ਕਣਕ ਤੇ ਕਹੀ ਦੀ ਵਾਰਤਾਲਾਪ -ਮਨ ਦੀ ਬਾਤ

ਕਹੀ ਤੇ ਰੰਬਾ
ਵੱਟ ਤੇ ਬੈਠੇ
ਦੁੱਖ-ਸੁੱਖ ਕਰਦੇ
ਖੇਤ ਵਿੱਚ ਲਹਿਲਹਾਉਂਦੇ
ਇੱਕ ਕਣਕ ਦੇ ਸਿਟੇ ਨੂੰ ਪੁੱਛਦੇ

ਸੁਣ ਧੀਏ ਕਣਕੇ
ਸਾਨੂੰ ਵਰ੍ਹੇ ਬੀਤ ਗਏ
ਆੜਾਂ ਤੋਂ ਖੱਬਲ਼ ਘੜਦਿਆਂ
ਸਾਡੇ ਦਸਤੇ ਘਸ ਗਏ
ਤੇਰੀਆਂ ਦਾਦੀਆਂ ਪੜਦਾਦੀਆਂ
ਦੀ ਸੇਵਾ ਕਰਦਿਆਂ
ਪੋਹ ਦੇ ਪਾਲੇ
ਪਾਣੀ ਦੇ ਬੰਨ੍ਹ
ਕੱਤੇ ਦੇ ਕੱਕਰ
ਬਾਥੂ ਦੀ ਗੋਡੀ
ਹੋ ਚੱਲੀ ਆ ਢੂਈ ਕੋਡੀ
ਕੁੜੇ ਇਹ ਤਾਂ ਦੱਸਦੇ
ਵਿਸਾਖ ਦੀ ਹਾੜੀ
ਹੋ ਸੁਨਹਿਰੀ
ਕਿੱਥੇ ਤੁਰ ਜਾਣੀ ਏਂ?

ਅੱਗੋਂ ਕਣਕ ਕਹਿੰਦੀ
ਕਿ ਬੇਬੇ ਦੱਸਦੀ ਸੀ
ਸਾਡੇ ਹਰ ਦਾਣੇ
ਨਾਂ ਲਿਖੇ ਨੇ
ਜਿਸ ਤਨ ਖਾਣੇ
ਕੁਝ ਦਾਣੇ
ਆਪਣੇ ਹੀ ਘਰ ਰਹਿ
ਘੰਦੋਲੀ ਦੇ ਉਹਲੇ ਚੌਂਤਰੇ ਤੇ
ਭੈਣ ਮੱਕੀ ਤੇ ਬਾਈ ਸਾਗ ਨਾਲ ਮਿਲ
ਸਾਰੇ ਪਰਿਵਾਰ ਦਾ ਸਹਾਰਾ ਬਣਨਗੇ
ਕੁਝ ਗੁਰੂ ਦੇ ਦਸੋਂਦ ਲੰਗਰ ਵਿੱਚ ਜਾ
ਕਿਸੇ ਗਰੀਬ ਦਾ ਢਿੱਡ ਭਰਨਗੇ

