ਭੁੱਲਿਆ ਪਿੰਡ ਗਰਾਂ (ਨਾਵਲ) – ਪਰਵਾਸ ਤੋਂ ਵਾਸ ਦਾ ਪੈਂਡਾ

ਲੇਖਕ         :  ਮਹਿੰਦਰਪਾਲ ਧਾਲੀਵਾਲ

ਪ੍ਰਕਾਸ਼ਕ      :  ਪੀਪਲਜ਼ ਫੋਰਮ, ਬਰਗਾੜੀ, ਫ਼ਰੀਦਕੋਟ। 

ਛਪਿਆ       :  ਮਾਰਚ 2022

ਮੁੱਲ           :  250 ਰੁਪਏ

ਜਿਉਂ ਜਿਉਂ ਪੰਜਾਬੀ ਬੋਲਣ ਵਾਲੇ, ਪੰਜਾਬ ਦੀਆਂ ਭੌਤਿਕ ਜੂਹਾਂ ਚੋਂ ਪਰਵਾਸ ਕਰ ਦੁਨੀਆ ਭਰ ਵਿਚ ਫੈਲੇ, ਓਵੇਂ ਓਵੇਂ ਹੀ ਪੰਜਾਬੀ ਗਲਪ ਨੇ ਵੀ ਪਿੰਡਾਂ ਦੀਆਂ ਫਿਰਨੀਆਂ ਤੋ ਬਾਹਰ ਦੀ ਦੁਨੀਆ ਵਿਚ ਗੋਤਾ ਲਾ ਨਵੀਂਆਂ ਨਵੇਕਲੀਆਂ ਕਥਾਵਾਂ ਨੂੰ ਅਪਣਾਇਆ।

ਮਹਿੰਦਰਪਾਲ ਧਾਲੀਵਾਲ ਜਿਹੇ ਪਰਵਾਸੀ ਲੇਖਕਾਂ ਨੇ ਪ੍ਰਵਾਸੀ ਜ਼ਿੰਦਗੀ ਦੇ ਦੁੱਖਾਂ-ਸੁੱਖਾਂ ਨੂੰ ਹੰਢਾਉਣ ਦੇ ਨਾਲ ਨਾਲ ਇਸ ਜੀਵਨ ਨਾਲ ਜੁੜੇ ਕਿੱਸੇ-ਕਥਾਵਾਂ ਨੂੰ ਵੀ ਪੰਜਾਬੀ ਗਲਪ ਵਿਚ ਕਲਮਬੰਦ ਕਰ ਪੰਜਾਬੀ ਸਾਹਿਤ ਦਾ ਭਰਵਾਂ ਵਿਸਥਾਰ ਕੀਤਾ ਹੈ। 

ਇੰਗਲੈਂਡ ਵਿਚ ਵੱਸਦਾ ਮਹਿੰਦਰਪਾਲ ਧਾਲੀਵਾਲ ਇਕ ਨਿਪੁੰਨ ਗਲਪਕਾਰ ਹੈ – ਉਸ ਦੀਆਂ ਲਿਖਤਾਂ ਵਿੱਚ ਉਸ ਦੀ ਪੰਜਾਬੀ ਸਾਹਿਤ ਦੀਆਂ ਬਾਰੀਕੀਆਂ ਪ੍ਰਤੀ ਸੂਝ ਅਤੇ ਉਸ ਦਾ ਪੂਰਬੀ- ਪੱਛਮੀ ਜੀਵਨ ਦੇ ਸੁਮੇਲ ਨੂੰ ਜਿਊਣ ਦਾ ਤਜਰਬਾ ਇੱਕ-ਮਿੱਕ ਹੋਣ ਲੱਗ ਜਾਂਦੇ ਨੇ।

ਪੰਦਰਾਂ ਦੇ ਕਰੀਬ ਕਿਤਾਬਾਂ ਦੇ ਇਸ ਲੇਖਕ ਨੇ ਇਕ ਬਹੁਮੁਖੀ ਨਾਵਲ “ਭੁੱਲਿਆ ਪਿੰਡ ਗਰਾਂ” ਪੰਜਾਬੀ ਪਾਠਕਾਂ ਦੇ ਸਨਮੁਖ ਕੀਤਾ ਹੈ। ਕੁੱਲ 47 ਕਾਂਡਾਂ ਵਿਚ ਵਿਸਤ੍ਰਿਤ ਇਹ ਨਾਵਲ ਪੰਜਾਬੀ ਗਲਪ ਦੇ ਸਮੇਂ ਦਾ ਹਾਣੀ ਬਣਨ ਦਾ ਪ੍ਰਮਾਣ ਹੀ ਨਹੀਂ ਦਿੰਦਾ ਸਗੋਂ ਪੰਜਾਬੀ ਸਾਹਿਤ ਵਿਚ ਇਕ ਨਵੀਂ ਪਿਰਤ ਦਾ ਆਗਾਜ਼ ਕਰਦਾ ਹੈ। 

ਮੌਲਿਕ ਕਥਾ ਕਿਸੇ ਵੀ ਨਾਵਲ ਦੀ ਰੂਹ ਤੇ ਉਸ ਦੇ ਪਾਤਰ ਜਿਵੇਂ ਚਲਦੇ ਸਾਹ ਹੁੰਦੇ ਨੇ, ਕਿਸੇ ਡੂੰਘੇ ਵਿਸ਼ੇ ਵਸਤੂ ਬਿਨਾ ਕਿਸੇ ਨਾਵਲ ਦਾ ਸਿਰੇ ਚੜ੍ਹਨਾ ਜਟਿਲ ਹੀ ਨਹੀਂ ਸਗੋਂ ਅਸੰਭਵ ਹੈ।

ਜੇ ਗਾਥਾ ਵਾਸਤਵਿਕ ਜੀਵਨ ਦੇ ਪਹਿਲੂਆਂ ਨਾਲ ਜੁੜ ਦਿਲਚਸਪ ਬਣ ਜਾਵੇ ਤਾਂ ਫੇਰ ਤਾਂ ਬੱਸ “ਬਹਿ ਜਾ, ਬਹਿ ਜਾ” ਹੋ ਜਾਂਦੀ ਹੈ। ਅਜਿਹਾ ਹੀ ਕੁਝ ਕੀਤਾ ਹੈ ਮਹਿੰਦਰਪਾਲ ਧਾਲੀਵਾਲ ਨੇ ਆਪਣੇ ਨਾਵਲ “ਭੁੱਲਿਆ ਪਿੰਡ ਗਰਾਂ” ਵਿੱਚ।

