ਕਲਾ ਚੜ੍ਹਦੀ ਹੀ ਚੰਗੀ।

ਚੱਲਦੇ ਸਾਹਾਂ ਦਾ ਨਾਮ ਹੀ ਜ਼ਿੰਦਗੀ ਹੈ।

ਜ਼ਿੰਦਗੀ ਕੋਈ ਸਿੱਧਮ ਸਿੱਧੀ ਫੁੱਟੇ ਨਾਲ ਖਿੱਚੀ ਰੇਖਾ ਵਾਂਗ ਨਹੀਂ ਸਗੋਂ ਇਸ ਵਿੱਚਲੇ ਵਿੰਗ ਵਲ ਤੇ ਉਤਾਰ ਚੜ੍ਹਾਅ ਹੀ ਜ਼ਿੰਦਗੀ ਦੇ ਜਿੰਦਾਂ ਹੋਣ ਦੀ ਨਿਸ਼ਾਨਦੇਹੀ ਭਰਦੇ ਹਨ।

ਅਸੀਂ ਕੀ ਹਾਂ

ਕਿੱਥੋਂ ਆਏ ਹਾਂ

ਜਾਂ ਫਿਰ ਕਿੱਥੇ ਜਾਣਾ

ਇਹੀ ਸਭ ਹੀ ਜੀਵਨ ਦਾ ਮਕਸਦ ਆਧਾਰਿਤ ਕਰਦਾ।

ਇਹ ਸਭ ਦਿਸਹੱਦਿਆਂ ਤੇ ਖੜ੍ਹ ਕੇ ਨਹੀਂ ਖੋਜ ਹੋਣਾ, ਇਸ ਵਰਤਾਰੇ ਨੂੰ ਸਮਝਣ ਲਈ ਸਾਨੂੰ ਜ਼ਿੰਦਗੀ ਦੀ ਰਮਜ਼ ਵਿੱਚ ਡੂੰਘੀ ਤਾਰੀ ਲਾਉਣੀ ਪੈਣੀ ਹੈ। ਆਖਿਰ ਨੂੰ ਯਾਤਰਾ ਦੇ ਕਿਸ ਪੜਾਅ ਤੇ ਪਹੁੰਚ ਕੇ ਸਬਰ ਦਾ ਸਫਰ ਪੂਰਾ ਕਰਨਾ ਇਹ ਜਿਉਣ ਵਾਲੇ ਤੇ ਨਿਰਭਰ ਕਰਦਾ, ਮੰਜਿਲ ਮਿਲੇ ਨਾ ਮਿਲੇ ਕੋਈ ਮਿਹਣੇ ਨਹੀਂ ਰੱਖਦੀ ਕਿਉਂਕਿ ਮੰਜਿਲਾਂ ਸਮੇਂ ਤੇ ਹਾਲਾਤ ਨਾਲ ਬਦਲਦੀਆਂ ਰਹਿੰਦੀਆਂ।

ਅਸੀਂ ਆਸਤਿਕ ਹਾਂ

ਅਸੀਂ ਨਾਸਤਿਕ ਹਾਂ

ਜਾਂ ਦੋਵੇਂ

ਇਹੀ ਹੋਣ ਦੀ ਕਲਾ ਸਾਨੂੰ ਆਸਵੰਦ ਬਣਾਉਂਦੀ ਹੈ।

ਵਿਸ਼ਵਾਸ ਰੱਬ ਵਿੱਚ ਹੋਵੇ ਜਾਂ ਕੁਦਰਤ ਦੀ ਹੋਂਦ ਵਿੱਚ, ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਨਾ ਵਿਸ਼ਵਾਸ ਕਰਨ ਵਾਲ਼ਿਆਂ ਦਾ ਵੀ ਆਪਣਾ ਹੀ ਵਿਸ਼ਵਾਸ ਹੁੰਦਾ ਤੇ ਸਾਇਦ ਉਹੀ ਰੱਬ ਜਾਂ ਕੁਦਰਤ ਹੋਵੇ।

