ਕਿਤਾਬ ਧੂਫ – ਪੁਸਤਕ ਸੀਮੀਖਿਆ II

ਇਸ ਹਫ਼ਤੇ Shameel Jasvir ਦੀ ਕਿਤਾਬ ਧੂਫ ਨੂੰ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ – APA Foundation ਵੱਲੋਂ ਬਾਬਾ ਫਰੀਦ ਸਾਹਿਤ ਸਨਮਾਨ 2021 ਨਾਲ ਸ਼ਿੰਗਾਰਿਆ ਗਿਆ।

ਸੁਣ ਕੇ ਚੰਗਾ ਲੱਗਾ। ਬਹੁਤ ਹੀ ਉੱਤਮ ਪੱਧਰ ਦੀ ਕਵਿਤਾ।

ਇਸ ਕਿਤਾਬ ਵਿਚਲੀ ਔਰਗੈਨਿਕ ਬੰਦੇ ਕਵਿਤਾ ਬਹੁਤ ਦੇਰ ਵੱਟਸਐਪ ਤੇ ਚੱਕਰ ਕੱਟਦੀ ਰਹੀ ਜੋ ਕਿਤਾਬ ਪ੍ਰਤੀ ਪਾਠਕਾਂ ਦੀ ਖਿੱਚ ਦਾ ਪ੍ਰਗਟਾਵਾ।

ਪਿਛਲੇ ਸਾਲ ਮੈਂ ਇਸ ਕਿਤਾਬ ਦਾ ਪਹਿਲਾ ਹਿੱਸਾ ‘ਟਰੇਨ ਕਵਿਤਾ’ ਪੜ੍ਹਕੇ ਫੇਸਬੁੱਕ ਜਰੀਏ ਆਪਣੇ ਵਿਚਾਰ ਸਾਂਝੇ ਕੀਤੇ ਤਾਂ ਕਈ ਦੋਸਤਾਂ ਨਾਲ ਫ਼ੋਨ ਤੇ ਇਸ ਬਾਰੇ ਲੰਮੀ ਵਿਚਾਰ ਚਰਚਾ ਹੋਈ। ਬਹੁਤ ਕੁਝ ਨਵਾਂ ਵਿਚਾਰਨ ਤੇ ਸਿੱਖਣ ਨੂੰ ਮਿਲਿਆ।

ਸ਼ਮੀਲ ਨੇ ਇਹ ਕਵਿਤਾ ਦੀ ਕਿਤਾਬ ਵਿੱਚ ਇੱਕ ਵਿਲੱਖਣ ਜਿਹਾ ਤਜਰਬਾ ਕੀਤਾ ਜੋ ਕਿ ਰਵਾਇਤੀ ਕਾਵਿ ਤੋਂ ਮੀਲਾਂ ਪਰੇ ਹੱਟ ਕੇ ਵੱਖਰੇ ਰਾਹ ਚੱਲਦਿਆਂ ਇੱਕ ਸਕਰੀਨ ਉਤੇ ਲਿਖੀ ਤੇ ਪੜ੍ਹੀ ਜਾ ਰਹੀ ਆਧੁਨਿਕ ਕਵਿਤਾ ਵਿੱਚ ਫੱਟੀ ਉਤੇ ਵਹਿੰਦੀ ਕਲਮ ਤੇ ਸਿਆਹੀ ਦੀ ਦਵਾਤ ਵਾਲੀ ਮਹਿਕ ਤੇ ਰਸ ਭਰਦਾ।

ਕਿਤਾਬ ਵਿੱਚ ਕਵੀ ਦੇ ਮਨੋਭਾਵਾਂ ਨੂੰ ਨੇੜੇ ਤੋਂ ਬਿਆਨ ਕਰਦਾ ਦੂਜਾ ਹਿੱਸਾ ‘ਇੱਕ ਪਿਓ ਦੀਆ ਕਵਿਤਾਵਾਂ’ ਕ੍ਰਿਸਮਸ ਤੋਂ ਪਹਿਲਾਂ ਪੜਨ ਦਾ ਮੋਕਾ ਮਿਲਿਆ ਤੇ ਪਰ ਕੁਝ ਲਿਖਣ ਲਈ ਸਮਾਂ ਨਹੀਂ ਲੱਗਾ।