ਲੱਗਦਾ ਧਾਲੀਵਾਲ ਨੂੰ ਆਪਣੇ ਪਾਠਕ ਵਰਗ ਦੀ ਡਾਢੀ ਸਮਝ ਆ ਗਈ ਹੈ ਜੋ ਪੰਜਾਬੀ ਗਲਪ ਵਿਚ ਦਿਲਚਸਪ ਸਮਾਜਿਕ ਕਹਾਣੀਆਂ ਪਰੋਸਣ ਦੇ ਨਾਲ ਨਾਲ ਆਰਥਿਕ ਤੇ ਰਾਜਨੀਤਿਕ ਹਲਕਿਆਂ ਵਿਚ ਵਿਚਰ ਰਹੀਆਂ ਮੁਸ਼ਕਲਾਂ ਤੇ ਸੰਭਾਵਨਾਵਾਂ ਦੀ ਬਾਤ ਵੀ ਸੁਣਨਾ ਪਸੰਦ ਕਰਦੇ ਹਨ। 

ਆਮ ਜ਼ਿੰਦਗੀ ਵਿਚ ਮਿਲਦੇ ਆਮ ਜਿਹੇ ਪਾਤਰਾਂ ਦੀ ਆਮ ਜਿਹੀ ਜ਼ਿੰਦਗੀ ਨੂੰ ਬਿਆਨ ਕਰਦਾ ਇਹ ਨਾਵਲ ਆਮ ਨਹੀਂ ਕਿਉਂਕਿ ਧਾਲੀਵਾਲ ਨੇ ਪੰਜਾਬੀ ਲਿਖਤਾਂ ਦੇ ਆਮ ਜਿਹੇ ਢਾਂਚੇ ਤੋਂ ਪਾਸੇ ਹਟਦਿਆਂ ਇਸ ਨਾਵਲ ਵਿਚ ਕਈ ਵੱਖਰੇ ਤਜਰਬੇ ਕੀਤੇ ਹਨ। ਸ਼ਾਇਦ ਹੀ ਪੰਜਾਬੀ ਦਾ ਕੋਈ ਹੋਰ ਨਾਵਲ ਹੋਵੇ ਜਿਸ ਵਿਚ ਪੁਰਾਣੇ ਪੰਜਾਬ ਦੇ ਪਿੰਡਾਂ ਰਹਿਣ ਸਹਿਣ ਨੂੰ ਬਿਆਨ ਕਰਨ (1) ਤੋਂ ਲੈ ਕੇ ਅੱਜ ਦੇ ਸਮੇਂ ਦੀਆਂ ਸਾਈਬਰ ਕ੍ਰਾਈਮ ਨਾਲ ਜੁੜੀਆਂ ਪਰਿਸਥਿਤੀਆਂ ਤੇ ਸੰਭਾਵਨਾਵਾਂ (2) ਨੂੰ ਇਕ ਲਿਖਤ ਵਿਚ ਇੰਨੀ ਬਾਰੀਕੀ ਨਾਲ ਪਰੋਇਆ ਹੋਵੇ। 

272 ਕੁ ਸਫ਼ਿਆਂ ਦਾ ਇਹ ਨਾਵਲ ਉਸ ਵਿਸ਼ੇ ਵਸਤੂ ਨੂੰ ਛੂੰਹਦਾ ਹੈ, ਜਿਸ ਵਿੱਚ ਪੰਜਾਬੀਆਂ ਦੇ ਦੇਸ਼ੋਂ ਪਰਦੇਸੀ ਹੋ ਵਿਦੇਸ਼ਾਂ ਵਿੱਚ ਪੈਰ ਜਮਾਉਣ ਦਾ ਦਰਦ, ਉਮੰਗ ਤੇ ਸੰਦਰਭ ਸ਼ਾਮਲ ਹੈ। ਗੱਲ ਕੀ ਪਰਦੇਸ ਨੂੰ ਆਵਦਾ ਦੇਸ਼ ਬਣਾਉਣ ਦੇ ਪੈਂਡੇ ਵਿਚੋਂ ਚੰਗੇ ਤੇ ਮਾੜੇ ਦੀਆਂ ਯਾਦਾਂ ਵਿਚੋਂ ਉੱਭਰਦੀ ਦਿਲਚਸਪ ਕਹਾਣੀ ਦਾ ਬਿਰਤਾਂਤ ਹੈ – ਦੇਸ਼ੋਂ ਪਰਦੇਸੀ ਹੋਣ ਵਾਲੇ ਪਾਤਰ ਇੰਗਲੈਂਡ ਵਿਚ ਆਪਣੀਆਂ ਜੜਾਂ ਲਾਉਂਦੇ ਲਾਉਂਦੇ ਬਹੁਤ ਕੁਝ ਪਾਉਂਦੇ ਤੇ ਗਵਾਉਂਦੇ ਹਨ ਤੇ ਲੇਖਕ ਨੇ ਬੜੇ ਮਨਮੋਹਕ ਤਰੀਕੇ ਨਾਲ ਪਾਠਕਾਂ ਨੂੰ ਪਾਤਰਾਂ ਦੀ ਕਹਾਣੀ ਦੇ ਵਹਿਣ ਸੰਗ ਤੋਰਿਆ। 

ਲੇਖਕ ਨਾਵਲ ਦਾ ਆਗਾਜ਼ ਨਾਜਰ ਤੇ ਪ੍ਰੀਤੋ ਦੇ ਪੋਤਰੇ ਗੈਰੀ ਸਹੋਤਾ ਦੇ ਅਜੋਕੇ ਸਮੇਂ ਵਿਚ ਰਹੱਸਮਈ ਹਾਲਾਤ ਵਿੱਚ ਹੋਏ ਕਤਲ ਦੇ ਦ੍ਰਿਸ਼ ਨਾਲ ਕਰਦਾ ਹੈ। ਫੇਰ ਸ਼ੁਰੂ ਹੁੰਦੀ ਹੈ ਦੋ ਸਮਾਂ ਰੇਖਾਵਾਂ ਦੇ ਵਿੱਚ-ਵਿਚਕਾਰ ਚੱਲਦੀ ਕਹਾਣੀ ਜੋ ਖ਼ਤਮ ਹੁੰਦੀ ਹੈ ਉਸ ਥਾਂ ਤੇ ਜਿੱਥੇ ਰੰਧਾਵੇ ਵਰਗਾ ਲਾਲਚੀ ਤੇ ਖ਼ੁਦਗ਼ਰਜ਼ ਇਨਸਾਨ ਆਪਣੇ ਪੋਤਰੇ (ਬੰਟੀ) ਲਈ ਜਿਉਂਦੇ ਜੀਅ ਮਰ ਜਾਂਦਾ।

