ਹੁਣ ਨਹੀਂ ਹਰਨਾ

ਸਿਰ ਬੰਨ੍ਹ ਪਰਨਾ
ਸ਼ਹਿਰੀਂ ਧਰਨਾ
ਤਾਸੀਰ ਸਾਡੀ ਤਾਂ
ਹਮੇਸ਼ਾ ਹੱਕ ਹਕੂਕ
ਲਈ ਲੜਨਾ।

ਮੁੱਦਾ ਕਿਰਸਾਨੀ
ਜ਼ਮੀਨ ਬਰਾਨੀ
ਉਦਾਸ ਜਵਾਨੀ
ਸਭ ਨੇ ਰਲਕੇ
ਇੱਕ-ਦੂਜੇ ਸੰਗ ਖੜਨਾ।

ਮੁੱਦਾ ਟਰੈਕਟਰ
ਉਹ ਫ਼ਿਲਮੀ ਐਕਟਰ
ਫਸਲ ਦੀ ਟਰਾਲੀ
ਕਿਓਂ ਜੇਬ ਫੇਰ ਖਾਲ਼ੀ
ਕਰ ਕਿਰਤ ਕਮਾਈ
ਇਹਨੂੰ ਫਿਰ ਭਰਨਾਂ।

ਮੁੱਦਾ ਹਾਲੀ
ਸੁਵੱਖਤੇ ਉਠਦਾ ਪਾਲੀ
ਪਾਈ ਮੌਲੇ ਪੰਜਾਬ ਗਲ
ਜ਼ੈਲਦਾਰਾਂ ਦੀ ਪੰਜਾਲ਼ੀ
ਸਭ ਕਰਕੇ ਸੋਚ ਵਿਚਾਰ
ਇਹਨੂੰ ਪਰ੍ਹੇ ਲਾਹ ਧਰਨਾ।

ਮੁੱਦਾ ਪ੍ਰਵਾਸ
ਮਰ ਰਹੀ ਸੋਚ ਦਾ ਅਹਿਸਾਸ
ਨੇਤਾਵਾਂ ਤੋਂ ਉੱਠਿਆ ਵਿਸ਼ਵਾਸ
ਜੱਟ ਜਾਟ ਜਿਓਂ ਨਹੁੰ ਮਾਸ
ਅੱਜ ਆ ਗਏ ਪਾਸ ਪਾਸ
ਕਿਸੇ ਚੰਗੇ ਕਰਮਾਂ।

ਮੁੱਦਾ ਕਰਜ਼ਾ
ਜਿਓਂ ਸ਼ਵ ਪਾਣੀ ਤੇ ਤਰਦਾ
ਮਹਿੰਗੀ ਸਿੱਖਿਆ ਤੇ ਬੇਰੁਜ਼ਗਾਰੀ
ਮੋੜ ਲਿਆਉਣੀ ਅਸੀਂ ਫਿਰ ਸਰਦਾਰੀ
ਕਿਸਾਨਾਂ ਪਾ ਦਿੱਤਾ ਪੜ੍ਹਿਆਂ ਨੂੰ ਪੜਨਾਂ।

ਮੁੱਦਾ ਖੇਤ
ਕੋਈ ਸਰਕਾਰੀ ਭੇਤ
ਪੜ੍ਹਿਆ ਸੀ ਵਿੱਚ ਇਤਿਹਾਸ
ਪਰ ਅੱਜ ਵਾਪਰਿਆ ਕੁਝ ਖ਼ਾਸ
ਹੁਣ ਬੱਝ ਗਈ ਏ ਆਸ
ਏਸ ਪੰਜਾਬ ਨੇ ਹੁਣ ਨਹੀਂ ਹਰਨਾ।

Leave a comment