ਕੁਝ ਕੁ ਹਫ਼ਤੇ ਪਹਿਲਾਂ ਇੰਗਲੈਂਡ ਦੇ ਕੁਝ ਪੰਜਾਬੀ ਲੇਖਕਾਂ ਨਾਲ ਗੱਲਬਾਤ ਚੱਲ ਰਹੀ ਸੀ ਕੇ ਅੱਜ ਕੱਲ੍ਹ ਪੰਜਾਬੀ ਸਾਹਿਤ ਦੇ ਪਾਠਕ ਲਗਾਤਾਰ ਘੱਟ ਰਹੇ ਨੇ ਤੇ ਤਾਂ ਹੀ ਪੰਜਾਬੀ ਦੀਆਂ ਕਿਤਾਬਾਂ ਘੱਟ ਵਿਕਦੀਆਂ ਹਨ, ਖ਼ਾਸ ਤੌਰ ਕੇ ਥੋਕ ਵਿਚ ਛਪ ਰਹੀਆਂ ਪੰਜਾਬੀ ਦੀ ਖੁੱਲ੍ਹੀ ਕਵਿਤਾ ਦੀਆਂ ਕਿਤਾਬਾਂ।
ਉਹਨੀਂ ਦਿਨੀਂ ਪ੍ਰਭਸ਼ਰਨਦੀਪ ਨੇ ਫੇਸਬੁੱਕ ਤੇ ਆਪਣੀ ਕਵਿਤਾਵਾਂ ਦੀ ਛਪੀ ਕਿਤਾਬ ‘ਦੇਸ ਨਿਕਾਲ਼ਾ’ ਬਾਰੇ ਜ਼ਿਕਰ ਕੀਤਾ, ਜੋ ਉੱਤਰੀ ਅਮਰੀਕਾ ਵਾਲੇ ਐਮਾਜ਼ੋਨ ਦੀ ਵੈੱਬਸਾਈਟ ਤੇ ਤਾਜ਼ਾ ਛਪੀਆਂ ਕਵਿਤਾਵਾਂ ਦੀ ਕਿਤਾਬ ਦੇ ਹਿੱਸੇ ਵਿਚ ਪਹਿਲੇ ਨੰਬਰ ਤੇ ਚੱਲ ਕਰ ਰਹੀ ਸੀ।
ਮੈਂ ਵੀ ਛੇਤੀ-ਛੇਤੀ ਐਮਾਜ਼ੋਨ ਰਾਹੀਂ ਇਕ ਕਾਪੀ ਮੰਗਵਾਈ ਤਾਂ ਜੋ ਦੇਖੀਏ ਕੇ ਇਸ ਕਿਤਾਬ ਵਿਚ ਐਸਾ ਕੀ ਹੈ ਕੇ ਪਰਿਸਥਿਤੀਆਂ ਦੇ ਉਲਟ ਇਸ ਕਿਤਾਬ ਨੇ ਮਾਰਕੀਟ ਵਿਚ ਆਉਂਦਿਆਂ ਹੀ ਨਵੀਂ ਪਿਰਤ ਪਾਉਣੀ ਸ਼ੁਰੂ ਕਰ ਦਿੱਤੀ।
ਲੋਕ ਕਹਿੰਦੇ ਕੇ ਕਿਤਾਬ ਦੀ ਜਿਲਦ ਦੀ ਦਿੱਖ ਨੂੰ ਦੇਖ ਕੇ ਉਸ ਦੀ ਗੁਣਵੱਤਾ ਦਾ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ, ਪਰ ਮੈਨੂੰ ਲਗਦਾ ਇਹ ਕਥਨ ਇਸ ਕਿਤਾਬ ਤੇ ਬਿਲਕੁਲ ਨਹੀਂ ਢੁੱਕਦਾ। ਕਿਤਾਬ ਜਿੰਨੀ ਬਾਹਰੋਂ ਸ਼ਿੰਗਾਰੀ ਹੋਈ ਹੈ, ਓਨੀ ਹੀ ਅੰਦਰੋਂ ਲਿਸ਼ਕਦੇ ਮੋਤੀਆਂ ਦੇ ਹਾਰ ਵਾਂਗ ਟਹਿਕਦੇ ਸ਼ਬਦਾਂ ਨਾਲ ਪਰੋਈ ਪਈ ਹੈ।
ਕਿਤਾਬ ਖੋਲ੍ਹਦਿਆਂ ਚੰਗਾ ਲੱਗਿਆ ਕਿ ਪ੍ਰਭਸ਼ਰਨਦੀਪ ਨੇ ਕਿਸੇ ਹੋਰ ਤੋਂ ਆਪਣੀ, ਤੇ ਆਪਣੀ ਰਚਨਾ ਦੀ ਉਸਤਤ ਕਰਵਾਉਣ ਲਈ ਮੁੱਖਬੰਧ (ਜਿਹਨੂੰ ਅੱਜਕੱਲ੍ਹ ਮੂੰਹ ਬੰਦ ਕਰਵਾਉਣ ਦਾ ਜ਼ਰੀਆਂ ਵੀ ਕਹਿੰਦੇ ਨੇ) ਨਹੀਂ ਲਿਖਵਾਇਆ। ਇਸ ਦੀ ਬਜਾਏ ਬੜਾ ਸਿੱਧਾ ਸਾਧਾ ਤੇ ਪਾਏਦਾਰ ਧੰਨਵਾਦੀ ਨੋਟ ਖ਼ੁਦ ਲਿਖਿਆ। ਜਿਸ ਨੂੰ ਪੜ੍ਹਦਿਆਂ ਮਨ ਖ਼ੁਸ਼ ਹੋ ਜਾਂਦਾ।
ਜਿਉਂ ਜਿਉਂ ਕਿਤਾਬ ਪੜ੍ਹਦਾ, ਸਫ਼ੇ ਥੱਲਦਾ ਮੈਂ ਅੱਗੇ ਵਧਿਆ ਓਵੇਂ ਓਵੇਂ ਮਨ ਕਿਤਾਬ ਵਿਚਲੇ ਡੂੰਘੇ ਖ਼ਿਆਲਾਂ ਦੇ ਵਹਿਣ ਦੇ ਵੇਗ ਵਿਚ ਗੋਤਾ ਲਾਉਣ ਲੱਗਾ।
ਸ਼ਨੀਵਾਰ ਦੀ ਸਵੇਰ ਚਾਹ ਦੇ ਕੱਪ ਨਾਲ ਨਿੱਘੀ ਜਿਹੀ ਧੁੱਪ ਵਿੱਚ ਪਿਛਲੇ ਵਿਹੜੇ ਦੀ ਕੁਰਸੀ ਤੇ ਬੈਠਿਆਂ ਚੁੱਕੀ ਇਹ ਕਿਤਾਬ ਸ਼ਾਮ ਦੇ ਖਾਣੇ ਤੱਕ ਰੱਖਣੀ ਮੁਸ਼ਕਲ ਹੋ ਗਈ। ਕਿਤਾਬ ਨੂੰ ਭਾਵੇਂ ਮੈਂ ਲਗਭਗ ਇੱਕੋ ਬੈਠਕ ਵਿਚ ਪੜ੍ਹ ਲਿਆ ਸੀ, ਪਰ ਕਿਤਾਬ ਬਹੁਤ ਹੀ ਮਿਆਰੀ ਤੇ ਸਵਿਸਥਾਰ ਹੋਣ ਕਰਕੇ ਮੈਂ ਇਸ ਵਿਚਲੀਆਂ ਰਚਨਾਵਾਂ ਨੂੰ ਹੋਰ ਸਮਝਣਾ ਤੇ ਵਿਚਰਨਾ ਚਾਹੁੰਦਾ ਸੀ। ਇਸ ਲਈ ਕਿਤਾਬ ਕਈ ਦਿਨ ਮੇਰੇ ਕੰਮ ਵਾਲੇ ਬਸਤੇ ਦਾ ਹਿੱਸਾ ਬਣ ਅੱਧਾ ਇੰਗਲੈਂਡ ਘੁੰਮ ਆਈ, ਕਿਤੇ ਕੌਫ਼ੀ ਪੀਂਦਿਆਂ, ਕਿਸੇ ਮੀਟਿੰਗ ਤੋਂ ਪਹਿਲਾਂ ਜਾਂ ਬਾਅਦ, ਕਿਸੇ ਪਾਰਕ ਦੇ ਬੈਂਚ ਤੇ, ਸਵੇਰੇ ਜਿੰਮ ਨੂੰ ਜਾਂਦਿਆਂ, ਕਦੇ ਟਰੇਨ ਉੱਤੇ ਸਫ਼ਰ ਕਰਦਿਆਂ ਤੇ ਕਦੇ ਕੰਪਿਊਟਰ ਸਕਰੀਨ ਤੋਂ ਅੱਕ ਕੇ ਇਕ ਦੋ ਕਵਿਤਾਵਾਂ ਗਾਹੇ-ਬਗਾਹੇ ਪੜ੍ਹਦਾ ਤੇ ਨਾਲ ਹੀ ਸਮਝਣ ਦੀ ਕੋਸ਼ਿਸ਼ ਕਰਦਾ।
ਕਈ ਹਫ਼ਤਿਆਂ ਦੀ ਘੋਖ ਤੇ ਵਿਚਾਰ ਤੋਂ ਬਾਅਦ ਵੀ ਮੈਨੂੰ ਲਗਦਾ ਹੈ ਕੇ ਇਸ ਕਿਤਾਬ ਦੀ ਹਰ ਰਚਨਾ ਨੂੰ ਪੂਰਨ ਤੌਰ ਤੇ ਸਮਝਣ ਲਈ ਲੰਮੀ ਸੋਚ ਵਿਚਾਰ ਤੇ ਇਕਾਗਰਤਾ ਦੀ ਲੋੜ ਹੈ। ਪਰ ਮੈਂ ਇਸ ਕਿਤਾਬ ਬਾਰੇ ਕੁਝ ਲਿਖਣਾ ਚਾਹਿਆ ਤਾਂ ਜੋ ਇਸ ਬਾਰੇ ਵਿਚਾਰ ਚਰਚਾ ਸ਼ੁਰੂ ਕਰਕੇ ਹੋਰ ਪਾਠਕਾਂ ਤੋਂ ਉਹਨਾਂ ਦੀ ਨੁਕਤੇ ਨਿਗਾਹ ਰਾਹੀਂ ਇਸ ਕਿਤਾਬ ਵਿਚਲੀਆਂ ਰਚਨਾਵਾਂ ਨਾਲ ਬਣਦਾ ਸਮੂਹਿਕ ਸੰਵਾਦ ਰਚਾਇਆ ਜਾ ਸਕੇ।

ਪ੍ਰਭਸ਼ਰਨਦੀਪ ਸਿੰਘ ਨੇ 172 ਸਫ਼ਿਆਂ ਦੀ ਇਸ ਕਿਤਾਬ ਨੂੰ ਦੋ ਖ਼ਾਕਿਆਂ ਵਿਚ ਵੰਡਿਆਂ। ਪਹਿਲੇ ਅਨੁਛੇਦ ‘ਕਵਿਤਾ ਦੇ ਅੰਗ ਸੰਗ’ ਵਿਚ ਕਵੀ ਆਪਣੇ ਗਿਆਨ ਤੇ ਤਜਰਬੇ ਵਿਚੋਂ ਉਪਜੇ ਵਿਵੇਕ ਨੂੰ ਪਾਠਕ ਨਾਲ ਵੰਡਣ ਦੇ ਨਾਲ ਨਾਲ, ਇਕ ਸਿੱਖ ਵਜੋਂ ਪੰਜਾਬੀ ਕਵਿਤਾ ਤੇ ਸਾਹਿਤਕ ਦੁਨੀਆ ਦੇ ਵਿਚ ਵਿਚਕਾਰ ਵਿਚਰਦਾ, ਤੇ ਦਿਨੋਂ ਦਿਨ ਬੇਵਤਨੀ ਤੋਂ ਪਹਿਲਾਂ ਆਪਣੀ ਹੀ ਧਰਤੀ ਤੇ ਸਹੀ ਬੇਗਾਨਗੀ ਦੇ ਆਪਣੇ ਅਨੁਭਵ ਦੀ ਬਾਤ ਪਾਉਂਦਿਆਂ, ਸਮੇਂ ਦੀਆਂ ਕਈ ਪਰਤਾਂ ਫਰੋਲ਼ਦਾ।