ਨਾਵਲ ਦੀ ਕਹਾਣੀ ਦਾ ਇਕ ਸਿਰਾ ਤੁਰਦਾ ਹੈ 1960ਵਿਆਂ ਵਿੱਚ ਚੰਗੇ ਜੀਵਨ ਦੀ ਭਾਲ ਵਿੱਚ ਇੰਗਲੈਂਡ ਆ ਵਸੇ ਨਾਜਰ ਤੇ ਉਸ ਦੇ ਮਿੱਤਰ ਸ਼ੇਰਾਂ ਦੀ ਜੀਵਨ ਗਾਥਾ ਨਾਲ, ਜੋ ਉਨ੍ਹਾਂ ਦੇ ਪਰਿਵਾਰਾਂ ਤੋਂ ਹੁੰਦੀ ਹੋਈ ਤੇ ਪੁੱਤ ਪੋਤਰਿਆਂ ਦੀ ਸਥਾਪਤੀ ਤੇ ਆ ਸੰਪੰਨ ਹੁੰਦੀ ਹੈ।

ਕਹਾਣੀ ਦਾ ਦੂਜਾ ਸਿਰਾ ਅਜੋਕੇ ਸਮੇਂ ਵਿੱਚ ਹੋਏ ਕਤਲ ਦੀ ਉਲਝੀ ਗੁੱਥੀ ਨੂੰ ਇੰਗਲੈਂਡ ਦੀ ਪੁਲਿਸ ਵੱਲੋਂ ਤਕਨਾਲੋਜੀ ਦੇ ਨਵੇਕਲੇ ਢੰਗ ਤਰੀਕੇ ਵਰਤ ਸੁਲਝਾਉਣ ਦਾ ਬਿਰਤਾਂਤ ਹੈ, ਕਹਾਣੀ ਦਾ ਇਹ ਹਿੱਸਾ ਕਤਲ ਦੇ ਮਸਲੇ ਨੂੰ ਸੁਲਝਾਉਣ ਦੇ ਨਾਲ ਨਾਲ ਹੋਰ ਸਮਾਜਿਕ ਕੁਰੀਤੀਆਂ ਤੇ ਚਾਨਣਾ ਪਾਉਂਦਾ, ਇਸੇ ਕਹਾਣੀ ਵਿੱਚੋਂ ਇੱਕ ਹੋਰ ਕਹਾਣੀ ਉੱਭਰਦੀ ਹੈ ਜੋ ਰੰਧਾਵਾ ਪਰਿਵਾਰ ਦੇ ਪੁੱਠੇ ਸਿੱਧੇ ਕੰਮਾਂ ਨਾਲ ਧਨ ਇਕੱਠਾ ਕਰਨ ਦੀ ਦੌੜ ਨੂੰ ਆਖ਼ਿਰ ਜਿੱਤ ਕੇ ਹਰ ਜਾਣ ਵਾਲੇ ਮੋੜ ਤੇ ਲਿਆ ਖੜ੍ਹਾ ਕਰਦੀ ਹੈ। 

ਧਾਲੀਵਾਲ ਨੇ ਇਸ ਨਾਵਲ ਵਿਚ ਇਕ ਹੋਰ ਵਿਲੱਖਣ ਜਿਹਾ ਤਜਰਬਾ ਕੀਤਾ ਜਿਸ ਵਿਚ ਹਰੇਕ ਕਾਂਡ ਤੋਂ ਦੂਜੇ ਕਾਂਡ ਤੇ ਜਾਂਦਿਆਂ ਕਹਾਣੀ ਦੀ ਸਮਾਂ ਰੇਖਾ ਵਰਤਮਾਨ ਤੋਂ ਭੂਤਕਾਲ ਤੇ ਮੁੜ ਵਰਤਮਾਨ ਵਿਚ ਛਲਾਂਗ ਮਾਰਦੀ ਰਹਿੰਦੀ ਹੈ। ਪਰ ਇਹ ਕਮਾਲ ਦੀ ਗੱਲ ਹੈ ਕੇ ਲੇਖਕ ਨੇ ਇਹ ਸਭ ਕੁਝ ਕਰਦਿਆਂ ਪਾਠਕ ਨੂੰ ਇਹ ਬਿਲਕੁਲ ਓਪਰਾ ਨਹੀਂ ਲੱਗਣ ਦਿੱਤਾ। 

ਕਈ ਦਹਾਕੇ ਪਹਿਲਾਂ ਨਾਜਰ ਆਪਣੇ ਘਰ ਦੀ ਗ਼ਰੀਬੀ ਨੂੰ ਮਾਤ ਪਾਉਣ ਲਈ ਆਪਣੀ ਪਤਨੀ ਪ੍ਰੀਤੋ ਅਤੇ ਬੱਚਿਆਂ ਪਵਨ ਤੇ ਰਾਣੀ ਨੂੰ ਪਿੱਛੇ ਛੱਡ ਇੰਗਲੈਂਡ ਆ ਲੈਂਡ ਹੁੰਦਾ। ਏਥੇ ਹੀ ਮਿਲਦੇ ਹਨ ਉਸ ਨੂੰ ਸ਼ੇਰੇ ਅਤੇ ਮਾਸਟਰ ਅਤਰ ਸਿੰਘ ਵਰਗੇ ਮਿੱਤਰ। ਪੈਸੇ ਕਮਾਉਣ ਆਇਆ ਨਾਜਰ ਪੂਰੀ ਦਿਲ ਜਾਨ ਲਾਕੇ ਦਿਹਾੜੀਆਂ ਕਰ ਕਰ ਆਪਣਾ ਬਿਜ਼ਨੈੱਸ ਖੜ੍ਹਾ ਕਰਦਾ, ਬਾਅਦ ਵਿਚ ਆਪਣੇ ਪਰਿਵਾਰ ਨੂੰ ਇੰਗਲੈਂਡ ਵਿਚ ਬੁਲਾਉਂਦਾ ਹੈ ਤੇ ਉਹ ਸਭ ਤਰੱਕੀ ਦੀ ਰਾਹ ਪੈ ਇਕ ਚੰਗਾ ਜੀਵਨ ਬਸਰ ਕਰਦੇ ਨੇ।  ਲੇਖਕ ਦੁਬਾਰਾ ਦਰਸਾਈ ਇਹ ਕਹਾਣੀ ਬਹੁਤਾਤ ਵਿਚ ਪਰਦੇਸੀ ਪੰਜਾਬੀਆ ਦੀ ਜੀਵਨ-ਜਾਚ ਦੀ ਨਿਸ਼ਾਨਦੇਹੀ ਭਰਦੀ ਹੈ।