ਕੁਦਰਤ ਹਰ ਸੈਅ ਵਿੱਚ ਸੰਤੁਲਨ ਬਣਾਉਣਾ ਜਾਣਦੀ ਹੈ। ਅੱਜ ਜੇ ਸਾਰੀ ਦੁਨੀਆ ਵਿਚਲਾ ਕਰੋਨਾ ਦਾ ਵਾਇਰਸ ਇੱਕ ਥਾਂ ਤੇ ਇੱਕਠਾ ਕੀਤਾ ਜਾਵੇ ਤਾਂ ਸਾਇਦ ਸਿਰਫ ਇਕ ਕੋਕ ਦਾ ਕੈਨ ਵੀ ਪੂਰਾ ਨਾ ਭਰੇ। ਅਸੀਂ ਸੱਤ ਬਿਲੀਅਨ ਦੇ ਕਰੀਬ ਮਨੁੱਖਾਂ ਦੀ ਅਬਾਦੀ ਵਾਲੀ ਦੁਨੀਆ ਅਰਬਾਂ ਖਰਬਾਂ ਖਰਚ ਆਪਣਾ ਪੂਰਾ ਵਾਹ ਲਾ ਲਿਆ ਪਰ ਅਜੇ ਤੱਕ ਛੋਟਾ ਜਿਹਾ ਕਰੋਨਾ ਜੀਵ ਥੰਮ੍ਹਣ ਦਾ ਨਾਂ ਨਹੀਂ ਲੈਂਦਾ।

ਇਹ ਜ਼ਰੂਰੀ ਨਹੀਂ ਕਿ ਸੰਸਾਰ ਸਾਡੇ ਦੁਆਲੇ ਹੀ ਘੁੰਮੇ। ਆਖਿਰ ਨੂੰ ਅਸੀਂ ਇਸ ਧਰਤੀ ਤੇ ਕੁਝ ਸਾਲਾਂ ਦੇ ਮਹਿਮਾਨ ਹਾਂ, ਧਰਤੀ ਦੀ ਮਾਲਕੀ ਸਾਡੇ ਕੋਲ ਨਹੀ। ਸਮੁੱਚੇ ਬ੍ਰਹਿਮੰਡ ਤੇ ਨਿਗਾਹ ਮਾਰੀਏ ਤਾਂ ਅਸੀਂ ਕੁੱਲ ਮਿਲਾ ਕੇ ਵੀ ਕੱਚੀ ਪੈਨਸਿਲ ਨਾਲ ਪੇਪਰ ਤੇ ਲਾਏ ਇੱਕ ਬਿੰਦੂ ਤੋਂ ਵੀ ਛੋਟੇ ਹਾਂ। ਤੇ ਫੇਰ ਏਨੀ ਹਫੜਾ ਦਫੜੀ ਕਾਹਤੋਂ?

