ਯਾਦਾਂ ੨੦੨੦ ਦੀਆਂ

ਸਾਲ 2020 ਦਾ ਮੁਲਾਂਕਣ
—————————-

ਸਾਲ 2020 ਆਪਣੀਆ ਅੰਤਲੀਆਂ ਘੜੀਆਂ ਵੱਲ, ਘੰਟਿਆਂ, ਮਿੰਟਾਂ ਤੇ ਸਕਿੰਟਾਂ ਨੂੰ ਘਟਾਉਂਦਾ ਤੇਜ਼ੀ ਨਾਲ ਮੁੱਕਦਾ ਜਾ ਰਿਹਾ; ਦੂਜੇ ਪਾਸੇ ਇਸ ਸਾਲ ਦੇ ਸ਼ੁਰੂ ਦੇ ਮਹੀਨਿਆਂ ਵਿੱਚ ਆਰੰਭ ਹੋਈ ਅਨਿਸ਼ਚਿਤਾ ਅਜੇ ਮੁੱਕਣ ਦਾ ਨਾਂ ਨਹੀਂ ਲੈਂਦੀ।

ਇਸ ਸਦੀ ਦੇ ਤੀਜੇ ਦਹਾਕੇ ਦਾ ਪਹਿਲਾ ਵਰ੍ਹਾ ਦੁਨੀਆ ਦੀ ਹਰ ਦਿਸ਼ਾ ਤੇ ਹਰ ਕੋਨੇ; ਹਰ ਵਿਕਸਿਤ,ਵਿਕਾਸਸ਼ੀਲ ਤੇ ਅਵਿਕਸਿਤ ਮੁਲਕਾਂ ਵਿੱਚ ਵਸਦੇ ਬਾਸ਼ਿੰਦਿਆਂ ਦੀ ਜੀਵਨਸ਼ੈਲੀ ਤੇ ਮਨਾਂ ਉਤੇ ਆਪਣੀ ਅਦੁੱਤੀ ਤੇ ਗਹਿਰੀ ਛਾਪ ਛੱਡ ਚੱਲਿਆ।

ਅੱਜ ਧਰਤੀ ਤੇ ਸਾਹ ਲੈਂਦੀ ਸੱਤ ਬਿਲੀਅਨ ਦੇ ਕਰੀਬ ਵਸਦੀ ਮਨੁੱਖੀ ਅਬਾਦੀ ਨੂੰ ਇਹਨਾਂ ਮੁਸ਼ਕਿਲ ਸਮਿਆਂ ਵਿੱਚ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਆਪਣੇ ਜਿਉਣ ਦੀ ਨਵੀਂ ਤੇ ਬਦਲਵੀਂ ਪ੍ਰੀਭਾਸ਼ਾ ਅਪਣਾਉਣੀ ਪਈ ਹੈ। ਪੂਰੇ ਸਾਲ ਵਿੱਚ ਸ਼ਾਇਦ ਹੀ ਕਿਸੇ ਮਨੁੱਖ ਦੀ ਜ਼ਿੰਦਗੀ ਸਥਿਰ ਰਹਿ ਸਕੀ ਹੋਵੇ।

ਆਉਂਦੇ ਸਾਲਾਂ, ਦਹਾਕਿਆਂ ਤੇ ਸਦੀਆਂ ਵਿੱਚ ਜਦੋਂ ਦੁਨੀਆ ਭਰ ਦੇ ਸ਼ਬਦਕਾਰ ਇਸ ਸਾਲ ਦੀ ਮਹਾਮਾਰੀ ਦਾ ਵਿਸ਼ਲੇਸ਼ਣ ਕਰਨ ਬੈਠਣਗੇ ਤਾਂ ਇਕਾਂਤਵਾਸ ਵਰਗੇ ਸ਼ਬਦਾਂ ਵਿੱਚੋਂ ਪੈਦਾ ਹੋਈ ਇੱਕਲਤਾ ਦੀ ਨਿੱਘ ਦੇ ਇਕੱਠ ਨਾਲ ਨਵੇਂ ਵਾਕ ਸਿਰਜ, ਪੂਰਬ ਤੋਂ ਪੱਛਮ ਵੱਲ ਨੂੰ ਧੁੱਪ ਦੇ ਵਹਾਅ ਨਾਲ ਵਹਿੰਦੀਆਂ ਕਹਾਣੀਆਂ ਰਚਾਉਦੇ, ਇੱਕ ਚੁੱਪ ਚੁੱਪੀਤੇ ਸਾਲ ਵਿੱਚ ਵਾਪਰੀਆਂ ਵੱਡੀਆਂ ਤਬਦੀਲੀਆਂ ਦੀ ਬਾਤ ਪਾਉਂਣਗੇ, ਭਾਸ਼ਾ ਚਾਹੇ ਕੋਈ ਵੀ ਹੋਵੇ।

