ਪਿਛਲੇ ਦਿਨੀਂ ਤਾਸਮਨ ਪੰਜਾਬੀ ਦੇ ਪੁਲੰਦੇ ਵਿੱਚ ਮਿਲੀ ਡਾ ਹਰੀ ਸਿੰਘ ਦੁਆਰਾ ਅਨੁਵਾਦ ਕੀਤੀ ਹਰਮਨ ਹੈਸ ਦੀ ਕਿਤਾਬ “ਸਿਧਾਰਥ” ਪੜ੍ਹਨ ਦਾ ਮੌਕਾ ਮਿਲਿਆ।
ਹਰਮਨ ਦਾ ਇਹ ਵੀਹਵੀਂ ਸਦੀ ਦਾ ਸਭ ਤੋਂ ਪ੍ਰਸਿੱਧ ਤੇ ਸਭ ਤੋਂ ਵੱਧ ਵਿਕਣ ਵਾਲਾ ਅਧਿਆਤਮਕ ਨਾਵਲ ਹੈ, ਜਿਸ ਨੂੰ ਹੁਣ ਤੱਕ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ ਹੈ।
ਇਹ ਨਾਵਲ, ਮੈਂ ਕਈ ਸਾਲ ਪਹਿਲਾਂ ਅੱਧ-ਪਚੱਦਾ ਅੰਗਰੇਜ਼ੀ ਵਿੱਚ ਪੜ੍ਹਿਆ ਸੀ। ਓਦੋਂ ਬਹੁਤਾ ਸੋਚਿਆ ਨਹੀਂ ਕਿ ਉਹ ਵੀ ਇੱਕ ਜਰਮਨ ਤੋਂ ਅਨੁਵਾਦ ਕੀਤੀ ਹੋਈ ਕਾਪੀ ਸੀ। ਡਾ ਹਰੀ ਸਿੰਘ ਦੁਆਰਾਂ ਪੰਜਾਬੀ ਵਿੱਚ ਅਨੁਵਾਦ ਕੀਤਾ ਇਹ ਨਾਵਲ ਪੜ੍ਹ ਕੇ ਇਹ ਨਹੀਂ ਲੱਗਦਾ ਕਿ ਇਹ ਸਿਰਫ ਵਾਕਾਂ ਦਾ ਅਨੁਵਾਦ ਹੈ, ਸਗੋਂ ਵਾਕਾਂ ਦਾ ਵਹਾਅ ਤੇ ਜੋੜ ਤੋੜ ਪੜ੍ਹ ਕੇ ਲੱਗਦਾ ਹੈ ਕਿ ਲੇਖਕ ਨੇ ਮੂਲ ਸੰਕਲਪ ਦੁਆਲੇ ਆਪਣੀਆਂ ਅੱਖਾਂ ਨਾਲ ਝਾਤੀ ਮਾਰ ਕੇ ਪੰਜਾਬੀ ਵਾਲਾ ਬਿਰਤਾਂਤ ਸਿਰਜਿਆ ਜਿਸ ਨੇ ਕਹਾਣੀ ਨੂੰ ਇੱਕ ਨਵੀਂ ਫਰਹਤ ਦਿੱਤੀ ਹੈ।
ਹਰਮਨ ਇੱਕ ਉੱਚ ਕੋਟੀ ਦਾ ਲੇਖਕ ਸੀ ਜਿਸ ਨੇ ਸੌ ਕੁ ਪੰਨਿਆਂ ਦੀ ਇਸ ਪੁਸਤਕ ਵਿੱਚ ਜੀਵਨ ਦੀ ਹੋਂਦ ਦੇ ਬਹੁਮੁਖੀ ਤੇ ਕਠਿਨ ਸਵਾਲਾਂ ਦੀ ਵਿਸ਼ਾਲਤਾ ਨੂੰ ਇੱਕ ਪੰਡ ਵਿੱਚ ਬੰਨ੍ਹ ਕੇ ਇਸ ਤਰਾਂ ਪੇਸ਼ ਕੀਤਾ ਜੋ ਪਾਠਕਾਂ ਨੂੰ ਆਪਣੇ ਆਪ ਹੱਲ ਲੱਭਣ ਲਈ ਪ੍ਰੇਰਦਾ।
