ਕਾਵਿ ਨਿਬੰਧ “ਮਨ-ਕਸੁੰਭਾ” ਇੱਕ ਵੱਖਰਾ ਜਿਹਾ ਕਾਵਿਕ ਅਹਿਸਾਸ


ਕਿਤਾਬ: ਮਨ-ਕਸੁੰਭਾ

ਕਵਿਤਰੀ: ਦਲਵੀਰ ਕੌਰ

ਪ੍ਰਕਾਸ਼ਕ: ਰਵੀ ਸਾਹਿਤ ਪ੍ਰਕਾਸ਼ਨ

ਕੁੱਲ ਸਫ਼ੇ: 65

ਕੀਮਤ: 275 ਰੁਪਏ


ਕਹਿੰਦੇ ਕਵਿਤਾ ਉਹ, ਜੋ ਮਨ ਨੂੰ ਛੂਹੇ। 

ਕਾਵਿਕ ਸਤਰਾਂ ਦੇ ਵਿੱਚ ਵਿਚਲੇ ਦਾ ਮਹਿਸੂਸ ਕੀਤਾ ਜਾਣ ਵਾਲਾ ਅਹਿਸਾਸ ਹੀ ਮਨੁੱਖੀ ਮਨ ਤੇ ਰੂਹ ਦੀ ਖੁਰਾਕ ਹੁੰਦਾ।

ਜਿਸ ਰੂਹ ਵਿੱਚ ਦਿਲ ਦੇ ਧੜਕਣ ਦੀ ਕਾਵਿਕ ਧੁਨ ਨੂੰ ਸਮਝਣ ਵਾਲੇ ਮਨ ਦਾ ਵਾਸ ਹੋਵੇ – ਉਸਨੂੰ ਕਵਿਤਾ ਪੜ੍ਹਨੀ, ਸੁਣਨੀ ਤੇ ਸੋਚਣੀ ਹਮੇਸ਼ਾ ਲੋਚਦੀ ਹੈ।

ਕਹਿੰਦੇ ਕਵਿਤਾ ਦੀ ਕੋਈ ਭਾਸ਼ਾ ਨਹੀਂ ਹੁੰਦੀ – ਪਰ ਮੈਨੂੰ ਯਕੀਨ ਐ ਕਿ ਕਵਿਤਾ ਨੂੰ ਉਸ ਦੀ ਮਾਂ ਬੋਲੀ ਚੋਂ ਬਾਹਰ ਕੱਢਣਾ ਅਸੰਭਵ ਹੈ ਜਿਸ ਵਿੱਚ ਉਹ ਪਹਿਲੀ ਵਾਰੀਂ ਉੱਕਰੀ ਗਈ – ਕਿਉਂ ਜੋ ਕਵਿਤਾ ਮਨ ਚੋਂ ਉਪਜਦੀ ਹੈ ਤੇ ਅਨੁਵਾਦ ਮਗ਼ਜ਼ ਚੋਂ।

ਕਵਿਤਾ ਦਾ ਮਨ ਨਾਲ ਨਾਤਾ ਐਨਾ ਡੂੰਘਾ ਕਿ ਕਵਿਤਾ ਦੇ ਦੋ ਬੋਲ – ਕੋਮਲ ਤੋਂ ਕੋਮਲ ਮਨ ਨੂੰ ਜੋਸ਼ ਨਾਲ ਭਰ ਸਕਦੇ ਨੇ ਤੇ ਕਠੋਰ ਤੋਂ ਕਠੋਰ ਮਨ ਨੂੰ ਘਿਓ ਵਾਂਗ ਪਿਘਲਾ ਦੇਣ।

ਅਜੋਕੇ ਪੰਜਾਬੀਆਂ ਦੇ ਖੁੱਲ੍ਹੇ ਡੁੱਲੇ ਜੀਵਨ ਵਾਂਗ ਪੰਜਾਬੀ ਕਵਿਤਾ ਦਾ ਦਾਇਰਾ ਵੀ ਵਿਸ਼ਾਲ ਹੈ।

ਪੰਜਾਬੀ ਕਵਿਤਾ ਬਦਲ ਗਈ , ਬਦਲ ਰਹੀ ਹੈ ਤੇ ਬਦਲਦੀ ਰਹੇਗੀ – ਸੋਚਣ ਵਾਲੀ ਗੱਲ ਇਹ ਹੈ ਕਿ ਕੀ ਕਵਿਤਾ ਬਦਲ ਰਹੀ ਹੈ ਜਾਂ ਕਵਿਤਾ ਦੀ ਸਮਝ? – ਕਵਿਤਾ ਸਮੇਂ ਵਿੱਚ ਸਫ਼ਰ ਕਰਦੀ ਹੈ ਤੇ ਇਸ ਦੇ ਅਰਥ ਸਮੇਂ ਤੇ ਮਨ ਦੀ ਅਵਸਥਾ ਨਾਲ ਬਦਲਦੇ ਰਹਿੰਦੇ ਨੇ।

ਭਾਵੇਂ ਪੰਜਾਬੀ ਕਵਿਤਾ ਦੀ ਅੱਜ ਕੱਲ੍ਹ ਛਪ ਰਹੀ ਹਰ ਕਿਤਾਬ ਪੜ੍ਹਨੀ ਤਾਂ ਲਗਭਗ ਅਸੰਭਵ ਹੈ ਪਰ ਮੈਨੂੰ ਜਦੋਂ ਸਮਾਂ ਲੱਗੇ – ਕਵਿਤਾ ਪੜ੍ਹ ਕੇ ਸਕੂਨ ਮਿਲਦਾ – ਖ਼ਾਸ ਤੌਰ ਤੇ ਪਰਖਣਾ ਚਾਹੁੰਦਾ ਹਾਂ ਅਜੋਕੀ ਪੰਜਾਬੀ ਕਵਿਤਾ ਨੂੰ ਇੱਕ ਆਲੋਚਕ ਅੱਖ ਤੋਂ।

ਕਵਿਤਾ ਦੀ ਆਲੋਚਨਾ ਬਹੁਤ ਹੀ ਕਠੋਰ ਕਾਰਜ ਹੈ ਕਿਉਂਕਿ ਕਵਿਤਾ ਕਵੀ ਮਨ ਦੀ ਉਸ ਸਮੇਂ ਦੀ ਤਸਵੀਰ ਹੁੰਦੀ ਹੈ ਜਿਸ ਪਲ਼ ਉਹ ਉੱਕਰੀ ਗਈ – ਮਨ ਦੀਆਂ ਤਰੰਗਾਂ ਤੋਂ ਬੋਲਾਂ ਤੱਕ- ਭਾਵੇਂ ਅਸੀਂ ਕਵਿਤਾ ਨੂੰ ਮਿਣਨ ਤੋਲਣ ਲੱਗ ਪਏ – ਕਵਿਤਾ ਬਸ ਕਵਿਤਾ ਹੀ ਹੁੰਦੀ ਹੈ – ਸ਼ਬਦਾਂ ਦਾ ਜਾਲ।

ਮੈਨੂੰ ਲੱਗਦਾ ਕਵਿਤਾ ਤਾਂ ਅਣ ਸਮਝੇ ਨੂੰ ਸਮਝਣ ਦੀ ਕੋਸ਼ਿਸ਼ ‘ਚ ਕਵੀ ਮਨ ਦਾ ਆਪਣਾ ਆਪਣੇ ਨਾਲ ਸੰਵਾਦ ਹੁੰਦਾ ਜਿਸ ਤੇ ਤੀਜੀ ਧਿਰ – ਖ਼ਾਸ ਤੌਰ ਤੇ ਆਲੋਚਕ – ਦਾ ਪੈਰ ਜਮਾਉਣ ਦਾ ਕੋਈ ਹੱਕ ਨਹੀਂ ਹੋ ਸਕਦਾ।

ਖਿਆਲਾਂ ਨੂੰ ਇੱਕ ਥਾਂ ਸਥਿਰ, ਗੰਢ ਮਾਰ ਕੇ ਰੱਖ ਲੈਣਾ ਸੰਭਵ ਨਹੀਂ।

ਕੁਝ ਮਨੁੱਖ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਜਾਚ ਹੁੰਦੀ ਹੈ, ਮਨੋਂ ਮਨ ਤੁਰਦੇ ਖਿਆਲਾਂ ਦੀ ਹੂਬਹੂ ਤਸਵੀਰ ਖਿੱਚ, ਬੋਚ ਬੋਚ ਕੇ ਇਹਨਾਂ ਖਿਆਲਾਂ ਨੂੰ ਸ਼ਬਦਾਂ ਦੀ ਗੁਥਲੀ ‘ਚ ਕੈਦ ਕਰ ਲੈਣ ਦੀ, ਕਦੇ ਤੋਲਾ – ਕਦੇ ਮਾਸਾ ਤੇ ਕਦੇ ਬੋਝੇ ਭਰ ਭਰ, ਤੇ ਇਹਨਾਂ ਮਨੁੱਖੀ ਮਨਾਂ ਨੂੰ ‘ਕਵੀ’ ਕਹਿੰਦੇ ਨੇ।

ਮੈਂ ਪਿਛਲੇ ਕੁਝ ਵਰ੍ਹਿਆਂ ਤੋਂ, ਕੁਝ ਕਵੀਆਂ ਤੇ ਕਵਿਤਰੀਆਂ ਦੀਆਂ ਕਵਿਤਾਵਾਂ ਇੰਗਲੈਂਡ ਦੇ ਸਾਹਿਤਕ ਪ੍ਰੋਗਰਾਮਾਂ ਵਿੱਚ ਉਹਨਾਂ ਦੇ ਮੂੰਹੋਂ ਸੁਣੀਆਂ ਤਾਂ ਮਹਿਸੂਸ ਹੋਇਆ ਕਿ ਇਹਨਾਂ ਚੋਂ ਕੁਝ ਕੁ ‘ਚ ਆਪਣੇ ਖਿਆਲਾਂ ਨੂੰ ਪਕੜ ਕੇ ਕਲਮਬੱਧ ਕਰਨ ਦਾ ਬਾ-ਕਮਾਲ ਹੁਨਰ ਹੈ ਤੇ ਇਹਨਾਂ ਦੇ ਜੀਵੰਤ ਅਨੁਭਵ ਕਵਿਤਾ ਨੂੰ ਨਵੀਂ ਦਿਸ਼ਾ ਦਿੰਦੇ ਹਨ।

ਇਹਨਾਂ ਵਿੱਚੋਂ ਬਰਤਾਨਵੀ ਕਵਿਤਾ ਦੀ ਮੂਹਰਲੀ ਕਤਾਰ ਵਿੱਚੋਂ ਇੱਕ ਨਾਮ ਹੈ – ਦਲਵੀਰ ਕੌਰ।

ਦਲਵੀਰ ਕੌਰ

ਦੋ ਦਹਾਕਿਆਂ ਦੇ ਕਾਵਿਕ ਸਫ਼ਰ ਤੋਂ ਬਾਅਦ ਦਲਵੀਰ ਕੌਰ ਹੋਰਾਂ ਦੀ ਨਵੀਂ ਪੁਸਤਕ “ਮਨ-ਕਸੁੰਭਾ” ਪਿੱਛੇ ਜਿਹੇ ਸਾਹਿਤਕ ਸਫ਼ਾਂ ਵਿੱਚ ਕਾਫ਼ੀ ਵਿਚਾਰ ਚਰਚਾ ਦਾ ਹਿੱਸਾ ਰਹੀ।

