ਅਸੀਂ ਮਸੀਂ ਹਾਂ ਹੋਏ

ਪਿਛਲੇ ਤਿੰਨ ਦਹਾਕਿਆਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਕਿ ਪੰਜਾਬ ਦੇ ਪਿੰਡਾਂ ਵਿੱਚ ਸਦੀਆਂ ਤੋਂ ਚੱਲਦੀਆਂ ਆ ਰਹੀਆਂ ਸਾਂਝਾਂ ਤੇ ਸਕੀਰੀਆਂ ਟੁੱਟ ਰਹੀਆਂ।
ਆਮ ਸੋਚ ਬਣ ਗਈ ਸੀ ਕਿ ਪੰਜਾਬ ਵਿੱਚ ਕਿਸੇ ਕੋਲ ਕਿਸੇ ਹੋਰ ਲਈ ਕੋਈ ਸਮਾਂ ਨਹੀਂ, ਲੋਕ ਬੱਸ ਆਪਣੇ ਨਫ਼ੇ ਨੁਕਸਾਨ ਲਈ ਸਿਰਫ ਆਪਣੇ ਤੇ ਆਪਣਿਆਂ ਤੱਕ ਸੀਮਿਤ ਹੋ ਕੇ ਆਪਣੇ ਘਰਾਂ ਦੀਆਂ ਦਿਵਾਰਾਂ ਅੰਦਰ ਲੁਕ ਕੇ ਰਹਿ ਗਏ ਨੇ।
ਰਿਸ਼ਤੇਦਾਰ ਵੀ ਕਿਸੇ ਰਿਸ਼ਤੇਦਾਰੀ ਦੇ ਰਾਤ ਰਹਿਣ ਜਾਂ ਰੱਖਣ ਜੋਗੇ ਨਹੀਂ ਰਹੇ। ਕੁਝ ਕੁ ਮਹੀਨੇ ਪਹਿਲਾਂ ਕਦੇ ਕਿਤੇ ਸੜਕ ਤੇ ਐਕਸੀਡੈਂਟ ਹੋ ਜਾਂਦਾ ਸੀ ਤਾਂ ਸੋਸ਼ਲ ਮੀਡੀਏ ਤੇ ਇਹ ਆਮ ਦੇਖਣ ਨੂੰ ਮਿਲਦਾ ਸੀ ਕਿ ਲੰਘਦੇ ਟੱਪਦੇ ਤਮਾਸ਼ਬੀਨ ਬਣ ਲੋਕ ਲੌੜਵੰਦਾਂ ਦੀ ਮੱਦਦ ਕਰਨ ਦੀ ਬਜਾਏ ਵੀਡੀਓ ਬਣਾਉਣ ਵਿੱਚ ਵਿਅਸਤ ਹੋ ਜਾਂਦੇ ਸੀ।

ਫੇਰ ਉਸੇ ਪੰਜਾਬ ਦੇ ਲੋਕ ਕੁਝ ਕੁ ਦਿਨਾਂ ਵਿੱਚ ਹਰੇ ਪੀਲੇ ਰੰਗਾਂ ਦੇ ਇੱਕਠ ਦੇ ਕਾਫ਼ਲੇ ਸੰਗ, ਆਪਸ ਵਿੱਚ ਸਾਂਝ ਦੀ ਤੰਦਾਂ ਬੁਣਦੇ ਦਿੱਲੀ ਨੂੰ ਜਾਂਦੀਆਂ ਸੜਕਾਂ ਤੇ ਨਦੀਆਂ ਦੇ ਵਹਾਅ ਵਾਂਗ ਵਹਿੰਦੇ ਨਵਾਂ ਇਤਿਹਾਸ ਸਿਰਜਣ ਤੁਰ ਪੈਂਦੇ ਹਨ। ਸਿੰਘੂ ਤੇ ਟਿਕਰੀ ਦੇ ਨਵੇਂ ਬੰਨ੍ਹੇ ਪਿੰਡਾਂ ਨੂੰ ਦੇਖ ਇਹ ਲੱਗਦਾ ਹੀ ਨਹੀਂ ਕਿ ਪੰਜਾਬੀਆਂ ਵਿੱਚ ਕਦੇ ਵੰਡੀਆਂ ਪਈਆਂ ਹੋਣਗੀਆਂ।
ਇਸ ਵਰਤਾਰੇ ਨੂੰ ਸਿਰਮੌਰ ਪੰਜਾਬੀ ਕਵੀ ਸੁਰਜੀਤ ਪਾਤਰ ਜੀ ਨੇ ਕੁੱਝ ਸਤਰਾਂ ਵਿੱਚ ਸਮੇਟਦਿਆਂ ਵਰਤਮਾਨ ਨੂੰ ਭਵਿੱਖ ਨਾਲ ਜੋੜਨ ਦਾ ਹੋਕਾ ਦਿੱਤਾ:

ਮੈਂ ਮੈਂ ਤੂੰ ਤੂੰ ਕਰਦੇ ਸੀ,
ਅਸੀਂ ਅੱਜ ਅਸੀਂ ਹਾਂ ਹੋਏ।
ਏਸ ਅਸੀਂ ਨੂੰ ਸਾਂਭ ਕੇ ਰੱਖਣਾ,
ਅਸੀਂ ਮਸੀਂ ਹਾਂ ਹੋਏ।

ਇਹ ਸਭ ਕੁਝ ਕਿਓਂ ਹੋਇਆ,ਕਿਵੇਂ ਤੇ ਕਿਸ ਤਰਾਂ ਹੋਇਆ, ਇਸ ਸਭ ਬਾਰੇ ਸੋਚਣ, ਸਮਝਣ ਤੇ ਵਿਚਾਰਨ ਦੀ ਲੋੜ ਹੈ। ਲੋਕ ਤੇ ਲੋਕਾਂ ਦੀ ਸੋਚ ਰਾਤੋ ਰਾਤ ਨਹੀਂ ਬਦਲਦੀ, ਸਗੋਂ ਬਹੁਤਾਤ ਵਿੱਚ ਲੋਕ ਹਮੇਸ਼ਾ ਹੀ ਦਿਲੋਂ ਚੰਗੇ ਹੁੰਦੇ ਹਨ, ਪਰ ਲੋਕ ਦੂਜਿਆਂ ਦੀਆ ਨਜ਼ਰਾਂ ਤੋਂ ਪਰ੍ਹੇ ਦਿਨ ਦਿਹਾੜੇ ਆਪਣੀ ਜ਼ਿੰਦਗੀ ਵਿੱਚ ਮਸਤ ਰਹਿੰਦੇ ਹਨ ਤੇ ਕਦੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਕੁਝ ਕੁ ਚਤੁਰ ਤੇ ਮਾੜੇ ਅਨਸਰ ਮੁੱਖ ਖ਼ਬਰਾਂ ਦਾ ਹਿੱਸਾ ਬਣ ਕਿਸੇ ਧਰਮ ਫ਼ਿਰਕੇ ਜਾਂ ਖ਼ਿੱਤੇ ਬਾਰੇ ਮੁੱਖ ਧਾਰਣਾ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ ਜੋ ਆਮ ਲੋਕਾਂ ਦੇ ਜਨਜੀਵਨ ਤੋਂ ਕਿਤੇ ਟੁਟਵੀਂ ਹੁੰਦੀ ਹੈ। ਮੈਂ ਇਸ ਵਿਸ਼ੇ ਸੰਬੰਧੀ ਕੋਈ ਮੁਹਾਰਤ ਨਹੀਂ ਰੱਖਦਾ ਪਰ ਇਸ ਸੰਬੰਧੀ ਪੜ੍ਹਨ ਸੁਣਨ ਦਾ ਸੌਂਕ ਹੈ ਲੋਕ ਵਿਹਾਰ ਵੱਖੋ ਵੱਖ ਪ੍ਰਸਥਿਤੀਆਂ ਵਿੱਚ ਕਿਓਂ ਬਦਲਦਾ ਹੈ। ਹੁਣ ਵੀ ਇਸ ਸੰਬੰਧੀ ਇਕ ਕਿਤਾਬ ਪੜ੍ਹ ਰਿਹਾਂ “HUMANKIND – A Hopeful History” by Rutger Bregman, ਬਹੁਤ ਹੀ ਉਚੇ ਪੱਧਰ ਦੀ ਕਿਤਾਬ ਹੈ ਜੋ ਮਨੁੱਖ ਦੇ ਵਿਵਹਾਰ ਨੂੰ ਸਮਝਣ ਤੇ ਸਮਝਾਉਣ ਲਈ ਇਤਿਹਾਸ ਵਿੱਚ ਹੋਈਆ ਘਟਨਾਵਾਂ ਤੇ ਸਾਇੰਸਦਾਨਾਂ ਦੇ ਕੀਤੇ ਤਜਰਬਿਆਂ ਦੇ ਅਧਾਰ ਤੇ ਲਿਖੀ ਗਈ ਹੈ। ਜਦੋਂ ਕਿਤਾਬ ਪੂਰੀ ਪੜ੍ਹੀ ਗਈ ਤਾਂ ਇਸਦਾ ਵੱਖਰੀ ਪੋਸਟ ਰਾਹੀਂ ਵਿਸ਼ਲੇਸ਼ਣ ਕਰਨ ਦੀ ਕੋਸਿਸ਼ ਕਰਾਂਗਾl