ਕੁਝ ਦਾਣਿਆਂ ਨੂੰ ਪਰਦੇਸੀਆਂ ਵਾਂਗ
ਬਾਪੂ ਟਰਾਲੀ ਵਿੱਚ ਅੱਖਾਂ ਭਰੀ
ਸ਼ਾਹਾਂ ਦੀ ਮੰਡੀ ਲਿਜਾ ਲੈਂਡ ਕਰ ਦੇਵੇਗਾ
ਸੁਣਿਆ ਤਾਇਆ ਆੜ੍ਹਤੀਆ ਐਤਕੀਂ
ਕਾਫ਼ੀ ਵਿਆਜ ਬਣਾਈ ਬੈਠਾ
ਫਿਰ ਲੱਗੇਗੀ ਸਾਡੀ ਬੋਲੀ
ਚੱਕੀ ਵਿੱਚ ਪੀਸਣ ਲਈ
ਫਿਰ ਪਿਸਦੇ ਆਟੇ ਨੂੰ
ਕੋਈ ਮੀਸਣਾ ਜਿਹਾ ਵਪਾਰੀ
ਹਾਰ ਸ਼ਿੰਗਾਰ ਕਰਕੇ
ਸੋਹਣੇ ਜਿਹੇ ਗੱਟੇ ਵਿੱਚ ਲਪੇਟ
ਪਾ ਦੇਵੇਗਾ ਉਹਨੀਂ ਰਾਹੀਂ
ਜੋ ਰਾਹ ਪਿੰਡਾਂ ਤੋਂ ਸ਼ੁਰੂ ਹੋ
ਸ਼ਹਿਰਾਂ ਵਿੱਚਦੀ ਸ਼ੜਕਾਂ ਬਣਦੇ
ਇੰਡੀਆ ਗੇਟ ਰਾਹੀਂ
ਦੇਸ਼ ਦੀ ਸੰਸਦ ਦੇ
ਦਰਵਾਜ਼ਿਆਂ ਤੇ ਜਾ ਮੁੱਕਦੇ ਨੇ।

ਫੇਰ ਸੰਸਦ ਦੇ ਸਾਂਸਦ
ਸਬਸਿਡੀ ਤੇ ਚਲਦੀ
ਕੰਨਟੀਨ ਵਿੱਚੋਂ
ਓੁਸੇ ਆਟੇ ਦੀਆਂ ਬਣੀਆਂ
ਗਰਮਾਂ ਗਰਮ ਰੋਟੀਆਂ ਖਾ
ਡਕਾਰ ਤੇ ਡਕਾਰ ਮਾਰਦੇ
ਸੁਸਤੀ ਦੀ ਨੀਂਦਰ
ਸਾਨੂੰ ਸਿੰਝਣ ਵਾਲੇ ਪਾਣੀਆਂ
ਤੇ ਸਾਨੂੰ ਉਪਜਾਉਣ ਵਾਲੀ ਜ਼ਮੀਨ
ਵੇਚ ਦੇਣਗੇ ਵੋਟਾਂ ਤੇ ਨੋਟਾਂ ਦੇ ਨਾਂ ਤੇ
ਜਿਵੇਂ ਸਾਡੇ ਤੇ ਕੋਈ ਅਹਿਸਾਨ ਕਰ ਰਹੇ ਹੋਣ
ਫਿਰ ਬੇਬੇ ਖੇਤੀ
ਕਹੀ ਤੇ ਰੰਬੇ ਦੀ ਵੀ ਨਹੀਂ ਰਹਿਣੀ
ਤੇ ਨਾ ਹੀ ਰਹਿਣਗੀਆਂ
ਉਹ ਖੱਬਲ਼ ਵਾਲ਼ੀਆਂ
ਵੱਲ ਖਾਂਦੀਆਂ
ਵਿਰਾਸਤੀ ਵੱਟਾਂ।

ਇਹ ਸਭ ਸੁਣ
ਕਹੀ ਦੀ ਭੁੱਬ ਨਿਕਲ ਗਈ
ਕਹਿੰਦੀ ਤਾਂ ਹੀ ਕਹਾਂ ਕਈ ਦਿਨ ਹੋਗੇ
ਬਾਪੂ ਨਹੀਂ ਦੇਖਿਆ
ਦਾਤਰੀ ਦੱਸਦੀ ਸੀ ਕਿ ਉਹ
ਟਰਾਲੀ ਤੇ ਟਿਕਰੀ ਵੱਲ ਗਿਆ
ਸ਼ਾਇਦ ਉਹਨਾਂ ਰਾਜਧਾਨੀ ਵਿੱਚ ਵੱਸਦੇ
ਰਾਜ ਦੇ ਧਨੀਆਂ ਨੂੰ
ਸਾਡੇ ਖੇਤ ਦੀ ਕਣਕ ਦੇ
ਮਨ ਦੀ ਬਾਤ ਸੁਣਾਉਣ।

Leave a comment