿੱਚ ਝੁੱਲ ਰਹੇ ਝੱਖੜਾਂ ਨੂੰ ਸਹਿਣ ਦੀ ਹਿੰਮਤ ਕਰਦਾ ਪਰ ਦੋਗਲੇ ਕਾਮਰੇਡ ਰਘਬੀਰ, ਰਾਜਨੀਤੀ ਦੇ ਕੋਹੜੀ ਲੀਡਰ ਦਿਲਸ਼ੇਰ ਸਿੰਘ ਤੇ ਉਸਦੇ ਪਾਲੇ ਥਾਣੇਦਾਰ ਬਰਾੜ ਵੱਲੋਂ ਝੁਲਾਈ ਘੁੰਮਣ-ਘੇਰੀ ਵਿੱਚ ਐਸਾ ਅੱੜਦਾ ਹੈ ਕਿ ਅੰਤ …

ਸਮਾਜਿਕ ਤੇ ਆਰਥਿਕ ਤੌਰ ਤੇ ਬਦਲ ਰਹੇ ਪੰਜਾਬ ਵਿੱਚ ਇੱਕ ਪਾਤਰ ‘ਅਰਜਣ’ ਆਪਣੀ ਉਮਰ ਦੇ ਵੱਧਣ ਨਾਲ ਲਾਣੇਦਾਰੀ ਤੇ ਪਰਵਾਸੀ ਲੇਬਰ ਦੀ ਆਮਦ ਦੇ ਵਿੱਚਕਾਰ ਦਿਨੋ ਦਿਨ ਘਸ ਰਿਹਾ ਸੀ – ਹੋਂਦ ਪੱਖੋਂ । ਉਸੇ ਪੰਜਾਬ ਵਿੱਚ ‘ਮੀਤੋ ਮਰਾਸਣ’ ਪੁੱਛਾਂ ਦਿੰਦੀ ਸੋਧੀ ਗਈ, ਉਹਦੀ ਭੱਟਕਦੀ ਰੂਹ ਸ਼ਾਇਦ ਹੁਣ ਪੰਜਾਬ ਵਿੱਚ ਥਾਂ ਥਾਂ ਡੇਰੇ ਦੇਖਕੇ ਸਾਡੀ ਪੰਜਾਬੀਆਂ ਦੀ ਸੋਚ ਨੂੰ ਕੋਸਦੀ ਹੋਵੇ।

ਕਿਤਾਬ ਦੀ ਇੱਕ ਛੋਟੀ ਜਿਹੀ ਕਹਾਣੀ ‘ਹੱਡਾਂਰੋੜੀ’ ਆਪਣੇ ਪਾਤਰ ‘ਜੇਬੂ’ ਜ਼ਰੀਏ ਪਿੰਡਾਂ ਵਿੱਚ ਪਿਆਰ ਦੀ ਤਿੜਕਦੀ ਮਾਲਾ ਦੇ ਮਣਕਿਆਂ ਨੂੰ ਨੋਟਾਂ ਦੇ ਹਾਰਾਂ ਵਿੱਚ ਬਦਲਦੀ ਪ੍ਰਸਥਿਤੀ ਨੂੰ ਬਿਆਨ ਕਰਦੀ ਹੈ। ਮਾੜੇ ਵੇਲੇ ਇੱਕ ਦੂਜੇ ਨਾਲ ਦਿਲੋਂ ਖੜਨ ਦੀ ਤੀਬਰਤਾ ਸ਼ਾਇਦ ਉਦੋਂ ਘਟਣੀ ਸ਼ੁਰੂ ਹੋ ਗਈ ਸੀ ਜਦੋਂ ਤੋਂ ਅਸੀਂ ਪਿੰਡਾਂ ਦੇ ਛੋਟੇ ਛੋਟੇ ਕਿੱਤਿਆਂ ਨੂੰ ਹੱਡਾਂਰੋੜੀਆਂ ਦੀ ਤਰ੍ਹਾਂ ਵਪਾਰਕਤਾ ਦੇ ਰਾਹ ਰੋੜ ਦਿੱਤਾ।

ਅੰਡਾਮਾਨ ਦਾ ਸਫ਼ਰਨਾਮਾ
———————
ਉਪਰਲੀ ਕਿਤਾਬ ਦੀ ਗੰਭੀਰਤਾ ਦੇ ਸੰਦਰਭ ਵਿੱਚ ਇਹ ਹਲਕੀ ਫੁਲਕੀ ਕਿਤਾਬ ਲੇਖਕ ਦੇ ਅੰਡਾਮਾਨ ਟਾਪੂਆਂ ਦੀ ਪਰਿਵਾਰ ਸਮੇਤ ਕੀਤੀ ਯਾਤਰਾ ਦਾ ਵਰਣਨ ਹੈ।

