ਸਿੰਧਬਾਦ – ਰੂਪ ਢਿੱਲੋਂ ਦੇ ਨਾਵਲ ਦੀ ਸਮੀਖਿਆ

ਰੂਪ ਢਿੱਲੋਂ ਦਾ ਲਿਖਿਆ ਨਾਵਲ ਸਿੰਧਬਾਦ ਪੜ੍ਹ ਕੇ ਹੱਟਿਆਂ ਤੇ ਇੰਜ ਲੱਗਦਾ ਜਿਵੇਂ ਕਿਸੇ ਹੋਰ ਦੁਨੀਆ ਦਾ ਸਫਰ ਕਰਕੇ ਵਾਪਸ ਪਰਤ ਰਿਹਾ ਹੋਵਾਂ। ਇਸ ਨਾਵਲ ਦਾ ਰਿਵਿਊ ਸ਼ਾਇਦ ਪਰੰਪਰਾਗਤ ਤਰੀਕੇ ਨਾਲ ਨਹੀਂ ਹੋ ਸਕਦਾ ਕਿਉਂਕਿ ਨਾ ਤਾਂ ਇਸ ਨਾਵਲ ਦਾ ਵਿਸ਼ਾ ਵਸਤੂ ਰਵਾਇਤੀ ਹੈ ਤੇ ਨਾ ਹੀ ਲੇਖਕ ਖ਼ੁਦ।

ਜ਼ਿਆਦਾਤਰ ਪੰਜਾਬੀ ਨਾਵਲਾਂ ਤੇ ਕਹਾਣੀਆਂ ਦੀ ਕਥਾ ਪਿਆਰ, ਪਿੰਡ, ਪੇਟ, ਪ੍ਰਦੇਸ, ਪੈਸੇ ਤੇ ਪ੍ਰਭੂ ਵਰਗੇ ‘ਪ’ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਆਲੇ ਦੁਆਲੇ ਘੁੰਮਦੀ ਹੈ, ਪਹਿਲੀ ਵਾਰੀ ਮੈਂ ਕੋਈ ਪੰਜਾਬੀ ਲੇਖਕ ਦੀ ਕਿਰਤ ਪੜ੍ਹੀ ਹੈ ਜੋ ਸੁਧੇ ਸੁਧੀ ਪੁਲਾੜ ਦੀ ਕਥਾ ਹੈ, ਤੇ ਇਹ ਪੁਲਾੜ ਵੀ ਸਾਡੀ ਸ੍ਰਿਸ਼ਟੀ ਤੋਂ ਕਿਤੇ ਪਾਰ, ਜਿਸਦਾ ਸਮੇਂ ਤੇ ਥਾਂ ਪੱਖੋਂ ਸਾਡੀ ਕਾਇਨਾਤ ਨਾਲ ਕੋਈ ਸਿੱਧਾ ਅਸਿੱਧਾ ਵਾਸਤਾ ਨਹੀਂ ਹੈ। ਇੱਕ ਨਵੇਂ ਵਾਦ ਦਾ ਪੰਜਾਬੀ ਸਾਹਿਤ ਦੀ ਦੁਨੀਆ ਵਿੱਚ ਆਗਾਜ਼ ਹੋਇਆ ਤੇ ਲੇਖਕ ਖ਼ੁਦ ਇਹਨੂੰ ਵਿਚਿੱਤਰਵਾਦ ਆਖਦਾ। ਪੰਜਾਬੀ ਭਾਸ਼ਾ ਵਿੱਚ ਉਪਲੱਬਧ ਸੀਮਿਤ ਸ਼ਬਦਾਵਲੀ ਨਾਲ ਅਜਿਹੀ ਤਾਰਿਆਂ ਤੋਂ ਪਾਰ ਦੀ ਨਵੀਂ ਦੁਨੀਆ ਸਿਰਜਣ ਲਈ ਇਕ ਖ਼ਾਸ ਕਿਸਮ ਦੀ ਸਿਰਜਣਾਤਮਕ ਸ਼ਕਤੀ ਦੀ ਲੋੜ ਹੁੰਦੀ ਹੈ ਤਾਂ ਹੀ ਸ਼ਾਇਦ ਕਿਸੇ ਹੋਰ ਲੇਖਕ ਨੇ ਹੁਣ ਤੱਕ ਪੰਜਾਬੀ ਵਿੱਚ ਅਜਿਹੀ ਲਿਖਤ ਲਿਖਣ ਦੀ ਕੋਸ਼ਿਸ਼ ਨਾ ਕੀਤੀ ਹੋਵੇ – ਰੂਪ ਢਿੱਲੋਂ ਨੇ ਭੀੜ ਤੋਂ ਵੱਖਰਿਆਂ ਚੱਲ ਸਾਨੂੰ ਪੰਜਾਬੀ ਦੀ ਭਵਿੱਖਮੁਖੀ ਨਾਵਲ ਪੇਸ਼ ਕਰ ਕੇ ਨਾ ਸਿਰਫ ਸਾਡੇ ਲਈ ਨਵਾਂ ਰਸਤਾ ਖੋਲਿਆ ਸਗੋਂ ਪੰਜਾਬੀ ਸਾਹਿਤ ਦੇ ਉਸਰਨ ਲਈ ਇੱਕ ਨਵੀਂ ਦੁਨੀਆ ਦੀ ਨੀਂਹ ਬੰਨ੍ਹ ਦਿੱਤੀ ਹੈ।

ਰੂਪ ਢਿੱਲੋਂ

ਕਿਤਾਬ ਨੂੰ ਜਾਣਨ ਤੋ ਪਹਿਲਾਂ ਲੇਖਕ ਨੂੰ ਜਾਣਨ ਦੀ ਲੋੜ ਹੈ। ਰੂਪ ਢਿੱਲੋਂ ਇੰਗਲੈਂਡ ਵਿੱਚ ਜੰਮਿਆ ਦੂਜੀ ਪੀੜ੍ਹੀ ਦਾ ਪੰਜਾਬੀ ਹੈ – ਪੰਜਾਬੀ ਉਸਦੀ ਮਾਂ ਬੋਲੀ ਨਹੀਂ ਸਗੋਂ ਬਾਪ ਦੀ ਬੋਲੀ ਹੈ। ਇੰਗਲੈਂਡ ਵਿੱਚ ਰਹਿੰਦਿਆਂ ਸਕੂਲੀ ਪੜ੍ਹਾਈ ਅੰਗਰੇਜ਼ੀ ਵਿੱਚ ਕੀਤੀ ਤੇ ਸਾਡੇ ਵਾਂਗੂੰ ਪੰਜਾਬੀ ਨੂੰ ਸਕੂਲੀ ਪੱਧਰ ਤੇ ਨਹੀਂ ਪੜ੍ਹਿਆ। ਤੀਹ ਕੁ ਸਾਲ ਦੀ ਉਮਰ ਵਿੱਚ ਜਦੋਂ ਇਹ ਕਬੀਲਦਾਰ ਬੰਦਾ ਖਾਲਸਾ ਦੇ 300ਵੇਂ ਸਥਾਪਨਾ ਦਿਵਸ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਦੇਖਣ ਲੰਡਨ ਦੇ ਅਜਾਇਬ ਘਰਾਂ ਵਿੱਚ ਗਿਆ ਤਾਂ ਪੰਜਾਬੀ ਰਾਜ ਵੇਲੇ ਦੇ ਤਾਮਝਾਮ ਦੇਖ ਇਹ ਇਨ੍ਹਾਂ ਪ੍ਰਭਾਵਿਤ ਹੋਇਆ ਕਿ ਖ਼ੁਦ ਆਪਣੇ ਆਪ ਪੰਜਾਬੀ ਸਿੱਖ ਕੇ ਪੰਜਾਬੀ ਸਾਹਿਤ ਨੂੰ ਪੜ੍ਹਨਾ ਤੇ ਲਿਖਣਾ ਸ਼ੁਰੂ ਕੀਤਾ। ਰੂਪ ਢਿੱਲੋਂ ਹੁਣ ਤੱਕ ਪੰਜਾਬੀ ਦੀਆ ਸੱਤ ਕਿਤਾਬਾਂ ਪੰਜਾਬੀਆਂ ਦੀ ਝੋਲੀ ਪਾ ਚੁੱਕਾ। ਰੂਪ ਨੇ ਜੋ ਕੀਤਾ ਇਹ ਕਹਿਣਾ ਸੌਖਾ ਪਰ ਕਰਨਾ ਔਖਾ, ਪੰਜਾਬ ਵਿੱਚ ਥਾਂ ਥਾਂ ਖੁੱਲ੍ਹੇ ਅੰਗਰੇਜ਼ੀ ਸਿਖਾਉਣ ਵਾਲੇ ਸੈਂਟਰਾਂ ਤੋਂ ਅੰਗਰੇਜ਼ੀ ਸਿੱਖ ਹੁਣ ਤੱਕ ਕਿੰਨੇ ਕੁ ਅੰਗਰੇਜ਼ੀ ਲੇਖਕ ਬਣੇ ਨੇ? ਇਸਦੇ ਜਵਾਬ ਬਾਰੇ ਸੋਚਿਓ। ਰੂਪ ਢਿੱਲੋਂ ਨੂੰ ਪੰਜਾਬੀ ਸਾਹਿਤ ਨਾਲ ਜੁੜੇ ਭਾਈਚਾਰੇ ਵੱਲੋਂ ਰਵਾਇਤੀ ਤੋਰ ਤੇ ਸਕਾਰ ਕਰਨਾ ਜਾਂ ਨਾ ਕਰਨਾ ਇਹ ਇਕ ਵੱਖਰੀ ਗੱਲ ਹੈ, ਪਰ ਉਸ ਨੂੰ ਉਪੇਖਿਆ ਨਹੀਂ ਜਾ ਸਕਦਾ। ਉਹ ਪੰਜਾਬੀ ਸਾਹਿਤ ਵਿੱਚ ਹੁਣ ਗੱਡਿਆ ਓਹ ਥੰਮ੍ਹ ਹੈ ਜੋ ਆਉਣ ਵਾਲੇ ਦਹਾਕਿਆਂ ਤੱਕ ਪੰਜਾਬੀ ਸਾਹਿਤ ਦੀ ਔਖੀ ਪੌੜੀ ਚੜ੍ਹਨ ਵਾਲ਼ਿਆਂ ਲਈ ਪਹਿਲੇ ਡੰਡੇ ਦਾ ਕੰਮ ਕਰੇਗਾ। ਉਹ ਅੰਗਰੇਜ਼ੀ ਵਿੱਚ ਲਿਖਣ ਦਾ ਸੌਖਾ ਰਾਹ ਛੱਡ ਪੰਜਾਬੀ ਵਿੱਚ ਲਿਖਣ ਦਾ ਔਖਾ ਰਾਹ ਅਪਣਾ ਵਿਦੇਸ਼ਾਂ ਦੀਆ ਆਉਣ ਵਾਲ਼ੀਆਂ ਪੰਜਾਬੀ ਪੀੜ੍ਹੀਆਂ ਲਈ ਮਾਰਗਦਰਸ਼ਕ ਬਣ ਰਿਹਾ ਹੈ।

ਮੈਂ ਇਸ ਕਿਤਾਬ ਦੇ ਸੰਬੰਧ ਵਿੱਚ, ਰੂਪ ਢਿੱਲੋਂ ਕੋਲ ਸਹੀ ਤਰ੍ਹਾਂ ਦੇ ਪਾਠਕ ਲੱਭਣ ਲਈ ਤਿੰਨ ਤਰ੍ਹਾਂ ਦੀਆਂ ਚੁਨੌਤੀਆਂ ਦੇਖ ਰਿਹਾ ਹਾਂ। ਪਹਿਲੀ ਚੁਨੌਤੀ ਹੈ ਕਿਤਾਬ ਦਾ ਵਿਸ਼ਾ ਵਸਤੂ, ਵਿਗਿਆਨਿਕ ਕਿਸਮ ਦਾ ਹੋਣ ਕਰਕੇ ਜ਼ਿਆਦਾ ਨਵੀਂ ਪੀੜ੍ਹੀ ਦੀ ਸੋਚ ਵਿਚਾਰ ਨਾਲ ਸੁਮੇਲ ਖਾਂਦਾ। ਲੇਖਕ Artificial Intelligence, robots ਤੇ space travel ਬਾਰੇ ਲਿਖਦਾ। ਜੋ ਪਾਠਕ video games ਖੇਡਣ ਜਾਂ Star Trek ਵਰਗੇ ਪ੍ਰੋਗਰਾਮ ਦੇਖਣ ਦੇ ਆਦੀ ਹਨ ਉਹ ਹੀ ਇਸ ਨਾਵਲ ਦੀ ਕਹਾਣੀ ਨਾਲ ਸਿੱਧਿਆਂ ਜੁੜ ਸਕਣਗੇ। ਬਾਕੀ ਸਾਰਿਆ ਨੂੰ ਸ਼ਾਇਦ ਇਹ ਵਿਸ਼ਾ ਕੁਝ ਓਪਰਾ ਲੱਗੇ। ਪਰ ਇਹ ਵਰਗ ਪੰਜਾਬੀ ਨਾਲ ਘੱਟ ਜੁੜਿਆ ਤੇ ਅੰਗਰੇਜ਼ੀ ਨੂੰ ਜ਼ਿਆਦਾ ਤਰਜੀਹ ਦਿੰਦਾ। ਦੂਜੀ ਚੁਨੌਤੀ ਹੈ, ਕਿਤਾਬ ਦੇ ਵਿੱਚ ਵਰਤੀ ਸ਼ਬਦਾਵਲੀ, ਇਹ ਸ਼ਾਇਦ ਨਵੀਂ ਪੀੜ੍ਹੀ ਦੇ ਛੇਤੀ ਪੱਲੇ ਪੈਣ ਵਾਲੀ ਨਹੀਂ। ਕਿਤਾਬ ਵਿੱਚ ਵਰਤੇ ‘ਹਯਾਤ’, ‘ਜਨੂਬੀ’, ‘ਕਹਿਕਸ਼ਾ’, ‘ਕਸੀਸ’ ਤੇ ‘ਤਮੰਚਾ’ ਵਰਗੇ ਮਿਆਰੀ ਸ਼ਬਦ ਸਾਡੀ ਸੋਚਣੀ ਵਿੱਚੋਂ ਕੱਦ ਦੇ ਵਿੱਸਰ ਗਏ ਹਨ। ਰੂਪ ਢਿੱਲੋਂ ਵਿੱਚ ਪੰਜਾਬੀ ਲਈ ਐਨਾ ਜਾਨੂੰਨ ਹੈ ਕਿ ਇਸ ਵਿਗਿਆਨਿਕ ਨਾਵਲ ਵਿੱਚ ਉਸਨੇ ਅੰਗਰੇਜ਼ੀ ਦੇ ਸ਼ਬਦ ਵਰਤਣ ਤੋਂ ਗੁਰੇਜ਼ ਕੀਤਾ ਤੇ ਜਿੱਥੇ ਪੰਜਾਬੀ ਵਿੱਚ ਸਿੱਧਾ ਲਫ਼ਜ਼ ਨਹੀਂ ਲੱਭ ਸਕਿਆ ਉੱਥੇ ਉਸਨੇ ਨਵਾਂ ਸ਼ਬਦ ਘੜਿਆ। ਤੀਜੀ ਚੁਨੌਤੀ ਹੈ ਕਿ ਪੂਰੇ ਨਾਵਲ ਦੀ ਲਿਖਤ ਤੇ ਬਣਤਰ ਉਤੇ ਇੰਗਲੈਂਡ ਵਿੱਚ ਦੂਜੀ ਪੀੜ੍ਹੀ ਦੇ ਪੰਜਾਬੀਆਂ ਵੱਲੋਂ ਬੋਲੀ ਜਾਂਦੀ ਵਿਦੇਸ਼ੀ ਪੰਜਾਬੀ ( ਇਕ ਕਿਸਮ ਦੀ ਉਪਬੋਲੀ) ਦਾ ਅਸਰ ਹੈ। ਜਿਵੇਂ ਕਿ ਸਫ਼ਾ ੧੪੯ ਤੇ ਇੱਕ ਵਾਕ ਹੈ “ਵੱਲ ਗੋਲ਼ੀਆਂ ਭੇਜੀਆਂ” ਜੋ ਸਾਨੂੰ ਓਪਰਾ ਲੱਗੇ ਕਿਉਂਕਿ ਅਸੀਂ ਬਹੁਤੇ “ ਵੱਲ ਗੋਲ਼ੀਆਂ ਦਾਗ਼ੀਆਂ” ਸੁਣਨ ਪੜ੍ਹਨ ਦੇ ਆਦੀ ਹਾਂ ਪਰ ਇੰਗਲੈਂਡ ਦੇ ਜੰਮਿਆਂ ਲਈ ਇਹ ਓਪਰਾ ਨਹੀਂ। ਉਂਜ ਤ੍ਰਾਸਦੀ ਇਹ ਹੈ ਕਿ ਜਿੰਨਾ ਇੰਗਲੈਂਡ ਵਿੱਚ ਜੰਮਿਆਂ ਦੇ ਇਸ ਤਰਾਂ ਦੀ ਕਹਾਣੀ ਪੂਰੀ ਸਮਝ ਪੈ ਸਕਦੀ ਹੈ ਉਹ ਸ਼ਾਇਦ ਸਿਰਫ ਪੰਜਾਬੀ ਬੋਲਣਾ ਭਾਵੇਂ ਜਾਣਦੇ ਹੋਣ ਪਰ ਬਹੁਤੇ ਲਿਖ ਪੜ੍ਹ ਨਹੀਂ ਸਕਦੇ। ਮੇਰਾ ਇਹ ਸਭ ਕੁਝ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਰੂਪ ਢਿੱਲੋਂ ਦੇ ਇਸ ਨਾਵਲ ਨੂੰ ਅੱਖਾਂ ਦੇ ਨਾਲ ਨਾਲ ਦਿਮਾਗ ਖੌਲ ਕੇ ਵੀ ਪੜ੍ਹਨਾ ਪੈਣਾ ਤਾਂ ਜੋ ਇਹ ਕਹਿ ਕੇ ਪਾਸੇ ਨਾ ਰੱਖ ਦੇਈਏ ਕੇ ਇਹ ਤਾਂ ਸਮਝਣਾ ਔਖਾ। ਕਿਸੇ ਪੰਜਾਬ ਦੇ ਜੰਮੇ ਲੇਖਕ ਨੇ ਵੀ ਜੇ ਇਸ ਵਿਸ਼ੇ ਤੇ ਕਿਤਾਬ ਲਿਖੀ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਰੂਪ ਢਿੱਲੋਂ ਤੋਂ ਵਧੀਆ ਕੰਮ ਕੀਤਾ ਜਾ ਸਕਦਾ ਸੀ।

ਸਿੰਧਬਾਦ ਕਿਤਾਬ ਦੇ ਮੁੱਖ ਬੰਦ ਵਿੱਚ ਸਾਡੇ ਸਤਿਕਾਰਯੋਗ ਸ਼ਿਵਚਰਨ ਜੱਗੀ ਕੁੱਸਾ ਨੇ ਲਿਖਿਆ ਕਿ ਰੂਪ ਕਮਾਲ ਦਾ ਬੰਦਾ ਪਰ ਮੈਂ ਇਸਦੇ ਨਾਲ ਇਹ ਜੋੜਾਂਗਾ ਕਿ ਉਸਦੀ ਇਹ ਰਚਨਾ ਵੀ ਕਮਾਲ ਦੀ ਹੈ। ਜਿਵੇਂ ਬੱਚੇ ਆਪਣੇ ਮਾਂ ਪਿਓ ਤੇ ਜਾਂਦੇ ਨੇ ਉਸੇ ਤਰਾਂ ਲੇਖਕ ਦੀਆ ਲਿਖਤਾਂ ਨੂੰ ਵੀ ਉਸਦੀ ਜ਼ਿੰਦਗੀ ਨਾਲ਼ੋਂ ਨਿਖੇੜਿਆ ਨਹੀਂ ਜਾ ਸਕਦਾ। ਰੂਪ ਢਿੱਲੋਂ ਨਾਲ ਜੇ ਕਦੇ ਤੁਹਾਨੂੰ ਕਦੇ ਗੱਲ੍ਹ ਕਰਨ ਦਾ ਮੌਕਾ ਮਿਲੇ ਤਾਂ ਤੁਹਾਨੂੰ ਸਾਫ ਮਹਿਸੂਸ ਹੋਵੇਗਾ ਕਿ ਉਸਦੇ ਉਤਸ਼ਾਹ ਵਿੱਚ ਇਕ ਸਪ੍ਰਿੰਗ (sprung) ਵਰਗੀ ਲਚਕ ਹੈ ਜਿਸ ਨੂੰ ਅਲੋਚਕ ਜਿਨ੍ਹਾਂ ਵੀ ਦਬਾਉਣ ਦੀ ਕੋਸ਼ਿਸ਼ ਕਰਨ ਉਸ ਵਿੱਚ ਓਨੀ ਹੀ ਊਰਜਾ ਭਰਦੀ ਜਾਂਦੀ ਹੈ ਤੇ ਉਸ ਵਿੱਚ ਮੁੜ੍ਹ ਸਿੱਧਾ ਮੱਥੇ ਤੇ ਵੱਜਣ ਲਈ ਮਿਹਨਤ ਕਰਨ ਦੀ ਸ਼ਕਤੀ ਹੈ। ਜਾਂ ਸਿੱਧੇ ਰੂਪ ਵਿੱਚ ਕਹੀਏ ਕਿ “ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦਾ ਕਿੱਥੇ ਆ”। ਕੁੱਸਾ ਜੀ ਦੇ ਕਹਿਣ ਵਾਂਗੂੰ ਰੂਪ ਦੀਆਂ ਰਚਨਾਵਾਂ ਪੜ੍ਹਨ ਲੱਗਿਆ ਪਾਠਕ ਨੂੰ ਇੱਕ ਵੱਖਰੀ ਤਰਾਂ ਦੀ ਮਾਨਸਿਕਤਾ ਅਪਣਾਉਣੀ ਪੈਣੀ ਹੈ, ਜੇ ਪਾਠਕ ਦੇ ਤੌਰ ਤੇ ਤੁਸੀਂ ਪੰਜਾਬੀ ਵਿਆਕਰਨ ਦੀ ਬਣਤਰ ਅਤੇ ਸ਼ਬਦਾਂ ਦੇ ਜੋੜਾਂ ਤੋਂ ਅਗਾਂਹ ਨਹੀਂ ਦੇਖ ਸਕਦੇ ਤਾਂ ਸ਼ਾਇਦ ਤੁਸੀਂ ਰੂਪ ਦੀਆ ਰਚਨਾਵਾਂ ਵਿੱਚੋਂ ਕੁਝ ਵੱਖਰਾ ਤੇ ਖ਼ਾਸ ਜਾਣਨ ਦੀ ਅਣਜਾਣ ਭੁੱਲ ਕਰ ਰਹੇ ਹੋਵੋਗੇ।

ਮੈੰ ਤੁਹਾਨੂੰ ਇਸ ਨਾਵਲ ਦੀ ਸਾਰੀ ਕਹਾਣੀ ਦੱਸ ਕੇ ਤੁਹਾਡੇ ਇਸ ਕਿਤਾਬ ਨੂੰ ਪੜ੍ਹਨ ਦੇ ਸਵਾਦ ਨੂੰ ਕਿਰਕਰਾ ਨਹੀਂ ਕਰਨਾ ਚਾਹੁੰਦਾ ਪਰ ਨਾਵਲ ਦਾ ਪੂਰਾ ਢਾਂਚਾ ਬਹੁਤ ਮਿਆਰੀ ਹੈ। ਸਿੰਧਬਾਦ ਨਾਵਲ ਦਾ ਕਥਾਨਕ ਇੱਕ ਕਲਪਨਾਤਮਿਕ ਬ੍ਰਹਿਮੰਡ ਵਿੱਚੋਂ ਵਿਚਰਦੇ ਪੁਲਾੜ ਜਹਾਜ਼ ਨਾਲ ਜੁੜਿਆ। ਕਹਾਣੀ ਇਸ ਬ੍ਰਹਿਮੰਡ ਵਿੱਚ ਵੱਖ ਵੱਖ ਗ੍ਰਹਿਆਂ ਤੇ ਉਪਗ੍ਰਹਿਆਂ ਤੇ ਵਸਦੀਆਂ ਤਿੰਨ ਜਾਤੀਆਂ ਇਨਸਾਨ, ਨਿਰਾਕਾਰੀ ਤੇ ਸਾਨ੍ਹਾਨਸਲ ਦੀ ਸਾਂਝ ਤੇ ਵਖਰੇਵਿਆਂ ਦੁਆਲੇ ਘੁੰਮਦੀ ਹੈ। ਲੇਖਕ ਨੇ ਤਿੰਨਾਂ ਜਾਤੀਆਂ ਦੇ ਰਹਿਣ ਸਹਿਣ ਤੇ ਉਹਨਾਂ ਦੇ ਮੁੱਢਲੇ ਗ੍ਰਹਿਆਂ ਦੀ ਬਣਤਰ ਨੂੰ ਸਾਰੇ ਨਾਵਲ ਦੌਰਾਨ ਬੜ੍ਹੀ ਹੀ ਬਾਰੀਕੀ ਨਾਲ ਪੇਸ਼ ਕੀਤਾ। ਲੇਖਕ ਨੇ ਬ੍ਰਹਿਮੰਡ ਦੇ ਪ੍ਰਸ਼ਾਸਨ ਪ੍ਰਬੰਧਾਂ ਤੇ ਉੱਚ ਸ਼ਕਤੀ ਲਈ ਹੋ ਰਹੇ ਯੁੱਧ ਨੂੰ ਕਹਾਣੀ ਦਾ ਹਿੱਸਾ ਬਣਾ ਇਸ ਨੂੰ ਹੋਰ ਵੀ ਰੋਚਕ ਬਣਾ ਦਿੱਤਾ। ਜਿੱਥੇ ਮੌਕਾ ਮਿਲਿਆ ਲੇਖਕ ਨੇ ਸਾਡੇ ਇਸ ਸੰਸਾਰ ਦੀਆਂ ਚੰਗਿਆਈਆਂ ਬੁਰਾਈਆਂ ਨੂੰ ਬੜੇ ਵਿਲੱਖਣ ਤਰੀਕੇ ਨਾਲ ਇਸ ਨਵੀਂ ਦੁਨੀਆ ਦਾ ਹਿੱਸਾ ਬਣਾ ਕੇ ਟੁੰਭਿਆ – ਉਹ ਚਾਹੇ ਗਣਤੰਤਰ ਜਾਂ ਤਾਨਾਸ਼ਾਹੀ ਗੱਲ ਹੋਵੇ, ਅੰਨੇਵਾਹ ਧੰਨ ਇੱਕਠਾ ਕਰਨ ਦੀ ਲਾਲਸਾ, ਬਹਾਦਰੀ ਤੇ ਕਾਇਰਤਾ, ਨਸ਼ਿਆ ਦਾ ਸਮਾਜ ਤੇ ਪ੍ਰਭਾਵ, ਅਮੀਰਾਂ ਵੱਲੋਂ ਗਰੀਬ ਵਰਗਾਂ ਦੀ ਹੋ ਰਹੀ ਲੁੱਟ, ਵਿਕਾਸ ਦੇ ਨਾਂ ਹੇਠ ਹੋ ਰਿਹਾ ਕੁਦਰਤੀ ਸੋਮਿਆਂ ਤੇ ਨਸਲਾਂ ਦਾ ਸ਼ੋਸ਼ਣ ਆਦਿ। ਇੱਕ ਬਹਾਦਰ ਨਾਇਕ ਦਾ ਇੱਕ ਛੁਪੀ ਰਾਜਕੁਮਾਰੀ ਨਾਲ ਅਨਿਸ਼ਚਿਤ ਰਿਸ਼ਤਾ ਨਾਵਲ ਨੂੰ ਚਾਰ ਚੰਦ ਲਾਉਂਦਾ ਹੈ। ਲੇਖਕ ਦੇ ਇਸ ਕਾਲਪਨਿਕ ਬ੍ਰਹਿਮੰਡ ਵਿੱਚ ਤਕਨਾਲੋਜੀ ਇਤਨੀ ਵਿਕਸਿਤ ਹੋ ਚੁੱਕੀ ਹੈ ਜਿਸਦਾ ਅਸੀਂ ਸਾਡੀ ਦੁਨੀਆ ਵਿੱਚ ਆਉਣ ਵਾਲੇ ਹਜ਼ਾਰਾਂ ਵਰ੍ਰਿਆਂ ਤੱਕ ਵੀ ਅੰਦਾਜ਼ਾ ਨਹੀਂ ਲਾ ਸਕਦੇ, ਕਹਾਣੀ ਦਾ ਸਭ ਤੋਂ ਰੋਚਿਕ ਵਲ-ਛਲ ਹੈ ਉੱਥੇ ਵਸਦੀਆਂ ਜਾਤੀਆਂ ਦਾ ਅਕਲ ਸੂਝ ਤੇ ਰੋਬੋਟਾਂ ਵਰਗੀ ਤਕਨਾਲੋਜੀ ਨਾਲ ਸੰਬੰਧ। ਅਸੀਂ ਮਨੁੱਖਤਾ ਦੇ ਤੌਰ ਤੇ ਅੱਜ ਵੀ ਇਹੋ ਜਿਹੇ ਦਵੰਦ ਵਿੱਚ ਘਿਰੇ ਹੋਏ ਹਾਂ ਕਿ ਕਿੱਥੋਂ ਤੱਕ ਤਕਨਾਲੋਜੀ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਕੰਟਰੋਲ ਸੋਂਪਿਆ ਜਾਵੇ। ਉਦਾਹਰਨ ਦੇ ਤੌਰ ਤੇ ਇੱਕ ਪਾਸੇ ਸਾਨੂੰ ਅੱਜ ਆਪੇ ਚੱਲਦੀਆਂ ਕਾਰਾਂ (autonomous cars) ਦਾ ਜਾਨੂੰਨ ਹੈ ਪਰ ਦੂਜੇ ਪਾਸੇ ਇਖ਼ਲਾਕੀ ਸਵਾਲ ਸਾਨੂੰ ਟਕੋਰਦਾ ਕਿ ਜੇ ਕਿਸੇ ਦਾ ਕਾਰ ਵੱਜ ਕੇ ਜੇ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਕਿਸ ਨੂੰ ਕਸੂਰਵਾਰ ਮੰਨਿਆ ਜਾਵੇ? ਕਾਰ ਬਣਾਉਣ ਵਾਲੇ ਨੂੰ? ਕਾਰ ਦੇ ਮਾਲਿਕ ਨੂੰ? ਕਾਰ ਦੇ ਵਿੱਚਲੀ ਸਵਾਰੀ ਨੂੰ? ਜਾਂ ਪ੍ਰਸ਼ਾਸਨ ਨੂੰ? ਕੀ ਹੋਵੇਗਾ ਜੇ ਆਪਣੇ ਤੋਂ ਆਪ ਸਿੱਖਦੀ ਤਕਨਾਲੋਜੀ ਸਭ ਤੋਂ ਸਿਆਣੀ ਹੋ ਗਈ? ਫਿਰ ਇਹ ਕਿਸੇ ਦੀ ਗੁਲਾਮ ਕਿਓਂ ਰਹੇਗੀ ਜਿਵੇਂ ਅਸੀਂ ਕਿਸੇ ਦੇ ਗੁਲਾਮ ਨਹੀਂ ਰਹਿਣਾ ਚਾਹੁੰਦੇ? ਲੇਖਕ ਨੇ ਨਾਵਲ ਅੰਤ ਵੀ ਬੜਾ ਵੱਖਰਾ ਕੀਤਾ ਜਿਸਦਾ ਮੈਂ ਪੜ੍ਹਦੇ ਸਮੇਂ ਬਹੁਤਾ ਅੰਦਾਜ਼ਾ ਨਹੀਂ ਸੀ ਲਾ ਸਕਿਆ।

ਕੁੱਲ ਮਿਲਾ ਕੇ ਮੈਨੂੰ ਲੱਗਦਾ ਕਿ ਰੂਪ ਢਿੱਲੋਂ ਇਸ ਮਿਆਰੀ ਨਾਵਲ ਨੂੰ ਲਿਖਣ ਲਈ ਵਾਕਿਆ ਹੀ ਸ਼ਾਬਾਸ਼ ਦਾ ਹੱਕਦਾਰ ਹੈ। ਮੈਂ ਗੁਜ਼ਾਰਸ਼ ਕਰਾਂਗਾ ਕਿ ਪਾਠਕ ਖੁੱਲ੍ਹੇ ਦਿਲ ਨਾਲ ਵਾਕਾਂ ਤੇ ਮਾਈਕ੍ਰੋਸਕੋਪ ਲਾਏ ਬਿਨ੍ਹਾ ਇਸ ਨਾਵਲ ਨੂੰ ਜਰੂਰ ਪੜ੍ਹਨ ਤਾਂ ਜੋ ਸੋਚ ਦੇ ਦਾਇਰੇ ਨੂੰ ਹੋਰ ਵੀ ਵਿਸ਼ਾਲ ਕੀਤਾ ਜਾ ਸਕੇ। ਇਹ ਨਾਵਲ ਦੋ ਵਰਗਾਂ ਲਈ ਕਾਫ਼ੀ ਲਾਹੇਵੰਦ ਹੋ ਸਕਦਾ ਹੈ – ਪਹਿਲਾ ਵਰਗ ਉਹ ਨੌਜਵਾਨ ਜੋ ਅਕਸਰ ਕਹਿੰਦੇ ਹਨ ਕੇ ਪੰਜਾਬੀ ਨਾਵਲਾਂ ਦੀਆਂ ਕਹਾਣੀਆਂ ਉਹਨਾਂ ਨੂੰ ਸਮਝ ਨਹੀਂ ਆਉਂਦੀਆਂ ਕਿਉਂਕਿ ਜ਼ਮਾਨਾ ਬਦਲ ਗਿਆ, ਇਸ ਨਾਵਲ ਦੀ ਕਹਾਣੀ ਸਮੇਂ ਦੇ ਹਾਣ ਦੀ ਹੀ ਨਹੀਂ ਸਗੋਂ ਪਾਰ ਦੀ ਹੈ। ਦੂਜਾ ਵਰਗ ਸਥਾਪਿਤ ਲੇਖਕ ਤਾਂ ਜੋ ਉਹ ਇਸ ਕਿਤਾਬ ਨੂੰ ਪੜ੍ਹ ਕੇ ਦੇਖ ਸਕਣ ਕਿ ਪੰਜਾਬੀ ਸਾਹਿਤ ਵਿੱਚ ਸਾਡੀਆਂ ਆਪ ਥੋਪੀਆਂ ਪਾਬੰਦੀਆਂ ਤੋਂ ਪਾਰ ਵੀ ਵੱਖਰਾ ਲਿਖਿਆ ਜਾ ਸਕਦਾ ਹੈ ਜਿਸਦੀ ਨਾ ਕੋਈ ਸੀਮਾ ਹੈ ਤੇ ਨਾ ਹੀ ਸਮੇਂ ਦਾ ਘੇਰਾ।

ਜਿਸ ਨੇ ਨਾਵਲ ਪੜ੍ਹਨ ਲਈ ਖਰੀਦਣਾ ਹੋਵੇ ਓਹ ਹੇਠਲੇ ਪਤੇ ਤੇ ਰੂਪ ਢਿਲੋਂ ਨਾਲ ਸੰਪਰਕ ਕਰ ਸਕਦੇ ਹਨ : khushjeevankitabaan@gmail.com

– ਕੰਵਰ

Leave a comment