ਇਸ ਹਫ਼ਤੇ ਉਪਰਲੀ ਖ਼ਬਰ ਨੇ ਤੀਜਾ ਹਿੱਸਾ ਪੜ੍ਹਨ ਲਈ ਹਲੂਣਿਆ।

ਕਿਤਾਬ ਦਾ ਤੀਜਾ ਹਿੱਸਾ ‘ਧੂਫ’ ਜੋ ਕਿਤਾਬ ਦਾ ਸਿਰਲੇਖ ਬਣ ਸਜਿਆ, ਆਸ ਤੇ ਅਹਿਸਾਸ ਨੂੰ ਸੁਮੇਲਦੇ ਸ਼ਬਦਾਂ ਦਾ ਇੱਕੋ ਹੀ ਭਾਸਾ ਵਿੱਚ ‘ਖ਼ਾਸ ਬਣ ਆਮ’ ਹੋਣ ਦਾ ਤਰਜਮਾ ਹੈ।

ਇਸ ਕਿਤਾਬ ਦੀ ਕਵਿਤਾ ਦੇ
ਅੱਖਰੋ ਅੱਖਰੀ ਹੁੰਦੇ ਸ਼ਬਦਾਂ ਦੀ
ਬੇਤਰਤੀਬੀ ਵਿੱਚਲੀ ਤਰਤੀਬ
ਵਾਕਾਂ ਦੀ ਖੜੋਤ ਤੇ ਠਹਿਰਾਅ ਵਿੱਚਲਾ ਵਹਾਅ
ਅਤੇ ਖਲ਼ਾਓ ਵਿੱਚੋਂ ਉਪਜਦੀ ਤਾਲ
ਇਸ ਕਿਤਾਬ ਨੂੰ ਤੇ ਇਸ ਨੂੰ ਪੜਨ ਵਾਲ਼ਿਆਂ ਦੀ ਸੋਚ ਸਮਝ ਨੂੰ ਅਪੂਰਨ ਤੋਂ ਸੰਪੂਰਨ ਕਰਦੀ ਹੈ।

ਸ਼ਮੀਲ ਮੁਖਬੰਦ ਵਿੱਚ ਕਵਿਤਾ ਦੀ ਲੋੜ੍ਹ ਬਾਰੇ ਵੱਖਰੇ ਅੰਦਾਜ਼ ਵਿੱਚ ਸੰਵਾਦ, ਸੰਵੇਦਨਸੀਲਤਾ ਤੇ ਰੂਹਾਨੀਅਤ ਨੂੰ ਅਭੇਦ ਕਰਦਾ ਹੈ, ਉਹ ਵੀ ਬਿਨਾ ਕੋਈ ਸਵਾਲ ਪੁੱਛਿਆਂ ਤੇ ਬਿਨ੍ਹਾ ਕੋਈ ਜਵਾਬ ਦਿੱਤਿਆਂ।

ਇਹ ਕਿਤਾਬ ਪੜਿਆਂ ਇੰਝ ਲੱਗਦਾ ਕਿ ਔਰਗੈਨਿਕ ਕਵਿਤਾ ਸੋਚ ਸਮਝ ਕੇ ਪਰੋਈ ਸ਼ਬਦਾਂ ਦੀ ਮਾਲਾ ਵਿੱਚੋਂ ਨਹੀਂ, ਸਗੋਂ ਬੁੱਕਾਂ ਦੇ ਬੁੱਕ ਭਰ ਵੰਡੇ ਅੱਗੜ ਦੁਗੜੇ ਸ਼ਬਦਾਂ ਦੇ ਪ੍ਰਸਾਦ ਚੋ ਉਪਜਦੀ ਹੈ। ਸਜਾ ਫਬਾਅ ਕੇ ਲਾਏ ਸ਼ਬਦ ਕਵਿਤਾ ਦੇ ਵਾਕਾਂ ਦੇ ਅਰਥਾਂ ਨੂੰ ਅਧੂਰਿਆਂ ਕਰਦੇ ਹਨ। ਪਰ ਸਹੀ ਜਗ੍ਹਾ ਲੱਗਿਆ ਇੱਕੋ ਸ਼ਬਦ ਆਪਣੇ ਆਪ ਵਿੱਚ ਕਹਾਣੀ ਬਿਰਤਾਂਤ ਕਰ ਜਾਂਦਾ। ਪੱਕੀਆਂ ਇੱਟਾਂ ਦੀ ਸੂਤ ਲਾ ਕੇ ਕੱਢੀ ਕੰਧ ਨਾਲ਼ੋਂ ਕਈ ਵਾਰ ਟੇਢੀ ਮੇਢੀ ਕੱਚੀ ਕੰਧ ਤੇ ਥੱਪੀਆਂ ਪਾਥੀਆਂ ਦੀ ਆਪਣੀ ਹੀ ਖ਼ੂਬਸੂਰਤੀ ਹੁੰਦੀ ਹੈ।