ਪਿਛਲੇ ਕਈ ਮਹੀਨਿਆਂ ਤੋਂ ਤਾਂ ਹੀ ਮੈਂ ਦਲਵੀਰ ਕੌਰ ਹੋਰਾਂ ਦੀ ਕਿਤਾਬ “ਮਨ-ਕਸੁੰਭਾ” ਨੂੰ ਉੱਠਦੇ ਬਹਿੰਦੇ,  ਸਫ਼ਰ ਕਰਦੇ ਪੜ੍ਹਨ ਤੇ ਸਮਝਣ ਦੀ ਕੋਸ਼ਿਸ਼ ਕੀਤੀ, ਮਨ ਦੀ ਗੱਲ ਤੇ ਮਨ ਦੇ ਅਨੁਭਵਾਂ ਨੂੰ ਖੰਘਾਲਦੀ ਇਹ ਕਿਤਾਬ ਉੱਪਰੋਂ ਜਿੰਨੀ ਸੂਖਮ ਅੰਦਰੋਂ ਓਨੀ ਹੀ ਡੂੰਘੀ, ਸ਼ਾਇਦ ਇਸ ਦੇ ਸ਼ਬਦਾਂ ਦੀ ਹਰ ਤਹਿ ਨੂੰ ਤਾਂ ਕਵਿੱਤਰੀ ਖ਼ੁਦ ਹੀ ਸਮਝ ਤੇ ਸਮਝਾ ਸਕਦੀ ਹੈ – ਜਿਸ ਨੇ ਇਹਨਾਂ ਨੂੰ ਜਣਿਆਂ, ਬਾਕੀ ਤਾਂ ਬਸ ਟੇਵਾ ਹੀ ਲਾ ਸਕਦੇ ਨੇ।

ਫਿਰ ਵੀ ਮੈਨੂੰ ਲੱਗਾ ਕਿ ਇਹ ਜਾਇਜ਼ ਨਹੀਂ ਹੋਵੇਗਾ ਜੇ ਇਸ ਕਿਤਾਬ ਵਿਚਲੇ ਕਹੇ ਤੇ ਅਣ ਕਹੇ ਸ਼ਾਬਦਿਕ ਭਾਵਾਂ ਬਾਰੇ ਕੁਝ ਕਿਹਾ ਜਾਂ ਲਿਖਿਆ ਨਾ ਜਾਵੇ।

ਦਲਵੀਰ ਕੌਰ ਦੀ ਇਸ ਕਾਵਿ-ਪੁਸਤਕ ਵਿਚਲੀਆਂ ਕਵਿਤਾਵਾਂ ਬਾਰੇ ਹਰ ਇੱਕ ਦਾ ਨਜ਼ਰੀਆ ਆਪੋ-ਆਪਣਾ ਹੋਵੇਗਾ। ਜਦੋਂ ਵੀ ਕੋਈ ਪਾਠਕ ਇਸ ਕਿਤਾਬ ਦੇ ਸ਼ਬਦਾਂ ਦੇ ਵਿੱਚ ਵਿਚਕਾਰ ਚੁੱਭੀ ਮਾਰੇਗਾ, ਉਸ ਨੂੰ ਆਪਣੇ ਮਨ ਦੀ ਉਸ ਵੇਲੇ ਦੀ ਅਵਸਥਾ ਅਨੁਸਾਰ ਹੀ ਸਤਹਿ ਤੋਂ  ਰੰਗਲੇ ਮੋਤੀ ਜਾਂ ਰੋੜ ਲੱਭਣਗੇ।

ਕਾਵਿ ਨਿਬੰਧ ਮਨ-ਕਸੁੰਭਾ ਦਲਵੀਰ ਕੌਰ ਹੋਰਾਂ ਦੀ ਰਚਨਾ ਇੱਕ ਵੱਖਰਾ ਜਿਹਾ ਕਾਵਿਕ ਅਹਿਸਾਸ ਹੈ – ਜਿਸ ਵਿੱਚ ਥੱਕ ਬੈਠੇ ਖਿਆਲਾਂ ਦੀ ਸਮਝ, ਆਪਣੇ ਪ੍ਰਵਾਹ ਵਿੱਚ ਮਸਤ ਬੇਫ਼ਿਕਰੀ ਦੀ ਫ਼ਿਕਰ ਕਰਦੀਆਂ ਸੋਚਾਂ ਤੇ ਉਪਜਦੇ ਖਿਆਲਾਂ ਦੇ ਭੜਕੀਲੇ ਰੰਗ ਜੋ ਜ਼ਿੰਦਗੀ ਦੇ ਸੁੱਖ ਦੁੱਖ (ਧੁੱਪ ਮੀਂਹ) ਸੰਗ ਰਲ ਕਸੁੰਭੜੇ ਮਨ ਨੂੰ ਰੰਗੋਂ ਬੇਰੰਗ ਤੇ ਫਿਰ ਹਰਾ ਕਚੂਰ ਕਰਦੇ – ਸ਼ਾਇਦ ਜ਼ਿੰਦਗੀ ਦੇ ਜਿਉਂਦੇ ਹੋਣ ਦੀ ਨਿਸ਼ਾਨਦੇਹੀ ਕਰਦੇ ਨੇ।

ਕਿਤਾਬ ਦਾ ਹਰ ਸਫ਼ਾ ਮਨੋਂ ਮਨ ਨਵੇਂ ਤਸੱਵਰ ਸਿਰਜਦਾ, ਹੰਢਾਉਂਦਾ ਤੇ ਅਲੋਪ ਹੋ ਜਾਂਦਾ ਅਗਲਾ ਵਰਕਾ ਪਰਤਦਿਆਂ।

ਮਨੁੱਖੀ ਮਨ ਦੇ ਧੁਰ ਅੰਦਰੋਂ ਪੁੰਗਰਦੇ ਖਿਆਲਾਂ ਵਿਚਲਾ ਠਹਿਰਾਅ ਅਕਸਰ ਇੱਕ ਸਮੁੱਚੀ ਤੇ ਸੁਚੱਜੀ ਸ਼ਖ਼ਸੀਅਤ ਘੜਦਾ, ਪਰ ਮਨ ਦੀ ਸਤਿਹ ਤੇ ਰਿੜ੍ਹਦੇ ਖਿਆਲਾਂ ਵਿਚਲੀ ਖੜੋਤ ਮਾਨਸਿਕ ਤੇ ਸਰੀਰਕ ਮੌਤ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਹੁੰਦੀ ਹੈ।

ਮਨ ਤਾਂ ਖੁੱਲ੍ਹੇ ਖਿਆਲਾਂ ਦਾ ਖ਼ਲਾਅ, ਰੂਹ ਵਾਂਗ ਮਨ ਦੇ ਵਿਸਥਾਰ ਦੀ ਹੱਦ ਨੂੰ ਛੂਹਣਾ ਅਸੰਭਵ ਹੈ।

ਬਚਪਨ ਦੀਆਂ ਕਿਲਕਾਰੀਆਂ ਤੇ ਛੜੱਪਿਆਂ ’ਚੋਂ ਉਪਜੇ ਮਨ ਦੇ ਨਿਰੋਲ ਖ਼ਿਆਲ, ਨੌਜਵਾਨੀ ਤੋਂ ਬੁੱਢ-ਵਰੇਸ ਤੀਕ ਸਾਰੀ ਉਮਰ ਨਾਲ-ਨਾਲ ਚਲਦੇ ਤੇ ਢਲਦੇ ਨੇ – ਭਾਵਨਾਵਾਂ, ਅਨੁਭਵਾਂ, ਰਿਸ਼ਤਿਆਂ ਅਤੇ ਸਮਾਜਿਕ ਉਚਾਣਾਂ-ਨਿਵਾਣਾਂ ਦੇ ਸੰਗ – ਕਦੇ ਚੜ੍ਹਦੀ ਤੇ ਕਦੇ ਢਲਦੀ ਕਲਾ ਵੱਲ – ਕਦੇ ਕਸੁੰਭੜੇ ਵਾਂਗ ਚਮਕਦੇ ਲਿਸ਼ਕਦੇ ਰੰਗਲੇ ਤੇ ਕਦੇ ਭਿੱਜੀ ਬਿੱਲੀ ਵਾਂਗ ਬੇਰੰਗ – ਮਨੋਂ ਮਨ, ਮਨ ਤੇ ਦਿਲ ਦੇ ਮੰਨਣ ਮਨਾਉਣ ਲਈ।

ਮਨ ਵਿਚਲੇ ਖ਼ਿਆਲ ਸ਼ਾਇਦ ਦਰਿਆਵਾਂ ਦੇ ਵਹਾਅ ਵਰਗੇ ਹੁੰਦੇ ਨੇ, ਖਿਆਲਾਂ ਨੂੰ ਬੰਨ੍ਹ ਕੇ ਰੱਖਣਾ ਔਖਾ, ਵਗਦੇ ਪਾਣੀਆਂ ਵਿੱਚ ਛੋਟੇ ਛੋਟੇ ਰੋੜਾਂ ਦੀ ਤਰ੍ਹਾਂ, ਮਨ ਵਿਚਲੇ ਬੋਝਲ਼ ਖ਼ਿਆਲ ਸੋਚ ਵਿੱਚ ਖੜੋਤ ਪੈਦਾ ਕਰਦੇ ਨੇ ਤੇ ਸੋਚ ਸ਼ਕਤੀ ਦੀ ਸਤਿਹ ਤੇ ਜੰਮ ਹੋਰ ਨਵੇਂ ਆਉਣ ਵਾਲੇ ਖਿਆਲਾਂ ਨੂੰ ਤਿੱਖੀ ਰੇਤੀ ਵਾਂਗ ਰਗੜਦੇ ਰਹਿੰਦੇ ਨੇ – ਉਮਰਾਂ ਭਰ, ਤੇ ਦੂਜੇ ਪਾਸੇ ਰੇਤ ਵਰਗੇ ਹੋਲੇ ਹੋਲੇ ਖਿਆਲ ਵਹਿੰਦੇ ਰਹਿੰਦੇ ਨੇ ਖਿਆਲਾਂ ਦੇ ਨਾਲ ਨਾਲ ਨਬਜ਼ ਤੇ ਧੜਕਦੇ ਦਿਲ ਦੇ ਖੜ੍ਹ ਜਾਣ ਤੀਕ।

ਹਾਂ ਸੱਚ, ਖ਼ਿਆਲ ਤਾਂ ਆਏ ਤੇ ਵਿੱਸਰੇ। ਪੁਲੋਂ ਲੰਘੇ ਪਾਣੀਆਂ ਵਾਂਗ ਖਿਆਲਾਂ ਦਾ ਜਿਉਂ ਦਾ ਤਿਉਂ ਮੁੜ ਵਹਿਣਾ ਅਸੰਭਵ ਹੈ।

