ਪੰਜਾਬੀ ਭਾਸ਼ਾ ਦਾ ਵਿਕਾਸ – ਮਸਲਾ ਸਮਰੱਥਾ ਜਾਂ ਮੁਹਾਰਤ ਦਾ? ਪੰਜਾਬੀ ਯੂਨੀਵਰਸਿਟੀ ਦੀ ਮਿਸਾਲ – ਇਕ ਸਰਵੇਖਣ

ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਬਹੁਤੇ ਇਹ ਮਹਿਸੂਸ ਕਰਦੇ ਨੇ ਕਿ ਪੰਜਾਬੀ ਭਾਸ਼ਾ ਦੀ ਹਾਲਤ ਅੱਜ ਅਤਿ-ਨਾਜ਼ੁਕ ਹੈ, ਪਰ ਪੰਜਾਬੀਆ ਵਿੱਚ ਸਮਾਜਿਕ ਤੇ ਸਮੂਹਿਕ ਤੌਰ ਤੇ ਇਸ ਸੰਬੰਧੀ ਕੋਈ ਬਹੁਤੀ ਫ਼ਿਕਰਮੰਦੀ ਨਜ਼ਰ ਨਹੀਂ ਪੈਂਦੀ।

ਬਹੁਤੇ ਵਾਰ ਪੰਜਾਬੀ ਭਾਸ਼ਾ ਦੇ ਹੋ ਰਹੇ ਨਿਘਾਰ ਦਾ ਭਾਂਡਾ ਪੰਜਾਬੀ ਵਿਦਵਾਨਾਂ ਦੇ ਸਿਰ ਭੰਨ ਦਿੱਤਾ ਜਾਂਦਾ ਹੈ।

ਆਮ ਭਾਸ਼ਾ ਵਿੱਚ ਅੱਜ ਜਦੋਂ ਲੋਕੀਂ ਪੰਜਾਬੀ ਵਿਦਵਾਨਾਂ ਦੀ ਗੱਲ ਕਰਦੇ ਹਨ ਤਾਂ ਉਹਨਾਂ ਦਾ ਖ਼ਾਸ ਮਤਲਬ ਪਟਿਆਲੇ ਪੰਜਾਬੀ ਭਾਸ਼ਾ ਦੇ ਨਾਂ ਤੇ ਬਣੀ ਇੱਕ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਪੜ੍ਹਨ- ਪੜ੍ਹਾਉਣ, ਖੋਜ ਤੇ ਵਿਕਾਸ ਦੇ ਕਾਰਜ ਵਿਚ ਜੁਟੇ ਅਧਿਆਪਕਾਂ ਤੋਂ ਹੁੰਦਾ ਹੈ।

ਇਹ ਭਾਂਡਾ ਭੰਨਣ ਦੇ ਹੋ ਸਕਦਾ ਬਹੁਤ ਸਾਰੇ ਕਾਰਨ ਹੋਣ, ਪਰ ਦੂਰੋਂ ਤੱਕਦਿਆਂ ਸਭ ਨੂੰ ਸ਼ਾਇਦ ਇਹੀ ਲੱਗਦਾ ਹੈ ਕਿ ਪਤਾ ਨਹੀਂ ਕਿੰਨੇ ਕੁ ਪੰਜਾਬੀ ਅਧਿਆਪਕ, ਬਿਨਾਂ ਕੁਝ ਕੀਤੇ ਕਰਾਏ, ਪੰਜਾਬੀ ਭਾਸ਼ਾ ਦੇ ਨਾਂ ਤੇ ਪੈਸਿਆਂ ਨਾਲ ਢਿੱਡ ਭਰੀ ਜਾ ਰਹੇ ਨੇ।

ਇਸੇ ਨੁਕਤੇ ਨੂੰ ਮੁੱਖ ਰੱਖ ਕੇ ਮੈਂ ਇੱਕ ਛੋਟੀ ਤੇ ਸਰਲ ਜਿਹੀ ਖੋਜ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ ਅਤੇ ਇੰਟਰਨੈੱਟ ਤੇ ਪਈ ਹੋਰ ਸਮੱਗਰੀ ਦਾ ਨਿਰਪੱਖ ਤੇ ਅੰਕੜਿਆਂ ਆਧਾਰਿਤ ਸਰਵੇਖਣ ਕਰ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਇਲਜ਼ਾਮ ਵਿੱਚ ਕਿੰਨੀ ਕੁ ਸਚਾਈ ਹੈ?

ਹੇਠ ਦਿੱਤੀ ਅੰਕੜਿਆਂ ਤੇ ਅਧਾਰਿਤ ਜਾਣਕਾਰੀ ਸ਼ਾਇਦ ਤੁਹਾਨੂੰ ਹੈਰਾਨ ਜਾਂ ਹੋਰ ਭਾਵੁਕ ਕਰੇ।

ਕੀ ਪੰਜਾਬੀ ਯੂਨੀਵਰਸਿਟੀ ਸਿਰਫ਼ ਪੰਜਾਬੀ ਵਾਸਤੇ ਭਾਸ਼ਾ ਦੇ ਵਿਕਾਸ ਵਾਸਤੇ ਹੈ?

  • ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਇਸ ਸਮੇਂ ਵੱਖੋ-ਵੱਖ ਵਿਸ਼ਿਆਂ ਦੇ ਤਹਿਤ ਉਚੇਰੀ ਸਿੱਖਿਆ ਪ੍ਰਦਾਨ ਕਰਨ ਹਿਤ ਲਗਭਗ 78 ਅਧਿਆਪਨ ਅਤੇ ਖੋਜ ਵਿਭਾਗ ਹਨ।
  • ਇਹਨਾਂ 78 ਵਿਭਾਗਾਂ ਵਿੱਚੋਂ ਸਿਰਫ਼ ਪੰਜ ਸਿੱਧੇ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੀ ਆਪਾਂ ਅੱਗੇ ਚੱਲ ਕੇ ਪੜਚੋਲ ਕਰਾਂਗੇ। ਇਹ ਹਨ:
    • ਪੰਜਾਬੀ ਵਿਭਾਗ
    • ਭਾਸ਼ਾ ਵਿਗਿਆਨ ਤੇ ਕੋਸ਼ਕਾਰੀ ਵਿਭਾਗ
    • ਪੰਜਾਬੀ ਸਾਹਿਤ ਅਧਿਐਨ
    • ਪੰਜਾਬੀ ਭਾਸ਼ਾ ਵਿਕਾਸ ਵਿਭਾਗ
    • ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਖੋਜ ਕੇਂਦਰ

ਭਾਵੇਂ ਸ਼ੁਰੂ ਵਿਚ ਯੂਨੀਵਰਸਿਟੀ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਕਲਾ ਅਤੇ ਸਾਹਿਤ ਦਾ ਸਰਬਪੱਖੀ ਵਿਕਾਸ ਕਰਨਾ ਸੀ। ਪਰ ਸਹਿਜੇ ਸਹਿਜੇ ਇਸ ਦਾ ਘੇਰਾ ਵਿਸ਼ਾਲ ਹੁੰਦਾ ਗਿਆ ਅਤੇ ਹੁਣ ਇਹ ਇਕ ਬਹੁ-ਪੱਖੀ ਅਤੇ ਬਹੁ-ਫੈਕਲਟੀ ਵਾਲੇ ਵਿਸ਼ਾਲ ਵਿੱਦਿਅਕ ਅਦਾਰੇ ਦਾ ਰੂਪ ਧਾਰਨ ਕਰ ਗਈ ਹੈ।

ਪੰਜਾਬੀ ਯੂਨੀਵਰਸਿਟੀ ਦੀ ਖ਼ੁਦ ਦੀ ਵੈੱਬਸਾਈਟ ਮੁਤਾਬਿਕ

ਅਜੋਕੇ ਪੰਜ ਪੰਜਾਬੀ ਨਾਲ ਸੰਬੰਧਿਤ ਵਿਭਾਗਾਂ ਦਾ ਦਾਇਰਾ ਤੇ ਕੰਮ-ਕਾਜ ਕੀ ਹੈ?