ਜਦੋਂ ਪੰਜ ਦਰਿਆਵਾਂ ਵਿੱਚ ਵਸਦੇ ਪੰਜਾਬ ਤੇ ਪੰਜਾਬੀਆਂ ਦਾ ਜ਼ਿਕਰ ਆਵੇਗਾ ਤਾਂ ਇਸ ਵਰ੍ਹੇ ਵਾਪਰੇ ਇੱਕ ਵਿਲੱਖਣ ਆਲੰਕਾਰਕ ਵਰਤਾਰੇ ਦਾ ਵਰਣਨ ਹੋਵੇਗਾ। ਸਰਬੱਤ ਦਾ ਭਲਾ ਮੰਗਣ ਵਾਲੀ ਨਿਰਭੈ ਕੌਮ ਦੇ ਵਾਰਸਾਂ ਨੇ ਨਾਸਤਿਕਤਾ ਨੂੰ ਆਸਤਿਕਤਾ ਨਾਲ ਸੁਮੇਲ ਕੇ, ਦਹਾਕਿਆਂ ਤੋਂ ਪੈਦਾ ਹੋਈ ਨਿਰਾਸ਼ਤਾ ਦੇ ਖਲਾਅ ਵਿੱਚ ਆਸ ਦੀ ਇੱਕ ਚਿਣਗ ਜਗਾ ਕੇ ਇੱਕ ਅਜਿਹੇ ਸਾਜ ਦਾ ਨਿਰਮਾਣ ਕੀਤਾ, ਜਿਸਦੀ ਧੁਣ ਚਿਰਾਂ ਤੀਕਰ ਗੂੰਜਦੀ ਇਸ ਖ਼ਿੱਤੇ ਨਾਲ ਜੁੜੀਆਂ ਆਉਣ ਵਾਲ਼ੀਆਂ ਪੀੜੀਆਂ ਨੂੰ ਮਾਰਗ ਦਰਸ਼ਨ ਦਿੰਦੀ ਰਹੇਗੀ।

ਮਹਾਮਾਰੀ ਦੀ ਤਰ੍ਹਾਂ ਕਿਸਾਨੀ ਅੰਦੋਲਨ ਦੀ ਅਨਿਸ਼ਚਿਤਾ ਵੀ ਅਜੇ ਜਾਰੀ ਹੈ, ਇਸਦੀ ਮੰਜਿਲ ਜੋ ਵੀ ਹੋ ਨਿੱਬੜੇ ਪਰ ਹੁਣ ਤੱਕ ਦਾ ਸਫਰ ਦੱਸਦਾ ਕਿ ਇਹ ਪੰਜਾਬੀਆਂ ਵੱਲੋਂ ਕਿਸੇ ਨਵੀਂ ਦੁਨੀਆ ਨੂੰ ਲੱਭਣ ਦੀ ਯਾਤਰਾ ਦੀ ਸ਼ੁਰੂਆਤ ਹੈ। ਦਹਾਕਿਆਂ ਤੋਂ ਜ਼ਮੀਰਾਂ ਤੇ ਚੜ੍ਹੇ ਕਰਜ਼ਿਆਂ ਨੂੰ ਉਤਾਰਨ ਦਾ ਇਹ ਜ਼ਮੀਨੀ ਉਪਰਾਲਾ ਹੈ ਜੋ ਸਿੱਧੇ ਅਸਿੱਧੇ ਤੋਰ ਤੇ ਪੰਜਾਬੀਅਤ ਦੀ ਹੋਂਦ ਦੀ ਤਰਜਮਾਨੀ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਕਰੇਗਾ।