ਕਿਤਾਬ ਦੇ ਇਸ ਭਾਗ ਵਿਚ ਵਾਰਤਕ ਰਾਹੀਂ ਸਾਂਝਾ ਕੀਤਾ ਦਿਲ ਦਾ ਦਰਦ ਕਿਤਾਬ ਦੀਆਂ ਕਵਿਤਾਵਾਂ ਵਿਚੋਂ ਵੀ ਸਾਫ਼ ਝਲਕਾਰੇ ਮਾਰਦਾ।
ਪਹਿਲੇ 20 ਕੁ ਸਫ਼ਿਆਂ ਵਿਚ ਪ੍ਰਭਸ਼ਰਨਦੀਪ ਸਿੰਘ ਕਾਵਿ ਸਿਰਜਣਾ ਦੇ ਸੰਬੰਧ ਵਿਚ “ਕਵਿਤਾ, ਕਾਲ, ਤੇ ਬੋਲੀ” ਬਾਰੇ ਐਨਾ ਕੁਝ ਕਹਿ ਗਿਆ ਜਿਸ ਨੂੰ ਸ਼ਾਇਦ ਪੰਜਾਬੀ ਦਾ ਕੋਈ ਹੋਰ ਸਾਹਿਤਕਾਰ ਅਜੇ ਤੱਕ ਐਨੇ ਸੋਹਣੇ ਤੇ ਸਰਲ ਸ਼ਬਦਾਂ ਵਿਚ ਬਿਆਨ ਕਰਨ ਤੋਂ ਅਸਮਰਥ ਰਿਹਾ ਹੋਵੇ।
ਕਿਤਾਬ ਦੇ ਇਸ ਭਾਗ ਵਿਚੋਂ ਕੁਝ ਸਤਰਾਂ ਸਾਂਝੀਆ ਕਰ ਕੇ ਹੀ ਕਵੀ ਦੀ ਇਨ੍ਹਾਂ ਸੰਕਲਪਾਂ ਬਾਰੇ ਡੂੰਘੀ ਜਾਣਕਾਰੀ ਦਾ ਅਸਲ ਅਹਿਸਾਸ ਮਹਿਸੂਸ ਕੀਤਾ ਜਾ ਸਕਦਾ ਹੈ।
ਕਵੀ ਦੀ ਅਵਸਥਾ ਕਵਿਤਾ ਦੇ ਮਿਆਰ ਦਾ ਬੁਨਿਆਦੀ ਅਧਾਰ ਹੁੰਦੀ ਹੈ। (ਸਫ਼ਾ 6, ਦੇਸ ਨਿਕਾਲ਼ਾ)
ਕਵਿਤਾ ਅਹਿਸਾਸ ਤੇ ਬੋਲੀ ਦੇ ਸਰੋਦੀ ਸੰਜੋਗ ਦੀ ਘੜੀ ਚੋਂ ਪੈਦਾ ਹੁੰਦੀ ਹੈ। (ਸਫ਼ਾ 7, ਦੇਸ ਨਿਕਾਲ਼ਾ)
ਤੁਸੀਂ ਖ਼ੁਦ ਹੀ ਅੰਦਾਜ਼ਾ ਲਾ ਸਕਦੇ ਹੋ ਕੇ ਕਵੀ ਦੀ ਕਵਿਤਾ ਤੇ ਕਵਿਤਾ ਦੀ ਸਿਰਜਣਾ ਬਾਰੇ ਸਮਝ ਕਿੰਨੀ ਗਹਿਰੀ ਹੈ।
ਕਾਲ ਨੂੰ ਪਰਿਭਾਸ਼ਿਤ ਕਰਦਿਆਂ ਪ੍ਰਭਸ਼ਰਨਦੀਪ ਸਿੰਘ ਪਾਠਕ ਨੂੰ ਕਾਲ ਦੀ ਰੇਖਕੀ ਪਰਿਭਾਸ਼ਾ ਦੇ ਪਰਲੇ ਪਾਰ ਕੁਦਰਤ ਦੇ ਹਰ ਸ਼ੈਅ ਨੂੰ ਨਵਿਆਉਣ ਦੇ ਚੱਕਰ ਵਿਚੋਂ ਤੱਕਣ ਦੀ ਪੁਕਾਰ ਲਾਉਂਦਾ, ਤਾਂ ਜੋ ਕਿਸੇ ਵੀ ਕਾਲ ਵਿਚ ਲਿਖੀ ਕਵਿਤਾ ਨੂੰ ਸਮਿਆਂ ਦੇ ਪਰਲੇ ਪਾਰੋਂ ਤੱਕਦਿਆਂ ਸਮੇਂ ਦੇ ਜਾਲ ਵਿੱਚੋਂ ਕੱਢ ਕੇ ਵਿਚਾਰਿਆ ਜਾ ਸਕੇ।