ਹਰ ਕਿਸੇ ਨੂੰ ਆਪਣੇ ਬਚਪਨ ਖੋਜਣਾ ਚੰਗਾ ਲੱਗਦਾ, ਚਾਹੇ ਬਚਪਨ ਕਿੰਨਾ ਵੀ ਦੁੱਖਾਂ ਸੁੱਖਾਂ ਭਰਿਆ ਨਾ ਹੋਵੇ, ਤੇ ਸਾਰੀ ਉਮਰ ਮੁੜ ਬਚਪਨ ਵੇਲੇ ਦਾ ਘਰ, ਬੋਲੀ, ਬੇਲੀ ਤੇ ਖਾਣੇ ਦੀ ਮਹਿਕ – ਚਾਹੇ ਆਚਾਰ ਨਾਲ ਸੁੱਕੀ ਰੋਟੀ ਹੀ ਕਿਉਂ ਨਾ ਹੋਵੇ- ਆਪਣੇ ਵੱਲ ਚੁੰਬਕੀ ਸ਼ਕਤੀ ਵਾਂਗ ਆਕਰਸ਼ਿਤ ਕਰਦੀ ਰਹਿੰਦੀ ਹੈ।

ਹਰ ਵਾਰ, ਇਸ ਕਿਤਾਬ ਦੇ ਵਰਕਿਆਂ ਰਾਹੀਂ ਸ਼ਬਦਾਂ ਤੱਕ ਚੁੱਭੀ ਮਾਰਨ ਤੇ, ਮਨ ਦੇ ਕਿਸੇ ਕੋਨੇ ਵਿੱਚ ਯਾਦਾਂ ਹੇਠ ਗਵਾਚੀ ਕੋਈ ਨਵੀਂ ਸਿੱਪੀ ਲੱਭ ਜਾਂਦੀ ਹੈ – ਜ਼ਿੰਦਗੀ ਭਰ ਦੇ ਚੁੱਪ ਚੁਪੀਤੇ ਵਲਵਲਿਆਂ ਦੇ ਭਾਰ ਹੇਠ ਦੱਬੀ, ਕਦੇ ਉਦਾਸ ਕਦੇ ਮੁਸਕਰਾਉਂਦੀ – ਚਿੱਤ ਕਰਦਾ ਕਾਹਤੋਂ ਛੇੜਨਾ ਯਾਦਾਂ ਦੇ ਵਹਿਣ ਨੂੰ ਪਰ ਕਵਿੱਤਰੀ ਦੀਆਂ ਕਾਵਿਕ ਸਤਰਾਂ ਫੇਰ ਹੁੱਝ ਮਾਰਦੀਆਂ ਨੇ ਅੰਤਰ ਮਨ ਦੇ ਜਾਗ ਜਾਣ ਲਈ।

ਆਪਣੇ ਨਾਂ ਵਾਂਗ ਸਮੇਂ ਦਾ ਭੇਦ ਪਾਉਂਦੀ ਇਸ ਕਿਤਾਬ ਦੇ ਵੱਖਰੇ ਰੰਗ ਤੇ ਜਜ਼ਬਾਤ ਨੇ, ਸਫ਼ਾ ਥੱਲਦਿਆਂ ਮਨ ਦੀ ਜਿਸ ਪਰਤ ‘ਚ ਚਾਹੋ ਤਾਰੀ ਲਾ ਸਕਦੇ ਹੋ।

ਚੰਗਾ ਕਥਨ ਹੈ ਕਿ ਕਿਤਾਬ ਦੀ ਜਿਲਦ ਦੇਖ ਕੇ ਕਿਤਾਬ ਬਾਰੇ ਫ਼ੈਸਲਾ ਨਾ ਲਵੋ। ਪਹਿਲੀ ਵਾਰੀਂ ਇਸ ਕਿਤਾਬ ਦੀ ਜਿਲਦ ਦੇਖ ਕੇ ਲੱਗਾ ਕਿ ਮਨ ਤਾਂ ਮਸਤਕ ਤੋਂ ਪੜ੍ਹਿਆ ਜਾ ਸਕਦਾ ਹੈ। ਕਵਰ ਤੋਂ ਲੱਗਾ ਪਤਝੜ ਵਿੱਚ ਟਾਹਣੀਓਂ ਝੜਿਆ ਪੱਤਾ ਕਿੰਨਾ ਕੁ ਚਿਰ ਸਜਾ ਫਬਾ ਕੇ ਸਜਾਵਟੀ ਸਰਦਲ ਦਾ ਹਿੱਸਾ ਰਹਿ ਸਕਦਾ ਹੈ? ਸ਼ਾਇਦ ਯਾਦਾਂ ਨੂੰ ਜੱਫੀ ਪਾਉਣਾ ਤਾਂ ਠੀਕ ਹੈ ਪਰ ਯਾਦਾਂ ਕੈਦ ਕਰਕੇ ਰੱਖਣਾ ਜਾਇਜ਼ ਨਹੀਂ – ਮਨੋਂ ਮਨ।

ਕਿਤਾਬ ਦੀ ਹਰ ਕਵਿਤਾ ਦਾ ਆਪਣਾ ਹੀ ਦਾਰਸ਼ਨਿਕ ਸੰਸਾਰ ਤੇ ਵਿਸਥਾਰ ਹੈ। ਹਰ ਕਵਿਤਾ ਦਾ ਵਿਸ਼ਲੇਸ਼ਣ ਕਰਨਾ ਅਸੰਭਵ ਹੈ ਪਰ ਪਾਠਕਾਂ ਨੂੰ ਉਤਸੁਕ ਕਰਨ ਲਈ ਆਓ ਕੁਝ ਸਤਰਾਂ ਨੂੰ ਘੋਖੀਏ।