ਨਿੱਜੀ ਤੋਰ ਤੇ ਇਹ ਵਰ੍ਹਾ ਬੜਾ ਵਿਲੱਖਣ ਰਿਹਾ। ਇਸ ਵਰ੍ਹਾ ਬਹੁਤਿਆਂ ਵਾਂਗ ਘਰ ਦੇ ਦਫਤਰੋਂ ਕੰਮ ਕਰਦਿਆਂ, ਟ੍ਰੇਨ ਦਾ ਸਫਰ ਘਟਾ ਕੇ ਵਿਚਾਰਾਂ ਦੇ ਸਫਰ ਵਿੱਚ ਲੰਘਿਆ। ਲੱਗਦਾ ਮੈਂ 2019 ਵਿੱਚ ਇੰਗਲੈਂਡ ਦੇ ਵੱਖੋ ਵੱਖਰੇ ਸ਼ਹਿਰਾਂ ਵਿੱਚੋਂ ਹੁੰਦਿਆਂ ਪੰਜਾਬ, ਸਿੰਘਾਪੁਰ ਤੇ ਨਿਊਜੀਲੈਂਡ ਪਹੁੰਚਦਿਆਂ ਆਪਣਾ ਘੁੰਮਣ ਘੁਮਾਉਣ ਤੇ ਮਿਲਣ ਮਿਲਾਉਣ ਦਾ ਕੋਟਾ ਪੂਰਾ ਕਰ ਲਿਆ ਸੀ। ਇਸ ਵਰ੍ਹੇ ਨੇ ਸਾਨੂੰ ਸਭ ਨੂੰ, ਆਪਣੇ ਮਨਾਂ ਅੰਦਰ ਡੂੰਘੀਆਂ, ਲੁਕਵੀਆਂ, ਸ਼ਾਤਮਈ ਤੇ ਖੂਬਸੂਰਤ ਥਾਵਾਂ ਦੀ ਸੈਰ ਕਰਵਾ, ਆਪਣੇ ਅਤੇ ਆਪਣੇ ਆਲੇ ਦੁਆਲੇ ਬਾਰੇ ਦੇ ਅਵਚੇਤਨ ਨੂੰ ਸੁਚੇਤ ਕਰਨ ਦਾ ਇੱਕ ਨਿਵੇਕਲਾ ਮੌਕਾ ਦਿੱਤਾ। ਇਸ ਵਰ੍ਹੇ ਨੇ ਆਮ ਮੰਨੀ ਜਾਂਦੀ ਜ਼ਿੰਦਗੀ ਦੀ ਪ੍ਰਸ਼ਨਜਨਕ ਤੇ ਤੇਜ਼ ਭੱਜ ਦੋੜ ਤੋਂ ਨਾਤਾ ਤੌੜ ਸਾਨੂੰ ਸਾਡੀਆਂ ਮੁਢਲੀਆਂ ਲੋੜਾਂ ਤੇ ਮਕਸਦ ਦਾ ਅਹਿਸਾਸ ਕਰਵਾਇਆ ਤਾਂ ਜੋ ਅਸੀਂ ਜਿੱਥੇ ਹਾਂ ਜਿਵੇਂ ਹਾਂ ਉਵੇਂ ਹੀ ਜ਼ਿੰਦਗੀ ਦੇ ਜਿਉਂਦੇ ਹੋਣ ਦਾ ਆਨੰਦ ਮਾਣ ਸਕੀਏ।

2021 ਹੁਣ ਸਰਦਲ ਤੇ ਖੜ੍ਹਾ ਪਰ ਨਵੇਂ ਸਾਲ ਨੂੰ ਜੀ ਆਇਆ ਕਿਵੇਂ ਕਹੀਏ। ਸ਼ਾਇਦ ਸਾਡੇ ਲਈ ਨਵਾਂ ਸਾਲ ਕੁਝ ਚਿਰ ਅਟਕ ਕੇ ਚੜ੍ਹੇਗਾ, ਕਾਲੀਆਂ ਤੇ ਠੁੱਰ ਠੁੱਰ ਕਰਦੀਆਂ ਰਾਤਾਂ ਨੂੰ ਚੀਰਦਾ, ਜਦ ਕਿਸੇ ਨਿਵੇਕਲੇ ਸੂਰਜ ਦੀ ਮੱਘਦੀ ਰੋਸ਼ਨੀ ਦੀ ਕਿਰਨ ਘਰ ਮੁੜਦੀਆਂ ਟਾਰਲੀਆਂ ਦੀਆਂ ਝੀਥਾਂ ਵਿੱਚੋਂ ਮੁਸਕਰਾਵੇਗੀ।

ਨਵੇਂ ਵਰ੍ਹੇ ਲਈ ਆਸ ਤੇ ਅਰਦਾਸ – ਕਿਸਾਨ ਆਪਣੇ ਖੇਤੀਂ ਪਰਤਣ ਤੇ ਵਿਦਿਆਰਥੀ ਆਪਣੇ ਸਕੂਲੀਂ।

ਅੰਤ ਨੂੰ ਇਹੀ ਕਹਾਂਗਾ ਇਹ ਸਾਲ ਇਹ ਸਿਖਾ ਚੱਲਿਆ ਕਿ ਤਾਕਤਵਰ ਧਿਰਾਂ ਕਿਸਾਨ ਨੂੰ ਕਿਸਾਨੀ ਵਿੱਚੋਂ ਕੱਢਣ ਦੀ ਕੋਸ਼ਿਸ਼ ਤਾਂ ਕਰ ਸਕਦੀਆਂ, ਪਰ ਕਿਸਾਨੀ ਕਿਸੇ ਕਿਸਾਨ ਚੋਂ ਨਿਕਲ ਜਾਵੇ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ।

ਹੇਠਲੀਆਂ ਚਾਰ ਕੁ ਫੋਟੋਆਂ ਇਸ ਵਰ੍ਹੇ ਦੇ ਜੀਵਨ ਦਾ ਸੰਖੇਪਕ ਵਰਣਨ ਕਰਦੀਆਂ।

Leave a Reply

Discover more from ਅੱਖਰ

Subscribe now to keep reading and get access to the full archive.

Continue reading