ਪੰਜਾਬੀ ਵਿਭਾਗ

  • ਪੰਜਾਬੀ ਵਿਭਾਗ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ ਦੀ ਉਚੇਰੀ ਸਿੱਖਿਆ ਦੀਆਂ ਡਿਗਰੀਆਂ ਲਈ ਪੜ੍ਹਾਈ ਕਰਵਾਉਣਾ ਹੈ।
  • ਇਸ ਵਿਭਾਗ ਵਿੱਚ ਕੁੱਲ ਦਸ ਅਧਿਆਪਕ ਹਨ ਤੇ ਸੁੱਖ ਨਾਲ ਬਹੁਤੇ ਪ੍ਰੋਫੈਸਰ।
  • ਜੋ ਵੀ ਕਹਿ ਲਈਏ ਪੰਜਾਬੀ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਅੱਜ ਵੀ ਭਾਰਤ ਵਿੱਚ ਪੰਜਾਬੀ ਪੜ੍ਹਾਉਣ ਵਾਲੀਆਂ ਨਾਮੀ ਸੰਸਥਾਵਾਂ ਵਿੱਚੋਂ ਸਭ ਤੋਂ ਉੱਤੇ ਹੈ ਜਿੱਥੋਂ ਅੱਜ ਵੀ ਲੋਕ ਪੰਜਾਬੀ ਦੀਆਂ ਡਿਗਰੀਆਂ ਲੈ ਕੇ ਮਾਣ ਮਹਿਸੂਸ ਕਰਦੇ ਹਨ।
  • ਮੇਰੇ ਕੋਲ ਸ਼ਾਇਦ ਪੂਰੇ ਅੰਕੜੇ ਤਾਂ ਨਹੀਂ ਪਰ ਜੇ ਚਲਦੇ ਕੋਰਸਾਂ ਵਿੱਚ ਸੀਟਾਂ ਦੀ ਗਿਣਤੀ ਮੁਤਾਬਿਕ ਹਿਸਾਬ ਲਾਈਏ ਤਾਂ ਕੋਈ 400 ਤੋਂ ਉੱਤੇ ਵਿਦਿਆਰਥੀ ਸਿੱਧੇ ਅਸਿੱਧੇ ਤੌਰ ਤੇ ਡਿਗਰੀਆਂ ਕਰ ਰਹੇ ਨੇ।
  • ਪਰ ਜੇ ਵਿਦਿਆਰਥੀਆਂ ਦੀ ਸੰਖਿਆ 350 ਵੀ ਕਹਿ ਲਈਏ 35:1 ਦਾ ਵਿਦਿਆਰਥੀ ਤੇ ਅਧਿਆਪਕ ਅਨੁਪਾਤ ਭਾਰਤੀ ਯੂਨੀਵਰਸਿਟੀਆਂ ਦੀ ਔਸਤ 27:1 ਤੋਂ ਜ਼ਿਆਦਾ।
  • ਯਾਦ ਕਰਵਾ ਦੇਵਾਂ ਕਿ ਯੂਕੇ ਵਰਗੇ ਮੁਲਕਾਂ ਵਿੱਚ ਇਹ ਅਨੁਪਾਤ ਅਕਸਰ 11:1 ਦੇ ਨੇੜੇ ਰਹਿੰਦਾ।
  • ਮੈਨੂੰ ਨਹੀਂ ਲੱਗਦਾ ਇਹਨਾਂ ਅਧਿਆਪਕਾਂ ਨੂੰ ਜਮਾਤਾਂ ਵਿੱਚ ਪੜ੍ਹਾਉਣ ਤੋਂ ਬਾਅਦ ਤੇ ਹੋਰ ਵਾਧੂ ਕਾਰਜਾਂ ਦੀਆਂ ਜ਼ੁੰਮੇਵਾਰੀਆਂ ਸਾਂਭਣ ਤੋ ਬਾਅਦ ਪੰਜਾਬੀ ਵਿੱਚ ਕੋਈ ਖੋਜ ਤੇ ਵਿਕਾਸ ਕਰਨ ਦਾ ਕੋਈ ਸਮਾਂ ਬਚਦਾ ਹੋਵੇਗਾ।
  • ਸੋ ਇਸ ਵਿਭਾਗ ਦੀ ਮੁੱਖ ਜ਼ਿੰਮੇਵਾਰੀ ਸਮਝੋ ਪੜ੍ਹਨ ਪੜਾਉਣ ਤੱਕ ਹੀ ਸੀਮਤ ਹੈ ਤੇ ਜੋ ਹੋਣੀ ਵੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।
  • ਯੂਨੀਵਰਸਿਟੀ ਵੱਲੋਂ 2022 ਵਿੱਚ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਅਤੇ ਪੰਜਾਬੀ ਪੀਡੀਆ ਕੇਂਦਰ ਨੂੰ ਵਿਭਾਗ ਦਾ ਹਿੱਸਾ ਬਣਾਇਆ ਗਿਆ ਹੈ।