ਕਵੀ ਅਨੁਸਾਰ ਬੋਲੀ ਦੀ ਹਸਤੀ ਇਕਹਿਰੀ ਨਹੀਂ, ਬਹੁਵਚਨੀ ਹੈ। ਇੱਕੋ ਕਾਲ ਤੇ ਸਥਾਨ ਤੇ ਰਹਿੰਦੇ ਲੋਕਾਂ ਦਾ ਸਥਾਨਿਕ ਬੋਲੀ ਨਾਲ ਰਿਸ਼ਤਾ ਵੱਖਰਾ ਹੋ ਸਕਦਾ ਜਿਵੇਂ ਪੰਜਾਬ ਦੇ ਸਿੱਖਾਂ ਦਾ ਪੰਜਾਬੀ ਨਾਲ ਰਿਸ਼ਤਾ ਪੰਜਾਬ ਦੇ ਗੈਰ ਸਿੱਖਾਂ ਦੇ ਪੰਜਾਬੀ ਨਾਲ ਅਨੁਭਵ ਤੋਂ ਵੱਖਰਾ ਹੈ।
ਪੰਜਾਬ ਦੇ ਸਿੱਖਾਂ ਦਾ ਪੰਜਾਬੀ ਨਾਲ ਖ਼ਾਸ ਨਾਤੇ ਵਾਲੀ ਗੱਲ ਮੇਰੇ ਦਿਲ ਦਿਮਾਗ਼ ਨੂੰ ਕਾਫ਼ੀ ਟੁੰਬੀਂ। ਵਾਕਿਆ ਹੀ ਵਾਜਬ ਗੱਲ ਹੈ ਕੇ ਗੁਰਮੁਖੀ ਤੇ ਗੁਰਬਾਣੀ ਦਾ ਅਟੁੱਟ ਰਿਸ਼ਤਾ ਸਾਡੇ ਪੇਂਡੂ ਪੰਜਾਬੀ ਸਿੱਖ ਜੀਵਨ ਦੀ ਨੀਂਹ ਰੱਖਦਾ ਹੈ। ਇਨ੍ਹਾਂ ਵਿਚੋਂ ਕਿਸੇ ਇਕ ਨੂੰ ਸਾਡੀ ਜ਼ਿੰਦਗੀ ਵਿਚੋਂ ਲਾਂਭੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਦੋਵੇਂ ਇਕ ਪੰਜਾਬੀ ਸਿੱਖ ਦੇ ਜੀਵਨ ਦਾ ਮੁੱਢਲਾ ਆਧਾਰ ਹਨ।
‘ਕਵਿਤਾ ਤੇ ਮੇਰਾ ਸਫ਼ਰ’ ਦਾ ਪਾਠ ਕਰਦਿਆਂ ਇਕ ਪਾਠਕ ਦੇ ਤੌਰ ਤੇ ਦਿਲ ਵਿਚ ਕਾਫ਼ੀ ਵਲਵਲੇ ਉੱਠੇ। ਕਵੀ ਵੱਲੋਂ ਉੱਨੀ ਸੌ ਅੱਸੀਵਿਆਂ ਤੇ ਨੱਬ੍ਹਿਆਂ ਦੇ ਦਹਾਕਿਆਂ ਵਿਚ ਆਪਣੇ ਨਾਲ ਵਾਪਰੀਆਂ ਦੇ ਕਿੱਸਿਆਂ ਵਿਚ ਬਿਰਤਾਂਤ ਕੀਤੀ ਸਚਾਈ ਤੋਂ ਪਾਠਕ ਦਾ ਮੁਨਕਰ ਹੋਣਾ ਔਖਾ।