ਨਾਜਰ ਦਾ ਲੜਕਾ ਪੈਵ ਸਹੋਤਾ ਆਪਣੇ ਬਾਪ ਵਾਂਗ ਬਿਜ਼ਨਸ ਦੇ ਕੰਮ ਵਿਚ ਸਾਰਾ ਦਿਨ ਸਿਰ ਖਪਾਈ ਨਾਲੋਂ ਕਿਸੇ ਹੋਰ ਦੀ ਕੰਪਨੀ ਵਿਚ ਨੌਕਰੀ ਨੂੰ ਤਰਜੀਹ ਦਿੰਦਾ ਹੈ। ਪੈਵ ਦਾ ਇਕ ਗੋਰੀ ਕੁੜੀ ਮਿਸ਼ੇਲ ਨਾਲ ਵਿਆਹ ਰਚਾਉਣਾ ਵੀ ਨਾਵਲ ਦਾ ਇਕ ਰੋਚਕ ਜਿਹਾ ਪੱਖ ਹੈ, ਜਿਸ ਘਟਨਾ ਕਰਕੇ ਦੋ ਵੱਖਰੇ ਸੱਭਿਆਚਾਰ ਵਾਲੇ ਪਰਿਵਾਰ ਇਕ ਦੂਜੇ ਨਾਲ ਟੱਕਰ ਇਕ ਦੂਜੇ ਵਿਚ ਇੱਕ-ਮਿੱਕ ਹੋ ਜਾਂਦੇ ਨੇ।  ਅੱਗੇ ਜਾ ਅਕਾਊਂਟੈਂਟ ਪੈਵ ਦਾ ਮੁੰਡਾ ਗੈਰੀ ਆਪਣੇ ਭਰਾ ਨਾਲ ਮਿਲ ਆਪਣੇ ਦਾਦੇ ਦੀਆਂ ਪੈੜਾਂ ਵਿਚ ਪੈੜ ਧਰ ਫਿਰ ਤੋਂ ਬਿਜ਼ਨਸ ਵਾਲੇ ਪਾਸੇ ਆਉਂਦਾ। ਗੈਰੀ ਨਵੇਂ ਜ਼ਮਾਨੇ ਦਾ ਨਵੀਂ ਸੋਚ ਵਾਲਾ ਬਿਜ਼ਨਸ ਲੀਡਰ ਬਣ ਉੱਭਰਦਾ ਜਿੱਥੇ ਉਹ ਆਪਣੀ ਕੰਪਨੀ ਵਿਚ ਮੁਲਾਜ਼ਮਾਂ ਨੂੰ ਹਿੱਸੇਦਾਰ ਬਣਾਉਣ ਦੇ ਨਾਲ ਨਾਲ ਇਹ ਵੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਕੇ ਕੰਪਨੀ ਵਿਚ ਸਭ ਤੋਂ ਵੱਧ ਤੇ ਸਭ ਤੋਂ ਘੱਟ ਕਮਾਉਣ ਵਾਲਿਆਂ ਵਿਚ ਕੋਹਾਂ ਦਾ ਪਾੜਾ ਨਾ ਹੋਵੇ।

ਅੱਜ ਇਹ ਤਨਖ਼ਾਹਾਂ ਦਾ ਫ਼ਰਕ ਇੰਗਲੈਂਡ ਦੇ ਕਾਰਪੋਰੇਟ ਸੰਸਾਰ ਵਿਚ ਇਕ ਵੱਡੀ ਸਮੱਸਿਆ ਹੈ। ਨਾਜਰ ਦੇ ਪਰਿਵਾਰ ਦੀ ਕਹਾਣੀ ਦਾ ਵਰਨਨ ਕਰਦਿਆਂ ਲੇਖਕ ਤਰ੍ਹਾਂ ਤਰ੍ਹਾਂ ਦੇ ਮਸਲਿਆਂ ਤੇ ਚਾਨਣਾ ਪਾਉਂਦਾ ਜਿਸ ਵਿਚ ਮਿਹਨਤ ਦਾ ਅਖੀਰ ਮਿਲਦਾ ਮੁੱਲ, ਅੰਤਰਜਾਤੀ ਰਿਸ਼ਤੇ ਤੇ ਵਿਆਹ, ਨਵੀਂ ਪੀੜੀ ਦੀ ਨਵੀਂ ਸੋਚ ਤੇ ਨਵੀਂਆਂ ਆਸਾਂ,  ਵਾਤਾਵਰਣ ਸੰਬੰਧੀ ਚਿੰਤਨ ਤੇ ਇੰਗਲੈਂਡ ਦੇ ਰਾਜਨੀਤਕ ਤੇ ਸਮਾਜਿਕ ਢਾਂਚੇ ਵਿਚ ਬਦਲਦੇ ਪਰਿਵਰਤਨ ਸ਼ਾਮਲ ਨੇ। 