ਨਾਵਲ ਦਾ ਮੁੱਖ ਪਾਤਰ ਸਿਧਾਰਥ ਉਮਰ ਦੇ ਵੱਖੋ ਵੱਖ ਪੜਾਵਾਂ ਵਿੱਚੋਂ ਗੁਜ਼ਰਦਾ ਗਿਆਨ ਦੀ ਭੁੱਖ ਵਿੱਚ ਬਹੁਤ ਕੁਝ ਸਿੱਖਦਾ ਸਿਖਾਉਂਦਾ, ਸੰਭਲ਼ਦਾ ਤੇ ਡੋਲਦਾ ਤੇ ਫਿਰ ਸੰਭਲ਼ਦਾ, ਬਹੁਤ ਗਵਾਉਂਦਾ ਤੇ ਪਾਉਂਦਾ, ਇਹ ਸਭ ਕੁਝ ਕਰਦਾ ਕਦਮ ਦਰ ਕਦਮ ਮੁਕਤੀ ਦੀ ਭਾਲ ਵਿੱਚ ਭਟਕਦਾ ਜਦ ਆਪਣੇ ਆਪ ਵਿੱਚ ਲੀਨ ਹੁੰਦਾ ਤਾਂ ਆਖਰ ਸਮਝ ਜਾਂਦਾ ਕਿ ਮੁਕਤੀ ਤਾਂ ਹਮੇਸਾ ਉਸਦੀ ਬੁੱਕਲ਼ ਵਿੱਚ ਸਮਾਈ ਬੈਠੀ ਸੀ। ਖੁਦੀ ਨੂੰ ਸਮਝ, ਆਤਮਾ ਨਾਲ ਜੁੜ, ਰੱਬ ਨਾਲ ਮੇਲ ਕਰਨ ਦਾ ਚਾਹਵਾਨ ਇਹ ਇਨਸਾਨ ਉਸ ਤੋਂ ਵੀ ਉਪਰਲੇ ਮੁਕਾਮ ਤੇ ਪਹੁੰਚ ਜਾਂਦਾ ਜਿੱਥੇ ਕਿਸੇ ਗੁਰ, ਗੁਰੂ ਜਾਂ ਸਿਧਾਂਤ ਦੀ ਲੋੜ ਨਹੀਂ ਪੈਂਦੀ ਸਗੋਂ ਨਿਰਵਾਣ ਇੱਕ ਸ਼ਬਦ ਦੀ ਥਾਂ ਵਿਚਾਰ ਬਣਦਾ।
ਕਿਤਾਬ ਦੇ ਬਹੁਤ ਰੀਵਿਊ ਹੋ ਚੁੱਕੇ ਹਨ ਤੇ ਮੈਨੂੰ ਨਹੀਂ ਲੱਗਦਾ ਕਿਤਾਬ ਦੀ ਉੱਚਤਾ ਬਾਰੇ ਕੁਝ ਕਹਿਣਾ ਲਿਖਣਾ ਬਾਕੀ ਰਹਿ ਜਾਂਦਾ ਫੇਰ ਵੀ ਕਿਤਾਬ ਨੂੰ ਪੜ੍ਹਦਿਆਂ ਵਿਚਾਰਦਿਆਂ ਜੋ ਖਿਆਲ ਦਿਮਾਗ ਵਿੱਚ ਆਏ ਉਹ ਤੁਹਾਡੇ ਨਾਲ ਸਾਂਝੇ ਕਰ ਰਿਹਾ।
ਅਸੀਂ ਸਭ ਸਿਧਾਰਥ ਹਾਂ – ਮੈਂ, ਤੂੰ ਤੇ ਉਹ
ਸਭ ਅਸਥਾਈ
ਫਿਰ ਕਿਓਂ ਨਿੱਤ ਇਸ ਅਨਿੱਤ ਨੂੰ
ਸਥਿਰ ਕਰਨ ਦੀ ਜੰਗ ਜਾਰੀ ਹੈ?
“ਹੁਣ”(present) ਵਿੱਚ ਜਿਉਣਾ ਹੀ ਪ੍ਰਾਪਤੀ ਹੈ
ਕਦੇ ਇੱਛਾਵਾਂ ਨੂੰ ਪੂਰਦੇ ਤੇ ਕਦੇ ਇੱਛਾਵਾਂ ਨੂੰ ਮਾਰਦੇ।
ਕੀ ਹੈ ਇਹ ਸਮਾਂ?
ਲੰਘਿਆ ਕੱਲ੍ਹ, ਅੱਜ ਤੇ ਆਉਣ ਵਾਲਾ ਕੱਲ੍ਹ
ਕੀ ਸਮਾਂ ਵਾਕਿਆ ਹੀ ਵੰਡਿਆ ਜਾ ਸਕਦਾ?
ਸੋਚ ਕੇ ਦੇਖਿਓ ਸਮਾਂ ਇੱਕ ਹੀ ਹੁੰਦਾ
ਹੁਣ ਕੇਵਲ ਹੁਣ ਹੀ ਹੈ
ਲੰਘਿਆ ਕੱਲ੍ਹ, ਵੀ ਕਦੇ ਹੁਣ ਸੀ
ਆਉਣ ਵਾਲਾ ਕੱਲ੍ਹ, ਵੀ ਕਦੇ ਹੁਣ ਹੋਵੇਗਾ
ਹੁਣ ਨੂੰ ਠੱਲ੍ਹਿਆ ਨਹੀਂ ਜਾ ਸਕਦਾ
ਫਿਰ ਅਸੀਂ ਹੁਣ ਦੀ ਅਹਿਮੀਅਤ ਭੁੱਲ
“ਹੁਣ” ਵਿੱਚ ਕਿਓਂ ਨਹੀਂ ਜਿਓਂਦੇ?