ਹੁਣ ਤੱਕ ਪੰਜਾਬ ਦੇ ਨੱਬੇ ਪਚਾਨਵੇ ਪ੍ਰਤੀਸ਼ਤ, ਰੱਬ ਵਿੱਚ ਵਿਸ਼ਵਾਸ ਰੱਖਣ ਤੇ ਮਾਨਵਤਾ ਦੇ ਭਲੇ ਲਈ ਦੁਆ ਕਰਨ ਵਾਲੇ ਮਿਹਨਤੀ ਇਨਸਾਨਾਂ ਨੂੰ ਚਾਰ ਪੰਜ ਪ੍ਰਤੀਸ਼ਤ ਚਲਾਕ ਚਤੁਰ ਲੋਕਾਂ ਨੇ ਵਾਹਨੀਂ ਪਾਈ ਰੱਖਿਆ, ਪਰ ਸਮਾਂ ਬੜਾ ਬਲਵਾਨ ਹੈ ਤੇ ਹਰ ਇੱਕ ਨੂੰ ਸਮੇਂ ਸਮੇਂ ਭੱਜਣ ਲਈ ਮੈਦਾਨ ਪੱਧਰੇ ਕਰਨ ਦਾ ਮੌਕਾ ਮਿਲਦਾ। ਅੱਜ ਜਦੋਂ ਆਮ ਲੋਕ ਇਕੱਠੇ ਹੋਏ ਨੇ ਤੇ ਸਾਂਝ ਦੀ ਫੁਲਕਾਰੀ ਬੁਣ ਰਹੇ ਨੇ ਤਾਂ ਉਹਨਾਂ ਚਾਰ ਪੰਜ ਪ੍ਰਤੀਸ਼ਤ ਚਲਾਕ ਲੋਕਾਂ ਨੂੰ ਖੁੱਡਾਂ ਵਿੱਚ ਵੜਨ ਨੂੰ ਥਾਂ ਨਹੀਂ ਮਿਲਣੀ। ਦਿੱਲੀ ਦਾ ਕਿਸਾਨ ਅੰਦੋਲਨ ਨਾਂ ਅੱਜ ਖੱਬੇ ਪੱਖੀਆਂ ਦਾ ਹੈ ਤੇ ਨਾਂ ਸੱਜੇਪੱਖੀਆਂ ਦਾ, ਇਹ ਲੋਕ ਲਹਿਰ ਹੈ ਜੋ ਕਿਸੇ ਇੱਕ ਮੁੱਦੇ ਤੇ ਹਾਰ ਜਿੱਤ ਤੱਕ ਸੀਮਿਤ ਨਹੀਂ।

ਆਓ ਅਰਦਾਸ ਕਰੀਏ ਕਿ ਜਦੋਂ ਲੋਕ ਇਸ ਮੁਹਿੰਮ ਤੋਂ ਘਰੀਂ ਪਰਤਣ ਤਾਂ ਇਸ ਲਹਿਰ ਨੂੰ ਜਿਉਂਦੇ ਰੱਖ ਸਕਣ ਤੇ ਇਹੀ ਅੱਜ ਵਾਲਾ ਵਰਤਾਰਾ ਪਿੰਡਾਂ ਦੀ ਨੁਹਾਰ ਬਦਲ ਦੇਵੇ।