ਕਵੀ ਦਰਸਾਉਂਦਾ ਕਿ ਪੰਜਾਬ ਦੀ ਧਰਤੀ ਤੇ ਜੰਮਿਆ ਜਾਇਆ ਇਕ ਸਿੱਖ ਨੌਜਵਾਨ ਕਿਵੇਂ ਆਪਣੀ ਪੰਜਾਬੀ ਬੋਲੀ ਤੇ ਸਾਹਿਤ ਦੀ ਦਾਅਵੇਦਾਰੀ ਤੋਂ ਕਿਸੇ ਹੱਦ ਤੱਕ ਆਪਣੇ ਵਰਗੇ ਦਿਸਦੇ ਲੋਕਾਂ ਵੱਲੋਂ ਦਿਨੋਂ ਦਿਨ ਬੇਦਖ਼ਲ ਕੀਤਾ ਜਾਂਦਾ ਤੇ ਸਮਾਜ ਸਿਰਫ਼ ਖੜ੍ਹਾ ਤਮਾਸ਼ਾ ਦੇਖਦਾ।
ਕਵੀ ਇਕ ਥਾਂ ਲਿਖਦਾ ਕੇ ਉਸ ਨੇ ਇੱਕ ਕਵੀਆਂ ਦੀ ਮਹਿਫ਼ਲ ਵਿਚ ਬੈਂਤ ਵਿਚ ਲਿਖੀ ਕਵਿਤਾ ਸੁਣਾਈ। ਕਵਿਤਾ ਦੀ ਸਮੀਖਿਆ ਕਰਨ ਦੀ ਬਜਾਏ ਉਹਨਾਂ ਕਵੀ ਕੇ ਨਾਮ ਤੇ ਹੱਲਾ ਬੋਲ ਦਿੱਤਾ। ਇਕ ਬੋਲਿਆ “ਜਪੁਜੀ ਸਾਹਿਬ ਦੀ ਪਹਿਲੀ ਪਉੜੀ ਜਿੱਡਾ ਤਾਂ ਤੇਰਾ ਨਾਂ ਹੀ ਹੈ।”(ਸਫ਼ਾ 43, ਦੇਸ ਨਿਕਾਲ਼ਾ)
ਹੁਣ ਇਸ ਘਟਨਾ ਬਾਰੇ ਸੋਚਿਓ ਕਿ ਸਮਕਾਲੀ ਸਮਿਆਂ ਵਿਚੋਂ ਲੰਘਦਿਆਂ ਅਸੀਂ ਕਿੰਨੀ ਵਾਰੀ ਆਮ ਸਮਾਜਿਕ ਇਕੱਠਾਂ ਵਿਚ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੁਣਿਆ। ਤੇ ਫੇਰ ਸੋਚਿਓ ਉਸ ਪੰਜਾਬੀ ਸਿੱਖ ਨੌਜਵਾਨ ਬਾਰੇ, ਉਸ ਉਪਰ ਕੀ ਬੀਤ ਰਹੀ ਹੋਵੇਗੀ ਜਿਸ ਨੂੰ ਉਸ ਦੇ ਬਾਬੇ ਦਾਦਿਆਂ ਦੀ ਖੱਟੀ ਪਰੰਪਰਾਗਤ ਵਿਰਾਸਤ ਤੋਂ ਪਰ੍ਹਾਂ ਧੱਕ ਆਧੁਨਿਕਤਾ ਦੀ ਛਤਰੀ ਥੱਲੇ ਧੱਕਿਆ ਜਾ ਰਿਹਾ ਹੋਵੇ। ਕੀ ਪੰਜਾਬੀ ਸਿੱਖ ਹੋ ਕੇ ਕਵਿਤਾ ਦਾ ਪਾਠਕ ਤੇ ਸਾਧਕ ਹੋਣਾ ਕੋਈ ਗੁਨਾਹ ਹੈ?