ਲੰਘੇ ਦਾ ਪਛਤਾਵਾ ਤੇ
ਆਉਣ ਵਾਲੇ ਦਾ ਫਿਕਰ
ਕਿਓਂ ਹਾਵੀ ਹੋ ਜਾਂਦਾ?
ਅਪੂਰਨਤਾ ਵਿੱਚੋਂ ਹੀ
ਪੂਰਨਤਾ ਕਿਓਂ ਨਹੀਂ ਲੱਭਦੇ?
ਅਗਿਆਨ ਵਿੱਚੋਂ ਹੀ
ਗਿਆਨ ਕਿਓਂ ਨਹੀਂ ਘੋਖਦੇ?
ਸੋਚ ਸੋਚ ਕੇ ਸੋਚ ਵਿਚਾਰ ਕਰਨਾ
ਇੰਤਜ਼ਾਰ ਕਰਨ ਦੀ ਸ਼ਹਿਨਸੀਲਤਾ
ਤੇ ਭੁੱਖ (ਹਰ ਤਰ੍ਹਾਂ ਦੀ ਭੁੱਖ) ਨੂੰ ਕਾਬੂ ਰੱਖਣਾ
ਹੀ ਜੀਵਨ ਦੇ ਅਸਲ ਗਹਿਣੇ ਹਨ।
ਸਿਆਣਪ ਲੱਭਣੀ ਪੈਂਦੀ ਹੈ
ਇਹ ਪੜ੍ਹਾਈ ਨਹੀਂ ਜਾ ਸਕਦੀ
ਸਿੱਖਣ ਲਈ ਗੁਰੂ ਦੀ ਨਹੀਂ
ਚੇਲਾ ਬਨਣ ਦੀ ਲੋੜ ਹੁੰਦੀ ਹੈ
ਜੋ ਖ਼ੁਦ ਦਾ ਚੇਲਾ ਬਣ ਕੇ ਸਿੱਖਿਆ ਜਾ ਸਕਦਾ
ਉਹ ਸਾਇਦ ਕੋਈ ਦੂਸਰਾ ਗੁਰੂ ਬਣ ਨਾ ਸਿੱਖਾ ਸਕੇ
ਕੀ ਕੋਈ ਬੰਦਾ ਪੂਰਾ ਪਾਪੀ ਜਾਂ ਪੂਰਾ ਸੰਤ ਹੋ ਸਕਦਾ?
ਪਾਪੀ ਕਦੋਂ ਸੰਤ ਤੇ ਸੰਤ ਕਦੋਂ ਪਾਪੀ ਬਣ ਜਾਵੇ
ਕੋਈ ਪਤਾ ਨਹੀਂ ਲੱਗਦਾ, ਇਹ ਛਿਣ ਪਲ ਦੀ ਖੇਡ ਹੈ।
ਜ਼ਿੰਦਗੀ ਜਿਉਣਾ ਤੇ ਹੁਣ ਨੂੰ ਮਾਣਨਾ ਹੀ ਨਿਰਵਾਣ ਹੈ।
ਜੇ ਤੁਸੀਂ ਇਹ ਪੋਸਟ ਪੜ੍ਹਦੇ ਪੜ੍ਹਦੇ ਇੱਥੋਂ ਤੱਕ ਪਹੁੰਚ ਗਏ ਹੋ ਤਾਂ ਅਗਲੇ ਇੱਕ ਮਿੰਟ ਲਈ, ਬੀਤ ਚੁੱਕੇ ਤੇ ਅੱਗੇ ਨੂੰ ਤਿਆਗ,ਸਿਰਫ ਹੁਣ ਵਿੱਚ ਜਿਉਣ ਦੀ ਕੋਸਿਸ਼ ਕਰਿਓ। ਸਿਰਫ ਇੱਕ ਮਿੰਟ ਲਈ ਅੱਖਾਂ ਤੇ ਦਿਮਾਗ ਖੋਲ੍ਹ ਆਪਣੇ ਸੁਆਲ਼ੇ ਝਾਤੀ ਮਾਰਿਓ ਕਿ ਚੱਲਦੇ ਸਾਹਾਂ ਵਾਲੀ ਇਹ ਜ਼ਿੰਦਗੀ ਕਿੰਨੀ ਖ਼ੂਬਸੂਰਤ ਹੈ।
-ਕੰਵਰ