ਤੀਜੇ ਹਿੱਸੇ ਦੀਆਂ ਕਵਿਤਾਵਾਂ ਪੜਦਿਆਂ ਕੁਝ ਬੇਤਰਤੀਬੀਆਂ ਸਤਰਾਂ ਮਨ ਵਿੱਚ ਆਈਆਂ, ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾਂ।

ਕਾਇਨਾਤ ਵਿੱਚ
ਸੀਮਤ ਸ਼ਬਦਾਂ ਦੇ
ਭਾਵ ਅਸੀਮਤ ਹਨ
ਕਹਿੰਦਿਆਂ ਤੇ ਸੁਣਦਿਆਂ
ਬਦਲ ਜਾਂਦੇ ਨੇ
ਮਤਲਬੀ ਮਤਲਬ
ਜਿਵੇਂ ਧੂਫ ਅਤੇ ਧੂਫ
ਵਿੱਚ ਵੀ ਫਰਕ ਹੁੰਦਾ
ਆਲੇ ਮਘਦੀ ਅਗਰਬੱਤੀ
ਇਤਰ ਦੀ ਮਹਿਕ

ਬੰਦਾ ਚਲਾਕ ਹੈ
ਹੁਸਿਆਰ ਹੈ
ਜਾਨਵਰ ਇਹਦੀ ਬੋਲੀ ਸਮਝਦੇ ਨੇ
ਕਿਓਂ ਇਹ ਪੁਲਾੜ ਯਾਤਰੀ
ਗੋਲ ਧਰਤੀ ਦੁਆਲੇ ਵੱਸਦੇ
ਬੰਦਿਆਂ ਦੀ ਬੋਲੀ ਵੀ ਬੋਲਣ
ਦੇ ਕਾਬਲ ਨਹੀਂ
ਸੋਚਿਓ।

ਸ਼ਮੀਲ ਲਿਖਦਾ ਕਿ:

ਗਰੀਬੀ ਭਾਰੀ, ਗਰੀਬ ਹਲਕੇ
ਤੁਰਦੇ ਧਰਤੀ ਤੇ ਹੌਲੀ ਹੌਲੀ
ਗਰੀਬ ਦਾ ਭਾਰ ਕੋਈ ਨਾ

ਇਸ ਤਰਾਂ ਦੀਆ ਹੋਰ ਕਈ ਕਵਿਤਾਵਾਂ ਦੀਆ ਕਈ ਸਤਰਾਂ ਨੇ ਕਿਤਾਬ ਦੇ ਇਸ ਹਿੱਸੇ ਵਿੱਚ। ਜਿਵੇਂ:

ਕਿਸੇ ਨੇ ਮੈਨੂੰ ਜੁਗਤ ਦੱਸੀ
ਹਵਾ ਜ਼ੋਰ ਨਾਲ ਨਹੀਂ
ਜੁਗਤ ਨਾਲ ਪਕੜੀ ਜਾਂਦੀ ਹੈ।

ਬਹੁਤ ਹੀ ਢੁਕਵੀਆਂ ਸਤਰਾਂ ਨੇ ਇਹ ਅੱਜ ਦੀਆ ਸਮਾਜਿਕ ਤੇ ਆਰਥਿਕ ਜੰਗਾਂ ਦੇ ਸੰਦਰਭ ਵਿੱਚ।

ਮੇਰੀਆਂ ਸਭ ਤੋਂ ਮਨਪਸੰਦ ਸਤਰਾਂ ਇਸ ਕਿਤਾਬ ਵਿੱਚ ਹੇਠਲੀਆਂ ਹਨ:

ਕੁੱਝ ਵੀ ਛੱਡਣ ਲਈ
ਦਿਲ ਨਹੀਂ ਕਰਦਾ
ਆਹ ਵੀ ਤੇ ਔਹ ਵੀ
ਦੋਵੇਂ ਮਿਲਾਦੇ
ਦੁੱਧ ਚ ਪੱਤੀ ਪਾਦੇ।

ਅੱਜ ਦਾ ਮਨੁੱਖ ਬਹੁਤ ਕੁਝ ਕਹਿ ਕੇ ਵੀ ਦਿਲ ਦੇ ਭਾਵ ਪ੍ਰਗਟ ਨਹੀਂ ਕਰ ਪਾਉਂਦਾ ਕਿਉਂਕਿ ਸੰਗਾਂ ਦੇ ਸੰਗਲ਼ਾਂ ਵਿੱਚ ਬੰਨਿਆਂ ਨਾ ਕਿੱਲਾ ਪੁੱਟਣ ਜੋਗਾ ਤੇ ਨਾ ਖੁਰਲੀ ਤੱਕ ਪਹੁੰਚਣ ਜੋਗਾ। ਅੱਜ-ਕੱਲ੍ਹ ਲੋਕਾਂ ਦੇ ਗਲਾਂ ਵਿੱਚ ਰੋਟੀ ਨਹੀਂ ਸ਼ਬਦ ਅਟਕੇ ਪਏ ਨੇ।

ਪੱਕੀਆਂ ਸ਼ੜਕਾਂ ਤੇ
ਬੂਟ ਪਾ ਤੁਰਨ ਵਾਲੇ
ਕੀ ਜਾਣਨ ਕਿ
ਵਰਦੇ ਮੀਂਹਾਂ ਵਿੱਚ
ਖੇਤਾਂ ਨੂੰ ਜਾਂਦੇ ਕੱਚੇ ਰਾਹਾਂ ਤੇ
ਬਲਦਾਂ ਨੂੰ ਹੱਕਣ ਵਾਲੇ
ਚਿੱਕੜ ਵਿੱਚ ਲਿੱਬੜੇ ਪੈਰ
ਇਨਸਾਨ ਨੂੰ
ਕਦੇ ਥਿੜਕਣ ਨਹੀਂ ਦਿੰਦੇ।

ਮਿੱਟੀ ਦਾ ਬਣਿਆ ਇਨਸਾਨ
ਮਿੱਟੀ ਨਾਲ਼ੋਂ ਟੁੱਟ ਤਰੱਕੀ (ਵਿਕਾਸ) ਨਹੀਂ ਕਰ ਸਕਦਾ।

ਦਰਖ਼ਤ ਨਾਲ਼ੋਂ ਵੱਧ
ਤਖ਼ਤਪੋਸ਼ ਬਣਾ
ਕਿਸ ਤੂਤ ਦੀ
ਛਾਵੇਂ ਡਾਹੋਗੇ
ਗਰਮੀ ਸਿਖਰ ਤੇ
ਆਥਣ ਅਜੇ ਬਹੁਤ ਦੂਰ ਹੈ।

ਜੇ ਸਮਾਂ ਹੋਇਆਂ ਤਾਂ SukhanLok ਸੁਖ਼ਨਲੋਕ ਦੇ ਚੈਨਲ ਤੇ ਸ਼ਮੀਲ ਦੇ ਮੂੰਹੋਂ ਇਸ ਕਿਤਾਬ ਬਾਰੇ ਜ਼ਰੂਰ ਸੁਣਿਓ। ਇੱਕ ਇੱਕ ਸ਼ਬਦ ਤੂੰ ਨੂੰ ਮੈਂ ਅਤੇ ਮੈਂ ਨੂੰ ਧਰਤ ਨਾਲ ਜੋੜਦਾ।

Leave a Reply

Discover more from ਅੱਖਰ

Subscribe now to keep reading and get access to the full archive.

Continue reading