ਮੈਨੂੰ ਮਹਿਸੂਸ ਹੋਇਆ ਕੇ ਇਹ ਪੰਜਾਹ ਕੁ ਸਫ਼ੇ ਸਿਰਫ਼ ਕਹਿਣ ਸੁਣਨ ਵਿਚ ਚੰਗੇ ਲੱਗਣ ਵਾਲੇ “ਮਨੁੱਖਵਾਦ” ਵਾਲੀ ਐਨਕ ਲਾਹ ਕੇ ਮਨੁੱਖ ਨੂੰ ਮਨੁੱਖ ਸਮਝਦਿਆਂ ਤੇ ਦੇਖਦਿਆਂ ਪੜ੍ਹਨ ਤੇ ਵਿਚਾਰਨ ਵਾਲੇ ਨੇ।
ਦੇਸ ਨਿਕਾਲ਼ਾ ਦਾ ਪਹਿਲਾ ਭਾਗ ਚਾਹੇ ਵਾਰਤਕ ਹੈ ਪਰ ਸਤਰ ਕੁ ਸਫ਼ਿਆਂ ਤੇ ਹਰ ਅੱਖਰ, ਸ਼ਬਦ ਤੇ ਵਾਕ ਨੂੰ ਕਾਵਿ ਵਾਂਗ ਹੀ ਗੁੰਦਿਆ ਹੋਇਆ। ਕਿਤਾਬ ਦਾ ਇਹ ਭਾਗ ਪੜ੍ਹਦੇ ਇਕ ਪਾਠਕ ਵਜੋਂ ਮੈਨੂੰ ਮਹਿਸੂਸ ਹੋਇਆ ਕੇ ਕਾਵਿ ਨਾਲ ਸਾਡੀ ਰੂਹ ਦੀ ਸਾਂਝ ਹੈ ਕਿਉਂਕਿ ਸ਼ਬਦ ਹੀ ਸਾਡੀ ਸੋਚ ਦੀ ਜੜ੍ਹ ਹੈ:
ਅਸੀਂ ਕਾਵਿ ਜਨਮੇ
ਅਸੀਂ ਕਾਵਿ ਮੋਏ
ਅਸੀਂ ਕਾਵਿ ਹੱਸੇ
ਅਸੀਂ ਕਾਵਿ ਰੋਏ
ਸਾਡਾ ਕਾਵਿ ਗੁਰੂ
ਅਸੀਂ ਕਾਵਿ ਦੇ
ਕਾਵਿ ਹੰਢਾਉਂਦੇ
ਅਸੀਂ ਕਾਵਿ ਹੋਏ।
(ਕੰਵਰ)
ਤੇ ਫਿਰ ਕਿਤਾਬ ਦੇ ਅਗਲੇ ਸੌ ਪੰਨਿਆਂ ਤੇ ਸ਼ੁਰੂ ਹੁੰਦੀ ਹੈ ਪ੍ਰਭਸ਼ਰਨਦੀਪ ਦੀ ਕਵਿਤਾ ਜੋ ਵਾਕਿਆ ਹੀ ਰੂਹ ਤਕ ਉੱਤਰਦੀ ਹੈ। ਇਕੱਲਾ ਇਕੱਲਾ ਸ਼ਬਦ ਤੇ ਸਤਰ ਸਰੋਦੀ ਲੈਅ ਵਿਚ ਰਸ ਭਰਦੇ ਪਾਠਕ ਨੂੰ ਗਿਆਨ ਦਾ ਭੰਡਾਰ ਵੰਡਦੇ ਇਕ-ਮਿਕ ਹੋ ਜਾਂਦੇ ਨੇ।
ਕਿਤਾਬ ਨੂੰ ਫਰੋਲਦਿਆਂ, ਹਥਲੀ ਕਵਿਤਾ ਸਭ ਤੋਂ ਪਹਿਲਾਂ ਮੇਰੇ ਨਿਗਾਹ ਪਈ ਤੇ ਮੇਰੀ ਮਨਪਸੰਦ ਕਵਿਤਾ ਬਣ ਗਈ:
ਲੇਖ –
ਕੱਚੇ ਘਰਾਂ ‘ਤੇ ਆਕੀ ਰੁੱਤਾਂ
ਘਾਣੀ ਦੇ ਵਿਚ ਲੱਤਾਂ।
ਤਨ ਰੋਗੀ, ਮਨ ਜ਼ਹਿਰੀ ਮਹਿਲੀਂ,
ਲਿਖ-ਲਿਖ ਦੇਵਣ ਮੱਤਾਂ।
ਲਿਖਿਆ ਕੂੜ ਯਾਦ ਦੇ ਮਸਤਕ,