ਇਹ ਸਤਰਾਂ ਨੂੰ ਜਦ ਮੈਂ ਪਹਿਲੀ ਵਾਰ ਪੜ੍ਹਿਆਂ ਤਾਂ ਕਵਿੱਤਰੀ ਦੇ ਨਾਰੀ ਅਨੁਭਵ ਦੇ ਹਾਦਸਿਆਂ ਵਿਚੋਂ ਰਿਸਦਾ ਦਰਦ ਝਾਕਿਆ, ਪਰ ਜਿਉਂ ਜਿਉਂ ਇਸ ਦੀ ਡੂੰਘਾਈ ‘ਚ ਉੱਤਰਿਆ ਤਾਂ ਇਹਨਾਂ ਸਤਰਾਂ ਦੇ ਪਿਛਲੀ ਦਾਰਸ਼ਨਿਕਤਾ ਦਾ ਅਹਿਸਾਸ ਹੋਇਆ। ਖ਼ੁਦ ਦੀ ਖ਼ੁਦ ਨਾਲ ਪਹਿਚਾਣ ਸਿਰਫ਼ ਆਤਮਾ ਤੇ ਮਨ ਰਾਹੀਂ ਹੁੰਦੀ ਹੈ।

ਨਾਸ਼ਵਾਨ ਸਰੀਰ ਨੂੰ ਸ਼ੀਸ਼ੇ ਵਿੱਚੋਂ ਜਿੰਨਾ ਮਰਜ਼ੀ ਤੱਕੋ, ਹਰ ਰੋਜ਼ ਕਿਸੇ ਹੋਰ ਚਿਹਰੇ ਨੂੰ ਤੱਕੋਗੇ ਕਿਉਂਕਿ ਸ਼ਕਲਾਂ ਬਦਲਦੀਆਂ ਰਹਿੰਦੀਆਂ ਨੇ ਸਮੇਂ ਨਾਲ , ਸਰੀਰ ਢਲਦਾ ਜਾਂਦਾ ਸਿਵੇ ਵੱਲ ਮਿੱਟੀ ਹੋਣ ਵਾਸਤੇ, ਪਰ ਆਪਣੇ ਅੰਦਰ ਨਾਲ ਆਤਮਾ ਤੇ ਮਨ ਦੀ ਸਾਂਝ ਚਿਰ-ਸਥਾਈ ਹੁੰਦੀ ਹੈ ਤੇ ਸ਼ਾਇਦ ਇੱਥੋਂ ਹੀ ਕਵਿੱਤਰੀ ਦੀ ਆਸ ਬੱਝਦੀ ਹੈ ਮਨ ਦੀ ਸ਼ਾਂਤੀ ਵਿੱਚ ਲੀਨ ਹੋ ਜਾਣ ਦੀ ਇਸ ਜੀਵਨ ਤੋਂ ਬਾਅਦ, ਮੁਕਤ ਹੋਣ ਦੀ ਤੇ ਬ੍ਰਹਿਮੰਡੀ ਊਰਜਾ ਨੂੰ ਆਪਣੀ ਅਨਹਦ ਵਿਸ਼ਾਲ ਸੋਚ ਵਿੱਚ ਸਮੇਟ ਸਦੀਵੀ ਨਾਦ ਛੇੜਨ ਦੀ।

ਜ਼ਿੰਦਗੀ ਨੂੰ ਸ਼ਬਦਾਂ ਤੇ ਵਾਕਾਂ ਵਿੱਚ ਉੱਕਰਨਾ ਅਸੰਭਵ ਹੈ। ਹਰ ਮੋੜ ਤੇ ਹਾਦਸਾ ਲਫ਼ਜ਼ਾਂ ਵਿੱਚ ਸਮੇਟ ਰੂਹ ਦੇ ਰੂਪੋਸ਼ ਹੋਣਾ ਹਾਮੀ ਭਰਦਾ ਹੈ ਕਬਰਾਂ ਤੇ ਲਿਖੇ ਨਾਵਾਂ ਦੇ ਪਿੱਛੇ ਦਾ ਪ੍ਰਸੰਗ, ਸੰਦਰਭ ਤੇ ਅਨੁਭਵਾਂ ਭਰਿਆ ਜੀਵਨ .. ਅਗਲੇ ਜੀਵਨ ਦੀ ਉਡੀਕ ਤੱਕ।

ਇਹ ਤ੍ਰਿਅੰਗੀ ਪੰਕਤੀਆਂ ਬਹੁਤ ਹੀ ਸੂਖਮ ਪਰ ਡੂੰਘੇ ਅਰਥ ਰੱਖਦੀਆਂ ਹਨ – ਪਹਿਲੀ ਸਤਰ ਵਿੱਚ ਪਲ ਪਲ ਉੱਠਦਾ ਸਵਾਲ – ਬਦਲਦੇ ਰੰਗ ਢੰਗ ਤੇ ਅੰਗ ਸੰਗ ਸਹਾਈ ਹੋਣ ਦੀ ਆਸ।

ਦੂਜੀ ਸਤਰ ਵਿੱਚ ਨਿੱਤ ਦਿਨ ਦੀ ਪਿਸਦੀ ਰੂਹ ਦੀ ਕਲਪਨਾ ਵਿੱਚੋਂ ਪਸਰਦੇ ਵਿਸਮਾਦ ਦੀ ਕਿਰਿਆ ਪ੍ਰਕਿਰਿਆ – ਜੋ ਥੱਕਦੇ ਅੱਕਦੇ ਖਿਆਲਾਂ ਨੂੰ ਪੇਂਜੇ ਵਾਂਗ ਪਿੰਜ ਇੱਕ ਪਛਾਣ ਦੇਣ ਦੀ ਕੋਸ਼ਿਸ਼ ਵਿੱਚ ਆਪਣੀ ਪਛਾਣ ਗਵਾ ਰਹੀ ਹੈ।