ਭਾਸ਼ਾ ਵਿਗਿਆਨ ਤੇ ਕੋਸ਼ਕਾਰੀ ਵਿਭਾਗ

  • ਕਿਸੇ ਸਮੇਂ ਇਹ ਤਿੰਨ ਵੱਖਰੇ ਵਿਭਾਗ ਹੁੰਦੇ ਸਨ ਜਿਨ੍ਹਾਂ ਕੋਲ ਆਪਣੇ ਮੁਲਾਜ਼ਮ ਤੇ ਸੋਮੇ ਸਨ।
  • 2006 ਵਿਚ ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ ਵਿਭਾਗ ਤੇ ਪੰਜਾਬੀ ਕੋਸ਼ਕਾਰੀ ਵਿਭਾਗ ਨੂੰ ਮਿਲਾ ਕੇ ਮੌਜੂਦਾ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦਾ ਗਠਨ ਕੀਤਾ ਗਿਆ।
  • ਹੁਣ ਕੱਟ ਵੱਢ ਕੇ ਬਣਾਏ ਇੱਕ ਵਿਭਾਗ ਵਿੱਚ ਖੋਜ ਦੇ ਨਾਲ ਨਾਲ ਹੁਣ ਜਮਾਤਾਂ ਨੂੰ ਪੜ੍ਹਾਉਣ ਦਾ ਕੰਮ ਵੀ ਹੁੰਦਾ।
  • ਇਸ ਵਿਭਾਗ ਵਿੱਚ 100 ਦੇ ਕਰੀਬ ਵਿਦਿਆਰਥੀ ਤੇ ਕੁੱਲ ਛੇ ਅਧਿਆਪਕ ਨੇ ਜਿਨ੍ਹਾਂ ਵਿੱਚੋਂ ਇੱਕ ਕੰਪਿਊਟਰ ਵਿਭਾਗ ਤੋਂ ਮੰਗਵਾਂ ਤੇ ਤਿੰਨ ਗੈੱਸਟ ਫੈਕਲਟੀ ਜਾਣੀ ਕਿ ਆਰਜ਼ੀ। ਆਪਾਂ ਸਭ ਨੂੰ ਪਤਾ ਹੀ ਹੈ ਕਿ ਗੈੱਸਟ ਫੈਕਲਟੀ ਨਾਲ ਅੱਜ ਕੀ ਕੀ ਹੋ ਰਿਹਾ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿੱਚ।
  • ਵੈੱਬਸਾਈਟ ਅਨੁਸਾਰ ਕੋਸ਼ਕਾਰੀ ਦੀ ਪੱਕੇ ਤੌਰ ਤੇ ਜ਼ਿੰਮੇਵਾਰੀ ਕਿਸੇ ਤੇ ਵੀ ਨਹੀਂ।
  • ਇਹ ਜਾਣਕਾਰੀ ਸਾਂਝੀ ਕਰ ਦੇਵਾਂ ਕਿ ਜਿਹੜੀ ਆਕਸਫੋਰਡ ਵਰਗੇ ਕੋਸਾਂ ਦੀ ਬਰਾਬਰਤਾ ਦੀਆਂ ਅਸੀਂ ਗੱਲਾਂ ਕਰਦੇ ਹਾਂ ਉੱਥੇ 100 ਤੋਂ ਉੱਤੇ ਮੁਲਾਜ਼ਮ ਸਿੱਧੇ ਤੋਰ ਤੇ ਇਕੱਲੇ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਕਾਰਜਾਂ ਵਿੱਚ ਜੁਟੇ ਹੋਏ ਹਨ ਤੇ ਇਸ ਤੋਂ ਕਿਤੇ ਵੱਧ ਵੱਖੋ ਵੱਖ ਕਾਲਜਾਂ ਵਿੱਚ।

ਪੰਜਾਬੀ ਸਾਹਿਤ ਅਧਿਐਨ ਵਿਭਾਗ

  • ਵਿਭਾਗ ਦਾ ਮੁੱਖ ਕੰਮ ਪੰਜਾਬੀ ਸਾਹਿਤ ਨਾਲ ਸੰਬੰਧਿਤ ਹਵਾਲਾ ਪੁਸਤਕਾਂ ਪ੍ਰਕਾਸ਼ਿਤ ਕਰਨਾ ਹੈ।
  • ਇਸ ਵਿਭਾਗ ਵਿੱਚ ਪੰਜ ਅਧਿਆਪਕ ਨੇ ਤੇ 40 ਕੁ ਦੇ ਕਰੀਬ ਖੋਜਕਾਰ ਵਿਦਿਆਰਥੀ।
  • ਵੱਖ ਵੱਖ ਲੜੀ ਹੇਠ 415 (ਚਾਰ ਸੌ ਪੰਦਰਾਂ) ਖੋਜ ਪੁਸਤਕਾਂ ਦਾ ਪ੍ਰਕਾਸ਼ਨ, ਜਿਸ ਵਿੱਚ 11 ਡਿਕਸ਼ਨਰੀਆਂ ਅਤੇ ‘ਖੋਜ ਪਤ੍ਰਿਕਾ’ ਦੇ 79 ਅੰਕ ਸ਼ਾਮਲ ਹਨ।
  • ਲੱਗਦਾ ਇਹ ਵਿਭਾਗ ਸਮਰੱਥਾ ਅਨੁਸਾਰ ਪੰਜਾਬੀ ਭਾਸ਼ਾ ਦੇ ਖੋਜ ਕਾਰਜਾਂ ਵਿੱਚ ਜੁਟਿਆ ਹੋਇਆ।

ਪੰਜਾਬੀ ਭਾਸ਼ਾ ਵਿਕਾਸ ਵਿਭਾਗ

  • ਇਸ ਵਿਭਾਗ ਵਿੱਚ ਇੱਕ ਅਧਿਆਪਕ ਤੇ ਛੇ ਹੋਰ ਮੁਲਾਜ਼ਮ ਨੇ
  • ਮਿਲਦੀ ਜਾਣਕਾਰੀ ਤੋਂ ਲੱਗਦਾ ਇਹ ਵਿਭਾਗ ਦੂਜੇ ਪੰਜਾਬੀ ਵਿਭਾਗਾਂ ਨੂੰ ਫੰਡ ਦਿਵਾਉਣ ਦਾ ਜ਼ਰੀਆ ਹੈ।
  • ਵਿਭਾਗ ਬਾਰੇ ਅੰਗਰੇਜ਼ੀ ਵਿੱਚ ਦਿੱਤੀ ਜਾਣਕਾਰੀ ਦੱਸਦੀ ਹੈ ਕਿ ਇਹਨਾਂ ਦਾ ਇੱਕ ਮੁੱਖ ਕੰਮ ਪੰਜਾਬੀ ਮਾਧਿਅਮ ਦੀਆਂ ਪੁਸਤਕਾਂ ਤੇ ਬਾਲ ਸਾਹਿਤ ਉਤਪੰਨ ਕਰਨਾ ਹੈ।
  • ਇੱਕ ਅਧਿਆਪਕ ਨਾਲ ਇਹ ਕਿੰਨਾ ਕੁ ਸੰਭਵ ਹੈ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ।