ਨਾਜਰ ਦਾ ਦੋਸਤ ਸ਼ੇਰ ਸਿੰਘ ਕੁਝ ਅਭਾਗੇ ਲੇਖ ਲੈ ਪ੍ਰਵਾਸੀ ਜ਼ਿੰਦਗੀ ਦੀ ਪੌੜੀ ਚੜ੍ਹਦਾ, ਆਪਣੇ ਪਰਿਵਾਰ ਨੂੰ ਇੰਗਲੈਂਡ ਸੱਦਣ ਤੋਂ ਪਹਿਲਾਂ ਹੀ ਉਸ ਦੀ ਪਤਨੀ ਸ਼ਿੰਦਰ ਦੀ ਸੱਪ ਲੜਨ ਨਾਲ ਮੌਤ ਹੋ ਜਾਂਦੀ ਹੈ।  ਆਪਣੇ ਲੜਕੇ ਰਾਜੂ ਨੂੰ ਸਾਂਭਣ ਤੇ ਘਰ ਦੁਬਾਰਾ ਵਸਾਉਣ ਦੇ ਚੱਕਰਾਂ ਵਿਚ ਉਹ ਸ਼ਿੰਦਰ ਦੀ ਉਮਰ ਵਿਚ ਕੀਤੇ ਛੋਟੀ ਭੈਣ ਜੀਤਾਂ ਨੂੰ ਵਿਆਹ ਕੇ ਇੰਗਲੈਂਡ ਲੈ ਆਉਂਦਾ। ਜੀਤਾਂ ਪਿਆਰ ਵਿਹੂਣੀ ਕੰਮ ਤੇ ਅਸਲਮ ਨਾਂ ਦੇ ਮੁੰਡੇ ਨਾਲ ਦਿਲ ਲਾ ਲੈਂਦੀ ਹੈ ਜੋ ਸੁਭਾਵਿਕ ਹੀ ਸ਼ੇਰੇ ਨੂੰ ਹਜ਼ਮ ਨਹੀਂ ਆਉਂਦਾ ਤੇ ਉਹ ਤਾਅ ਵਿਚ ਆਇਆ ਸ਼ੇਰਾ ਜੀਤਾਂ ਦਾ ਕਤਲ ਕਰ ਦਿੰਦਾ, ਜਿਸ ਕੇਸ ਵਿਚ ਉਸ ਨੂੰ ਲੰਮੇ ਸਮੇਂ ਲਈ ਜੇਲ੍ਹ ਹੋ ਜਾਂਦੀ ਹੈ।

ਰਾਜੂ ਨੂੰ ਨਾਜਰ ਦਾ ਪਰਿਵਾਰ ਆਪਣੇ ਬੱਚਿਆਂ ਵਾਂਗ ਸਾਂਭ ਲੈਂਦਾ ਹੈ, ਏਥੋਂ ਤੱਕ ਕੇ ਜਦੋਂ ਨਾਜਰ ਤੇ ਪ੍ਰੀਤੋ ਫ਼ੌਤ ਹੁੰਦੇ ਹਨ ਤਾਂ ਉਹ ਰਾਜੂ ਨੂੰ ਆਪਣੀ ਜਾਇਦਾਦ ਦਾ ਬਰਾਬਰ ਦਾ ਹੱਕਦਾਰ ਬਣਾ ਕੇ ਜਾਂਦੇ ਨੇ।  ਜੇਲ੍ਹ ਤੋਂ ਬਾਹਰ ਆ ਸ਼ੇਰਾ ਆਪਣੇ ਪਾਪਾਂ ਨੂੰ ਧੋਣ ਦੀ ਹਰ ਸੰਭਵ ਕੋਸ਼ਸ਼ ਕਰਦਾ ਪਰ ਆਪਣੇ ਪੁੱਤਰ ਨਾਲ ਪੂਰਾ ਰਿਸ਼ਤਾ ਨਹੀਂ ਗੰਢ ਪਾਉਂਦਾ।  ਰਾਜੂ ਟਰੇਡ ਸੰਬੰਧੀ ਵਕੀਲ ਬਣ ਸ਼ੋਭਾ ਨਾਂ ਦੀ ਗੁਜਰਾਤੀ ਕੁੜੀ ਨਾਲ ਚੋਰੀਓਂ ਵਿਆਹ ਕਰਵਾ ਲੈਂਦਾ।

ਸ਼ੇਰਾ ਅੰਤਲੇ ਦਿਨੀਂ ਵਾਪਸ ਪਿੰਡ ਚਲਾ ਜਾਂਦਾ ਤੇ ਉੱਥੇ ਹੀ ਇਕ ਰਾਤ ਪਿਆ ਹੀ ਰਹਿ ਜਾਂਦਾ। ਰਾਜੂ ਦਾ ਵੀ ਇੰਗਲੈਂਡ ਦੀ ਨਵੀਂ ਪੀੜੀ ਵਾਂਗ ਪੰਜਾਬ ਨਾਲ ਕੋਈ ਬਹੁਤਾ ਮੋਹ ਨਹੀਂ ਰਹਿ ਜਾਂਦਾ ਫਿਰ ਵੀ ਉਹ ਆਪਣੇ ਪਿੰਡ ਵਿਚ ਆਪਣੀ ਮਾਂ ਤੇ ਮਾਸੀ ਦੇ ਨਾਂ ਤੇ ਟਰੱਸਟ ਬਣਾ ਕੇ ਪਿੰਡ ਦੇ ਬੱਚਿਆਂ ਦੀ ਪੜਾਈ ਲਈ ਉਪਰਾਲੇ ਕਰਦਾ। 

ਕਹਾਣੀ ਵਿਚ ਇਕ ਰੰਧਾਵੇ ਪਰਿਵਾਰ ਦੀ ਉਦਾਸ ਕਹਾਣੀ ਵੀ ਆ ਜੁੜਦੀ ਹੈ। ਰੰਧਾਵਾ ਇਕ ਖਚਰਾ, ਲਾਲਚੀ ਤੇ ਖ਼ੁਦਗ਼ਰਜ਼ ਜਿਹਾ ਬੰਦਾ, ਜੋ ਤਰ੍ਹਾਂ ਤਰ੍ਹਾਂ ਦੀਆਂ ਠੱਗੀਆਂ ਮਾਰਦਾ ਖ਼ੁਦ ਜ਼ਿੰਦਗੀ ਤੋਂ ਠਗਿਆ ਜਾਂਦਾ। ਉਸ ਦਾ ਪੁੱਤਰ ਬੋਬ ਆਪਣੇ ਬਾਪ ਵਾਲੀਆਂ ਕਰਤੂਤਾਂ ਕਰਕੇ ਨਸ਼ਾ ਤਸਕਰ ਤੇ  ਕੰਜਰਖ਼ਾਨੇ ਜਿਹੇ ਕੰਮਾਂ ਵਿਚ ਇਸ ਤਰ੍ਹਾਂ ਗ਼ਲਤਾਨ ਹੁੰਦਾ ਕੇ ਇਸ ਦਲਦਲ ਵਿਚ ਧਸਦਾ ਆਪਣੀ ਜਾਨ ਤੱਕ ਗਵਾ ਬੈਠਦਾ। ਰੰਧਾਵੇ ਨੇ ਇੱਕ ਕੇਸ ਵਿਚ ਆਪਣੇ ਗੁਨਾਹਾਂ ਦਾ ਭਾਂਡਾ ਆਪਣੇ ਅਕਾਉਂਟੈਂਟ ਹੈਰੀ ਸਮਿਥ ਸਿਰ ਭੰਨ ਦਿੱਤਾ ਜਿਸ ਨੇ ਬੇਇੱਜ਼ਤੀ ਨਾ ਸਹਾਰਦਿਆਂ ਖ਼ੁਦਕੁਸ਼ੀ ਕਰ ਲਈ। ਹੈਰੀ ਦਾ ਪੁੱਤਰ ਟੋਨੀ ਵੀ ਨਾਵਲ ਦਾ ਇਕ ਹੀਰੋ ਹੋ ਨਿੱਬੜਦਾ ਜੋ ਸਾਈਬਰ ਦੀ ਦੁਨੀਆ ਨਾਲ ਜੁੜੇ ਨਵੀਂ ਕਿਸਮ ਦੇ ਹਥਿਆਰ ਵਰਤ ਰੰਧਾਵਿਆਂ ਦੀ ਲੰਕਾ ਢਾਉਣ ਵਿਚ ਪੁਲਿਸ ਦੀ ਮਦਦ ਕਰਦਾ।