ਜਦੋਂ ਵੀ ਕਦੇ ਪੰਜਾਬ ਦੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਬਦਲਾਓ ਦੀ ਗੱਲ ਚੱਲੀ ਤਾਂ ਮੈਂ ਹਮੇਸਾ ਹਾਮੀ ਭਰਦਾ ਰਿਹਾਂ ਕਿ ਪੰਜਾਬ ਦੇ ਆਮ ਲੋਕਾਂ ਨੂੰ ਆਪ ਹਿੰਮਤ ਕਰਨੀ ਪੈਣੀ ਹੈ। ਪਰਵਾਸੀ ਪੰਜਾਬੀਆਂ ਦਾ ਪੰਜਾਬ ਦੇ ਵਿਕਾਸ ਵਿੱਚ ਉੱਘਾ ਯੋਗਦਾਨ ਹੈ, ਤੇ ਉਹਨਾਂ ਦੀ ਪੰਜਾਬ ਵਿੱਚ ਰਾਜਨੀਤਿਕ ਬਦਲਾਵ ਲਈ ਚਿੰਤਾ ਵੀ ਸੱਚੇ ਮਨੋਂ ਉੱਭਰੀ ਹੈ ਪਰ ਜੋ ਇਸ ਹਫ਼ਤੇ ਕੈਪੀਟੋਲ ਹਿੱਲ ਤੇ ਹੋਇਆ ਉਸਦੇ ਮੱਦੇਨਜਰ ਅਸੀਂ ਪਰਵਾਸੀ ਆਪਣੇ ਪਿੱਛਲਿਆਂ ਨੂੰ ਮੱਤਾਂ ਦੇਣ ਦੇ ਕਾਬਲ ਨਹੀਂ ਰਹੇ। ਬਾਹਰੋਂ ਦਿੱਤਾ ਇਹ ਦਖ਼ਲ ਚਿਰ-ਸਥਾਈ ਬਦਲਾਵ ਲਿਆਉਣ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਪੰਜਾਬੀ ਖ਼ੁਦ ਸਿਆਣੇ ਨੇ ਤੇ ਆਪੇ ਰਾਜਨੀਤਿਕ ਬਦਲਾਵ ਲਾਉਣਗੇ, ਉਹ ਚਾਹੇ ਹੁਣ ਵਾਲ਼ੀਆਂ ਧਿਰਾਂ ਦੇ ਵਿਹਾਰਾਂ ਨੂੰ ਬਦਲ ਕੇ ਆਵੇ ਜਾਂ ਫਿਰ ਨਵੀਂਆਂ ਧਿਰਾਂ ਖੜੀਆਂ ਕਰਕੇ। ਪੰਜਾਬ ਦੇ ਵਾਸੀਆਂ ਨੂੰ ਹੀ ਉਹਨਾਂ ਦੀਆ ਰੋਜ ਮਰਾ ਦੀਆ ਮੁਸ਼ਕਲਾਂ ਦਾ ਹੱਲ ਖ਼ੁਦ ਹੀ ਲੱਭਣਾ ਪਵੇਗਾ ਤੇ ਵਿਕਾਸ ਦੇ ਮੌਕਿਆਂ ਨੂੰ ਦੋਵੇਂ ਹੱਥਾਂ ਨਾਲ ਫੜ੍ਹਨ ਤੇ ਆਪਣੇ ਪੈਰਾਂ ਤੇ ਖੜੇ ਹੋਣ ਦੇ ਮੌਕੇ ਲੱਭਣੇ ਲੈਣਗੇ।

ਹਾਂ ਇੱਕ ਕੰਮ ਵਿੱਚ ਪਰਵਾਸੀ ਪੰਜਾਬੀ ਅਹਿਮ ਰੋਲ ਨਿਭਾ ਸਕਦੇ ਹਨ ਉਹ ਹੈ ਸਮਾਜਿਕ ਬਦਲਾਵ। ਆਪਣੇ ਪਿੰਡਾਂ ਨੂੰ ਇਸ ਕਿਸਾਨੀ ਅੰਦੋਲਨ ਦੇ ਜ਼ਰੀਏ ਸਮਾਜਿਕ ਤੌਰ ਤੇ ਲੰਮੇ ਸਮੇਂ ਲਈ ਇਕੱਠੇ ਰੱਖਣ ਦੇ ਉਪਰਾਲੇ ਹੋਣ। ਕਿਸਾਨੀ ਅੰਦੋਲਨ ਵਿੱਚ ਗੂੰਜਦੇ “ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ “ ਦੇ ਨਾਹਰਿਆਂ ਨੂੰ ਸਚਮੁਚ ਆਪਣੇ ਪਿੰਡਾਂ ਦੇ ਰੋਜਾਨਾ ਦੇ ਜੀਵਨ ਰਾਹੀਂ ਸਾਕਾਰ ਕਰੀਏ। ਜੇ ਧਾਰਮਿਕ ਸਥਾਨ ਇੱਕਠੇ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਪਿੰਡਾਂ ਦੇ ਸਿਵੇਂ ਤਾਂ ਇੱਕ ਕਰੋ – ਮੌਤ ਜਾਤ-ਪਾਤ ਨਹੀਂ ਦੇਖਦੀ। ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਛੋਟੇ ਕਿਸਾਨਾਂ ਤੇ ਕਿਰਤੀਆਂ ਨੂੰ ਆਪਣੇ ਬੱਚਿਆ ਨੂੰ ਪੜਾਉਣ ਲਈ ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਦੇ ਬੋਝ ਥੱਲੇ ਨਾਂ ਡੁੱਬਣਾ ਪਵੇ। ਪਿੰਡਾਂ ਵਿੱਚ ਕਿਸਾਨੀ ਅੰਦੋਲਨ ਵਿੱਚ ਚੱਲਦੇ ਕਿਤਾਬਾਂ ਦੇ ਲੰਗਰ ਦੀ ਤਰਜ਼ ਤੇ ਲਾਇਬ੍ਰੇਰੀਆਂ ਖੋਲਣੀਆਂ ਚਾਹੀਦੀਆਂ ਹਨ, ਜਿੱਥੇ ਹਰ ਧਰਮ ਜਾਤ ਤੇ ਰਾਜਨੀਤਿਕ ਧਿਰਾਂ ਵਾਲੇ ਲੋਕਾਂ ਦਾ ਸਵਾਗਤ ਹੋਵੇ। ਤੇ ਬਹੁਤ ਸਾਰੇ ਅਜਿਹੇ ਹੋਰ ਛੋਟੇ ਛੋਟੇ ਕਾਰਜ ਪਿੰਡਾਂ ਵਿੱਚ ਵੱਡੇ ਬਦਲਾਵ ਲਿਆ ਸਕਦੇ ਹਨ।

ਮੈਂ ਨਾ ਹੀ ਕਿਸੇ ਨੂੰ ਮੱਤ ਦੇਣ ਜੋਗਾਂ ਤੇ ਨਾ ਹੀ ਇਹ ਮੇਰਾ ਕਿਸੇ ਨੂੰ ਮੱਤ ਦੇਣ ਦਾ ਇਰਾਦਾ, ਜੋ ਸੋਚ ਵਿੱਚ ਆਇਆ ਤੁਹਾਡੇ ਨਾਲ ਸੇਅਰ ਕਰ ਰਿਹਾ। ਇਹ ਜ਼ਰੂਰੀ ਵੀ ਨਹੀਂ ਕਿ ਤੁਸੀਂ ਮੇਰੇ ਨਾਲ ਪੂਰਨ ਤੋਰ ਤੇ ਸਹਿਮਤ ਹੋਵੋ। ਜੇ ਤੁਸੀਂ ਇਸ ਪੋਸਟ ਨੂੰ ਧਿਆਨ ਨਾਲ ਪੜਿਆ ਤਾਂ ਇਸ ਵਿਸ਼ੇ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ।

Leave a Reply

Discover more from ਅੱਖਰ

Subscribe now to keep reading and get access to the full archive.

Continue reading