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਖੋਜ ਕੇਂਦਰ

  • ਵੈੱਬਸਾਈਟ ਦੇਖ ਕੇ ਇੰਝ ਲੱਗਦਾ ਕਿ 2004 ਵਿੱਚ ਸਥਾਪਿਤ ਹੋਇਆ ਇਹ ਵਿਭਾਗ
    ਨਾ ਜੀਂਦਿਆਂ ਵਿਚ ਨਾ ਮੋਇਆਂ ਵਿਚ।
  • ਇਸ ਦੇ ਮੁਖੀ ਤੇ ਪਿਛਲੇ ਸਾਲ ਰਿਟਾਇਰ ਹੋਣ ਤੋਂ ਬਾਅਦ ਲੱਗਦਾ ਯੂਨੀਵਰਸਿਟੀ ਕੋਲ ਇਸ ਵਿਭਾਗ ਸੰਬੰਧੀ ਕੋਈ ਠੋਸ ਨੀਤੀ ਨਹੀਂ ਹੈ।
  • ਵਿਭਾਗ ਵਿੱਚ 2 ਪ੍ਰੋਫੈਸਰ ਤੇ 8 ਦੇ ਕਰੀਬ ਆਮ ਮੁਲਾਜ਼ਮ ਨੇ ਜਿਨ੍ਹਾਂ ਦਾ ਮੁੱਖ ਕੰਮ ਪ੍ਰੋਜੈਕਟਾਂ ਦਾ ਪ੍ਰਬੰਧ ਤੇ ਕੰਪਿਊਟਰ ਤੇ ਜਾਣਕਾਰੀ ਚੜ੍ਹਾਉਣਾ ਹੈ।
  • ਚੱਲ ਰਹੇ ਪ੍ਰੋਜੈਕਟਾਂ ਤੇ ਨਿਗ੍ਹਾ ਮਾਰਿਆਂ ਪਤਾ ਲੱਗਦਾ ਹੈ ਕਿ ਬਹੁਤੇ ਪ੍ਰੋਜੈਕਟ ਰਾਸ਼ਟਰੀ ਸਰਕਾਰ ਦੀ ਵਿੱਤੀ ਸਹਾਇਤਾ ਨਾਲ ਚੱਲ ਰਹੇ ਤੇ ਉਹਨਾਂ ਦੁਆਰਾ ਦਿੱਤੀਆਂ ਹਦਾਇਤਾਂ ਨਾਲ। ਇੱਥੋਂ ਤੱਕ ਕਿ ਵਿਭਾਗ ਦੀ ਸਾਰੀ ਵੈੱਬਸਾਈਟ ਵੀ ਅੰਗਰੇਜ਼ੀ ਵਿੱਚ ਹੈ।
  • ਸਭ ਕੁਝ ਦੇ ਬਾਵਜੂਦ ਲੱਗਦਾ ਇਹ ਵਿਭਾਗ 20 ਕੁ ਵੱਖੀ ਵੱਖਰੇ ਰਾਸ਼ਟਰੀ ਤੇ ਘਰੇਲੂ ਪ੍ਰੋਜੈਕਟਾਂ ਤੇ ਕੰਮ ਕਰਦਾ ਲੱਗਦਾ।

ਉੱਭਰਦੇ ਸਵਾਲ ਤੇ ਸਾਰ

ਜਦੋਂ ਮੈਂ ਖੋਜ ਸ਼ੁਰੂ ਕੀਤੀ ਤਾਂ ਮੈਂ ਸੋਚਿਆ ਪਤਾ ਨਹੀਂ ਕਿੰਨੇ ਕੁ ਸੌ ਪੰਜਾਬੀ ਵਿਦਵਾਨ ਪੰਜਾਬੀ ਯੂਨੀਵਰਸਿਟੀ ਤੋਂ ਤਨਖ਼ਾਹਾਂ ਲੈ ਕੇ ਪੰਜਾਬੀ ਦੇ ਨਾਂ ਤੇ ਢਿੱਡ ਭਰੀ ਜਾਂਦੇ ਨੇ ਪਰ ਅੰਕੜੇ ਦੇਖ ਕੇ ਲੱਗਦਾ ਕਿ ਕੁੱਲ ਗਿਣਤੀ ਵੀਹ ਤੀਹ ਕੁ ਤੋਂ ਪਾਰ ਨਹੀਂ ਜਾਂਦੀ ਤੇ ਜਿਨ੍ਹਾਂ ਵਿੱਚੋਂ ਸਿਰਫ਼ ਚਾਰ ਪੰਜ ਹੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਿੱਧੇ ਤੌਰ ਤੇ ਭਰਤੀ ਕੀਤੇ ਹੋਏ ਹਨ।

ਹਰ ਸੰਸਥਾ ਵਿੱਚ ਕਈ ਅਜਿਹੇ ਹੁੰਦੇ ਨੇ ਜੋ ਸ਼ਿੱਦਤ ਨਾਲ ਆਪਣਾ ਕੰਮਕਾਰ ਕਰਦੇ ਨੇ ਤੇ ਕਈ ਅਜਿਹੇ ਜੋ ਸਿਰਫ਼ ਆਪਣੀ ਸੌਂਪੀ ਜ਼ੁੰਮੇਵਾਰੀ ਤੱਕ ਸੀਮਤ ਹੁੰਦੇ ਨੇ। ਇਹ ਨੁਕਤਾ ਪੰਜਾਬੀ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਵਿਦਵਾਨਾਂ ਤੇ ਵੀ ਲਾਗੂ ਹੁੰਦਾ- ਜੇ ਸਰਸਰੀ ਜਿਹੀ ਖੋਜ ਕਰੋ ਤਾਂ ਲੱਭ ਲਵੋਗੇ ਕਿ ਕਈ ਆਪਣੀ ਜ਼ਿੰਮੇਵਾਰੀ ਤੋਂ ਵੱਧ ਕੰਮ ਕਰ ਰਹੇ ਨੇ ਤੇ ਕਈਆਂ ਬੱਸ ਲੋੜਾਂ ਜੋਗਾ।

ਮੈਂ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਦਵਾਨਾਂ ਨੂੰ ਕੋਈ ਦੋਸ਼-ਮੁਕਤ ਹੋਣ ਦੀ ਚਿੱਟੀ ਪਰਚੀ ਨਹੀਂ ਦੇਣਾ ਚਾਹੁੰਦਾ, ਜਿਸ ਨੂੰ ਅੱਜਕੱਲ੍ਹ “ਕਲੀਨ ਚਿੱਟ” ਵੀ ਬੋਲਦੇ ਨੇ, ਪਰ ਇੱਥੇ ਲਗਦਾ ਘਾਟ ਯੋਜਨਾਵਾਂ, ਨਿਵੇਸ਼ ਤੇ ਪ੍ਰਬੰਧ ਦੀ ਹੈ ਨਾ ਕਿ ਵਿਅਕਤੀਗਤ ਤੌਰ ਤੇ ਕਿਸੇ ਦੇ ਵੱਧ ਘੱਟ ਕੰਮ ਕਰਨ ਦੀ।

ਮਸਲਾ ਗਿਣਤੀ ਤੇ ਸਮਰੱਥਾ ਦਾ ਲੱਗਦਾ ਨਾ ਕਿ ਮੁਹਾਰਤ ਦਾ।

ਨਾਲੇ ਜੇ ਪ੍ਰਬੰਧ ਸਹੀ ਹੋਵੇ ਤਾਂ ਸਭ ਆਪੇ ਹੀ ਤੀਰ ਵਾਂਗ ਸਿੱਧੇ ਕੰਮ ਕਰਨ – ਪਰ ਕੰਮ ਉਹੀ ਜਿਸ ਕੰਮ ਦੀ ਜ਼ਿੰਮੇਵਾਰੀ ਹੈ ਤੇ ਜਿਸ ਦੇ ਪੈਸੇ ਮਿਲਦੇ ਹਨ।