 ਪੁਲਿਸ ਕਰਮਚਾਰੀਆਂ ਸਕੌਟ ਤੇ ਜੈਕੀ ਦੇ ਚੰਗੇ ਕੰਮਾਂ ਕਾਰਨ ਵੱਡੇ ਰੰਧਾਵੇ ਨੂੰ ਜੇਲ੍ਹ ਦੀਆਂ ਸਲਾਖ਼ਾਂ ਦਾ ਪਿਛਲਾ ਪਾਸਾ ਦੇਖਣਾ ਪੈਂਦਾ, ਉਸ ਦਾ ਪੁੱਤਰ ਬੌਬ ਪੰਜਾਬ ਵਿਚ ਕਤਲ ਹੋ  ਜਾਂਦਾ ਤੇ ਰੰਧਾਵੇ  ਦਾ ਪਰਿਵਾਰ ਉਸ ਲਈ ਘਰ ਦੇ ਦਰਵਾਜ਼ੇ ਸਦਾ ਲਈ ਬੰਦ ਕਰ ਦਿੰਦਾ। 

ਨਾਵਲ ਦੇ ਪਾਤਰਾਂ ਦੀ ਬੋਲੀ ਬੜੀ ਸਹਿਜ ਹੈ ਤੇ ਹਰ ਤਰ੍ਹਾਂ ਦੇ ਪੰਜਾਬੀ ਪਾਠਕ ਦੇ ਸਮਝ ਆਉਣ ਵਾਲੀ ਹੈ। ਕਹਾਣੀ ਦਾ ਦਿਲਚਸਪ ਹੋਣਾ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦਾ। 

ਇਸ ਲਿਖਤ ਵਿਚ ਤਰੁੱਟੀਆਂ ਲੱਭਣਾ ਤੂੜੀ ਦੀ ਪੰਡ ਵਿਚੋਂ ਸੂਈ ਲੱਭਣ ਵਾਲਾ ਕਾਰਜ ਹੈ ਕਿਉਂਕਿ ਲਿਖਤ ਉੱਚ ਪੱਧਰੀ ਹੈ। ਲੇਖਕ ਕਦੇ ਕਦੇ ਅੰਗਰੇਜ਼ੀ ਵਿਚ ਕਹੇ ਡਾਇਲਾਗ ਅੰਗਰੇਜ਼ੀ ਵਿਚ ਹੀ ਲਿਖ ਸੁੱਟਦਾ ਹੈ, ਪਰ ਬਹੁਤੀਆਂ ਥਾਵਾਂ ਤੇ ਅੰਗਰੇਜ਼ਾਂ ਦੁਆਰਾ ਕਹੇ ਡਾਇਲਾਗ ਵੀ ਪੰਜਾਬੀ ਵਿਚ ਅਨੁਵਾਦ ਕਰਕੇ ਲਿਖੇ ਗਏ ਹਨ, ਹਰੇਕ ਪਾਠਕ ਦਾ ਸੁਆਦ ਵੱਖਰਾ ਹੁੰਦਾ ਹੈ, ਮੈਨੂੰ ਲੱਗਿਆ ਕੇ ਜੇ ਸਾਰੇ ਡਾਇਲਾਗ ਪੰਜਾਬੀ ਵਿਚ ਹੁੰਦੇ ਤਾਂ ਜ਼ਿਆਦਾ ਜਚਦੇ।

ਲੇਖਕ ਨੇ ਅੰਗਰੇਜ਼ੀ ਦੇ ਜ਼ਿਆਦਾਤਰ ਵਰਤੇ ਜਾਂਦੇ ਸ਼ਬਦਾਂ ਨੂੰ ਲਿਖਤ ਵਿਚ ਜਿਉਂ ਦਾ ਤਿਉਂ ਹੀ ਵਰਤ ਲਿਆ, ਕੁਝ ਪੰਜਾਬੀ ਪਾਠਕਾਂ ਨੂੰ ਸ਼ਾਇਦ ਇਹ ਲਹਿਜ਼ਾ ਓਪਰਾ ਜਿਹਾ ਲੱਗੇ, ਪਰ ਲੇਖਕ ਨੇ ਇੰਜ ਕਰਦਿਆਂ ਲਿਖਤ ਵਿਚ ਰਵਾਨਗੀ ਲਿਆਂਦੀ ਹੈ ਤਾਂ ਜੋ ਓਪਰੀ ਸ਼ਬਦਾਵਲੀ  ਕਹਾਣੀ ਦੀ ਦਿਲਚਸਪੀ ਨੂੰ ਨਾ ਤੋੜ ਸਕੇ ।  ਉਦਾਹਰਨ ਦੇ ਤੌਰ ਤੇ ਨਾਵਲ ਦੇ ਪਹਿਲੇ ਵਾਕ ਵਿਚ ਕਈ ਅੰਗਰੇਜ਼ੀ ਦੇ ਸ਼ਬਦਾਂ ਦੀ ਸਿੱਧਮ-ਸਿੱਧੀ ਵਰਤੋਂ ਕੀਤੀ ਗਈ ਹੈ :