ਲੇਖ ਝਰੀਟੇ ਕਾਲ਼ੇ,
ਸਬਰ ਦੇ ਲਸ਼ਕਰ ਸਾਂਭ ਬੈਠੀਆਂ,
ਸਰਕੜਿਆਂ ਦੀਆਂ ਛੱਤਾਂ।
(ਸਫ਼ਾ 98, ਦੇਸ ਨਿਕਾਲ਼ਾ)
ਅਕਸਰ ਹੀ ਗੱਲ ਹੁੰਦੀ ਹੈ ਕੇ ਸਮਕਾਲੀ ਮੁੱਦਿਆਂ ਬਾਰੇ ਖੁੱਲ੍ਹੀ ਜਾਂ ਪ੍ਰਗਤੀਵਾਦੀ ਕਹੀ ਜਾਣ ਵਾਲੀ ਕਵਿਤਾ ਹੀ ਨਿਆਂ ਕਰ ਸਕਦੀ ਹੈ, ਪਰ ਪ੍ਰਭਸ਼ਰਨਦੀਪ ਨੇ ਇਸ ਬਹਿਸ ਦੀ ਅੱਗ ਤੇ ਹਥਲੀਆਂ ਸਤਰਾਂ ਲਿਖ ਕੇ ਪਾਣੀ ਪਾ ਦਿੱਤਾ:
ਮਿੱਟੀ ਵਿੱਚ ਨੇ ਜ਼ਹਿਰਾਂ ਭਰ ਗਏ,
ਬਿੱਫਰੇ ਫਨੀਅਰ ਕਾਲ਼ੇ।
ਘੱਲੂਘਾਰੇ, ਦੇਸ-ਨਿਕਾਲ਼ੇ,
ਹੁਣ ਖੇਤਾਂ ਤੇ ਧਾਵੇ,
ਜਾ ਦਿੱਲੀ ਦੀ ਹਿੱਕ ‘ਚ ਗੱਡੀਏ,
ਅੱਜ ਹਲ਼ਾਂ ਦੇ ਫਾਲ਼ੇ।
(ਸਫ਼ਾ 118, ਦੇਸ ਨਿਕਾਲ਼ਾ)
ਪ੍ਰਭਸ਼ਰਨਦੀਪ ਕੋਲ ਪੰਜਾਬੀ ਸ਼ਬਦਾਵਲੀ ਦਾ ਅਥਾਹ ਭੰਡਾਰ ਹੈ, ਸਿੱਖੀ ਜੀਵਨ ਦਾ ਅਨੁਭਵ ਤੇ ਠੋਸ ਗਿਆਨ ਹੈ ਜੋ ਉਸ ਦੀਆਂ ਕਵਿਤਾਵਾਂ ਦੇ ਹਰ ਸ਼ਬਦ ਨੂੰ ਜ਼ੁਬਾਨ ਦਿੰਦਾ।
ਮੈਨੂੰ ਲਗਦਾ ਹੈ ਕੇ ਪ੍ਰਭਸ਼ਰਨਦੀਪ ਸਿੰਘ ਦਾ ਪੰਜਾਬੀ ਕਵਿਤਾ ਵਿਚ ਪ੍ਰਕਾਸ਼ਿਤ ਕਵੀ ਵਜੋਂ ਉੱਭਰਨਾ ਪੰਜਾਬੀ ਬੋਲੀ ਦੀ ਕਵਿਤਾ ਵਿਚੋਂ ਵਿੱਸਰ ਰਹੀ ਛੰਦਾਬੰਦੀ ਦੇ ਰੰਗਲੇ ਪੰਘੂੜੇ ਨੂੰ ਇਕ ਅਹਿਮ ਹੁਲਾਰਾ ਹੈ।
ਸਿੱਖੀ ਵਿਚਲੇ ਸ਼ਬਦ ਦੇ ਸੰਕਲਪ ਨੂੰ ਕੇਂਦਰ ਵਿਚ ਰੱਖ ਕੇ ਸਿਰਜੀ ਪ੍ਰਭਸ਼ਰਨਦੀਪ ਦੀ ਇਹ ਇਬਾਰਤ ‘ਦੇਸ ਨਿਕਾਲ਼ਾ’ ਪੰਜਾਬ ਦੀ ਧਰਤ, ਆਬ ਤੇ ਪਵਨ ਨਾਲ ਸਾਂਝ ਰੱਖਣ ਵਾਲੇ ਹਰ ਸੁਹਿਰਦ ਪੰਜਾਬੀ ਨੂੰ ਪੜ੍ਹਨੀ ਤੇ ਵਿਚਾਰਨੀ ਚਾਹੀਦੀ ਹੈ।
– ਕੰਵਰ