ਪੱਛਮੀ ਮੁਲਕਾਂ ਵਿੱਚ ਲੋਕ ਕੰਮਕਾਰ ਤੇ ਝੱਟ ਇਹ ਕਹਿ ਦਿੰਦੇ ਨੇ ਕਿ “ਦੈਟ ਇਜ਼ ਨਾਟ ਮਾਈ ਜੌਬ (That’s not my job!) “, ਪਰ ਇੱਥੇ ਵੱਖੋ ਵੱਖ ਪੰਜਾਬੀ ਵਿਭਾਗਾਂ ਵਿੱਚ ਕੰਮ ਕਰਦੇ ਵਿਦਵਾਨਾਂ ਤੋਂ ਅਸੀਂ ਇਹ ਕਿਉਂ ਆਸ ਲਾ ਕੇ ਬੈਠੇ ਹਾਂ ਕਿ ਉਹੀ ਸਾਰਾ ਕੁਝ ਕਰਨ ਉਹ ਵੀ ਉਹਨਾਂ ਵਿੱਚੋ ਕਈ ਆਰਜ਼ੀ ਨੌਕਰੀਆਂ ਦੌਰਾਨ? ਕਿਸੇ ਦੀ ਤਾਲੀਮ, ਮੁਹਾਰਤ ਤੇ ਤਜਰਬਾ ਪੜ੍ਹਾਉਣ ਦਾ ਹੋਵੇਗਾ ਤੇ ਕਿਸੇ ਦਾ ਖੋਜ ਦਾ – ਸਾਰਿਆਂ ਤੋ ਇੱਕੋ ਜਿਹੀ ਆਸ ਰੱਖਣੀ ਕਿੰਨੀ ਕੁ ਵਾਜਬ ਹੈ?

ਹੁਣ ਮੇਰਾ ਆਹ ਵਾਕ ਪੜ੍ਹ ਕੇ ਕਈ ਕਹਿਣਗੇ ਕਿ ਇਹਨਾਂ ਨੂੰ ਲੱਖਾਂ ਰੁਪਏ ਤਨਖ਼ਾਹਾਂ ਮਿਲਦੀਆਂ। ਪਰ 2023- 2024 ਦੇ ਅਖ਼ਬਾਰ ਦੱਸਦੇ ਨੇ ਕਿ ਕਈ ਹਫ਼ਤੇ ਧਰਨੇ ਲਾ ਕੇ ਵੀ ਚਾਰ ਚਾਰ ਮਹੀਨੇ ਤਨਖ਼ਾਹਾਂ ਨਹੀਂ ਮਿਲਦੀਆਂ। – ਢਿੱਡ ਨੇੜੇ ਕੇ ਭਾਸ਼ਾ ਦਾ ਵਿਕਾਸ? ਸਾਡੇ ਵਿੱਚੋਂ ਕਿੰਨਿਆਂ ਕੁ ਨੂੰ ਆਪਣਾ ਬਣਦਾ ਮਿਹਨਤਾਨਾ ਲੈਣ ਲਈ ਧਰਨੇ ਲਾਉਣੇ ਪੈਂਦੇ ਨੇ?

ਕੁੱਲ ਮਿਲਾ ਕਿ ਮੈਨੂੰ ਇਹ ਲੱਗਦਾ ਕਿ ਪੰਜਾਬੀ ਭਾਸ਼ਾ ਦੇ ਰੁਕੇ ਵਿਕਾਸ ਇਕੱਲੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਦਵਾਨਾਂ ਸਿਰ ਭਾਂਡਾ ਭੰਨਣਾ ਬੱਸ ਦਿਲ ਸਮਝਾਉਣ ਵਾਲੀ ਗੱਲ ਲੱਗਦਾ ਜਾਂ ਕਹਿ ਲਵੋ ਪਾਣੀ ਵਿੱਚ ਸੋਟੀਆਂ ਮਾਰਨ ਬਰਾਬਰ। ਇਹ ਤਾਂ ਉਹ ਗੱਲ ਆ ਬਈ ਕੁੱਬੇ ਬੂਟੇ ਤੇ ਹਰ ਕੋਈ ਜਾ ਚੜ੍ਹਦਾ ਹੈ।

ਕਹਿੰਦੇ ਨੇ ਜਿੰਨਾ ਗੁੜ ਪਾਓਗੇ ਉੱਨਾ ਹੀ ਮਿੱਠਾ ਹੋਵੇਗਾ, ਪੰਜ ਸੱਤ ਜਣਿਆਂ ਨਾਲ ਅਕਾਦਮਿਕ ਪੱਧਰ ਤੇ ਕੀ ਪੰਜਾਬੀ ਭਾਸ਼ਾ ਦਾ ਵਿਕਾਸ ਕਰੋਗੇ ਤੇ ਕੀ ਛੱਡੋਗੇ?

ਪੰਜਾਬੀ ਯੂਨੀਵਰਸਿਟੀ ਆਪਣੇ ਮੁੱਢਲੇ ਉਦੇਸ਼ ਤੋਂ ਭਟਕ ਗਈ, ਇਹ ਗੱਲ ਪੜ੍ਹਨ ਨੂੰ ਔਖੀ ਲੱਗਦੀ ਹੈ ਪਰ ਜੇ ਹੋਰ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਜੇ ਪੰਜਾਬੀ ਯੂਨੀਵਰਸਿਟੀ ਬਹੁਪੱਖੀ ਨਾ ਬਣਦੀ ਤਾਂ ਕੀ ਮਾਲਵੇ ਵਿੱਚ ਲੱਖਾਂ ਵਿਦਿਆਰਥੀਆਂ ਨੂੰ ਵਾਜਬ ਤੇ ਘੱਟ ਫ਼ੀਸਾਂ ਤੇ ਵੱਖ ਵੱਖ ਵਿਸ਼ਿਆਂ ਵਿੱਚ ਪੜ੍ਹਾਉਣ ਲਈ ਕੋਈ ਹੋਰ ਸੰਸਥਾ ਸੀ ਜਾਂ ਹੈ?

ਸਵਾਲ ਇਹ ਹੈ ਕਿ ਇਸ ਸੰਸਥਾ ਨੂੰ ਮੁਢਲੇ ਉਦੇਸ਼ ਤੋ ਕਿਉਂ ਭਟਕਣਾ ਪਿਆ?


ਜੇ ਇਸ ਦਾ ਮੁੱਢਲਾ ਉਦੇਸ਼ ਪੰਜਾਬੀ ਦਾ ਵਿਕਾਸ ਨਹੀਂ ਰਹਿ ਗਿਆ ਸੀ ਤਾਂ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਕਿਉਂ ਨਹੀਂ ਸੌਂਪੀ ਗਈ ਤੇ ਇਹ ਜ਼ਿੰਮੇਵਾਰੀ ਕਿਸ ਨੇ ਕਿਸ ਨੂੰ ਸੌਂਪਣੀ ਸੀ?