ਇਹ ਸਫ਼ਰਨਾਮਾ ਪੜ੍ਹ ਕੇ ਲੇਖਕ ਦੀ ਪਰਪੱਕ ਲੇਖਣੀ ਦਾ ਪਤਾ ਲੱਗਦਾ ਕਿ ਕਿਵੇਂ ਉਹ ਆਪਣੀਆਂ ਅੱਖਾਂ ਰਾਹੀਂ ਪਾਠਕ ਨੂੰ ਆਪਣੇ ਆਲੇ ਦੁਆਲੇ ਦੇ ਦ੍ਰਿਸ਼ਾਂ ਨੂੰ ਦਿਖਾਉਣ ਦੀ ਵਿੱਲਖਣ ਸਮਰੱਥਾ ਰੱਖਦਾ।

ਬਲਜਿੰਦਰ ਨਸਰਾਲੀ ਨੇ ਇਸ ਕਿਤਾਬ ਵਿੱਚ ਆਪਣੇ ਪੜੇ ਪੜਾਏ ਗਿਆਨ ਰਾਹੀਂ ਕਾਲੇ ਪਾਣੀਆਂ ਦੀ ਇਸ ਦੁਨੀਆਂ ਦੇ ਵਰਤਮਾਨ ਨੂੰ ਪਿਛੋਕੜ ਨਾਲ ਜੋੜਨ ਦਾ ਤਜਰੁਬਾ ਕਰ ਪਾਠਕਾਂ ਨੂੰ ਇਤਿਹਾਸ ਦੀਆਂ ਝਲਕਾਂ ਦਰਸਾ ਅਪਨਤ ਦੀ ਪਗ-ਡੰਡੀ ਘੁੰਮਾਕੇ ਇਹਨਾਂ ਟਾਪੂਆਂ ਨਾਲ ਮਨੋਂ ਜੁੜਨ ਦੀ ਚਾਹ ਜਿਗਾਈ ਹੈ।

ਲੇਖਕ ਦੇ ਕਹਾਣੀਕਾਰ ਹੋਣ ਕਾਰਣ ਲੇਖਕ ਹਰ ਝਲਕ, ਹਰ ਸੰਵਾਦ ਤੇ ਹਰ ਟਾਪੂ ਦੇ ਕਿਤੇ ਸਫਰ ਦੀ ਸ਼ੁਰੂਆਤ, ਮੱਧ ਤੇ ਅੰਤ ਨੂੰ ਇੰਝ ਜੋੜਦਾ ਜਿਵੇਂ ਉਹ ਆਪਣੇ ਆਪ ਵਿੱਚ ਹੀ ਕੋਈ ਲਘੂ ਕਹਾਣੀ ਹੋਣ।

ਕਿਤਾਬ ਪੜਦਿਆਂ ਜਾਪਿਆ ਜਿਵੇਂ ਲੇਖਕ ਦੇ ਨਾਲ ਅੰਡਾਮਾਨ ਟਾਪੂ ਤੇ ਉਹਨਾਂ ਉਪਰ ਵਿਚਰਦੀ ਜ਼ਿੰਦਗੀ ਨੂੰ ਨੇੜਿਓਂ ਤੱਕ ਲਿਆ ਹੋਵੇ, ਏਹੀਓ ਤਾਂ ਮਕਸਦ ਹੁੰਦਾ ਸਫ਼ਰਨਾਮਿਆਂ ਦਾ। ਇਸ ਪ੍ਰਾਪਤੀ ਦੀਆਂ ਲੇਖਕ ਨੂੰ ਵਧਾਈਆਂ।
———————-

ਬਲਜਿੰਦਰ ਨਸਰਾਲੀ ਦੀਆਂ ਇਹ ਦੋਵੇਂ ਕਿਤਾਬਾਂ ਪੜ੍ਹਦਿਆਂ ਬਹੁਤ ਆਨੰਦ ਆਇਆ।
ਲੇਖਕ ਦੀ ਤੀਜੀ ਕਿਤਾਬ “ਹਾਰੇ ਦੀ ਅੱਗ” ਪੜ੍ਹਨ ਦੀ ਉਕਸੁਕਤਾ ਹੈ।
ਨਾਲ਼ੋ ਨਾਲ ਕਿਤਾਬ “ਅੰਬਰ ਪਰੀਆਂ” ਨੂੰ ਵੀ wish list ਵਿੱਚ ਜੋੜ ਲਿਆ।

ਕੰਵਰ ਬਰਾੜ

Leave a comment