“ਰੋਜ਼ੀ ਨੇ ਕਾਰ ਵਿਚੋਂ ਹੀ ਡਿਜ਼ੀਟਲ ਕੁੰਜੀ ਦਾ ਬਟਨ ਦਬਾਅ ਕੇ ਗੈਰਜ ਦੀ ਡੋਰ ਖੋਲ੍ਹੀ ਤੇ ਸਦਾ ਵਾਂਗ ਕਾਰ ਗੈਰਜ ਵਿਚ ਖੜ੍ਹੀ ਕਰ ਕੇ ਟੀ ਵੀ ਰੂਮ ਵੱਲ ਤੁਰ ਪਈ।”  

ਤੁਸੀਂ ਆਪ ਹੀ ਦੇਖ ਸਕਦੇ ਹੋ ਕੇ ਜੇ ਲੇਖਕ ਹਰ ਸ਼ਬਦ ਦਾ ਪੰਜਾਬੀ ਵਿਚ ਅਨੁਵਾਦ ਕਰਦਾ ਤਾਂ ਸ਼ਾਇਦ ਉਹ ਗੱਲ ਨਾ ਬਣਦੀ। 

ਪਹਿਲਾਂ ਪਹਿਲ ਮੈਂ ਸੋਚਿਆ ਕੇ ਸ਼ਾਇਦ ਲੇਖਕ ਇਸ ਨਾਵਲ ਨੂੰ ਦੋ ਨਾਵਲਾਂ ਵਿਚ ਵੰਡ ਕੇ ਲਿਖ ਸਕਦਾ ਸੀ – ਇੱਕ ਪੰਜਾਬੀ ਪਰਦੇਸੀਆਂ ਦੀ ਜੀਵਨ ਗਾਥਾ ਤੇ ਦੂਜੀ ਇੰਗਲੈਂਡ ਦੀ ਪੁਲਿਸ ਦੇ ਕਿਸੇ ਕਤਲ ਨੂੰ ਸੁਲਝਾਉਣ ਦੀ ਕਹਾਣੀ, ਜਿਸ ਵਿਚ ਸਾਈਬਰ ਕ੍ਰਾਈਮ ਨਾਲ ਸੰਬੰਧਿਤ ਕਥਾਵਾਂ ਸ਼ਾਮਲ ਨੇ, ਪਰ ਫਿਰ ਸੋਚਦਾ ਹਾਂ ਕੇ ਜੇ ਲੇਖਕ ਇਹ ਕਰਦਾ ਤਾਂ ਫਿਰ ਇਹ ਕੁਝ ਵੱਖਰਾ ਜਿਹਾ ਨਾਵਲ ਕਿਵੇਂ ਬਣਦਾ?  ਸਾਡੇ ਪੰਜਾਬੀ ਲੇਖਕ ਹੁਣ ਤੱਕ ਬਹੁਤਾਤ ਵਿਚ ਇਹ ਹੀ ਤਾਂ ਕਰਦੇ ਆਏ ਨੇ।

ਮੈਨੂੰ ਇਸ ਨਾਵਲ ਦੀ ਇਕ ਹੋਰ ਵਿਲੱਖਣਤਾ ਲੱਗੀ ਕੇ ਪੂਰਾ ਨਾਵਲ ਨਸੀਹਤਾਂ ਨਾਲ ਭਰਪੂਰ ਹੈ, ਨਾਵਲ ਦੀ ਦਿਲਚਸਪ ਕਹਾਣੀ ਪੜ੍ਹਨ ਦੇ ਨਾਲ ਨਾਲ ਪਾਠਕ ਦੇ ਤੌਰ ਤੇ ਇਹ ਵੀ ਮਹਿਸੂਸ ਹੋਇਆ ਕੇ ਸਮਾਜਿਕ, ਆਰਥਿਕ ਤੇ ਰਾਜਨੀਤਕ ਆਧਾਰਾਂ ਦੀਆਂ ਗੁੰਝਲਾਂ ਬਾਰੇ ਕਈ ਕੁਝ ਨਵਾਂ ਸਿੱਖਣ ਨੂੰ ਮਿਲਿਆ।

ਮੈਨੂੰ ਨਾਵਲ ਪੜ੍ਹਦਿਆਂ ਮਾਸਟਰ ਅਤਰ ਸਿੰਘ ਦੇ ਪਾਤਰ ਵਿਚੋਂ ਕਦੇ ਕਦੇ ਲੇਖਕ ਖ਼ੁਦ ਰਾਜਨੀਤਿਕ ਤੇ ਸਮਾਜਿਕ ਮੁੱਦਿਆਂ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਾ ਦਿਸਿਆ। 

ਸਫ਼ਾ 86 ਤੇ ਮਾਸਟਰ ਆਖਦਾ :

“ਸਮਾਜਵਾਦ ਦਾ ਮਤਲਬ ਐ-ਨਿਰਸਵਾਰਥ ਹੋਣਾ, ਪਾਰਦਰਸ਼ੀ ਤੇ ਸਰਬੱਤ ਦੇ ਭਲੇ ਦਾ ਅਸੂਲ ਹਰ ਵਿਅਕਤੀ ਨੂੰ ਅਪਣਾਉਣਾ ਚਾਹੀਦਾ। ਪਰ ਮਨੁੱਖ ਹਜ਼ਾਰਾਂ ਸਾਲਾਂ ਤੋਂ ਹੀ ਲਾਲਚੀ ਹੈ। ਲਾਲਚ ਦਾ ਅੰਸ਼ ਮਨੁੱਖੀ ਫ਼ਿਤਰਤ ਦਾ ਅੰਗ ਐ ਤੇ ਖ਼ਤਮ ਨਹੀਂ ਹੋ ਸਕਦਾ। ਇਸ ਲਈ ਬੰਦਾ ਨਿਰਸਵਾਰਥ ਨਹੀਂ ਹੋ ਸਕਦਾ। ਨਿਰਸਵਾਰਥ ਹੋਏ ਬਿਨਾਂ ਸਰਬੱਤ ਦਾ ਭਲਾ ਨਹੀਂ ਕਰ ਸਕਦਾ।”

ਫੇਰ ਸਫ਼ਾ 130 ਤੇ ਕਹਿੰਦਾ:

‘‘ਸ਼ੇਰ ਸਿਆਂ ਕਿਸਮਤ ਨਾਂ ਦੀ ਕੋਈ ਬਲ਼ਾ ਨਹੀਂ ਹੁੰਦੀ। ਬੰਦਾ ਠੀਕ ਸਮੇਂ ਠੀਕ ਫ਼ੈਸਲਾ ਕਰ ਲਵੇ ਤਾਂ ਪੌਂ ਬਾਰਾਂ, ਜੇ ਬੰਦਾ ਗ਼ਲਤ ਫ਼ੈਸਲਾ ਕਰ ਲਵੇ ਤਾਂ ਤਿੰਨ ਕਾਣੇ।’ 

ਕੁੱਲ ਮਿਲਾ ਕੇ ਮਹਿੰਦਰਪਾਲ ਧਾਲੀਵਾਲ ਨੂੰ ਦਾਦ ਦੇਣੀ ਬਣਦੀ ਹੈ ਕੇ ਜਿੱਥੇ ਉਸ ਨੇ ਪੰਜਾਬੀ ਪਾਠਕਾਂ ਦੀ ਝੋਲੀ ਇਕ ਹੋਰ ਨਾਵਲ ਪਾਇਆ ਉੱਥੇ ਹੀ ਉਸ ਨੇ ਪੰਜਾਬੀ ਗਲਪ ਵਿਚ ਇਕ ਨਵੀਂ ਸ਼ੈਲੀ ਦਾ ਆਗਾਜ਼ ਕੀਤਾ ਜੋ ਕੋਈ ਤਜਰਬੇਕਾਰ ਸਾਹਿਤਕਾਰ ਹੀ ਕਰ ਸਕਦਾ। 

ਮਹਿੰਦਰਪਾਲ ਧਾਲੀਵਾਲ ਆਪਣੀ ਇਸ ਰਚਨਾ ਲਈ ਵਧਾਈ ਦੇ ਨਾਲ ਨਾਲ ਸ਼ਾਬਾਸ਼ ਦਾ ਵੀ ਹੱਕਦਾਰ ਹੈ। 

– ਕੰਵਰ ਬਰਾੜ

07930886448

 ਟਿੱਪਣੀਆਂ :

(1): ਪੰਨਾ – 64:

“ਇਕ ਦਿਨ ਉਹ ਤਾਰੇ ਨਾਲ ਖੇਤ ਦਾ ਚੱਕਰ ਮਾਰਨ ਚਲਾ ਗਿਆ। ਸੂਰਜ ਦਾ ਰੰਗ ਅੱਗ ਵਰਗਾ ਲਾਲ ਹੋ ਗਿਆ ਸੀ ਤੇ ਪਲ ਪਲ ਜਿਵੇਂ ਥਕੇਵੇਂ ਨਾਲ ਹੇਠਾਂ ਨੂੰ ਚੁੱਭੀ ਮਾਰ ਰਿਹਾ ਹੋਵੇ। ਹਰੀਆਂ ਕਚਾਰ ਕਣਕਾਂ ਲਹਿਰਾ ਰਹੀਆਂ ਸਨ। ਕਈ ਲੋਕ ਗੱਡੇਭੇਡੇ ਲਈ ਘਰਾਂ ਨੂੰ ਜਾ ਰਹੇ ਸਨ। ਕੱਚੇ ਰਾਹਾਂ ’ਤੇ ਤੁਰੇ ਜਾਂਦੇ ਪਸ਼ੂ ਗਰਦ ਉਡਾ ਰਹੇ ਸਨ। ਇਹ ਗਰਦ ਸ਼ੇਰੇ ਨੂੰ ਆਪਣੀ ਆਪਣੀ ਲੱਗੀ। ਉਹ ਖੇਤ ਪਹੁੰਚੇ ਤਾਂ ਤਾਰੇ ਨੇ ਇੰਜਣ ਵਾਲੀ ਕੋਠੀ ਵਿਚੋਂ ਮੰਜਾ ਕੱਢ ਲਿਆਂਦਾ । ਕਣਕ ਦੇ ਕਿਆਰੇ ਦੀ ਵੱਟ ਵਿਚੋਂ ਬੋਤਲ ਕੱਢੀ ਤੇ ਕੱਪ ਵਿਚ ਪੈੱਗ ਪਾ ਕੇ ਨਲਕੇ ਤੋਂ ਪਾਣੀ ਪਾ ਕੇ ਸ਼ੇਰੇ ਨੂੰ ਫੜਾ ਦਿੱਤਾ। ਆਪ ਉਹ ਮੂਲ਼ੀਆਂ ਪੁੱਟ ਲਿਆਇਆ। “

(2): ਪੰਨਾ – 125:

ਉਹ ਆਮ ਤੌਰ ’ਤੇ ‘ਟੀਮ ਵਿਊਅਰ’ ਦੀ ਵਰਤੋਂ ਨਾਲ ਦੂਰ ਬੈਠੇ ਹੀ ਇਕ ਦੂਜੇ ਦੇ ਕੰਪਿਊਟਰ ਤੱਕ ਪਹੁੰਚ ਕਰ ਲੈਂਦੇ । ਅੱਜ ਉਹਨਾਂ ਨੇ ਹੋਰ ‘ਟੂਲ’ ਵਰਤਣਾ ਠੀਕ ਸਮਝਿਆ। ਟੀਮ ਵਿਊਅਰ ਬਹੁਤ ਆਮ ਵਰਤਿਆ ਜਾਣ ਲੱਗਾ ਸੀ। ਸ਼ਾਇਦ ਹੁਣ ਏਨਾ ਸੁਰੱਖਿਅਤ ਨਾ ਹੋਵੇ। ਸੋ ਉਹਨਾਂ ਨੇ ਨਵੀਂ ਐਪ ‘ਫਿਕਸ ਮੀ ਇਟ’ ਵਰਤਣ ਦਾ ਫ਼ੈਸਲਾ ਕੀਤਾ। ਨਵੀਂ ਹੋਣ ਕਰਕੇ ਬਹੁਤੇ ਲੋਕ ਅਜੇ ਵਰਤਣ ਨਹੀਂ ਸਨ ਲੱਗੇ। ਟੋਨੀ ਤੇ ਬਰਡ ਕੰਮ ਵਿਚ ਵਿਅੱਸਤ ਹੋ ਗਏ। ਹੁਣ ਉਹ ਦੂਰ ਬੈਠੇ ਇਕ ਦੂਜੇ ਦੇ ਕੰਪਿਊਟਰ ਦੇ ਸੰਪਰਕ ਵਿਚ ਸਨ ਅਤੇ ਮਿਲ ਕੇ ਕੰਮ ਕਰ ਰਹੇ ਸਨ। 

Leave a comment