ਪੰਜਾਬੀ ਯੂਨੀਵਰਸਿਟੀ ਦੇ ਬਹੁ-ਪੱਖੀ ਅਤੇ ਬਹੁ-ਫੈਕਲਟੀ ਹੋਣ ਦਾ ਵਰਤਾਰਾ ਪਿਛਲੇ ਚਾਰ ਦਹਾਕਿਆਂ ਤੋਂ ਚੱਲ ਰਿਹਾ ਤੇ ਕਿਉਂ ਨਹੀਂ ਪੰਜਾਬ ਵਿੱਚ ਕੋਈ ਸਮਾਜਿਕ, ਰਾਜਨੀਤਿਕ ਤੇ ਆਰਥਿਕ ਲਹਿਰ ਦਾ ਆਗਾਜ਼ ਹੋਇਆ ਇਸ ਮਸਲੇ ਦੇ ਹੱਲ ਲਈ?


ਲੋੜ ਹੈ ਬਿਮਾਰੀ ਦੀ ਅਸਲ ਜੜ੍ਹ ਨੂੰ ਲੱਭਣ ਦੀ ਤਾਂ ਜੋ ਇਸ ਦੇ ਹੱਲ ਲਈ ਕੋਈ ਹੀਲਾ ਕੀਤਾ ਜਾ ਸਕੇ ਨਹੀਂ ਤਾਂ ਫਿਰ ਨਮਾਜ਼ ਬਖ਼ਸਾਉਣ ਗਏ ਗਲ਼ ਰੋਜ਼ੇ ਪਾਏ ਵਾਲੀ ਗੱਲ ਹੋ ਜਾਣੀ ਆ।


ਇਸ ਤੋਂ ਪਹਿਲਾਂ ਕੇ ਮੇਰੇ ਸਮੇਤ ਸਭ ਸਮੱਸਿਆ ਦਾ ਹੱਲ ਪੇਸ਼ ਕਰਨ ਲਈ ਤਤਪਰ ਹੋਣ, ਸਭ ਤੋਂ ਵੱਧ ਲੋੜ ਹੈ ਅੱਜ ਅਜਿਹੀਆਂ ਵਿਚਾਰ ਚਰਚਾਵਾਂ ਕਰਨ ਦੀ ਜਿੱਥੇ ਸਿਰਫ਼ ਤੇ ਸਿਰਫ਼ ਪੰਜਾਬੀ ਭਾਸ਼ਾ ਦੇ ਵਿਕਾਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਨਿਰਪੱਖ ਤੌਰ ਤੇ ਸਮਝਣ ਉੱਤੇ ਜ਼ੋਰ ਦਿੱਤਾ ਜਾਵੇ ਤਾਂ ਜੋ ਅੱਗਾ ਦੌੜ ਤੇ ਪਿੱਛਾ ਚੌੜ ਨਾ ਹੋ ਜਾਏ।

ਖ਼ਾਸ ਟਿੱਪਣੀਆਂ

  • ਜਿਸ ਤਰ੍ਹਾਂ ਕਿਸੇ ਵੀ ਖੋਜ ਦੀਆਂ ਪਾਬੰਦੀਆਂ ਹੁੰਦੀਆਂ ਹਨ ਉਸੇ ਤਰ੍ਹਾਂ ਮੇਰੀ ਖੋਜ ਸਿਰਫ਼ ਇੰਟਰਨੈੱਟ ਤੇ ਉਪਲਬਧ ਜਾਣਕਾਰੀ ਤੇ ਆਧਾਰਿਤ ਹੈ। ਸੋ ਹੋ ਸਕਦਾ ਇਸ ਵਿੱਚ ਕੁਝ ਜਾਣਕਾਰੀ ਅਧੂਰੀ ਹੋਵੇ।
  • ਇਸ ਖੋਜ ਦਾ ਦਾਇਰਾ ਸਿਰਫ਼ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਪੰਜਾਬੀ ਨਾਲ ਸੰਬੰਧਿਤ ਵਿਭਾਗਾਂ ਬਾਰੇ ਹੈ ਜੋ ਪੰਜਾਬੀ ਭਾਸ਼ਾ ਖੋਜ ਤੇ ਵਿਕਾਸ ਦਾ ਧੁਰਾ ਨੇ। ਲੱਗਦਾ ਕੈਂਪਸ ਤੋਂ ਬਾਹਰ ਕਾਲਜਾਂ ਵਿੱਚ ਵੀ ਪੰਜਾਬੀ ਪੜ੍ਹਾਈ ਜਾ ਰਹੀ ਹੈ।
  • ਇਹ ਲੇਖ ਲਿਖਣ ਦਾ ਮੇਰਾ ਮਕਸਦ ਕਿਸੇ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਨੂੰ ਨੀਵਾਂ ਦਿਖਾਉਣਾ ਨਹੀਂ ਸਗੋਂ ਸਮਾਜਿਕ ਪੱਧਰ ਤੇ ਇਕ ਵਿਚਾਰ ਚਰਚਾ ਸ਼ੁਰੂ ਕਰਨਾ ਹੈ ਤਾਂ ਜੋ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਪਰਾਲੇ ਹੋ ਸਕਣ।
  • ਬਹੁਤੀ ਖੋਜ ਦਸੰਬਰ 2024 ਦੌਰਾਨ ਵਿੱਚ ਹੋਈ ਸੋ ਹੋ ਸਕਦਾ ਭਵਿੱਖ ਵਿੱਚ ਦਿੱਤੇ ਅੰਕੜੇ ਬਦਲ ਜਾਣ।

ਕੁਝ ਹੋਰ ਵਾਧੂ ਟਿੱਪਣੀਆਂ:

  • ਖੋਜ ਦੌਰਾਨ ਇੱਕ ਹੋਰ ਬਦਲਾਵ ਦੇਖ ਕੇ ਅਸਚਰਜ ਹੋਇਆ ਕਿ ਪਿਛਲੇ ਸਮੇਂ ਦੌਰਾਨ ਹੁੰਦੀ ਸ਼ਾਨਦਾਰ ਪੰਜਾਬੀ ਆਨਰਜ਼ ਦੀ ਬੀ ਏ ਨੂੰ ਖ਼ਤਮ ਕਰਕੇ ਹੋਰ ਕੋਰਸਾਂ ਵਿੱਚ ਰਲ਼ਾ ਦਿੱਤਾ ਗਿਆ ਹੈ।
  • ਸਭ ਵਰਤਾਰੇ ਨੂੰ ਦੇਖ ਕੇ ਲੱਗਦਾ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੂੰ ਹੋਰ ਭਾਸ਼ਾਵਾਂ (ਹਿੰਦੀ, ਅੰਗਰੇਜ਼ੀ ਆਦਿ) ਨਾਲ ਮਿਲਾ ਕਿ ਸਾਂਝਾ ਭਾਸ਼ਾਵਾਂ ਦਾ ਵਿਭਾਗ ਬਣਾਉਣ ਦੀ ਯੋਜਨਾ ਹੈ।
  • ਬਾਕੀ ਸ਼ਾਇਦ ਤੁਹਾਨੂੰ ਸਭ ਨੂੰ ਇਹ ਪਤਾ ਹੀ ਹੋਵੇ ਕਿ ਯੂਨੀਵਰਸਿਟੀ ਪਿਛਲੇ ਛੇ ਮਹੀਨੇ ਤੋਂ ਪੱਕੇ ਵਾਈਸ ਚਾਂਸਲਰ ਤੋਂ ਵਿਹੂਣੀ ਹੀ ਚੱਲ ਰਹੀ ਹੈ।

ਹਵਾਲੇ:

https://punjabiuniversity.ac.in/

https://ugcnet.nta.ac.in/

https://www.tribuneindia.com/

https://www.newindianexpress.com/

https://www.ling-phil.ox.ac.uk/

various WhatsApp conversations.

One thought on “ਪੰਜਾਬੀ ਭਾਸ਼ਾ ਦਾ ਵਿਕਾਸ – ਮਸਲਾ ਸਮਰੱਥਾ ਜਾਂ ਮੁਹਾਰਤ ਦਾ? ਪੰਜਾਬੀ ਯੂਨੀਵਰਸਿਟੀ ਦੀ ਮਿਸਾਲ – ਇਕ ਸਰਵੇਖਣ

  1. ਮੈਂ ਧਿਆਨ ਨਾਲ਼ ਅਤੇ ਆਪਣੇ ਗਿਆਨ ਨਾਲ਼ ਰਚਨਾ ਪੜ੍ਹ ਲਈ ਹੈ। ਮੇਰੇ ਖਿਆਲ ਵਿੱਚ ਕੁਝ ਸਮੱਸਿਆਵਾਂ ਆਉਂਦੀਆਂ ਹਨ। ਪਹਿਲੀਂ ਗੱਲ ਹੈ ਕਿ ਯੂਨੀਵਰਸਿਟੀ ਜਾਂ ਵਿਸ਼ਵ ਵਿਦਿਆਲੇ ਦਾ ਕੰਮ ਹੈ ਹਰ ਤਰ੍ਹਾਂ ਦੀ ਕੋਰਸ ਸਾਰੇ ਤੇ ਸਾਰੇ ਸਿਖਿਆਰਥੀਆਂ ਨੂੰ ਪੜ੍ਹਨ ਦਾ, ਨਾ ਕੇ ਕੇਵਲ ਪੰਜਾਬੀ ਭਾਸ਼ਾ। ਉਸ ਦਾ ਨਾਂ ਜੋ ਮਰਜ਼ੀ ਹੋਵੇ ਪਰ ਇਹ ਤਾਂ ਯੂਨੀਵਰਸਿਟੀ ਦੀ ਜੰਮੇਵਾਰੀ ਹੈ ਹੀ ਹੈ। ਦੂਹੀ ਗੱਲ ਹੈ ਕਿ ਜਿੰਞ ਜ਼ਿਕਰ ਕੀਤਾ ਗਿਆ ਗਿਣਤੀ ਦੇ ਬੰਦੇ ਪਟਿਆਲੇ ਯੂਨੀਵਰਸਿਟੀ ਚ ਹਨ ਅਤੇ ਉਹ ਆਪਣੇ ਮੋਢਿਆਂ ਉੱਤੇ ਕਿੰਞ ਪੰਜਾਬੀ ਜ਼ੁਬਾਨ ਦਾ ਸਾਰਾ ਭਰ ਲੈ ਸਕਦੇ ਹਨ?

    ਉਨ੍ਹਾਂ ਦੇ ਖਿਲਾਫ਼ ਮੈਂ ਕਹਿਵੇਂਗਾ ਕਿ ਜਿੰਨਾ ਦਾ ਕੰਮ ਹੈ ਉਨ੍ਹਾਂ ਨੂੰ ਨਹੀਂ ਤਾਂ ਇਮਾਨਦਾਰੀ ਨਾਲ਼ ਕਰਨਾ ਚਾਹੀਦਾ ਹੈ ਜਾਂ ਹਰ ਲਿਖਾਰੀ, ਹਰ ਵਿਗਿਆਨ ਤੋਂ, ਹਰ ਗਿਆਨੀ ਤੋਂ ਮਦਦ ਲੈਣੀ ਚਾਹੀਦੀ ਹੈ, ਭਾਵੇਂ ਪੰਜਾਬ ਦੇ ਪੰਜਾਬੀ ਗਿਆਨੀ ਹੋਣ, ਜਾਂ ਬਾਹਰਲੇ। ਅਤੇ ਜਿਹੜੇ ਆਪਣੀ ਹਥੇਲੀ ਗਰਮ ਕਰ ਕੇ ਕੰਮ ਕਰਵਾਉਂਦੇ ਹਨ ਉਹ ਸੱਚ ਮੁੱਚ ਕਸੂਰਵਾਰ ਹਨ। ਬਾਕੀ ਇਸ ਪੜ੍ਹ ਕੇ ਲੱਗਦਾ ਮਜ਼ਬੂਰ ਹਨ ਅਤੇ ਉਨਾਂ ਤੇ ਅਰੋਪ ਨਹੀਂ ਕਰਨਾ ਚਾਹੀਦਾ ਹੈ।

    ਸਚਾਈ ਵਿੱਚ ਭਾਸ਼ਾਂ ਸਾਡੇ ਸਾਰੇ ਸਮਾਜ ਦੀ ਜੰਮੇਵਾਰੀ ਹੈ। ਬੋਲੀ ਹਰ ਪੀੜ੍ਹੀ ਬਦਲਦੀ ਹੇ ਜੇ ਜਿਊਣੀ ਰਹਿਣੀ ਚਾਹੁੰਦੀ ਹੈ ਅਤੇ ਜਿਹੜੀ ਪੰਜਾਬੀ ਇੱਕ ਦਹਾਕੇ ਪਹਿਲਾਂ ਸੀ ਅੱਜ ਦੀ ਨਹੀਂ ਹੋ ਸਕਦੀ ਹੈ।