ਅਸੀਂ ਅਮੀਰ ਹਾਂ

ਅਸੀਂ ਗਰੀਬ ਹਾਂ

ਜਾਂ ਮੱਧਵਰਗੀ

ਇਹ ਗੱਲ ਢਿੱਡ ਦੀ ਭੁੱਖ ਨਹੀਂ ਸਗੋਂ ਮਨ ਦੀ ਲਾਲਸਾ ਨਿਰਧਾਰਿਤ ਕਰਦੀ ਹੈ।

ਜ਼ਿੰਦਗੀ ਵਿੱਚ ਕਦੇ ਕਾਮਯਾਬੀ ਜਾਂ ਵੱਡੀ ਹਾਰ ਯਕਦਮ ਨਹੀਂ ਆਉਂਦੀ। ਤੇ ਨਾਂ ਹੀ ਕਿਸੇ ਦੀ ਕਿਸਮਤ ਕਿਸੇ ਦੂਜੇ ਨਾਲ਼ੋਂ ਚੰਗੀ ਜਾਂ ਮਾੜੀ ਹੁੰਦੀ ਹੈ। ਕਿਸਮਤ ਸਾਡੇ ਦਿਨੋ-ਦਿਨ ਲਏ ਛੋਟੇ ਛੋਟੇ ਫ਼ੈਸਲਿਆਂ ਤੇ ਕੀਤੇ ਕਾਰ ਵਿਹਾਰ ਦੀਆਂ ਪ੍ਰਸਥਿਤੀਆਂ ਵਿੱਚੋ ਪੈਦਾ ਹੋਏ ਹਾਲਾਤ ਹੁੰਦੇ ਹਨ।

ਸੰਤੋਖ ਤੇ ਸਬਰ ਦੀ ਪਰਖ ਅਸਲ ਵਿੱਚੋਂ ਉਦੋਂ ਹੁੰਦੀ ਹੈ ਜਦ ਸਿਖਰ ਤੋ ਜ਼ਮੀਨ ਤੇ ਪਲਟੀਏ ਪਰ ਸਹਿਣ ਕਰਨ ਦੀ ਸਮਰੱਥਾ ਹੋਵੇ।

ਅੱਜ ਜਿਸ ਪਾਸੇ ਵੀ ਦੇਖੋ ਤਾਂ ਸਮਾਜਿਕ ਤੇ ਆਰਥਿਕ ਤੰਗੀਆਂ ਤੋਸੀਆ ਕਾਰਨ ਇਕ ਐਸੀ ਅਸਥਿਰਤਾ ਪੈਦਾ ਹੋਈ ਹੈ ਕਿ ਹਰ ਕੋਈ ਕਿਸੇ ਨਾ ਕਿਸੇ ਮਾਨਸਿਕ ਤਨਾਅ ਹੇਠ ਤੁਰਿਆ ਫਿਰਦਾ। ਕੁਝ ਅਜਿਹੇ ਹਾਲਾਤਾਂ ਵਿੱਚ ਆਸੇ ਪਾਸੇ ਦੀਆਂ ਭਾਰੂ ਹੋਈਆ ਪ੍ਰਸਥਿਤੀਆ ਦੁਆਰਾਂ ਧੱਕ ਦਿੱਤੇ ਜਾਂਦੇ ਨੇ ਤੇ ਕੁਝ ਆਪ ਅਜਿਹੇ ਬੇਲੋੜੇ ਘਟਨਾਕਰਮ ਦਾ ਸ਼ਿਕਾਰ ਹੋ ਬੈਠਦੇ ਨੇ।

ਸਾਡੇ ਪੰਜਾਬੀ ਸਮਾਜ ਵਿੱਚ ਮਾਨਸਿਕ ਬਿਮਾਰੀਆਂ ਬਾਰੇ ਬਹੁਤਾ ਬੋਲਿਆ ਨਹੀਂ ਜਾਂਦਾ ਜੋ ਕਿ ਇੱਕ ਖ਼ਾਸ ਚਿੰਤਾ ਦਾ ਵਿਸ਼ਾ। ਜੇ ਕਿਸੇ ਨੂੰ ਮਾਨਸਿਕ ਤਨਾਅ ਦੇ ਮੁਢਲੇ ਦੌਰ ਵਿੱਚ ਸਹੀ ਸਹਾਇਤਾ ਮਿਲੇ ਤਾਂ ਬਹੁਤੀ ਵਾਰ ਬਿਨ੍ਹਾਂ ਕਿਸੇ ਵੱਡੇ ਇਲਾਜ ਦੇ ਬਿਨ੍ਹਾ ਵੀ ਠੀਕ ਹੋ ਸਕਦਾ।