ਤੀਜੀ ਸਤਰ ਵਿਚਲਾ ਅਚਾਨਕ ਅੰਤ ਹੀ ਤਾਂ ਸੱਚ ਹੈ ਜੋ ਪਹਿਲੀਆਂ ਦੋਵੇਂ ਸਤਰਾਂ ਵਿੱਚ ਆਪੇ ਬੁਣੇ ਸੱਚ ਤੇ ਸਵਾਲ ਚੁੱਕਦਾ ਹੈ।

ਕਵਿੱਤਰੀ ਜੀਵਨ ਦੀ ਇੱਕ ਬੁਨਿਆਦੀ ਵਿਅੰਗਾਤਮਿਕ ਸਥਿਤੀ ਦਾ ਚਿੱਤਰਣ ਕਰ ਰਹੀ ਹੈ: ਮਨ ਅਤੇ ਤਨ ਦਾ ਰਿਸ਼ਤਾ ਇੱਕ ਅਜੀਬੋ-ਗ਼ਰੀਬ ਸ਼ੈਅ ਹੈ। ਇਹ ਇੱਕ ਕਸੁੰਭੜ੍ਹੇ ਵਰਗਾ ਹੈ, ਜੋ ਸਿਰਫ਼ ਇੱਕ ਅਸਥਾਈ ਰੰਗ ਧੁੱਪ ਵਿੱਚ ਉੱਡ ਤੇ ਜਲ ਵਿੱਚ ਘੁਲ ਜਾਵੇ।

ਇਹ ਜੀਵਨ ਦੀ ਉਸ ਬੇਵਕੂਫ਼ੀ ਅਤੇ ਵਿਅਰਥਤਾ ‘ਤੇ ਇੱਕ ਦਰਦ ਭਰੀ ਟਿੱਪਣੀ ਹੈ, ਜਿੱਥੇ ਅਸੀਂ ਉਹ ਸਾਰੇ ਕੰਮ (ਪਿੰਜਣਾ) ਕਰਦੇ ਹਾਂ ਜੋ ਤਬਦੀਲੀ (ਰੰਗ) ਲਿਆਉਣ ਲਈ ਕੀਤੇ ਜਾਂਦੇ ਹਨ, ਪਰ ਅਸਲ ‘ਚ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਕਰਦੇ ਹਾਂ, ਉਸ ਤਬਦੀਲੀ ਦਾ ਅਸਰ ਹੀ ਖ਼ਤਮ ਹੋ ਚੁੱਕਾ ਹੁੰਦਾ ਹੈ। ਇਹ ਇੱਕ ਡੂੰਘੀ ਨਿਰਾਸ਼ਾ ਅਤੇ ਅਰਥਹੀਣ ਦੀ ਭਾਵਨਾ ਨੂੰ ਦੀ ਪੇਸ਼ਕਸ਼ ਹੈ।

ਇਹ ਸਤਰਾਂ ਵਿਚਲੇ ਸ਼ਬਦ ਕਿਤਾਬ ਦਾ ਮੁਕਾਮ ਨੇ।

ਮਨੁੱਖੀ ਜੀਵਨ ਦੇ ਅਸਤਿਤਵ ਦੀ ਗਹਿਰਾਈ ਨੂੰ ਬਾਹਰੋਂ ਨਹੀਂ ਸਗੋਂ ਅੰਦਰ ਚਲਦੇ ਅਹਿਸਾਸ, ਸਵਾਲਾਂ ਤੇ ਸੰਵਾਦਾਂ ਦੇ ਵਹਾਅ ਤੋਂ ਹੀ ਨਾਪਿਆ ਜਾ ਸਕਦਾ।

ਮਨੁੱਖੀ ਮਨ ਅੰਦਰ ਦੱਬੇ ਡੂੰਘੇ ਅਨੁਭਵ – ਚਾਵਾਂ, ਸੁਪਨਿਆਂ, ਇੱਛਾਵਾਂ, ਸੁੱਖਾਂ, ਦੁੱਖਾਂ, ਪਿਆਰਾਂ, ਦਰਦਾਂ ਦੇ ਉਹ ਪਿੰਜਰ ਹੁੰਦੇ ਨੇ ਜੋ ਨਾ ਮਰਦਿਆਂ ਚ ਤੇ ਨਾ ਹੀ ਜਿਊਂਦਿਆਂ ਚ, ਖ਼ੁਦ ਤੜਫਦੇ ਤੇ ਤੜਫਾਉਂਦੇ ਰਹਿੰਦੇ ਨੇ ਆਤਮਿਕ ਮੌਨ ਤੱਕ।

ਇਹ ਪੰਕਤੀਆਂ ਕਵਿਤਾ ਨੂੰ ਸਿਰਫ਼ ਸੰਵੇਦਨਾਤਮਿਕ ਨਹੀਂ, ਸਗੋਂ ਦਾਰਸ਼ਨਿਕ ਪੱਧਰ ’ਤੇ ਲੈ ਜਾਂਦੀਆਂ ਹਨ : ਮਨੁੱਖ ਕਿੰਨੀ ਵਾਰ ਆਪਣੇ ਅਨੁਭਵਾਂ ਨੂੰ ਜਿਉਂਦਾ ਨਹੀਂ, ਸਗੋਂ ਦੱਬੀ ਰੱਖਦਾ ਹੈ ਧੁਰ ਸਿਰਫ਼ ਅੰਦਰ, ਅੰਦਰੋਂ ਅੰਦਰੀ? ਇਹ ਸਿਰਫ਼ ਅੰਦਰਲਾ ਮਨ ਨਹੀਂ, ਸਗੋਂ ਯਾਦਾਂ, ਜ਼ਖ਼ਮਾਂ ਅਤੇ ਅਧੂਰੇ ਅਨੁਭਵਾਂ ਦੀ ਪੁਰਾਲੇਖ ਹੈ।