    ਜੇ ਕੋਈ ਸ਼ਬਦ ਨਹੀਂ ਹੈ ਆਪਾਂ ( ਸਮਾਜ, ਲਿਖਾਰ ਆਦਿ) ਖ਼ੁਦ ਘੜ ਸਕਦੇ ਹਨ ਜਾਂ ਹੋਰ ਬੋਲੀ ਤੋਂ ਅਨੁਸਰਨ ਕਰ ਸਕਦੇ ਹਾਂ। ਅੰਗ੍ਰੇਜ਼ੀ ਇੰਞ ਹੀ ਅਮੀਰ ਹੋਈ ਹੈ। ਮੇਰੇ ਖਿਆਲ ਵਿੱਚ ਬਿਮਾਰੀ ਹੈ ਕਿ ਜਦ ਅਸੀਂ ਕੋਈ ਸ਼ਬਦ ਘੜ ਦੇ ਹਾਂ ਸ਼ਾਇਦ ਯੂਨੀਵਰਸਿਟੀ ਦੇ ਸ਼ਬਦ-ਕੋਸ਼ ਵਾiਲ਼ਆ ਤੱਕ ਪੁੱਜਦੇ ਨਹੀਂ ਹਨ। ਜਾਂ ਸਾਨੂੰ ਇਗਨੋਰ ਕਰਦੇ ਹਨ। ਪਰ ਅਸਲੀ ਰੋਗ ਹੈ ਕਿ ਜੇ ਕੋਈ ਆਪਣੇ ਆਪ ਲਫ਼ਜ਼ ਨੂੰ ਘਰਦਾ ਹੈ ਜਾਂ ਪੰਜਾਬੀ ਵਾਸਤੇ ਕੰਮ ਕਰਦਾ ਹੈ, ਹੋਰ ਸਾਰਾ ਪੰਜਾਬੀ ਸਮਾਜ ਉਸ ਨੂੰ ਜਰਦਾ ਨਹੀਂ ਪਰ ਟਾਣੇ ਮਾਰਦਾ ਹੈ, ਅਤੇ ਜੇ ਕੋਈ ਅਣਪੜ੍ਹ ਬੰਦਾ ਟੀਵੀ ਤੇ ਪੁਰਾਣੇ ਪੰਜਾਬੀ ਲਫ਼ਜ਼ਾਂ ਦੀ ਜਗ੍ਹਾ ਹਿੰਦੀ ਜਾਂ ਅੰਗ੍ਰੇਜ਼ੀ ਸ਼ਬਦ ਵਰਤਦਾ ਹੈ ਉਹ ਸ਼ਬਦ ਇੱਕ ਪੰਜਾਬੀ ਵਿੱਚ ਆ ਜਾਂਦਾ ਹੈ। ਮੇਰੇ ਖਿਆਲ ਵਿੱਚ ਜਿਹੜੇ ਸੋ ਕਾਲਡ ਪੱਤਰਕਾਰ ਹਨ ਜਾਂ ਟੀਵੀ ਨਵੀਸ ਜਾਂ ਏਕਟਰ, ਇਨ੍ਹਾਂ ਨੇ ਕੰਮ ਖਰਾਬ ਕੀਤਾ ਹੈ ਕਿਉਂਕਿ ਕੋਈ ਕਪਲਨਾ ਨਹੀਂ ਹੈ ਸੋ ਬਾਹਰਲੀ ਬੋਲ਼ੀ ਵਿੱਚੋਂ ਸ਼ਬਦ ਪੰਜਾਬੀ ਵਿੱਚ ਮਲ ਦਿੰਦੇ ਨੇ। ਪਰ ਇੱਕ ਹੋਰ ਗੱਲ ਹੈ, ਜਿਸ ਨੂੰ ਕੁਦਰਤ ਸੱਦੀਦਾ। ਉਸ ਦੇ ਹਿਸਾਬ ਨਾਲ਼ ਮੀਡੀਆ ਤੋਂ ਆਮ ਲੋਕ ਸ਼ਬਦ ਲੈਂਦੇ ਹਨ ਅਤੇ ਇਸ ਵੇਲ਼ੇ ਜ਼ਿਆਦਾ ਅੰਗ੍ਰੇਜ਼ੀ, ਹਿੰਦੀ ਅਤੇ ਉਰਦੂ ਤੋਂ ਹੀ ਲਖ਼ਜ਼ ਚੁੱਕਦੇ ਹਨ। ਇਹ ਹੋਣਾ ਹੀ ਹੈ। ਸੋ ਕਈ ਵਾਰੀ ਪੁਰਾਣੇ ਪੰਜਾਬੀ ਲਫ਼ਜ਼ਾਂ ਨੇ ਮਿਟ ਜਾਣਾ ਅਤੇ ਉਨ੍ਹਾਂ ਦੀ ਥਾਂ ਅੰਗ੍ਰੇਜ਼ੀ ਨੇ ਜਿੱਤ ਜਾਣਾ। ਤੇ ਜਿਹੜੇ ਲੋਕ ਸੰਸਕਰਿਤੀ ਸ਼ਬਦਾਂ ਤੋਂ ਨਵੇਂ ਪੰਜਾਬੀ ਸ਼ਬਦ ਘੜਦੇ ਹਨ ਉਨ੍ਹਾਂ ਨੇ ਸਤਿਆ ਨਾਸ ਕੀਤਾ ਹੈ ਕਿਉਂਕਿ ਇਹ ਸ਼ਬਦ ਕਿਸੇ ਤੋਨ ਬੋਲ਼ ਨਹੀਂ ਹੁੰਦੇ। ਸਗੋਂ ਇੰਞ ਪੰਜਾਬੀ ਨੂੰ ਹਿੰਦੀ ਦੀ ਉਪਬੋਲੀ ਕਰ ਦੇਣਾ ਹੈ। ਇਹ ਵੀ ਗੱਲ ਹੈ ਕਿ ਅਸੀਂ ਸਾਡੇ ਨਿਆਣਿਆਂ ਨੂੰ ਕੰਵਰਟ ਅੰਗ੍ਰੇਜ਼ੀ ਸਕੂਲਾਂ ਵਿੱਚ ਭੇਜਿਆ ਹੈ ਅਤੇ ਹੁਣ ੳਨ੍ਹਾਂ ਕੋਲ਼ ਕੋਈ ਬੋਲੀ ਨਹੀਂ ਰਹੀ। ਅੱਧੀ ਪੰਜਾਬੀ ਅਤੇ ਅੱਧੀ ਇੰਗਲਿਸ਼ ਮਾਰਦੇ ਹਨ ਅਤੇ ਉਨ੍ਹਾਂ ਨੇ ਵੀ ਫੇਰ ਬਾਹਰਲੇ ਸ਼ਬਦ ਪੰਜਾਬੀ ਵਿੱਚ ਪਾਉਣੇ ਹਨ। ਸੱਚ ਹੈ ਆਮ ਲੋਕ ਹੁਣ ਜ਼ਿਆਦੇ ਅੰਗ੍ਰੇਜ਼ੀ ਸ਼ਬਦ ਜਾਣਦੇ ਹਨ। ਸਾਨੂੰ ਅੱਧੇ ਰਾਹ ਵਿੱਚ ਰਹਿਣਾ ਚਾਹੀਦਾ ਹੈ। ਹਰ ਵੇਲ਼ੇ ਅੰਗ੍ਰੇਜ਼ੀ ਲਫ਼ਜ਼ ਨਾ ਪੰਕਾਬੀ ਵਿੱਚ ਕਬੂਲ ਕਰੋ, ਪਰ ਆਪਣੇ ਘੜੋ, ਪਰ ਹਰ ਵੇਲ਼ੇ ਜਿੱਥੇ ਬਾਹਰਲਾ ਸ਼ਬਦ ਆਮ ਹੋ ਚੁੱਕਾ ਉਸ ਨੂੰ ਅਡਿੱਠ ਨਾ ਕਰੋ।

    ਪੰਜਾਬੀ ਦੀ ਅਸਲੀ ਜੰਮੇਵਾਰੀ ਸਾਡੀ ਸਭ ਦੀ ਹੈ, ਇਕੱਲੇ ਯੂਨੀਵਰਸਿਟੀ ਦੀ ਨਹੀਂ।

    Like

Leave a reply to roopdhillon2014 Cancel reply