ਸਾਨੂੰ ਇਹ ਵੀ ਸੋਚਣਾ ਪੈਣਾ ਕਿ ਅਸੀਂ ਆਪਣੇ ਮਾਨਸਿਕ ਤਨਾਅ ਨੂੰ ਹੋਰ ਅਮੀਰ ਤੋਂ ਅਮੀਰ ਹੋਣ ਦੇ ਚੱਕਰ ਵਿੱਚ ਕਿਉਂ ਵਧਾ ਰਹੇ ਹਾਂ? ਅਮੀਰ ਜੀ ਸਦਕੇ ਬਣੋ ਪਰ ਪਹਿਲਾਂ ਇਹ ਸਮਝਣਾ ਪੈਣਾ ਕਿ ਅਮੀਰ ਕਿਉਂ ਬਣਨਾ। ਅਰਾਮ ਛੱਡ ਕੇ ਆਰਾਮ ਕਮਾਉਣ ਦਾ ਵੀ ਕੋਈ ਖ਼ਾਸ ਮਕਸਦ ਹੋਣਾ ਚਾਹੀਦਾ।

ਮਨੁੱਖ ਦੀਆ ਬੁਨਿਆਦੀ ਲੋੜਾਂ ਰੋਟੀ, ਕੱਪੜਾ ਤੇ ਮਕਾਨ ਜਦ ਪੂਰੀਆਂ ਹੋਣ ਤਾਂ ਆਪਣੇ ਆਪ ਨੂੰ ਗਰੀਬ ਸਮਝਣਾ ਦੁਨੀਆ ਦੀ ਬਹੁਤੀ ਅਬਾਦੀ ਨਾਲ ਕੋਈ ਨਿਆਂ ਨਹੀਂ। ਰੱਜ ਕੇ ਖਾ ਪੀ ਕੇ ਚੰਗੀ ਨੀਂਦ ਸੋਣ ਦੀ ਕੋਸਿਸ਼ ਕਰੋ। ਕੱਪੜੇ ਸੋਹਣੇ ਹੋਣ ਜਾਂ ਨਾ ਪਰ ਸਾਫ ਸੁਥਰੇ ਹੋਣਾ ਬਹੁਤ ਵੱਡੀ ਕਾਮਯਾਬੀ ਹੈ।

ਜੇ ਇਹਨਾਂ ਬੁਨਿਆਦੀ ਲੋੜਾਂ ਦੇ ਨਾਲ ਨਾਲ ਤੁਹਾਡੇ ਕੋਲ ਚੰਗੀ ਸਿਹਤ, ਸਿੱਖਿਆ ਤੇ ਪਿਆਰ ਕਰਨ ਵਾਲਾ ਪਰਿਵਾਰ ਤੇ ਰਿਸ਼ਤੇਦਾਰ ਮਿੱਤਰ ਹਨ ਤਾਂ ਤੁਹਾਡੇ ਵਰਗਾ ਅਮੀਰ ਕੋਣ ਹੋ ਸਕਦਾ? ਅਜਿਹੀ ਸਥਿਤੀ ਵਿੱਚ ਹੋ ਤਾਂ ਆਪਣੇ ਆਲੇ ਦੁਆਲੇ ਬਾਰੇ ਸੁਚੇਤ ਹੋਣ ਦੀ ਕੋਸਿਸ਼ ਕਰੋ। ਵਾਤਾਵਰਣ ਨਾਲ ਪਿਆਰ ਪਾਓ ਤਾਂ ਜੋ ਮਨ ਨੂੰ ਮਿੱਟੀ, ਪਾਣੀ ਤੇ ਹਵਾ ਨਾਲ ਪਿਆਰ ਪਾ ਸ਼ਾਂਤੀ ਮਿਲੇ।

