ਮਨ ਦੀ ਬਾਤ ਕਿਸਾਨ ਨਾ ਸਮਝੇ


ਲੋਕ ਕਲਿਆਣ ਮਾਰਗ ਜੋ ਰਹਿੰਦੇ

ਸੁਣਿਆ, ਉਹ ਕਹਿੰਦੇ

ਲਈ ਕਿਸਾਨੀ ਦੇ ਫ਼ਾਇਦੇ

ਪੜ੍ਹ ਪੜ੍ਹ ਕਾਇਦੇ

ਪੁਗਾਏ ਕਾਨੂੰਨਾਂ ਦੇ ਵਾਇਦੇ

ਮੀਡੀਏ

ਬੜ੍ਹੀ ਸਮਝਾਉਣੀ ਚਾਹੀ

ਮਨ ਦੀ ਬਾਤ ਕਿਸਾਨ ਨਾ ਸਮਝੇ।

ਕੱਚੀ ਪਹੀ

ਖੁੰਢੀ ਕਹੀ


ਸ਼ਾਹ ਦੀ ਲਾਲ ਵਹੀ

ਨੀਲੇ ਅੰਗੂਠੇ


ਤਲੀਆਂ ਦੀ ਬਿਆਈ

ਔਖੀ ਕਮਾਈ

ਘੰਦੋਲੀ ਓਹਲੇ


ਚੁੱਲਿਆਂ ਚੋਂ ਮੁੱਕਦੀ ਅੱਗ
ਕਰਜ਼ੇ ਨਾਲ ਮੈਲ਼ੀ ਪੱਗ


ਅੱਧਖੜ ਦਾੜੀਆਂ ਤੇ ਮੁੱਛਾਂ

ਚੋਂ ਝਾਕਦੀਆਂ ਥੱਕੀਆਂ ਅੱਖਾਂ ਲਈ
ਮਸਲਾ ਕੋਈ ਨਾਸਮਝ ਦਾ ਨਹੀਂ,
ਜਨਾਬ ਤਾਂ ਹੀ ਤਾਂ

ਮਨ ਦੀ ਬਾਤ ਕਿਸਾਨ ਸਮਝਦਾ ਨਹੀਂ।

ਸਾਡੇ ਦੇ ਖੇਤਾਂ ਦੀ ਪੈਦਾਵਾਰ
ਕਾਗ਼ਜ਼ ਤੇ ਕਲਮ ਤੋਂ,
ਤੈਂ ਬਣਾਈਆਂ ਯੋਜਨਾਵਾਂ

ਮਿਟਾ ਫਸਲਾਂ ਤੇ ਨਸਲਾਂ
ਦੀਆਂ ਸੰਭਾਵਨਾਵਾਂ,
ਕਿਰਤੀ ਦੀ ਸੂਝ ਅਤੇ
ਹਾਕਮ ਦੀ ਬੂਝ ਵਿੱਚ ਪਾੜਾ

ਨੀਤੀ ਤੋਂ ਨੀਅਤ ਤੱਕ ਦਾ,
ਬਹੁਤੇ ਸੁਲਝਿਆ ਨੂੰ
ਸ਼ਾਇਦ ਪਤਾ ਇਸ ਰਮਜ਼ ਦਾ ਨਹੀਂ,
ਜਨਾਬ ਤਾਂ ਹੀ
ਕਿਸਾਨ ਸਮਝਦਾ ਨਹੀਂ।

ਕੱਤਕ ਦੀਆਂ ਕਰੰਡਾਂ
ਤੇ ਹਾੜ੍ਹ ਦੇ ਹੜ,
ਗੜ੍ਹਿਆਂ ਦੀ ਮਾਰ
ਤੇ ਗਾਵਾਂ ਦੀ ਡਾਰ,
ਡੂੰਘੇ ਪਾਣੀ ਤੇ ਰੇਆਂ ਸਪਰੇਆਂ
ਜ਼ਮੀਨਾਂ ਬਣਾਈਆਂ ਕੱਟ ਤੇਹਾਂ,
ਹਰ ਸਾਲ ਸਮੇਂ ਸਿਰ ਫਸਲ ਬੀਜੇ
ਫਿਰ ਵੀ ਕੁੜਤਿਆਂ ਦੇ ਖਾਲ਼ੀ ਗੀਝੇ,
ਹੁਣ ਇਹ ਨਾ ਸੋਚ ਕੇ ਸਾਨੂੰ ਪਤਾ
ਸ਼ਾਹੂਕਾਰਾਂ ਦੀ ਨਬਜ਼ ਦਾ ਨਹੀਂ,
ਸ਼ਾਇਦ ਤਾਂ ਹੀ
ਕਿਸਾਨ ਸਮਝਦਾ ਨਹੀਂ।

ਤੇਰੇ ਲਈ ਇਹ ਜੱਟ ਬੂਟ
ਚੱਲਣ ਨਹੀਂ ਦਿੰਦੇ ਕੋਰੇ ਝੂਠ,
ਪੁੱਤ ਪੋਤਰੇ ਵਸਦੇ
ਧਰਤੀ ਦੀ ਹਰ ਕੂਟ,
ਟਰੈਕਟਰ ਤੋਂ ਟਵਿੱਟਰ ਵਾਲਾ
ਬਾਬੇ ਨਾਨਕ ਦਾ ਉਪਾਸ਼ਕ
ਤੇ ਭਗਤ ਸਿੰਘ ਦਾ ਵਾਰਿਸ,
ਲੰਗਰ ਵਿੱਚ ਵੰਡ ਰਿਹਾ ਕਿਤਾਬ
ਮੋੜ ਰਿਹਾ ਤੇਰੇ ਦੇਸ਼ ਦੇ ਖਿਤਾਬ,
ਬੱਸ ਇਹੀ ਬਿਰਤਾਂਤ ਤੇਰੇ ਹਜ਼ਮ ਦਾ ਨਹੀਂ
ਸ਼ਾਇਦ ਤਾਂ ਹੀ
ਕਿਸਾਨ ਸਮਝਦਾ ਨਹੀਂ।

Leave a Reply

Discover more from ਅੱਖਰ

Subscribe now to keep reading and get access to the full archive.

Continue reading