ਦੂਜੇ ਪਾਸੇ “ਸਤਮਾਹੇਂ ਜਨਮ ਜੇਹੀ ਮਾਰ” ਕਵਿਤਾ ਦੀ ਕੇਂਦਰੀ ਲਕੀਰ ਹੈ। ਸਮਾਂ, ਸਮਾਜ ਅਤੇ ਸਥਿਤੀ ਜ਼ਿੰਦਗੀ ਦੀ ਭੰਬੀਰੀ ਨੂੰ ਇੰਝ ਘੁਮਾਉਂਦੇ ਨੇ ਕਿ ਉਸ ਘੁੰਮਣਘੇਰੀ ਵਿੱਚੋਂ ਇੱਕ ਭੁਲੇਖਾ ਜੰਮਦਾ ਹੈ— ਚਾਵਾਂ ਵਿਚਲੀ ਪੀੜ ਦਾ ਭੁਲੇਖਾ, ਜਿੱਥੇ ਅਧੂਰੇਪਣ ਦਾ ਦਰਦ ਅਤੇ ਜ਼ਿੰਦਗੀ ਦੇ ਚੱਲਦੇ ਰਹਿਣ ਦਾ ਚਾਅ, ਇੱਕੋ ਵੇਲੇ ਨਾਲ ਨਾਲ ਚੱਲਦੇ ਨੇ। ਵਕਤ ਤੇ ਹੋਈ ਬੇਵਕਤੀ ਵੀ ਵਕਤ ਨੂੰ ਢਲ਼ ਨਹੀਂ ਸਕਦੀ – ਵਕਤ ਸਿੱਖਦਾ ਨਹੀਂ, ਵਕਤ ਸਿਖਾਉਂਦਾ।

ਸ਼ਾਇਦ ਇਹ ਵਕਤ ਹੀ ਅਹਿਸਾਸ ਨੂੰ ਲਫ਼ਜ਼ ਦਿੰਦਾ ਤੇ ਸਮੇਂ ਦੀ ਸਭ ਤੋ ਵੱਡੀ ਦੇਣ ਇਹੀ ਹੈ ਪੀੜ ਹੀ ਸਿਰਜਣਾ ਦੀ ਕੁੱਖ ਬਣ ਜਾਂਦੀ ਹੈ। ਜੋ ਅਹਿਸਾਸ ਖ਼ੁਦ ਪੂਰਨ ਨਹੀਂ ਹੋ ਸਕੇ, ਉਹ ਸ਼ਬਦਾਂ ਨੂੰ ਪਾਲ ਰਹੇ ਹਨ। ਇਹ ਤ੍ਰਾਸਦੀ ਪਰ ਸਿਰਜਨਾਤਮਕ ਸੋਚ ਹੈ – ਕਲਾ ਸੁਖ ਤੋਂ ਨਹੀਂ, ਬਲਕਿ ਲੰਬੇ ਸਮੇਂ ਤੱਕ ਝੱਲੀ ਪੀੜ ਤੋਂ ਜਨਮ ਲੈਂਦੀ ਹੈ।

“ਖੌਰੇ” ਸ਼ਬਦ ਕਵਿਤਾ ਨੂੰ ਖੁੱਲ੍ਹਿਆਂ ਛੱਡ ਦਿੰਦਾ ਹੈ। ਕੋਈ ਨਿਸ਼ਚਿਤਤਾ ਨਹੀਂ- ਨਾ ਪਾਲਣ ਦੀ ਮਿਆਦ ਦੀ, ਨਾ ਨਤੀਜੇ ਦੀ ਆਸ । ਇਹੀ ਅਨਿਸ਼ਚਿਤਤਾ “ਕਾਲ-ਰਹਿਤ” ਦੇ ਅਰਥ ਨੂੰ ਪੂਰਾ ਕਰਦੀ ਹੈ। ਚੱਲਦਾ ਸਮਾਂ ਇੱਥੇ ਮਾਪ ਨਹੀਂ, ਸਿਰਫ਼ ਅਨੁਭਵ ਹੈ।

ਦਲਵੀਰ ਕੌਰ ਦਾ ਕਾਵਿ ਨਿਬੰਧ ਮੰਨ- ਕਸੁੰਭਾ – ਮਨੁੱਖੀ ਅਹਿਸਾਸਾਂ ਦਾ ਅਜਿਹਾ ਨਿੱਕ-ਸੁੱਕ ਹੈ, ਜਿਸ ਨੂੰ ਕਿਸੇ ਇੱਕ ਸਮੀਖਿਆ ਦੀ ਪੰਡ ਵਿੱਚ ਬੰਨ੍ਹਣਾ ਸ਼ਾਇਦ ਸੰਭਵ ਨਹੀਂ, ਲੱਗਦਾ ਚੰਗੀ ਗੱਲ ਹੈ ਕਿਉਂਕਿ ਜੇ ਪੰਡ ਬੱਝ ਗਈ ਤਾਂ ਸਿਰ ਤੇ ਢੋਣੀ ਪਵੇਗੀ  – ਜ਼ਿੰਦਗੀ ਦਾ ਅਸਲ ਸਵਾਦ ਤਾਂ ਹਰ ਚਾਅ ਤੇ ਦਰਦ ਪਿੱਠ ਪਿੱਛੇ ਲਮਕਦੀ ਬਗ਼ਲੀ ਚ ਪਾ ਨਾਲ ਘਸੀਟੀ ਫਿਰਨ ਵਿੱਚ ਹੀ ਹੈ।


ਕੰਵਰ ਸਿੰਘ ਬਰਾੜ

+44 7930 886 448

Leave a comment