ਚਾਹ ਤੋਂ ਗ੍ਰੀਨ ਟੀ ਤੱਕ ਦਾ ਸਫ਼ਰ

ਅੱਜ JasWant SiNgh ZaFar ਜੀ ਨੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਤੇ ਆਯੋਜਿਤ ਕਰਵਾਏ ਪ੍ਰੋਗਰਾਮ ਵਿੱਚ ਮੁੱਖ ਭਾਸ਼ਣ ਦੌਰਾਨ ਵਿੱਚ ਇੱਕ ਬਹੁਤ ਡੂੰਘੀ ਗੱਲ ਕੀਤੀ ਕੇ ਮਾਤ ਭਾਸ਼ਾ ਮਾਹੌਲ ਤੇ ਸਮੇਂ ਮੁਤਾਬਕ ਬਦਲਦੀ ਰਹਿੰਦੀ ਹੈ।

ਸਾਨੂੰ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਅਪਣਾਉਣ ਵਿੱਚ ਸੰਗ ਨਹੀਂ ਹੋਣੀ ਚਾਹੀਦੀ। ਇਹ ਜ਼ਿੰਦਗੀ ਦੇ ਰੰਗ-ਬਰੰਗੇ ਬਦਲਾਓ ਦਾ ਹਿੱਸਾ।

ਸ਼ਾਇਦ ਇਹ ਵੀ ਇੱਕ ਤਰੀਕਾ ਹੈ ਆਉਣ ਵਾਲ਼ੀਆਂ ਪੀੜੀਆਂ ਨੂੰ ਸਾਡੀ ਮੂਲ ਭਾਸ਼ਾ ਪੰਜਾਬੀ ਨਾਲ ਜੋੜੇ ਰੱਖਣ ਦਾ।

ਮੈਂ ਪਿੰਗਲਿਸ਼ ( ਪੰਜਾਬੀ + English) ਦਾ ਤਜਰਬਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।
ਉਮੀਦ ਹੈ ਕਿ ਪਸੰਦ ਆਵੇਗਾ।

ਲਾਹ ਦਰਵਾਜ਼ੇ
ਡੋਰਾਂ ਲਾਈਆਂ ।
ਖਿੜਕੀਆਂ ਵਿੱਚ
ਵਿੰਡੋਆਂ ਫਸਾਈਆਂ।
ਹਟਾ ਤਖ਼ਤਪੋਸ਼
ਲਾ ਲਿਆ ਸੈਟੀ।
ਪਿੰਡ ਦਾ ਗਾਲ੍ਹੜੀ
ਬਣ ਗਿਆ ਚੈਟੀ।

ਰੋਟੀ ਕੁੱਕ ਕਰਨ ਨੂੰ
ਦਿਲ ਨਹੀਂ ਕਰਦਾ।
ਖਾ ਬਰਗਰ ਪੀਜੇ
ਵੀ ਕਿੱਥੇ ਸਰਦਾ।
ਦਿਲ ਖੁਲੇ ਨੇ ਪਰ ਕਿਉਂ
ਫ਼ੋਨ ਅਣਲੋਕ ਤੋਂ ਡਰਦਾ।
ਪਰਦੇ ਵੀ ਕੱਜਿਆ ਆਪਣਾ
ਕਰਟਨ ਦੇ ਨਾਲ ਪਰਦਾ।

ਬਿਲਡਰ ਨਾਲ ਇੱਕ
ਪਲੰਬਰ ਬਲਾਉਣਾ।
ਢਾਹ ਗ਼ੁਸਲਖ਼ਾਨਾ
ਬਾਥਰੂਮ ਬਣਾਉਣਾ।
ਫੇਸਬੁਕ ਦਾ
ਅਕਾਊਂਟ ਚਲਾਉਣਾ।
ਲਿਖਣਾ ਕੁਝ ਨੀ ਬਸ
ਪੁੱਠਾ ਸਿੱਧਾ ਗੂਠਾ ਪਾਉਣਾ।

ਆਈ ਲਵ ਯੂ ਕਹਿੰਦਾ
ਮੰਮੀ ਤੋਂ ਸੰਗ ਗਿਆ।
ਵਜਦੇ ਮਿਊਜ਼ਿਕ ਤੋਂ
ਡੈਡੀ ਵੀ ਤੰਗ ਪਿਆ।
ਖੇਤ ਬੰਨੇ ਨਹੀਂ
ਹੁਣ ਜੌਬ ਤੇ ਜਾਂਦਾ।
ਖੀਰੇ ਨਹੀਂ ਹੁਣ
ਸੈਲਦ ਖਾਂਦਾ।

ਜਦ ਦੋ ਵਾਲੀ
ਟੀ ਸੀ ਧਰ ਲੀ।
ਸ਼ੱਕਰ ਦੀ ਥਾਂ
ਸਵੀਟਨਰ ਕਰ ਲੀ।
ਨਾ ਮਾਰ ਚੁਸਕੀਆਂ
ਸਿੱਪ ਸਿੱਪ ਪੀ ਲੈ।
ਨਾਲ ਗ੍ਰੀਨ ਟੀ ਦੇ
ਸ਼ਹਿਰੀ ਲਾਈਫ਼ ਨੂੰ ਜੀ ਲੈ।

ਬਰੋ ਪੰਜਾਬੀ ਭਾਸ਼ਾ
ਸਭ ਕੁਝ ਜਰ ਲੂ।
ਓਪਰੇ ਸ਼ਬਦ ਵੀ
ਆਪਣੇ ਕਰਲੂ।
ਪਰ ਸ਼ਬਦ ‘ਵੀਜ਼ਾ’
ਸੁਣ ਥਰੋਟ ਜਿਹੀ ਭਰਗੀ।
ਮਾਈਗਰੇਸ਼ਨ ਪੰਜਾਬ ਨੂੰ
ਖਾਲ਼ੀ ਜਿਓਂ ਕਰਗੀ।

Leave a comment