ਇਸ ਤੋਂ ਵੀ ਉੱਪਰ ਜੇ ਤੁਹਾਡਾ ਆਪਣੇ ਆਲੇ ਦੁਆਲੇ ਵਸਦੇ ਲੋਕਾਂ ਜਾਂ ਭਾਈਚਾਰੇ ਵਿੱਚ ਮਾਣ ਸਤਿਕਾਰ ਹੈ ਤਾਂ ਤੁਹਾਡੇ ਵਰਗਾ ਅਤਿ ਦਾ ਅਮੀਰ ਕੋਣ ਕੋਈ ਨਹੀਂ ਹੋ ਸਕਦਾ। ਇਹ ਸਮਾਂ ਹੁੰਦਾ ਜਦੋਂ ਸਿਰਫ ਆਪਣੇ ਤੇ ਆਪਣਿਆਂ ਲਈ ਜਿਉਣ ਦੀ ਬਜਾਏ ਦੂਜਿਆਂ ਲਈ ਵੀ ਜਿਉਣਾ ਸ਼ੁਰੂ ਕਰੋ।

ਅੱਜ ਸਮਾਂ ਹੈ ਕਿ ਆਪਣੀ ਅਮੀਰੀ ਨੂੰ ਇਕੱਲੇ ਬੈਂਕ ਖਾਤਿਆਂ ਦੇ ਬੈਲੈਂਸ ਨਾਲ ਨਹੀਂ ਸਗੋਂ ਤੁਸੀਂ ਕਿੰਨੇ ਖੁਸ਼ ਹੋਂ ਜਾਂ ਦੂਜਿਆਂ ਨੂੰ ਕਿੰਨੀ ਖੁਸੀ ਦਿੰਦੇ ਹੋ ਦੇ ਪੈਮਾਨੇ ਨਾਲ ਵੀ ਮਾਪੀਏ।  

ਜੇ ਜ਼ਿੰਦਗੀ ਤੋਂ ਖੁਸ਼ ਨਹੀਂ ਤਾਂ ਬੁਨਿਆਦੀ ਲੋੜਾਂ ਵੱਲ ਵਾਪਸ ਮੁੜੋ ਤੇ ਫਿਰ ਤੋਂ ਜ਼ਿੰਦਗੀ ਦੀ ਨੀਂਹ ਬੰਨਣੀ ਸੁਰੂ ਕਰੋ।  

ਪੈਸਾ ਕਮਾਉਣ ਵਾਲੇ ਇਸ ਦੁਨੀਆ ਵਿੱਚ ਉਤਾਂਹ ਤੋਂ ਉਤਾਂਹ ਬੈਠੇ ਨੇ, ਜੇ ਲੰਬੇ ਸਮੇਂ ਦਾ ਹਿਸਾਬ ਲਾਈਏ ਤਾਂ ਇਹਨਾਂ ਵਿੱਚ ਸਭ ਤੋਂ ਉਤਲੇ ਨੰਬਰ ਤੇ ਨੱਬੇ ਵਰਿਆਂ ਦੇ ਵਾਰਨ ਬਫ਼ੇ ਦਾ ਨਾਂ ਆਉਂਦਾ ਜੋ ਬਰਕਸਾਇਰ ਹੈਥਵੇ ਨਾਂ ਦੀ ਕੰਪਨੀ ਚਲਾਉਦਾ ਤੇ ਵੱਖੋ ਵੱਖਰੇ ਕੰਮਾਂ ਕਾਰਾਂ ਵਿੱਚ ਪੈਸੇ ਲਾ ਪੈਸੇ ਤੋਂ ਪੈਸਾ ਕਮਾਉਣ ਦਾ ਜਾਦੂਗਰ ਹੈ। ਜੇ ਨੇੜਿਓਂ ਦੇਖਿਓ ਤਾਂ ਇਹ ਅੱਸੀ ਬਿਲੀਅਨ ਡਾਲਰ ਤੋਂ ਉਤੇ ਦੀ ਚੱਲ ਅਚੱਲ ਸੰਪਤੀ ਵਾਲਾ ਅਰਬਾਂਪਤੀ ਮਹਿਜ਼ ਇਕ ਲੱਖ ਡਾਲਰ ਦੀ ਤਨਖ਼ਾਹ ਤੇ ਪਿਛਲੇ ਚਾਲੀ ਸਾਲ ਤੋਂ ਕੰਮ ਕਰ ਰਿਹਾ ਤੇ ਉਹਦੇ ਬੱਚਿਆਂ ਨੇ ਕਦੇ ਉਮੀਦ ਨਹੀਂ ਕੀਤੀ ਕਿ ਬਾਪੂ ਉਹਨਾਂ ਦੇ ਨਾਮ ਕੁਝ ਛੱਡ ਕੇ ਜਾਵੇਗਾ। ਦੋਵੇਂ ਬੱਚੇ ( ਹੁਣ ਖ਼ੁਦ ਵੱਡੀ ਉਮਰ ਵਿੱਚ ਵੀ) ਆਪਣਾ ਕੰਮ ਕਾਰ ਕਰਕੇ ਆਮ ਜਿਹੀ ਜ਼ਿੰਦਗੀ ਜਿਉਂਦੇ ਨੇ।

ਕਈ ਵਾਰ ਮੈਨੂੰ ਲੱਗਦਾ ਕਿ ਅਸੀਂ ਪੰਜਾਬੀਆਂ ਨੇ ਰੱਸੀ ਪੁੱਠੇ ਸਿਰਿਓ ਫੜੀ ਆ।

“ਲੋਕ ਕੀ ਕਹਿਣਗੇ” ਜਾਂ “ਬੇਇਜ਼ਤੀ ਹੋਜੂ” ਇਹ ਸਵਾਲ ਮਨੁੱਖੀ ਜ਼ਰੂਰਤਾਂ ਦੀ ਲੜੀ ਵਿੱਚ ਸਭ ਤੋਂ ਪਹਿਲਾਂ ਖੜ੍ਹਾ ਕਰਕੇ ਜ਼ਿੰਦਗੀ ਵਿੱਚ ਖੜੋਤ ਆ ਜਾਂਦੀ ਹੈ।

ਜੇ ਤੁਸੀਂ ਆਪਣੀ ਆਪ ਕਦਰ ਨਹੀਂ ਕਰਦੇ ਜਾਂ ਤੁਹਾਡੀ ਆਪਣਿਆਂ ਵਿੱਚ ਕਦਰ ਨਹੀਂ ਤਾਂ ਦੂਜਿਆਂ ਤੋਂ ਕਦਰ ਕਰਵਾ ਕੇ ਕੀ ਖੱਟ ਲੈਣਾ?

ਇਸ ਵਿਸ਼ੇ ਬਾਰੇ ਜ਼ਰੂਰ ਸੋਚੋ, ਵਿਚਾਰੋ ਤੇ ਆਪਣੇ ਅਤੇ ਆਪਣਿਆਂ ਨਾਲ ਬੈਠ ਕੇ ਸੰਵਾਦ ਰਚਾਓ ਤਾਂ ਜੋ ਧਰਤੀ ਤੇ ਮਿਲੇ ਹਰ ਇੱਕ ਪਲ ਦਾ ਨਿੱਘਾ ਆਨੰਦ ਮਾਣਿਆ ਜਾ ਸਕੇ।

ਹੋਂਸਲੇ ਬੁਲੰਦ ਰੱਖੋ ਤੇ ਚੜ੍ਹਦੀ ਕਲਾ ਵਿੱਚ ਚੱਲਦੇ ਚਲੋ ਤੇ ਰਸਤੇ ਖ਼ੁਦ ਬਖ਼ੁਦ ਬਣਦੇ ਜਾਣਗੇ।

– ਕੰਵਰ ਰੋਹੀ

Leave a Reply

Discover more from ਅੱਖਰ

Subscribe now to keep reading and get access to the full archive.

Continue reading